
ਅੱਜ਼ ਕੱਲ ਇਨਸਾਨ ਦਾ ਲਾਲਚ ਇੰਨਾ ਜ਼ਿਆਦਾ ਵਧਦਾ ਜਾ ਰਿਹਾ ਹੈ ਕਿ ਇਨਸਾਨ ਬਿਨਾਂ ਮਿਹਨਤ ਕੀਤੇ ਰਾਤੋ-ਰਾਤ ਅਮੀਰ ਹੋਣ ਦੇ ਸੁਪਨੇ ਲੈਣ ਲੱਗ ਪਿਆ ਹੈ। ਅਗਰ ਦੁਨੀਆਂ ਵਿੱਚ ਕੋਈ ਏਹੋ ਜਿਹੀ ਗਿੱਦੜ ਸਿੰਗੀ ਹੁੰਦੀ ਜ਼ੋ ਮਹੀਨੇ ਵਿੱਚ ਪੈਸੇ ਦੁੱਗਣੇ ਕਰ ਦਿੰਦੀ ਤਾਂ ਕਿਸੇ ਇਨਸਾਨ ਨੂੰ ਕੰਮ ਕਰਨ ਦੀ ਜ਼ਰੂਰਤ ਹੀ ਨਾਂ ਪੈਂਦੀ ਅਤੇ ਮਹੀਨੇ ਵਿੱਚ ਉਹਨਾਂ ਦੇ ਪੈਸੇ ਦੁੱਗਣੇ ਹੋ ਜਾਂਦੇ।
ਇਹੀ ਮਹੀਨੇ ਵਿੱਚ ਪੈਸੇ ਦੁੱਗਣੇ ਕਰਨ ਦਾ ਲਾਲਚ ਦੇ ਕੇ ਐਨ.ਐਫ.ਟੀ ਕੰਪਨੀ ਨੇ ਅਨੇਕਾਂ ਪੜ੍ਹੇ ਲਿਖੇ ਲੋਕਾਂ ਦੇ ਪੈਸੇ ਕੰਪਨੀ ਵਿੱਚ ਲਵਾਏ। ਕੰਪਨੀ ਦੇ ਉੱਪਰਲੇ ਮੁਲਾਜ਼ਮਾਂ ਨੇ ਬਹੁਤ ਵਧੀਆ ਸਕੀਮ ਖੇਡੀ ਕਿ ਤੁਸੀਂ ਸਾਡੀ ਕੰਪਨੀ ਵਿੱਚ ਪੈਸੇ ਇਨਵੈਸਟਮੈਂਟ ਕਰੋ ਅਤੇ ਤੁਹਾਡੇ ਪੈਸੇ ਮਹੀਨੇ ਵਿੱਚ ਦੁੱਗਣੇ ਹੋ ਜਾਣਗੇ। ਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਲਾਲਚ ਦੇ ਦਿੱਤਾ ਕਿ ਜੇਕਰ ਤੁਸੀਂ ਟੀਮ ਬਣਾ ਕੇ ਆਪਣੇ ਅਧੀਨ ਕਿਸੇ ਹੋਰ ਵਿਅਕਤੀ ਦੇ ਪੈਸੇ ਇਨਵੈਸਟਮੈਂਟ ਕਰਵਾਉਗੇ, ਤਾਂ ਤੁਹਾਨੂੰ ਉਸਦੇ ਪੈਸਿਆਂ ਦਾ ਕਮਿਸ਼ਨ ਵੀ ਆਵੇਗਾ। ਬਸ ਫਿਰ ਕੀ ਸੀ ਕੰਪਨੀ ਨੇ 4-5 ਵਾਰ ਪੈਸੇ ਦੁੱਗਣੇ ਵੀ ਕਰ ਦਿੱਤੇ ਅਤੇ ਜਿਹੜੇ ਵਿਅਕਤੀਆਂ ਨੇ ਉਹਨਾਂ ਦੇ ਅਧੀਨ ਪੈਸੇ ਲਗਾਏ ਸੀ ਉਹਨਾਂ ਦਾ ਕਮਿਸ਼ਨ ਵੀ ਆਉਣਾ ਸ਼ੁਰੂ ਹੋਇਆ। ਕੰਪਨੀ ਨੇ ਲੋਕਾਂ ਦਾ ਵਿਸ਼ਵਾਸ ਜਿੱਤ ਕੇ ਫਰਾਡ ਗੇਮ ਸ਼ੁਰੂ ਕਰ ਦਿੱਤੀ। ਇਸ ਫਰਾਡ ਗੇਮ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਮੁਲਾਜ਼ਮਾਂ ਅਤੇ ਅਧਿਆਪਕਾਂ ਨੇ ਆਪਣੇ ਪੈਸੇ ਫਸਾਏ ਹਨ। ਇਸ ਵਿੱਚ ਜਿਹੜੇ ਵਿਅਕਤੀਆਂ ਦੇ 3-4 ਵਾਰ ਪਹਿਲਾਂ ਪਹਿਲਾਂ ਪੈਸੇ ਦੁੱਗਣੇ ਹੋ ਗਏ ਉਹਨਾਂ ਵਿਅਕਤੀਆਂ ਨੇ ਆਪਣੇ ਕਰੀਬੀ ਦੋਸਤਾਂ, ਰਿਸ਼ਤੇਦਾਰਾਂ, ਮਿੱਤਰਾਂ ਅਤੇ ਹੋਰ ਵਿਅਕਤੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੇਰੇ ‘ਤੇ ਵਿਸ਼ਵਾਸ ਕਰੋ ਮੇਰੇ ਪੈਸੇ ਦੁੱਗਣੇ ਹੋਏ ਹਨ, ਤੁਹਾਡੇ ਵੀ ਹੋਣਗੇ, ਅਗਰ ਤੁਹਾਨੂੰ ਮੇਰੇ ‘ਤੇ ਵਿਸ਼ਵਾਸ ਨਹੀਂ ਤਾਂ ਮੇਰੇ ਤੋਂ ਚੈੱਕ ਲੈ ਲਵੋ। ਜਦੋਂ ਕੋਈ ਕਰੀਬੀ ਸਾਥੀ ਇੰਨਾ ਜ਼ਿਆਦਾ ਵਿਸ਼ਵਾਸ਼ ਦਿਵਾ ਰਿਹਾ ਹੋਵੇ ਅਤੇ ਉੱਤੋਂ ਪੈਸੇ ਦੁੱਗਣੇ ਹੋਣ ਦਾ ਲਾਲਚ ਵੀ ਹੋਵੇ ਤਾਂ ਫਿਰ ਕਈ ਲਾਲਚੀ ਇਨਸਾਨ ਇਸ ਫਰਾਡ ਵਿੱਚ ਫਸ ਹੀ ਜਾਂਦੇ ਹਨ। ਇਸੇ ਤਰ੍ਹਾਂ ਇਹਨਾਂ ਨੇ ਆਪਣੇ ਕਰੀਬੀਆਂ ਦੇ ਪੈਸੇ ਕੰਪਨੀ ਵਿੱਚ ਲਗਵਾ ਦਿੱਤੇ। ਬਸ ਫਿਰ ਕੀ ਸੀ ਕੰਪਨੀ ਨੇ ਜਦੋਂ ਦੇਖਿਆ ਕਿ ਕਰੋੜਾਂ ਲੋਕਾਂ ਨੇ ਪੈਸੇ ਸਾਡੀ ਕੰਪਨੀ ਵਿੱਚ ਇਨਵੈਸਟਮੈਂਟ ਕਰ ਦਿੱਤੇ ਹਨ ਤਾਂ ਕੰਪਨੀ ਦਾ ਅਚਾਨਕ ਆਈ.ਡੀ ਤੋਂ ਲੋਗਿਨ ਹੋਣਾ ਬੰਦ ਹੋ ਗਿਆ ਅਤੇ ਨਿਵੇਸ਼ਕਾਂ ਵਿੱਚ ਹਾਹਾਕਾਰ ਮੱਚ ਗਈ। ਸਾਰੇ ਨਿਵੇਸ਼ਕਾਂ ਨੇ ਜਿੰਨਾ ਦੇ ਅਧੀਨ ਪੈਸੇ ਲਗਾਏ ਹੋਏ ਸਨ, ਉਹਨਾਂ ਨੂੰ ਫੋਨ ਕਰਨਾ ਸ਼ੁਰੂ ਕੀਤਾ ਅਤੇ ਉਹਨਾਂ ਨੇ ਅੱਗੋਂ ਭਰੋਸਾ ਦਿੱਤਾ ਕਿ ਬਹੁਤ ਜਲਦੀ ਕੰਪਨੀ ਦਾ ਲੋਗਿਨ ਸ਼ੁਰੂ ਹੋ ਜਾਵੇਗਾ, ਤੁਸੀਂ ਘਬਰਾਉ ਨਾ। ਇਕ ਮਹੀਨਾ ਬੀਤ ਜਾਣ ਤੋਂ ਬਾਅਦ ਕੰਪਨੀ ਨੇ ਕੋਈ ਅਪਡੇਟ ਨਹੀਂ ਦਿੱਤੀ ਪਰ ਨਿਵੇਸ਼ਕਾਂ ਨੂੰ ਲੁੱਟਣ ਦਾ ਇਕ ਹੋਰ ਝਟਕਾ ਦਿੱਤਾ ਅਤੇ ਕਿਹਾ ਕਿ ਤੁਸੀਂ ਪੰਜ-ਪੰਜ ਹਜ਼ਾਰ ਰੁਪਏ ਹੋਰ ਇਨਵੈਸਟਮੈਂਟ ਕਰੋ ਤਾਂ ਤੁਹਾਡੇ ਪੁਰਾਣੇ ਪੈਸੇ ਜ਼ੋ ਦੁੱਗਣੇ ਹੋਏ ਹਨ ਉਹ ਨਿਕਲਣੇ ਸ਼ੁਰੂ ਹੋ ਜਾਣਗੇ। ਜਿਹੜੇ ਬਹੁਤ ਜ਼ਿਆਦਾ ਲਾਲਚੀ ਇਨਸਾਨ ਸਨ ਉਹਨਾਂ ਨੇ ਪੰਜ-ਪੰਜ ਹਜ਼ਾਰ ਰੁਪਏ ਹੋਰ ਇਨਵੈਸਟ ਕਰ ਦਿੱਤੇ। ਇਸ ਤੋਂ ਬਾਅਦ ਕੰਪਨੀ ਬਿਲਕੁੱਲ ਬੰਦ ਹੋ ਗਈ ਅਤੇ ਨਿਵੇਸ਼ਕਾਂ ਨੇ ਇਕ ਦੂਸਰੇ ਨਾਲ ਲੜਣਾ ਸ਼ੁਰੂ ਕਰ ਦਿੱਤਾ।
ਇਹ ਧੋਖਾਧੜੀ ਵਾਲੀਆਂ ਕੰਪਨੀਆਂ ਇਨਸਾਨਾਂ ਨੂੰ ਰਾਤੋ-ਰਾਤ ਅਮੀਰ ਕਰਨ ਦਾ ਸੁਪਨਾ ਦਿਖਾ ਕੇ ਕਰੋੜਾਂ ਰੁਪਏ ਲੁੱਟ ਕੇ ਹਰ ਸਾਲ ਫ਼ਰਾਰ ਹੋ ਜਾਂਦੀਆਂ ਹਨ ਅਤੇ ਹਰ ਸਾਲ ਨਵੀਆਂ ਕੰਪਨੀਆਂ ਆ ਜਾਂਦੀਆਂ ਹਨ। ਸਾਨੂੰ ਪਤਾ ਵੀ ਹੁੰਦਾ ਹੈ ਕਿ ਸਾਡੇ ਪੈਸੇ ਡੁੱਬ ਸਕਦੇ ਹਨ ਪਰ ਅਸੀਂ ਫਿਰ ਵੀ ਲਾਲਚ ਵੱਸ ਪੈ ਕੇ ਆਪਣੀ ਮਿਹਨਤ ਦੀ ਪੂੰਜੀ ਲਗਾ ਕੇ ਇਮਾਨਦਾਰੀ ਦੀ ਕਮਾਈ ਗਵਾ ਬੈਠਦੇ ਹਾਂ। ਇਸ ਲਈ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਮਿਹਨਤ ਕਰੀਏ, ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰ ਕੇ ਖਾਈਏ ਅਤੇ ਆਪਣੇ ਬੱਚਿਆਂ ਨੂੰ ਵੀ ਸਮਝਾਈਏ ਕਿ ਸਾਨੂੰ ਜ਼ਿੰਦਗੀ ਵਿੱਚ ਹਮੇਸ਼ਾ ਮਿਹਨਤ ਕਰਨੀ ਚਾਹੀਦੀ ਹੈ, ਨਾ ਕਿ ਅਮੀਰ ਹੋਣ ਦਾ ਸ਼ਾਰਟਕੱਟ ਰਸਤਾ ਲੱਭਣਾ ਚਾਹੀਦਾ ਹੈ। ਸਰਕਾਰ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਟਰੈਜ਼ਰ ਐਨ.ਐਫ.ਟੀ ਕੰਪਨੀ ਦੇ ਆਗੂਆਂ ਨੇ ਕਰੋੜਾਂ ਰੁਪਏ ਲੁੱਟੇ ਹਨ, ਉਹਨਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਦੋਸ਼ੀਆਂ ਨੂੰ ਸਲਾਖ਼ਾਂ ਦੇ ਪਿੱਛੇ ਕੀਤਾ ਜਾਵੇ ਤਾਂ ਜ਼ੋ ਅੱਗੇ ਤੋਂ ਕਿਸੇ ਕੰਪਨੀ ਦੀ ਹਿੰਮਤ ਨਾ ਹੋਵੇ ਕਿ ਆਮ ਲੋਕਾਂ ਦੀ ਲੁੱਟ ਕਰ ਸਕੇ।