Literature Articles

ਨਵਦੀਪ ਮੁੰਡੀ ਦਾ ਮੂਕ ਸੰਵਾਦ: ‘ਚੁੱਪ ਦੀ ਕਥਾ’

ਨਵਦੀਪ ਮੁੰਡੀ ਨੇ ਆਪਣੇ ਪਹਿਲੇ ਕਾਵਿ ਸੰਗ੍ਰਿਹ ‘ਚੁੱਪ ਦੀ ਕਥਾ’ ਨਾਲ ਅਲਖ ਜਗਾਈ ਹੈ।
ਲੇਖਕ: ਰਵਿੰਦਰ ਸਿੰਘ ਸੋਢੀ, ਕੈਨੇਡਾ

ਕੀ ਮੂਕ ਸੰਵਾਦ ਰਚਾਇਆ ਜਾ ਸਕਦਾ ਹੈ? ਕੀ ‘ਚੁੱਪ ਦੀ ਕਥਾ’ ਵੀ ਹੋ ਸਕਦੀ ਹੈ? ਸ਼ਾਇਦ ਇਹ ਦੋਵੇਂ ਗੱਲਾਂ ਪੜ੍ਹਨ ਨੂੰ ਕੁਝ ਓਪਰੀਆਂ ਜਿਹੀਆਂ ਲੱਗਣ, ਪਰ ਸਾਹਿਤ ਦੀ ਦੁਨੀਆਂ ਵਿਚ ਕੁਝ ਵੀ ਵਾਪਰ ਸਕਦਾ ਹੈ। ਇਕ ਮਿਆਨ ਵਿਚ ਦੋ ਤਲਵਾਰਾਂ ਵੀ ਸਮਾ ਸਕਦੀਆਂ ਹਨ, ਖੂਨ ਸਫ਼ੈਦ ਵੀ ਹੋ ਸਕਦਾ ਹੈ, ਪਤਾਲ ਦੀ ਧਰਤੀ ਵੀ ਲੱਭੀ ਜਾ ਸਕਦੀ ਹੈ, ਛਵੀਆਂ ਦੀ ਰੁੱਤ ਵੀ ਆ ਸਕਦੀ ਹੈ ਅਤੇ ਹੋਰ ਅਜਿਹਾ ਬਹੁਤ ਕੁਝ। ਪੰਜਾਬੀ ਦੀ ਕਹਾਵਤ ਹੈ ਕਿ ‘ਗੁੰਗੇ ਦੀਆਂ ਰਮਜ਼ਾਂ ਗੁੰਗਾ ਸਮਝੇ ਜਾਂ ਗੁੰਗੇ ਦੀ ਮਾਂ’, ਇਸੇ ਤਰਾਂ ਸਾਹਿਤ ਵਿਚ ਸਾਹਿਤਕਾਰਾਂ ਦੀਆਂ ਰਮਜ਼ਾਂ ਸਮਝਣ ਲਈ ਗੁੰਗੇ ਦੀ ਮਾਂ ਵਰਗੀ ਸਿਆਣਪ ਚਾਹੀਦੀ ਹੈ। ਸਾਹਿਤਕਾਰਾਂ ਸੰਬੰਧੀ ਆਮ ਕਿਹਾ ਜਾਂਦਾ ਹੈ ਕਿ ਉਹ ਆਮ ਇਨਸਾਨਾਂ ਨਾਲੋਂ ਦੂਰ ਦੀ ਸੋਚਣ ਵਾਲੇ ਹੁੰਦੇ ਹਨ, ਇਸੇ ਲਈ ਉਹ ਆਪਣੀਆਂ ਰਚਨਾਵਾਂ ਦੁਆਰਾ ਦਿੱਖਦੇ ਪਸਾਰਿਆਂ ਦੇ ਨਾਲ-ਨਾਲ ਅਣ-ਦਿੱਖਦੇ ਵਰਤਾਰਿਆਂ ‘ਤੇ ਵੀ ਕਲਮ ਚਲਾਉਂਦੇ ਰਹਿੰਦੇ ਹਨ। ਇਹ ਗੱਲ ਸਾਰੇ ਸਾਹਿਤਕਾਰਾਂ ‘ਤੇ ਹੀ ਲਾਗੂ ਨਹੀਂ ਹੁੰਦੇ। ਅਜਿਹੇ ਗੁਣ ਦੇ ਧਾਰਨੀ ਸਿਰਫ ਪੁਰਾਣੇ ਅਤੇ ਹੰਡੇ ਵਰਤੇ ਸਾਹਿਤਕਾਰ ਹੀ ਨਹੀਂ ਹੁੰਦੇ, ਕਈ ਛੋਟੀ ਉਮਰ ਦੇ ਜਾਂ ਉੱਭਰ ਰਹੇ ਸਾਹਿਤਕਾਰ ਵੀ ਹੋ ਸਕਦੇ ਹਨ। ਪੰਜਾਬੀ ਸਾਹਿਤ ਵਿਚ ਇਸ ਤਰਾਂ ਦੇ ਲੇਖਕਾਂ ਦੀ ਵੀ ਲੰਬੀ ਕਤਾਰ ਹੈ ਅਤੇ ਉਸ ਕਤਾਰ ਵਿਚ ਹੁਣ ਨਵਾਂ ਵਾਧਾ ਹੋਇਆ ਹੈ, ਨਵਦੀਪ ਮੁੰਡੀ ਦਾ, ਜਿਸ ਨੇ ਆਪਣੇ ਪਹਿਲੇ ਕਾਵਿ ਸੰਗ੍ਰਿਹ ‘ਚੁੱਪ ਦੀ ਕਥਾ’ ਨਾਲ ਅਲਖ ਜਗਾਈ ਹੈ। ਕੁਦਰਤੀ ਤੌਰ ‘ਤੇ ਸਾਹਿਤਕ ਰੁਚੀਆਂ ਨਾਲ ਲਵਰੇਜ਼ ਹੀ ਕੋਈ ‘ਚੁੱਪ ਦੀ ਕਥਾ’ ਸੁਣਾ ਸਕਦਾ ਹੈ। ਵਰਤਮਾਨ ਸਮੇਂ ਵਿਚ ਪੰਜਾਬੀ ਸਾਹਿਤਕ ਖੇਤਰ ਵਿਚ ‘ਪਾਠਕਾਂ ਵੱਲੋਂ ਪੁਸਤਕਾਂ ਤੋਂ ਦੂਰੀ(ਖਾਸ ਕਰ ਕਵਿਤਾ ਤੋਂ)’ ਦੀ ਮੁਹਾਰਨੀ ਆਮ ਹੀ ਰਟੀ ਜਾਂਦੀ ਹੈ, ਪਰ ਜੇ ਅਜਿਹੇ ਸਮੇਂ ਕਵਿਤਾ ਦੀ ਕਿਸੇ ਪੁਸਤਕ ਦਾ ਦੂਜਾ ਸੰਸਕਰਣ, ਪਹਿਲੇ ਸੰਸਕਰਣ ਤੋਂ ਦੋ ਮਹੀਨੇ ਹੀ ਛਪ ਜਾਂਦਾ ਹੈ ਅਤੇ ਤੀਜਾ ਸੰਸਕਰਣ ਵੀ ਸਾਲ-ਦੋ ਸਾਲ ਬਾਅਦ ਛਾਪਣਾ ਪੈਂਦਾ ਹੈ ਤਾਂ ਉਸ ਨੂੰ ਕੀ ਕਿਹਾ ਜਾਵੇ? ਮੇਰੇ ਅਨੁਸਾਰ ਤਾਂ ਇਹ ਕਵੀ ਦੀ ਪ੍ਰਤਿਭਾ ਅਤੇ ਉਸਦੀ ਕਾਵਿ ਪੁਸਤਕ ਦੇ ਮਿਆਰੀ ਹੋਣ ਦੀ ਨਿਸ਼ਾਨੀ ਹੀ ਹੈ। ਅਜਿਹਾ ਨੌਜਵਾਨ ਕਵੀ ਹੈ ਨਵਦੀਪ ਮੁੰਡੀ ਅਤੇ ਉਸਦੀ ਪਲੇਠੀ ਕਾਵਿ ਪੁਸਤਕ ਹੈ ‘ਚੁੱਪ ਦੀ ਕਥਾ’।

ਪ੍ਰਸਤੁਤ ਕਾਵਿ ਸੰਗ੍ਰਹਿ ਵਿਚ 68 ਕਵਿਤਾਵਾਂ ਹਨ। ਨੌਜਵਾਨ ਕਵੀਆਂ ਦੀ ਤਰਾਂ ਨਵਦੀਪ ਨੇ ਪਿਆਰ ਮੁਹੱਬਤ ਦੀਆਂ ਗੱਲਾਂ ਵੀ ਕੀਤੀਆਂ ਹਨ, ਇਹ ਵਖਰੀ ਗੱਲ ਹੈ ਕਿ ਸੂਫ਼ੀ ਕਾਵਿ ਧਾਰਾ ਦੀਆਂ ਦੋਵੇਂ ਵੰਨਗੀਆਂ–ਇਸ਼ਕ ਹਕੀਕੀ ਅਤੇ ਇਸ਼ਕ ਮਜਾਜੀ ‘ਤੇ ਕਲਮ ਚਲਾਈ ਹੈ। ਦੁਨਿਆਵੀ ਪਿਆਰ ਵਿਚੋਂ ਵੀ ਡੂੰਘੀਆਂ ਰਮਜ਼ਾਂ ਲੱਭੀਆਂ ਹਨ। ਚਾਰ-ਪੰਜ ਸਤਰੀ ਕਵਿਤਾਵਾਂ ਦੇ ਨਾਲ-ਨਾਲ ਕੁਝ ਵੱਡੀਆਂ ਕਵਿਤਾਵਾਂ ਵੀ ਹਨ। ਕਿਸੇ ਗੱਲ ਨੂੰ ਵਿਸਤਾਰ ਵਿਚ ਲਿਖਣਾ ਅਸਾਨ ਹੁੰਦਾ ਹੈ, ਪਰ ਪੰਜ-ਚਾਰ ਸਤਰਾਂ(ਉਹ ਵੀ ਪੰਜ-ਚਾਰ ਸ਼ਬਦਾਂ ਦੀਆਂ) ਵਿਚ ਸਮੇਟਣਾ ਮੁਸ਼ਕਿਲ ਹੁੰਦਾ ਹੈ। ਮੈਨੂੰ ਇਸਦਾ ਨਿਜੀ ਤਜ਼ਰਬਾ ਹੈ। ਨਵਦੀਪ ਦੀ ਕਾਵਿਕ ਸ਼ੈਲੀ ਦੀ ਖ਼ੂਬੀ ਹੈ ਕਿ ਉਹ ਪੁਰਾਣੀਆਂ ਗੱਲਾਂ, ਪੁਰਾਣੇ ਪਾਤਰਾਂ ਵਿਚੋਂ ਵੀ ਨਵੇਂ ਅਰਥ ਭਾਲ ਕੇ ਅਜਿਹੇ ਪਾਤਰਾਂ ਨੂੰ ਨਵੀਂ ਜ਼ਿੰਦਗੀ ਬਖਸ਼ਦਾ ਹੈ। ਇਸ ਪੱਖੋਂ ਉਸਦੀ ਕਵਿਤਾ ‘ਸ਼ਹੀਦ ਊਧਮ ਸਿੰਘ’ ਵਿਸ਼ੇਸ਼ ਉਲੇਖ ਦੀ ਮੰਗ ਕਰਦੀ ਹੈ। ਕਵਿਤਾ ਦੀਆਂ ਪਹਿਲੀਆਂ ਦੋ ਸਤਰਾਂ ਹੀ ਪਾਠਕਾਂ ਨੂੰ ਝੰਜੋੜਨ ਵਾਲੀਆਂ ਹਨ:
ਊਧਮ ਸਿਆਂ! ਤੂੰ ਅੱਜ ਵੀ ਜਿਉਂਦਾ ਏਂ
ਤੇ ਅਸੀਂ ਜਿਉਂਦੇ ਵੀ ਮਰਿਆਂ ਵਰਗੇ।
ਇਸ ਤੋਂ ਬਾਅਦ ਕਵੀ ਜਦੋਂ ਲਿਖਦਾ ਹੈ:
ਤੂੰ ਲੰਡਨੋਂ ਅਡਵਾਇਰ ਲੱਭ ਲਿਆ
ਅਸੀਂ ਆਪਣੇ ਅੰਦਰਲਾ
ਉਡਵਾਇਰ ਲੱਭਿਆ ਹੀ ਨਹੀਂ।
ਇਸੇ ਕਵਿਤਾ ਵਿਚ ਜਦੋਂ ਕਵੀ ‘ਦਿੱਲੀ’ ਅਤੇ ‘ਗੋਧਰਾ’ ਜਿਹੇ ਕਾਂਡ ਦੀ ਗੱਲ ਕਰਦਾ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਕਵੀ ਕਲਪਨਾ ਦੇ ਘੋੜਿਆਂ ‘ਤੇ ਸਵਾਰ ਰਹਿਣ ਵਾਲਾ ਕਵੀ ਨਹੀਂ ਬਲਕਿ ਇਤਿਹਾਸਕ ਸੋਝੀ ਰੱਖਣ ਵਾਲਾ ਵੀ ਹੈ।
ਪਰ ਦੂਜੇ ਹੀ ਪਲ ਜਦੋਂ ਨਵਦੀਪ ‘ਰੂਹ’ ਵਰਗੀ ਕਵਿਤਾ ਸਿਰਜਦਾ ਹੈ ਤਾਂ ਅਸਲੀ ‘ਮੁਹੱਬਤ’ ਦੀ ਤਸਵੀਰ ਪੰਜ ਸਤਰਾਂ ਵਿਚ ਹੀ ਉਲੀਕ ਦਿੰਦਾ ਹੈ:
ਮੁਹੱਬਤ ਵਿਚ ਦੇਹ ਕਿਤੇ ਨਹੀਂ ਆਉਂਦੀ
ਇਹ ਰੂਹਾਂ ਦੀ ਖੇਡ ਹੈ
ਐਪਰ
ਮੁਹੱਬਤ ਬਹੁਤ ਜ਼ਾਲਮ ਹੈ
ਦੇਹ ‘ਤੇ ਮਾਸ ਨਹੀਂ ਰਹਿਣ ਦਿੰਦੀ।
ਮੁਹੱਬਤ ਨੂੰ ਅਧਾਰ ਬਣਾ ਕੇ ਲਿਖੀ ਇਕ ਹੋਰ ਕਵਿਤਾ ‘ਦੇਹ ਤੱਕ’ ਵਿਚ ਕਵੀ ‘ਰੂਹ’ ਵਾਲੀ ਮੁਹੱਬਤ ਨਾਲੋਂ ਅਜੋਕੇ ਸਮੇਂ ਦੀ ‘ਦੇਹ’ ਦੁਆਲੇ ਘੁੰਮਦੀ ਮੁਹੱਬਤ ਬਾਰੇ ਲਿਖਦਾ ਹੈ:
ਅੱਜਕੱਲ ਦੇਹ ਤਕ ਹੀ
ਮੁੱਕ ਜਾਂਦੀ ਮੁਹੱਬਤ
ਰੂਹ ਤਕ ਤਾਂ ਕੋਈ ਵਿਰਲਾ ਹੀ ਅੱਪੜਦੈ।
ਮੁਹੱਬਤ ਸੰਬੰਧੀ ਹੀ ਉਸਦੀ ਕਵਿਤਾ ‘ਮੁਹੱਬਤ’ ਵਿਚ ਉਸਨੇ ਇਕ ਨਵਾਂ -ਨਰੋਆ ਨਜ਼ਰੀਆ ਪੇਸ਼ ਕੀਤਾ ਹੈ ਕਿ ਮੁਹੱਬਤ ਕਰਨ ਵਾਲੇ ਕਦੇ ਹਾਰਦੇ ਨਹੀਂ। ਇਸ ਪੰਜ ਸਤਰੀ ਕਵਿਤਾ ਵਿਚ ਨਵਦੀਪ ਮੁਹੱਬਤ ਦੇ ਸਤਹੀ ਅਰਥਾਂ ਨਾਲੋਂ ਮਨੁੱਖਤਾ ਦੇ ਪਿਆਰ ਵਾਲੇ ਅਰਥਾਂ ਵਿਚ ਰੂਪਮਾਨ ਕਰਦਾ ਹੈ।
 ‘ਚੁੱਪ ਦੀ ਕਥਾ’ ਕਰਨ ਵਾਲੇ ਕਵੀ ਦਾ ਆਪਣੇ ਚੌਗਿਰਦੇ ਦੇ ਪਸਾਰੇ ਨੂੰ ਦੇਖਣ ਦੇ ਨਜ਼ਰੀਏ ਵਿਚ ਨਾਂਹ-ਪੱਖੀ ਸੁਰ ਨਾਲੋਂ ਹਾਂ-ਪੱਖੀ ਸੁਰ ਭਾਰੂ ਹੈ। ਉਹ ਮੁਹੱਬਤ ਵਿਚ ਅਸਫਲ ਅਤੇ ਦੁਖੀ ਇਨਸਾਨ ਵਾਂਗ ਰੱਬ ਨੂੰ ਉਲਾਂਭਾ ਨਹੀਂ ਦਿੰਦਾ ਬਲਕਿ ਪਿਆਰ ਵਿਚ ਅਸਫਲ ਹੋਣ ਪਿੱਛੋਂ ਵੀ ਕੁਦਰਤ ਜਾਂ ਰੱਬ ਦੀ ਰਜ਼ਾ ਵਿਚ ਰਹਿੰਦਾ ਹੋਇਆ ਲਿਖਦਾ ਹੈ:
ਫਿਰ ਦੱਸ
ਕਿਵੇਂ ਉਲਾਂਭਾ ਦੇਵਾਂ ਕੁਦਰਤ ਨੂੰ
ਕਿ
ਉਨੇ ਮੇਰਾ ਖਿਆਲ ਨਹੀਂ ਰੱਖਿਆ।
ਨਵਦੀਪ ਦੇਸ਼ ਵਿਦੇਸ਼ ਵਿਚ ਵਾਪਰੀਆਂ ਘਟਨਾਵਾਂ ਨੂੰ ਕਾਵਿਕ ਅੰਦਾਜ਼ ਵਿਚ ਬਾ-ਖੂਬੀ ਪੇਸ਼ ਕਰਦਾ ਹੈ। ਕੁਝ ਦੇਰ ਪਹਿਲਾਂ ਸਾਡੇ ਦੇਸ਼ ਵਿਚ ਇੱਕ ਗਰੀਬ ਇਨਸਾਨ ਨੂੰ ਆਪਣੀ ਪਤਨੀ ਦੇ ਲਾਸ਼ ਆਪਣੇ ਮੋਢੇ ਤੇ ਚੁੱਕ ਕਿ ਕਈ ਕਿਲੋਮੀਟਰ ਤੁਰਨਾ ਪਿਆ। ਕਵੀ ਨੇ ਉਸ ਘਟਨਾ ਨੂੰ ਮਾਰਮਰਿਕ ਢੰਗ ਨਾਲ ਚਿਤਰਿਆ ਹੀ ਨਹੀਂ ਬਲਕਿ ਸਾਡੀ ਪੁਰਾਣੀ ਸਭਿਅਤਾ ਜਿਸ ਤੇ ਅਸੀਂ ਮਾਣ ਕਰਦੇ ਹਾਂ, ਉਸ ‘ਤੇ ਕਟਾਖਸ਼ ਵੀ ਕੀਤਾ ਹੈ ਅਤੇ ਉਹਨਾਂ ਦੀਆਂ ਫ਼ੋਟੋਆਂ ਖਿੱਚ ਕੇ ਫੇਸਬੁੱਕ ਤੇ ਪਾਉਣ ਵਾਲਿਆਂ ਨੂੰ ਵੀ ਲਾਹਨਤ ਪਾਈ ਹੈ:
ਮੇਰੇ ਦੇਸ਼ ਦੀ ਜਨਤਾ
ਤੱਕ ਰਹੀ ਉਸਨੂੰ
ਫ਼ੋਟੋਆਂ ਖਿੱਚ ਰਹੀ
ਫੇਸਬੁੱਕ ਤੇ ਪਾ ਰਹੀ….
 ਕਵੀ ਅੱਜ ਦੇ ਇਨਸਾਨ ਦੀ ਸਭ ਤੋਂ ਵੱਡੀ ਕਮਜ਼ੋਰੀ ਨੂੰ ਭਲੀ-ਭਾਂਤ ਜਾਣਦਾ ਹੈ ਕਿ ਦੂਜਿਆਂ ਨਾਲ ਤਾਂ ਸੰਵਾਦ ਰਚਾਉਂਦਾ ਰਹਿੰਦਾ ਹੈ, ਪਰ ਆਪਣੇ ਨਾਲ ਸੰਵਾਦ ਰਚਾਉਣ ਤੋਂ ਕੰਨੀ ਕਤਰਾਉਂਦਾ ਹੈ। ਜੇ ਮਨੁੱਖ ਆਪਣੇ ਨਾਲ ਗੱਲਾਂ ਕਰਨ ਦਾ, ਆਪਣੇ ਦਿਲ ਦੀ ਗੱਲ ਸੁਣਨ ਦੀ ਜੁਗਤ ਸਿੱਖ ਲਏ ਤਾਂ ਉਸ ਦੀਆਂ ਬਹੁਤ ਸਾਰੀਆਂ ਮੁਸ਼ਕਿਲਾਂ ਆਪ ਹੀ ਹਲ ਹੋ ਜਾਣ। ‘ਗੁਫ਼ਤਗੂ’ ਕਵਿਤਾ ਦੀਆਂ ਸਤਰਾਂ ਹਨ:
ਦੋਸਤਾਂ ਸੰਗ
ਅਕਸਰ ਹੀ ਗੁਫ਼ਤਗੂ ਕਰਦਾ ਹਾਂ
ਖ਼ੂਬ ਹੁੰਗਾਰਾ ਮਿਲਦਾ ਹੈ
ਐਪਰ
ਖ਼ੁਦ ਨਾਲ ਹੀ ਗੱਲ ਕਰਨ ਦਾ
ਮੇਰੇ ਕੋਲ ਸਮਾਂ ਨਹੀਂ
ਵਰਤਮਾਨ ਸਮੇਂ ਜਦੋਂ ਔਰਤ ਨੇ ਹਿੰਮਤ ਕਰਕੇ ਆਪਣੇ ਤੇ ਹੋ ਰਹੀਆਂ ਜ਼ਿਆਦਤੀਆਂ ਵਿਰੁੱਧ ਆਵਾਜ਼ ਉਠਾਉਣੀ ਸ਼ੁਰੂ ਕੀਤੀ ਹੈ ਤਾਂ ਮਰਦ ਪ੍ਰਧਾਨ ਸਮਾਜ ਤੋਂ ਇਹ ਸਹਾਰਿਆ ਨਹੀਂ ਜਾ ਰਿਹਾ, ਪਰ ਨਵਦੀਪ ਔਰਤ ਦੇ ਹੱਕ ਵਿਚ ਨਿੱਤਰਦਾ ਹੋਇਆ ਕਹਿੰਦਾ ਹੈ:
ਉਹ ਬੋਲਣ ਲੱਗੀ ਹੈ
ਬੋਲਣ ਦਿਉ ਉਸਨੂੰ।
ਇਹ ਨੌਜਵਾਨ ਕਵੀ ਮੌਕੇ ਅਨੁਸਾਰ ਹਲਕੇ-ਹਲਕੇ ਵਿਅੰਗ ਬਾਣ ਚਲਾ ਕੇ ਵੀ ਆਪਣੀ ਕਾਵਿ ਸ਼ੈਲੀ ਵਿਚ ਨਵੀਨਤਾ ਲਿਆਉਂਦਾ ਹੈ, ਜਿਵੇਂ, ‘ਅਜ਼ਾਦੀ’, ‘ਆਰਕੈਸਟਰਾ’ ਆਦਿ ਕਵਿਤਾਵਾਂ।
ਕਈ ਕਵਿਤਾਵਾਂ ਵਿਚ ਕਵੀ ਨੇ ਜੀਵਨ ਦੀਆਂ ਸਚਾਈਆਂ ਨੂੰ ਪੇਸ਼ ਕੀਤਾ ਹੈ। ‘ਨਾਟਕ’ ਕਵਿਤਾ ਵਿਚ ਦੱਸਿਆ ਹੈ ਕਿ ਨਾਟਕ(ਦਿਖਾਵਾ) ਕਰਨਾ ਸਹਿਜ ਤੋਂ ਅਸਹਿਜਤਾ ਦਾ ਸਫਰ ਹੋਵੇ ਅਤੇ ਅਜਿਹੇ ਨਾਟਕ ਬਹੁਤੀ ਦੇਰ ਨਹੀਂ ਚਲਦੇ। ਇਸ ਕਵਿਤਾ ਵਿਚ ਕਵੀ ਨੇ ਆਪਣਾ ਸੁਨੇਹਾ ਬੜੀ ਸਹਿਜਤਾ ਨਾਲ ਦਿੱਤਾ ਹੈ ਜੋ ਨਿਸਚੇ ਹੀ ਪਾਠਕਾਂ ਨੂੰ ਪ੍ਰਭਾਵਿਤ ਕਰਨ ਵਾਲਾ ਹੈ।
 ਇਸ ਕਾਵਿ ਸੰਗ੍ਰਿਹ ਦੀਆਂ ਕਈ ਕਵਿਤਾਵਾਂ ਲੰਬੇ ਸਮੇਂ ਤਕ ਯਾਦ ਰਹਿਣ ਵਾਲੀਆਂ ਹਨ; ਜਿਵੇਂ, ਉਮਰ ਵਧਣ ਨਾਲ, ਗੁਬਾਰੇ ਵੇਚਦਾ ਮੁੰਡਾ, ਜ਼ਿੰਦਗੀ ਦਾ ਸਫ਼ਰ, ਰੱਬ, ਤੂੰ ਆ ਕਦੇ, ਤੇਰੇ ਜਾਣ ਤੋਂ ਬਾਅਦ, ਸੰਸਕਾਰ, ਮਾਂ-2, ਧੀਏ ਆਦਿ।
ਅਮਰਜੀਤ ਕੌਂਕੇ ਨੇ ਵੀ ਪੁਸਤਕ ਦੇ ਮੁੱਖ ਬੰਦ ਵਿਚ ਨਵਦੀਪ ਮੁੰਡੀ ਦੀਆਂ ਕਵਿਤਾਵਾਂ, ਕਵਿਤਾਵਾਂ ਦੀਆਂ ਕਾਵਿ ਜੁਗਤਾਂ ਦੀਆਂ ਗੱਲਾਂ ਕੀਤੀਆਂ ਹਨ। ਕੌਂਕੇ ਦਾ ਵਿਚਾਰ ਹੈ ਕਿ ‘ਉਸ ਦੀਆਂ ਕਵਿਤਾਵਾਂ ਅਨੇਕ ਸਵਾਲ ਸਿਰਜਦੀਆਂ ਹਨ, ਪਰ ਜਵਾਬ ਨਹੀਂ ਦਿੰਦੀਆਂ’; ਨਵਦੀਪ ਦੀ ਕਵਿਤਾ ਖ਼ਾਮੋਸ਼ੀ ਦਾ ਬਿਰਤਾਂਤ ਹੈ; ਨਵਦੀਪ ਦੇ ਸ਼ਬਦਾਂ ਦੀ ਕੰਬਣੀ ਪਾਠਕ ਨੂੰ ਝੁਣਝੁਣੀ ਛੇੜਨ ਦੇ ਸਮਰਥ ਹੈ ਆਦਿ।
‘ਚੁੱਪ ਦੀ ਕਥਾ’ ਦੇ ਅਧਿਐਨ ਉਪਰੰਤ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਨਵਦੀਪ ਮੁੰਡੀ ਵਰਗੇ ਕਵੀ ਪੰਜਾਬੀ ਕਵਿਤਾ ਨੂੰ ਪਾਠਕਾਂ ਦੇ ਨੇੜੇ ਲਿਆਉਣ ਦੇ ਸਮਰਥ ਹਨ।
ਸਪਰੈੱਡ ਪਬਲੀਕੇਸ਼ਨ, ਰਾਮਪੁਰ ਵੱਲੋਂ ਪ੍ਰਕਾਸ਼ਿਤ 88 ਪੰਨਿਆਂ ਦੀ ਇਸ ਪੁਸਤਕ ਦਾ ਮੁੱਲ 200 ਰੁਪਏ ਹੈ। ਅਜਿਹੀਆਂ ਸਾਹਿਤਕ ਪੁਸਤਕਾਂ ਪਾਠਕਾਂ ਨੂੰ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ।

Related posts

ਡਿਜੀਟਲ ਚੀਜ਼ਾਂ ਦੀ ਜਿਆਦਾ ਵਰਤੋਂ ਬੱਚਿਆਂ ਦੇ ਪ੍ਰਦਰਸ਼ਨ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ !

admin

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

admin

ਅਮਰਜੀਤ ਕੌਂਕੇ ਦਾ ‘ਇਸ ਧਰਤੀ ‘ਤੇ ਰਹਿੰਦਿਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਾਵਿ-ਸੰਗ੍ਰਹਿ !

admin