
ਅਮਰਜੀਤ ਕੌਂਕੇ ਬਹੁ-ਵਿਧਾਵੀ, ਬਹੁ-ਭਾਸ਼ਾਈ, ਸੰਜੀਦਾ, ਸੁਜੱਗ ਤੇ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਸਾਹਿਤਕਾਰ ਹੈ। ਸਾਹਿਤ ਦੇ ਵੱਖ-ਵੱਖ ਰੂਪਾਂ ਵਿੱਚ ਉਸ ਦੀਆਂ 67 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 7 ਪੰਜਾਬੀ, 6 ਹਿੰਦੀ, ਅਨੁਵਾਦ : ਹਿੰਦੀ ਤੋਂ ਪੰਜਾਬੀ 27, ਪੰਜਾਬੀ ਤੋਂ ਹਿੰਦੀ 13, ਅੰਗਰੇਜ਼ੀ ਤੋਂ ਪੰਜਾਬੀ 2, ਸੰਪਾਦਨ 6, ਬਾਲ ਸਾਹਿਤ 5 ਅਤੇ ਦੋ ਰਸਾਲਿਆਂ ਦੇ ਸੰਪਾਦਕ ਹਨ। ‘ਇਸ ਧਰਤੀ ‘ਤੇ ਰਹਿੰਦਿਆਂ’ ਉਸਦਾ ਕਾਵਿ ਸੰਗ੍ਰਹਿ 68ਵੀਂ ਪੁਸਤਕ ਹੈ। ਉਸਨੇ ਆਪਣੀ ਉਮਰ ਤੋਂ ਵੱਧ ਪੁਸਤਕਾਂ ਪ੍ਰਕਾਸ਼ਤ ਕਰਵਾਕੇ ਇੱਕ ਸੰਸਥਾ ਤੋਂ ਵੱਧ ਕੰਮ ਕੀਤਾ ਹੈ। ਉਹ ਕਰਮਯੋਗੀ ਸਾਹਿਤਕਾਰ ਹੈ, ਜੋ ਸਾਹਿਤ ਨੂੰ ਹੀ ਸਮਰਪਤ ਹੈ। ਅਮਜੀਤ ਕੌਂਕੇ ਸੰਵੇਦਨਸ਼ੀਲ ਸੰਜਮ ਨਾਲ ਲਿਖਣ ਵਾਲਾ ਸ਼ਾਇਰ ਹੈ। ਇਹ ਉਸਦਾ ਪੰਜਾਬੀ ਦਾ ਸੱਤਵਾਂ ਕਾਵਿ ਸੰਗ੍ਰਹਿ ਹੈ। 2013 ਤੋਂ ਬਾਰਾਂ ਸਾਲ ਬਾਅਦ ਉਸਦਾ ‘ਇਸ ਧਰਤੀ ‘ਤੇ ਰਹਿੰਦਿਆਂ’ ਕਾਵਿ ਸੰਗ੍ਰਹਿ ਆਇਆ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਗਿਣਤੀ ਨਾਲੋਂ ਮਿਆਰੀ ਕਵਿਤਾ ਵਿੱਚ ਵਿਸ਼ਵਾਸ ਰੱਖਦਾ ਹੈ। ਇਸ ਕਾਵਿ ਸੰਗ੍ਰਹਿ ਵਿੱਚ ਉਸ ਦੀਆਂ 71 ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਕਵਿਤਾਵਾਂ ਹਨ। ਕੁੱਝ ਕੁ ਕਵਿਤਾਵਾਂ ਰੁਮਾਂਵਾਦ ਨਾਲ ਸੰਬੰਧਤ ਵੀ ਹਨ ਪ੍ਰੰਤੂ ਉਨ੍ਹਾਂ ਵਿੱਚੋਂ ਵੀ ਸਮਾਜਿਕ ਸਰੋਕਾਰਾਂ ਦੀ ਖ਼ੁਸ਼ਬੋ ਆਉਂਦੀ ਹੈ। ਅਮਰਜੀਤ ਕੌਂਕੇ ਦੀਆਂ ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ। ਇਸ ਵਿਚਲੀਆਂ ਬਹੁਤੀਆਂ ਕਵਿਤਾਵਾਂ ਸਿੰਬਾਲਿਕ ਹਨ, ਭਾਵ ਆਮ ਪਾਠਕ ਨੂੰ ਇਉਂ ਲੱਗਦਾ ਹੈ ਕਿ ਉਹ ਕਿਸੇ ਵਿਅਕਤੀ, ਪਸ਼ੂ-ਪੰਛੀ ਜਾਂ ਵਸਤੂ ਬਾਰੇ ਗੱਲ ਕਰ ਰਿਹਾ ਹੈ, ਪ੍ਰੰਤੂ ਉਸਦੀ ਕਵਿਤਾ ਉਨ੍ਹਾਂ ਵਸਤਾਂ ਰਾਹੀਂ ਸਮਾਜ ਵਿੱਚ ਵਾਪਰ ਰਹੀਆਂ ਕੁਰੀਤੀਆਂ ਦੇ ਗ਼ਲਤ ਪ੍ਰਭਾਵਾਂ ਬਾਰੇ ਆਪਣੇ ਵਿਚਾਰ ਪ੍ਰਗਟ ਕਰ ਰਿਹਾ ਹੁੰਦਾ ਹੈ। ਉਦਾਹਰਣ ਲਈ ‘ਇੱਕ ਬਲ਼ਦੀ ਦੁਪਹਿਰ’, ‘ਬੋਲਣ ਦਿਉ ਉਸਨੂੰ’, ‘ਅਜਗਰ’, ‘ਬਿਸਾਤ’ ਅਤੇ ‘ਵਿਰਲਾਪ’, ‘ਮਾਂ ਦਾ ਚਿਹਰਾ’ ‘ਵੈਂਟੀਲੇਟਰ ‘ਤੇ ਲੱਗੇ ਰਿਸ਼ਤੇ ’, ‘ਅੰਦਰ ਮਰਿਆ ਬਸੰਤ’, ‘ਇੱਕ ਲਾਵਾਰਿਸ ਸਾਈਕਲ’ ਆਦਿ ਕਵਿਤਾਵਾਂ। ਅਮਰਜੀਤ ਕੌਂਕੇ ਨੇ ਹਰ ਇੱਕ ਗੰਭੀਰ ਵਿਸ਼ੇ/ਮੁੱਦੇ ‘ਤੇ ਕਵਿਤਾਵਾਂ ਲਿਖਕੇ ਲੋਕਾਈ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਜੇ ਵੀ ਸੰਭਲ ਜਾਓ ਸਮਾਂ ਤੁਹਾਡੇ ਕੋਲ ਹੈ, ਤੁਸੀਂ ਆਪਣੇ ਸਭਿਆਚਾਰ ਤੇ ਸੰਸਕ੍ਰਿਤੀ ਨੂੰ ਬਚਾ ਲਓ, ਇਕ ਵਾਰ ਸਮਾਂ ਹੱਥੋਂ ਨਿਕਲਿਆ ਮੁੜਕੇ ਹੱਥ ਨਹੀਂ ਆਉਣਾ। ਸਮਾਜਿਕ ਤਾਣੇ-ਬਾਣੇ ਦਾ ਕੋਈ ਅਜਿਹਾ ਵਿਸ਼ਾ/ਮੁੱਦਾ/ਘਟਨਾ ਨਹੀਂ ਜਿਸ ਬਾਰੇ ਉਸਨੇ ਕਵਿਤਾ ਨਾ ਲਿਖੀ ਹੋਵੇ। ਚਲੰਤ ਮਾਮਲਿਆਂ ਜਿਨ੍ਹਾਂ ਵਿੱਚ ਸਮਾਜਿਕ, ਆਰਥਿਕ ਤੇ ਸਭਿਆਚਾਰਕ ਮਸਲੇ ਸ਼ਾਮਲ ਹੁੰਦੇ ਹਨ, ਉਨ੍ਹਾਂ ਬਾਰੇ ਉਸਦੀ ਕਲਮ ਆਪ ਮੁਹਾਰੇ ਲਿਖਣ ਲਈ ਉਤਸਕ ਹੋ ਜਾਂਦੀ ਹੈ। ਉਨ੍ਹਾਂ ਦੇ ਪ੍ਰਤੀਕਰਮ ਉਸਦੀਆਂ ਕਵਿਤਾਵਾਂ ਵਿੱਚ ਵੇਖੇ ਜਾ ਸਕਦੇ ਹਨ।
ਆਧੁਨਿਕਤਾ ਦੇ ਯੁਗ ਵਿੱਚ ਮਨੁੱਖ ਅਸੰਵੇਦਨਸ਼ੀਲ ਹੋ ਗਿਆ ਹੈ। ਆਪਸੀ ਸਹਿਯੋਗ, ਸ਼ਹਿਨਸ਼ੀਲਤਾ, ਇਨਸਾਨੀਅਤ, ਕਦਰਾਂ ਕੀਮਤਾਂ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਈਆਂ ਹਨ। ਇਸਤਰੀਆਂ ਸਦੀਆਂ ਤੋਂ ਮਨੁੱਖੀ ਹੱਕਾਂ ਤੋਂ ਵਾਂਝੀਆਂ ਕੀਤੀਆਂ ਹੋਈਆਂ, ਉਨ੍ਹਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ, ਘਰਾਂ ਵਿੱਚ ਕੈਦ ਸਨ ਪ੍ਰੰਤੂ ਸਮੇਂ ਦੀ ਕਰਵਟ ਨਾਲ ਹੁਣ ਉਹ ਆਜ਼ਾਦੀ ਨਾਲ ਉਡਾਰੀਆਂ ਮਾਰਨ ਯੋਗ ਹੋ ਗਈਆਂ ਹਨ। ਉਹ ਸਾਰੀ ਉਮਰ ਸਹੁਰੇ ਪਰਿਵਾਰ ਵਿੱਚ ਗੁਜ਼ਾਰਦੀ, ਬੱਚੇ ਪੈਦਾ ਕਰਦੀ ਤੇ ਫਿਰ ਪਾਲਦੀ, ਕਮਾਉਂਦੀ ਹੈ, ਪ੍ਰੰਤੂ ਉਸਨੂੰ ਕੱਫਣ ਵੀ ਮਾਪਿਆਂ ਤੋਂ ਲੈਣਾ ਪੈਂਦਾ ਹੈ। ਇਹ ਔਰਤ ਦੀ ਤ੍ਰਾਸਦੀ ਹੈ। ਬਚਪਨ ਵਿੱਚ ਕੁੜੀਆਂ ਖਿੜੀਆਂ ਰਹਿੰਦੀਆਂ ਹਨ ਪ੍ਰੰਤੂ ਵਿਆਹ ਤੋਂ ਬਾਅਦ ਬਹੁਤ ਸਾਰੀਆਂ ਅਨੇਕਾਂ ਮੁਸ਼ਕਲਾਂ ਨਾਲ ਜੂਝਦੀਆਂ ਮੁਰਝਾ ਜਾਂਦੀਆਂ ਹਨ। ਇਹ ਅਮਰਜੀਤ ਕੌਂਕੇ ਦੀਆਂ ਕਵਿਤਾਵਾਂ ਤਿੱਖੇ ਵਿਅੰਗ ਮਾਰਦੀਆਂ ਹਨ। ਅਮਰਜੀਤ ਕੌਂਕੇ ਦੀਆਂ ਕਵਿਤਾਵਾਂ ਕਰੋਨਾ ਦੇ ਸਮੇਂ ਦੀ ਤ੍ਰਾਸਦੀ, ਗ਼ਰੀਬੀ ਦੀ ਸਮੱਸਿਆ, ਮਾਨਵੀ ਕਦਰਾਂ ਕੀਮਤਾਂ ਦੀ ਗਿਰਾਵਟ, ਅਖੌਤੀ ਪ੍ਰਗਤੀ ਆਦਿ ਦਾ ਨਮੂਨਾ ਪੇਸ਼ ਕਰਦੀਆਂ ਹਨ। ਸਿਆਸੀ ਢਾਂਚੇ ਵਿੱਚ ਭ੍ਰਿਸ਼ਟਾਚਾਰ ਦੀ ਚਰਮ ਸੀਮਾ, ਮਾਨਵਤਾ ਲਈ ਖ਼ਤਰੇ ਦੀ ਘੰਟੀ ਬਣੀ ਹੋਈ ਹੈ। ਮੀਡੀਆ ਦੀ ਲਾਪ੍ਰਵਾਹੀ ਅਤੇ ਮਰੀਆਂ ਹੋਈਆਂ ਜ਼ਮੀਰਾਂ ਸਮਾਜਿਕ ਤਾਣੇ-ਬਾਣੇ ‘ਤੇ ਲਾਹਣਤ ਹਨ। ਵਾਤਵਰਨ ਵਿੱਚ ਆਇਆ ਨਿਘਾਰ, ਜੰਗਲਾਂ ਦੀ ਕਟਾਈ, ਪਾਣੀ ਦੀ ਦੁਰਵਰਤੋਂ, ਹਵਾ, ਪਾਣੀ ਤੇ ਮਿੱਟੀ ਦਾ ਦੂਸ਼ਤ ਹੋਣਾ, ਲੁੱਟਾਂ ਖੋਹਾਂ, ਪਰਵਾਸ, ਧੋਖੇ, ਫ਼ਰੇਬ ਪੂੰਜੀਪਤੀ, ਜੰਗਾਂ ਅਤੇ ਲਾਲਚ ਮਨੁੱਖੀ ਮਾਨਸਿਕਤਾ ਦੀ ਕਮਜ਼ੋਰੀ ਦੀਆਂ ਨਿਸ਼ਾਨੀਆਂ ਹਨ। ਇਨ੍ਹਾਂ ਦੇ ਵਿਰੋਧ ਵਜੋਂ ਇਕ-ਨਾ-ਇੱਕ ਦਿਨ ਲੋਕ ਉਠਣਗੇ। ਵਿਕਾਸ ਦੇ ਨਾਮ ‘ਤੇ ਸਤਿਆਨਸ ਕੀਤਾ ਜਾ ਰਿਹਾ ਹੈ। ਇਸ ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ‘ਇਸ ਧਰਤੀ ‘ਤੇ ਰਹਿੰਦਿਆਂ’ ਬਹੁਤ ਹੀ ਸੰਵੇਦਨਸ਼ੀਲ ਤੇ ਭਾਵਨਾਤਮਿਕ ਕਵਿਤਾ ਹੈ, ਜਿਸ ਵਿੱਚ ਸ਼ਾਇਰ ਨੇ ਸਾਹਿਤਕਾਰਾਂ ਨੂੰ ਆਪਣੀ ਜ਼ਿੰਮੇਵਾਰੀ ਸੁਜੱਗਤਾ ਨਾਲ ਨਿਭਾਉਣ ਦੀ ਤਾਕੀਦ ਕੀਤੀ ਹੈ। ਜੇਕਰ ਉਨ੍ਹਾਂ ਆਪਣੀ ਜ਼ਿੰਮੇਵਾਰੀ ਸੰਜੀਦਗੀ ਨਾਲ ਨਾ ਨਿਭਾਈ ਤਾਂ ਉਹ ਅਕਿਰਤਘਣ ਸਾਬਤ ਹੋਣਗੇ ਤੇ ਸਮਾਜ ਉਨ੍ਹਾਂ ਨੂੰ ਮੁਆਫ਼ ਨਹੀਂ ਕਰੇਗਾ। ਸਾਹਿਤਕਾਰਾਂ ਦੀ ਕਲਮ ਇਨਕਲਾਬ ਲਿਆ ਸਕਦੀ ਹੈ। ਇਤਿਹਾਸ ਗਵਾਹ ਹੈ ਕਿ ਕਲਮ ਵਿੱਚ ਤਲਵਾਰ ਨਾਲੋਂ ਵੀ ਜ਼ਿਆਦਾ ਅਥਾਹ ਸ਼ਕਤੀ ਹੁੰਦੀ ਹੈ, ਜਿਹੜੀ ਰਾਜ ਭਾਗ ਬਦਲਣ ਦੀ ਸਮਰੱਥਾ ਰੱਖਦੀ ਹੈ। ਪੁਰਾਣੀਆਂ ਵਿਰਾਸਤੀ ਪਰੰਪਰਾਵਾਂ, ਖੇਡਾਂ, ਚਿੱਠੀਆਂ, ਰਿਸ਼ਤਿਆਂ ਦਾ ਨਿੱਘ, ਸਾਰਾ ਕੁਝ ਨੈਟ ਅਤੇ ਸ਼ੋਸ਼ਲ ਮੀਡੀਆ ਨੇ ਵਟਸ ਅਪ ਤੇ ਫੇਸ ਬੁੱਕ ਰਾਹੀਂ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਹ ਸਾਡੇ ਸਭਿਆਚਾਰ ਨੂੰ ਖ਼ੋਰਾ ਲੱਗਣ ਦੀ ਨਿਸ਼ਾਨੀ ਹੈ। ਇਨਸਾਨ ਦਾ ਦਿਮਾਗ ਲੰਬੀ ਦੌੜ ਲਗਾ ਰਿਹਾ ਹੈ, ਇਨਸਾਨ ਨੂੰ ਆਪਣੇ ਦਿਮਾਗ ਦੀ ਯੋਗ ਵਰਤੋਂ ਕਰਨੀ ਚਾਹੀਦੀ ਹੈ। ਮਨੁੱਖ ਦੇ ਕਈ ਰੂਪ ਹਨ, ਪ੍ਰੰਤੂ ਹਓਮੈ ਨੂੰ ਤਿਲਾਜ਼ਲੀ ਦੇ ਕੇ ਮਾਨਵਤਾ ਦੀ ਭਲਾਈ ਵੱਲ ਰੁੱਖ ਕਰਨਾ ਚਾਹੀਦਾ ਹੈ। ਆਪਣੀ ਲਿਆਕਤ ਤੋਂ ਕੰਮ ਲੈ ਕੇ ਫ਼ੈਸਲੇ ਆਪ ਲੈਣੇ ਚਾਹੀਦੇ ਹਨ, ਦੁਨੀਆਂ ਦੋਮੂੰਹੀ ਹੈ। ਜਿਹੜਾ ਮਨੁੱਖ ਸਮੇਂ ਦੀ ਕਦਰ ਨਹੀਂ ਕਰਦਾ ਉਹ ਭਟਕਦਾ ਹੀ ਰਹਿੰਦਾ ਹੈ, ਸਮੇਂ ਦੀ ਅਹਿਮੀਅਤ ਨੂੰ ਸਮਝਣਾ ਸਫ਼ਲਤਾ ਦੀ ਕੁੰਜੀ ਹੈ। ਮਨੁੱਖ ਵੱਲੋਂ ਨਫ਼ਰਤਾਂ ਦੇ ਬੀਜ ਬੀਜਕੇ ਸਮਾਜ ਦੀ ਬਿਹਤਰੀ ਨਹੀਂ ਹੋ ਸਕਦੀ, ਲੋਕਾਂ ਨੂੰ ਇਨਸਾਨੀਅਤ ਦੀ ਪਛਾਣ ਨਹੀਂ। ਉਹ ਆਪਣੀ ਪਛਾਣ ਵੀ ਨਹੀਂ ਕਰਦੇ ਸਾਰੀ ਉਮਰ ਕਲਪੀ ਜਾਂਦੇ ਹਨ। ਉਨ੍ਹਾਂ ਦੀ ਕਹਿਣੀ ਤੇ ਕਰਨੀ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਵਿਖਾਵਾ ਕੁਝ ਹੋਰ ਕਰਦੇ ਹਨ, ਇਸ ਤਰ੍ਹਾਂ ਕਰਕੇ ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰ ਰਹੇ ਹੁੰਦੇ ਹਨ। ਪਰਵਾਸ ਦਾ ਸੰਤਾਪ ਹਮੇਸ਼ਾ ਹਿਰਦੇ ਵਿੱਚ ਤਕਲੀਫ ਦਿੰਦਾ ਰਹਿੰਦਾ ਹੈ। ਯਾਦਾਂ ਸਾਡਾ ਸਰਮਾਇਆ ਹਨ। ਸਾਵਣ ਤੇ ਬਰਸਾਤ ਦਾ ਆਨੰਦ ਅਮੀਰ ਲੋਕਾਂ ਲਈ ਹੈ, ਪ੍ਰੰਤੂ ਗ਼ਰੀਬਾਂ ਨੂੰ ਰੋਜ਼ ਰੋਟੀ ਦੇ ਲਾਲੇ ਪੈ ਜਾਂਦੇ ਹਨ, ਕਿਉਂਕਿ ਦਿਹਾੜੀ ਮਰ ਜਾਂਦੀ ਹੈ ਤੇ ਉਨ੍ਹਾਂ ਦੇ ਘਰ ਚੋਣ ਲੱਗ ਜਾਂਦੇ ਹਨ। ਮੌਸਮ ਦੇ ਬਦਲਣ ਨਾਲ ਉਨ੍ਹਾਂ ਨੂੰ ਰੋਜ਼ੀ ਰੋਟੀ ਦਾ ਕਿੱਤਾ ਬਦਲਕੇ ਹੋਰ ਕੋਈ ਜੁਗਾੜ ਕਰਨਾ ਪੈਂਦਾ ਹੈ। ਨੌਕਰੀ ਮਨੁੱਖ ਨੂੰ ਝਮੇਲਿਆਂ, ਚਿੰਤਾਵਾਂ ਤੇ ਕੰਮ ਦੇ ਭਾਰ ਥੱਲੇ ਦੱਬ ਲੈਂਦੀ ਹੈ। ਸੇਵਾ ਮੁਕਤੀ ਦੀ ਜ਼ਿੰਦਗੀ ਦਾ ਲੁਤਫ਼ ਲੈਣ ਦਾ ਮੌਕਾ ਦਿੰਦੀ ਹੈ। ਮਨੁੱਖ ਨੂੰ ਐਵੇਂ ਡਰ ਬਣਿਆਂ ਰਹਿੰਦਾ ਹੈ ਕਿ ਕੁਝ ਚੰਗਾ ਮਾੜਾ ਨਾ ਹੋ ਜਾਵੇ, ਪ੍ਰੰਤੂ ਇਹ ਇੱਕ ਵਹਿਮ ਹੁੰਦਾ ਹੈ। ਕੁਝ ਲੋਕ ਸਮਝਦੇ ਹਨ ਕਿ ਉਨ੍ਹਾਂ ਤੋਂ ਬਿਨਾ ਦੁਨੀਆਂ ਦਾ ਕੀ ਬਣੇਗਾ, ਸੰਸਾਰ ਨੇ ਏਸੇ ਤਰ੍ਹਾਂ ਚਲਦੇ ਰਹਿਣਾ ਹੈ, ਕਿਸੇ ਦੇ ਜਾਣ ਨਾਲ ਕੋਈ ਫਰਕ ਨਹੀਂ ਪੈਂਦਾ ਪ੍ਰੰਤੂ ਜਿਸਦੇ ਇੱਕ ਵਾਰ ਬਣ ਜਾਓ ਸਦਾ ਸੰਬੰਧ ਬਰਕਰਾਰ ਰੱਖੋ। ਹਾਲਾਤ ਜ਼ਰੂਰ ਬਦਲਦੇ ਰਹਿੰਦੇ ਹਨ। ਇਨਸਾਨ ਆਪਣੇ ਗੁਨਾਹਾਂ ਕਰਕੇ ਝੂਰਦਾ ਹੋਇਆ ਉਦਾਸੀ ਦੇ ਆਲਮ ਵਿੱਚ ਪਹੁੰਚ ਜਾਂਦਾ ਹੈ। ਗੁਨਾਹਾਂ ਦਾ ਕਰਜ਼ ਲਾਹੁਣ ਲਈ ਪਛਤਾਵਾ ਕਰਦਾ ਰਹਿੰਦਾ ਹੈ। ਮਨੁੱਖ ਨਾਲੋਂ ਕੁੱਤਿਆਂ ਦੀ ਅਹਿਮੀਅਤ ਵੱਧ ਗਈ ਹੈ। ਰਿਸ਼ਤੇ ਸਿਰਫ਼ ਕਾਗਜ਼ੀ ਰਹਿ ਗਏ ਹਨ। ਇਸ ਤੋਂ ਇਲਾਵਾ ਕਵੀ ਨੇ ਮਨੁੱਖ ਦੇ ਬਚਪਨ ਤੋਂ ਲੈ ਕੇ ਜ਼ਿੰਦਗੀ ਦੇ ਬਦਲਦੇ ਰੰਗਾਂ ਬਾਰੇ ਲਿਖਦਿਆਂ ਦੱਸਿਆ ਹੈ ਕਿ ਬਚਪਨ ਵਿੱਚ ਅਧਿਆਪਕਾਂ ਦੇ ਡਰ, ਫਿਰ ਪਿਆਰ ਦੀਆਂ ਪੀਂਘਾਂ ਦਾ ਤੌਖਲਾ, ਰੋਜ਼ਗਾਰ ਦੇ ਚਕਰ, ਵਿਆਹ ਤੋਂ ਬਾਅਦ ਬੱਚਿਆਂ ਦੀ ਪੜ੍ਹਾਈ, ਉਨ੍ਹਾਂ ਦਾ ਰੋਜ਼ਗਾਰ, ਵਿਆਹ ਤੇ ਬੁਢਾਪੇ ਵਿੱਚ ਔਲਾਦ ਦੇ ਪਰਿਵਾਰਾਂ ਦੀਆਂ ਜ਼ਿੰਮੇਵਾਰੀਆਂ ਨੂੰਹਾਂ ਦੇ ਨਖਖ਼ਰਿਆਂ ਆਦਿ ਦਾ ਦਰਦ ਬਣਿਆਂ ਰਹਿੰਦਾ ਹੈ। ਭਾਵ ਸਾਰੀ ਉਮਰ ਬੇਚੈਨੀ ਵਿੱਚ ਗੁਜ਼ਰਦੀ ਹੈ। ਸੇਵਾ ਮੁਕਤੀ ਤੇ ਦਿਨ ਵਿੱਚ ਫਿਰ ਪਰਿਵਾਰ ਦੇ ਝਮੇਲੇ ਤੇ ਸਵੇਰੇ ਸ਼ਾਮ ਬਣ ਠਣਕੇ ਸੈਰ ਦੇ ਸਮੇਂ ਦੁੱਖ ਸੁੱਖ ਦੋਸਤਾਂ ਨਾਲ ਸਾਂਝ ਕਰਕੇ ਦਿਲ ਹੌਲੇ ਕੀਤੇ ਜਾਂਦੇ ਹਨ। ਪਿਆਰ ਦੇ ਢਕੌਂਸਲੇ ਲੋਕ ਬਹੁਤ ਕਰਦੇ ਹਨ ਪ੍ਰੰਤੂ ਰੂਹ ਦਾ ਪਿਆਰ ਟਾਵਾਂ ਟੱਲਾ ਹੈ ਕਰਦਾ ਹੈ। ਪਿਆਰ ਦੇ ਨਾਮ ‘ਤੇ ਜਿਸਮਾਂ ਦਾ ਵਿਓਪਾਰ ਹੋ ਰਿਹਾ ਹੈ। ਪਿਆਰ ਦਾ ਪੈਂਡਾ ਬੜਾ ਕਠਨ ਹੁੰਦਾ ਹੈ, ਅਨੇਕਾਂ ਦੁਸ਼ਾਵਰੀਆਂ ਰਸਤਾ ਰੋਕੀ ਖੜ੍ਹੀਆਂ ਹੁੰਦੀਆਂ ਹਨ। ਮਨੁੱਖ ਦੇ ਦਿਮਾਗ ਵਿੱਚ ਅਵਚੇਤਨ ਤੌਰ ‘ਤੇ ਬਹੁਤ ਕੁਝ ਸਮੋਇਆ ਹੁੰਦਾ ਹੈ। ਉਹ ਯਾਦਾਂ ਵੀ ਮਨੁੱਖ ਦਾ ਸਰਮਾਇਆ ਹੁੰਦੀਆਂ ਹਨ ਉਨ੍ਹਾਂ ਦੇ ਸਹਾਰੇ ਹੀ ਆਨੰਦਮਈ ਜੀਵਨ ਗੁਜ਼ਰਦਾ ਰਹਿੰਦਾ ਹੈ। ਝੂਠ, ਬੇਈਮਾਨੀ, ਲਾਲਚ ਅਤੇ ਠੱਗੀ ਠੋਰੀ ਦੀ ਸਿੱਖਿਆ ਦੇਣ ਨਾਲ ਸਮਾਜਿਕ ਤਾਣਾ ਬਾਣਾ ਗੰਧਲਾ ਹੋ ਜਾਵੇਗਾ, ਅਜਿਹੀਆਂ ਹਰਕਤਾਂ ਕਰਨ ਵਾਲਿਆਂ ਨੂੰ ਕਵੀ ਸੁਚੇਤ ਕਰਦਾ ਹੈ। ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਅਮਰਜੀਤ ਕੌਂਕੇ ਤੋਂ ਹੋਰ ਸਾਰਥਿਕ ਸਾਹਿਤ ਦੀ ਸਿਰਜਨਾ ਦੀ ਆਸ ਕੀਤੀ ਜਾ ਸਕਦੀ ਹੈ। ਲੇਖਕ ਅਮਰਜੀਤ ਕੌਂਕੇ ਦਾ ‘ਇਸ ਧਰਤੀ ‘ਤੇ ਰਹਿੰਦਿਆਂ’ 160 ਪੰਨਿਆਂ, ਅਤੇ 300 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਪ੍ਰਤੀਕ ਪਬਲੀਕੇਸ਼ਨਜ਼ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।