Literature Articles

ਅਵਤਾਰਜੀਤ ਦਾ ਕਾਵਿ ਸੰਗ੍ਰਹਿ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਮਾਨਸਿਕ ਉਥਲ-ਪੁਥਲ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ !

ਅਵਤਾਰਜੀਤ ਮਾਨਸਿਕ ਉਲਝਣਾ ਅਤੇ ਸਮਾਜਿਕ ਸਰੋਕਾਰਾਂ ਦਾ ਚਿਤੇਰਾ ਸਥਾਪਤ ਸ਼ਾਇਰ ਹੈ।
ਲੇਖਕ: ਉਜਾਗਰ ਸਿੰਘ, ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ

ਅਵਤਾਰਜੀਤ ਮਾਨਸਿਕ ਉਲਝਣਾ ਅਤੇ ਸਮਾਜਿਕ ਸਰੋਕਾਰਾਂ ਦਾ ਚਿਤੇਰਾ ਸਥਾਪਤ ਸ਼ਾਇਰ ਹੈ। ਉਸ ਦੇ ਪੰਜ ਮੌਲਿਕ ਕਾਵਿ ਸੰਗ੍ਰਹਿ ਅਤੇ ਇੱਕ ਸੰਪਾਦਿਤ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ। ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਉਸਦੀ ਸੱਤਵੀਂ ਪੁਸਤਕ ਹੈ। ਇਸ ਵਿਚਲੀਆਂ ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ। ਆਧੁਨਿਕਤਾ ਦੇ ਜ਼ਮਾਨੇ ਵਿੱਚ ਇਨਸਾਨ ਦੇ ਮਨ-ਮਸਤਕ ਵਿਚ ਅਨੇਕ ਵਿਚਾਰਾਂ ਦਾ ਪ੍ਰਵਾਹ ਲਗਾਤਰ ਉਠਦਿਆਂ, ਬੈਠਦਿਆਂ, ਤੁਰਦਿਆਂ, ਫਿਰਦਿਆਂ ਇੱਥੋਂ ਤੱਕ ਕਿ ਸੁਤਿਆਂ ਵੀ ਚਲਦਾ ਰਹਿੰਦਾ ਹੈ। ਅਵਤਾਰਜੀਤ ਅਜਿਹੀਆਂ ਪ੍ਰਸਥਿਤੀਆਂ ਦਾ ਚਿਤੇਰਾ ਸ਼ਾਇਰ ਹੈ। ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ ਕਾਵਿ ਸੰਗ੍ਰਹਿ ਵਿੱਚ ਉਸਨੇ ਆਪਣੇ ਨਿੱਜ ਦੇ ਸਾਧਨ ਰਾਹੀਂ ਫਸਟ ਪਰਸਨ ਵਿੱਚ ਸਮੁੱਚੀ ਮਾਨਵਤਾ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਇੱਕ ਕਿਸਮ ਨਾਲ ਲੋਕਾਈ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ। ਭਾਵ ਜਨਰਲਾਈਜ਼ ਕਰ ਦਿੱਤਾ ਹੈ, ਜੋ ਉਸਦੀ ਪ੍ਰਾਪਤੀ ਹੈ। ਪੁਸਤਕ ਦਾ ਨਾਂ ਪੜ੍ਹਕੇ ਇਉਂ ਲੱਗਦਾ ਹੈ ਕਿ ਇਹ ਉਸਦੇ ਨਿੱਜ ਨਾਲ ਸੰਬੰਧਤ ਹੈ, ਪ੍ਰੰਤੂ ਇਸ ਵਿੱਚ ਭੋਰਾ ਵੀ ਸਚਾਈ ਨਹੀ ਹੈ, ਸਗੋਂ ਉਹ ਤਾਂ ਇਸ ਉਥਲ-ਪੁਥਲ ਨੂੰ ਲੋਕਾਈ ਦੀ ਪੀੜ ਵਿੱਚ ਬਦਲਣ ਵਿੱਚ ਸਫ਼ਲ ਹੋਇਆ ਹੈ। ਸ਼ਾਇਰ ਨੇ ਆਪਣੀਆਂ ਕਵਿਤਾਵਾਂ ਦੇ  ਵਿਸ਼ੇ ਸਮਾਜਿਕ ਤਾਣੇ-ਬਾਣੇ ਦੀਆਂ ਤ੍ਰਾਸਦੀਆਂ ਵਿੱਚੋਂ ਲਏ ਹਨ, ਜਿਵੇਂ ਬਿਰਧ ਆਸ਼ਰਮ, ਮੁਲਾਜ਼ਮਾ ਦੀ ਪਰਿਵਾਰ ਪਾਲਣ ਦੀ ਕਠਨਾਈੋ,  ਦਰਬਾਰੀਏ ਕਵੀੋ, ਮਨੁੱਖਤਾ ਵੱਲੋਂ ਨਫ਼ਰਤ ਵਿੱਚ ਜ਼ਹਿਰ, ਪੰਜਾਬ ਦੀ ਨਸਲਕੁਸ਼ੀੋ, ਕੁਰਬਾਨੀਆਂ, ਜਲਿ੍ਹਆਂ ਵਾਲੇ ਬਾਗ ਦੀ ਘਟਨਾ, ਰੋਟੀ ਦੀ ਭੁੱਖ, ਇਨਸਾਨ-ਇਨਸਾਨ ਦਾ ਦੁਸ਼ਮਣ, ਦਹਿਸ਼ਤਗਰਦੀ ਦੇ ਪ੍ਰਭਾਵ ਆਦਿ ਸ਼ਾਮਲ ਹਨ। ਉਹ ਕਵਿਤਾਵਾਂ ਸਿੰਬਾਲਿਕ ਢੰਗ ਨਾਲ ਲਿਖਦਾ ਹੈ। ਇਹੋ ਸ਼ਾਇਰ ਦੀ ਵਿਲੱਖਣ ਪ੍ਰਾਪਤੀ ਹੈ। ਇਸ ਕਾਵਿ ਸੰਗ੍ਰਹਿ ਵਿੱਚ 114 ਛੋਟੀਆਂ-ਵੱਡੀਆਂ ਕਵਿਤਾਵਾਂ ਹਨ। ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਦੋ  ਭਾਗਾਂ ਵਿੱਚ ਹਨ। ਪਹਿਲੇ ਭਾਗ ਦੀ ਪਹਿਲੀ ਕਵਿਤਾ ‘ਸੈਲਫ਼ੀ’ ਤੋਂ ਪਹਿਲਾਂ ਇਹ ਚਾਰ ਸਤਰਾਂ:

ਜ਼ੁਰਤ ਕੀ ਏ ਵਕਤ ਦੀ, ਸਾਡੀ ਖੋਹ ਲਏ ਮੁਸਕਾਨ।
ਮੱਥਿਆਂ ਦੇ ਵਿੱਚ ਜਿੱਤ ਹੈ, ਸਾਡਾ ਮੁਹੱਬਤ ਚੋਣ ਨਿਸ਼ਾਨ।

ਕਵੀ ਦੀ ਮਜ਼ਬੂਤ ਮਾਨਸਿਕਤਾ ਦਾ ਪ੍ਰਗਟਾਵਾ ਕਰਦੀਆਂ ਹੋਈਆਂ, ਮੁਹੱਬਤ ਦਾ ਸੰਦੇਸ਼ ਵੀ ਦਿੰਦੀਆਂ ਹਨ। ਭਾਵ ਮੁਹੱਬਤ ਹੀ ਸੰਸਾਰ ਵਿੱਚ ਅਜਿਹੀ ਭਾਵਨਾ ਹੈ, ਜਿਹੜੀ ਜ਼ਿੰਦਗੀ ਨੂੰ ਤਰੋ-ਤਾਜ਼ਾ ਰੱਖਦੀ ਹੋਈ ਮਹਿਕਣ ਲਗਾ ਸਕਦੀ ਹੈ। ਹਰ ਮੁਸੀਬਤ ਨੂੰ ਸਰ ਕਰ ਸਕਦੀ ਹੈ। ਇਹ ਸਤਰਾਂ ਇੱਕ ਕਿਸਮ ਨਾਲ ਇਹ ਵੀ ਸਾਬਤ ਕਰਦੀਆਂ ਹਨ ਕਿ  ਲੋਕਾਈ ਇਸ ਉਥਲ-ਪੁਥਲ ਦੇ ਬਾਵਜੂਦ ਵੀ ਬੁਲੰਦੀਆਂ ਨੂੰ ਛੂਹ ਸਕਦੀ ਹੈ। ਇਸ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕਵੀ ਆਸ਼ਾਵਾਦੀ ਹੈ। ਇਹ ਕਾਵਿ ਸੰਗ੍ਰਹਿ ਲਾਲਸਾਵਾਂ ਤੇ ਇਛਾਵਾਂ ਵਿੱਚ ਗ੍ਰਸੀ ਮਾਨਵਤਾ ਦੀ ਬਿਖਰੀ ਤੇ ਤਿੜਕੀ ਮਾਨਸਿਕਤਾ ਦਾ ਵਿਸ਼ਲੇਸ਼ਣ ਕਰਦਾ ਹੈ। ਕਵੀ ਰੁੱਖਾਂ ਰਾਹਂੀਂ ਮਨੁੱਖਾਂ ਦੇ ਦੁੱਖਾਂ ਦੀ ਗੱਲ ਕਰਦਾ ਹੈ। ਵਿਰੋਧ ਵੀ ਤਾਕਤ ਦਿੰਦਾ ਹੈ ਤੇ ਹਾਰ ਜਿੱਤ ਦੀ ਨਿਸ਼ਾਨਦੇਹੀ ਕਰਦਾ ਹੈ। ਅਸਫ਼ਲਤਾ ਨੂੰ ਇਨਸਾਨ ਭੁਲਾ ਨਹੀਂ ਸਕਦਾ, ਸਗੋਂ ਅਸਫ਼ਲਤਾ ਉਸਦੇ ਚੇਤਿਆਂ ਵਿੱਚ ਉਸਲਵੱਟੇ ਲੈਂਦੀ ਰਹਿੰਦੀ ਹੈ। ਛਲਾਵੇ ਗੁੰਮਰਾਹ ਨਹੀਂ ਕਰ  ਸਕਦੇ। ਸ਼ਹਿਰੀਕਰਨ ਨੇ ਦਿਹਾਤ ਨੂੰ ਨਿਗਲ ਲਿਆ ਹੈ, ਜਿਸ ਕਰਕੇ ਇਨਸਾਨ ਦੇ ਮਨ ਵਿੱਚ ਟਿਕਾਅ ਨਹੀਂ ਰਹਿੰਦਾ। ਸੰਸਾਰ ਦੀ ਸੋਚ ਵਿੱਚ ਬਦਲਾਅ ਆ ਰਿਹਾ ਹੈ, ਪੁੱਤਰ ਮੋਹ ਦੀ ਥਾਂ ਪੁੱਤਰੀ ਮੋਹ ਵੱਧ ਰਿਹਾ ਹੈ। ਨਸ਼ੇ ਤੇ ਪਰਵਾਸ ਚਿੰਤਾ ਦੇ ਵਿਸ਼ੇ ਹਨ। ਇਹ ਚਿੰਤਾ/ਦੁੱਖ ਮਜ਼ਬੂਤੀ ਬਖ਼ਸ਼ਦੇ ਹਨ। ਪੰਜਾਬ ਨੇ ਜ਼ਾਲਮਾ ਤੇ ਜ਼ੁਲਮ ਦੇ ਮੁਕਾਬਲੇ ਕਰਕੇ, ਜਿੱਤਾਂ ਪ੍ਰਾਪਤ ਕੀਤੀਆਂ ਹਨ, ਪ੍ਰੰਤੂ ਨਸ਼ਿਆਂ ਤੋਂ ਹਾਰ ਗਏ ਹਨ, ‘ਵਿਰਸੇ ‘ਚ ਪਈ ਬੰਦੂਕ ਕਿੱਥੇ ਹੈ’ ਸਿਰਲੇਖ ਵਾਲੀ ਕਵਿਤਾ ਪੰਜਾਬੀਆਂ ਦੀ ਸੋਚ ਦਾ ਪ੍ਰਗਟਾਵਾ ਕਰਦੀ ਉਨ੍ਹਾਂ ਦੀ ਵਰਤਮਾਨ ਸਥਿਤੀ ਦਾ ਵਰਣਨ ਕਰਦੀ ਹੈ-

ਅਫ਼ਗਨੀ-ਅਬਦਾਲੀ ਵਰਗਿਆਂ ਤੇ ਤੈਮੂਰ, ਗਜ਼ਨਵੀ ਵਰਗਿਆਂ ਤੋਂ ਨਾ ਹਾਰ ਸਕੇ।
. . . ਤੇ ਸਿਕੰਦਰ ਸ਼ਾਹਾਂ ਦੇ  ਨੇਜ਼ੇ, ਤਲਵਾਰਾਂ, ਬਰਛੇ, ਛਵੀਆਂ, ਛੁਰੀਆਂ ਨਾ ਸਾਨੂੰ ਮਾਰ ਸਕੇ।
ਇੱਕ ਢਾਈ ਇੰਚ ਸਰਿੰਜ ਦੀ ਸੂਈ ਨੇ ਅੱਜ ਮਾਰ ਦਿੱਤਾ ਸਾਨੂੰ।

ਇਹ ਹੈ ਪੰਜਾਬ ਦੀ ਤ੍ਰਾਸਦੀ। ਪਰਵਾਸ, ਨਸ਼ਿਆਂ ਅਤੇ ਮਜ਼ਦੂਰਾਂ ਦੀ ਤ੍ਰਾਸਦੀ ਨਾਲ ਸੰਬੰਧਤ 30 ਕਵਿਤਾਵਾਂ ਹਨ। ਕਵਿਤਾਵਾਂ ਤੇ ਪੁਸਤਕਾਂ ਨੂੰ ਸ਼ਾਇਰ ਜੀਵਨ ਦਾ ਆਧਾਰ ਮੰਨਦਾ ਹੈ, ਕਿਉਂਕਿ ਉਸਨੇ ਲਗਪਗ 20 ਕਵਿਤਾਵਾਂ ਵਿੱਚ ਕਵਿਤਾ ਤੇ ਪੁਸਤਕਾਂ ਦੀ ਮਹੱਤਤਾ ਦਾ ਜ਼ਿਕਰ ਕੀਤਾ ਹੈ। ਗ਼ਰੀਬਾਂ ਦੀਆਂ ਬਸਤੀਆਂ, ਰੇਲ ਪਟੜੀਆਂ ‘ਤੇ  ਕੋਲਾ ਚੁਗਦੇ ਬੱਚੇ,  ਪਰਵਾਸ ਦੇ ਸਬਜ਼ਬਾਗ, ਕਰਜ਼ੇ, ਮਸ਼ੀਨਰੀ ਦੀ ਪੈਦਾ ਕੀਤੀ ਬੇਰੋਜ਼ਗਾਰੀ, ਜ਼ਿੰਦਗੀ ਦੀ ਤ੍ਰਾਸਦੀ ਬਿਆਨ ਕਰਦੀਆਂ ਹਨ। ਪਿਤਾ-ਮਾਤਾ ਦਿਵਸ ਦੇ ਮਕੜਜਾਲ ਵਿੱਚ ਪੰਜਾਬੀ ਫ਼ਸ ਗਏੇ, ਪ੍ਰੰਤੂ ਜੇਬ ਖਾਲ੍ਹੀ ਹੈ?ੈੈ ਇਸ ਸੰਗ੍ਰਹਿ ਦੀਆਂ ਕਵਿਤਾਵਾਂ ਮਾਨਸਿਕ ਜਦੋਜਹਿਦ ਦੀ ਦਾਸਤਾਂ ਵੀ ਹਨ। ਦੁਬਿਧਾ ਵਿੱਚੋਂ ਬਾਹਰ ਨਿਕਲਕੇ ਜ਼ਿੰਦਗੀ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਆਪਣੇ ਪੈਰ ਨਾ ਛੱਡੋ, ਅਖ਼ੀਰ ਪੈਰਾਂ ਨੇ ਹੀ ਸਹਾਰਾ ਦੇਣਾ ਹੈ। ਆਪਣੀ ਪਛਾਣ ਕਰੋ, ਸਾਰਾ ਕੁਝ ਤੁਹਾਡੇ ਅੰਦਰ ਹੀ ਹੈ। ਮਹਿਫ਼ਲਾਂ ਤੋਂ ਬਿਨਾ ਵੀ ਜ਼ਿੰਦਗੀ ਮਾਣੀ ਜਾ ਸਕਦੀ ਹੈ। ਬੱਚੇ ਦੇ ਜਨਮ ਤੋਂ ਲੈ ਕੇ ਅਖ਼ੀਰ ਤੱਕ ਇਨਸਾਨ ਵਹਿਮਾਂ-ਭਰਮਾ ਵਿੱਚ ਜਕੜਿਆ ਰਹਿੰਦਾ ਹੈ, ਫਿਰ ਪਛਾਣ ਪੱਤਰਾਂ ਤੇ ਜ਼ਮੀਨਾ ਜਾਇਦਾਦਾਂ ਵੀ ਵੰਡ ਵੰਡਾਈ ਦਾ ਚੱਕਰ ਸ਼ੁਰੂ ਹੋ ਜਾਂਦਾ ਹੈ, ਪ੍ਰੰਤੂ ਇਨਸਾਨ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼  ਨਹੀਂ ਕਰਦਾ। ਮਨੁੱਖ ਵੀ ਗਮਲਿਆਂ ਦੇ ਪੌਦਿਆਂ ਦੀ ਤਰ੍ਹਾਂ ਪ੍ਰਫੁਲਤ ਨਹੀਂ ਹੁੰਦਾ, ਪ੍ਰਫ਼ੁਲਤ ਹੋਣ ਲਈ ਖੁਲ੍ਹੀ ਸੋਚ ਤੇ ਹਵਾ ਦੀ ਜ਼ਰੂਰਤ ਹੁੰਦੀ ਹੈ। ਮਾਸ ਨਾਲੋਂ ਨਹੁੰ ਤੋੜਨ ਦੀ ਜਿਵੇਂ ਤਕਲੀਫ ਹੁੰਦੀ ਹੈ, ਉਸੇ ਤਰ੍ਹਾਂ ਫ਼ੁੱਲ ਨੂੰ ਪੌਦੇ ਨਾਲੋਂ ਤੋੜਨ ‘ਤੇ ਹੁੰਦੀ ਹੈ। ਅਜਿਹੇ ਅਹਿਸਾਸ ਇਨਸਾਨ ਵਿੱਚ ਹੋਣੇ ਚਾਹੀਦੇ ਹਨ। ਅਹਿਸਾਸ ਤੇ ਭਾਵਨਾਵਾਂ ਅਸਮਾਨ ਦੀ ਉਡਾਰੀ ਲਗਾ ਦਿੰਦੇ ਹਨ। ਇਸੇ ਤਰ੍ਹਾਂ ਸਫ਼ਲ ਜੀਵਨ ਲਈ ਅਹਿਸਾਸਾਂ ਦਾ ਹੋਣਾ ਲਾਭਦਾਇਕ ਹੁੰਦਾ ਹੈ। ਪਾਣੀ ਜੀਵਨ ਹੈ ਤੇ ਪਿਆਸ ਜੀਵਨ ਦਾ ਮਾਰਗ ਹੈ। ਇਹ ਕਵਿਤਾਵਾਂ ਜਿਥੇ ਭਾਵਨਾਵਾਂ ਦੀ  ਗੱਲ ਕਰਦੀਆਂ ਹਨ, ਉਥੇ ਸਮਾਜਿਕ ਸਰੋਕਾਰਾਂ ਨਾਲ ਵੀ ਲਬਰੇਜ, ਕਵੀ ਦੀਆਂ ਕਵਿਤਾਵਾਂ ਕਹਿੰਦੀਆਂ ਹਨ। ਪਰਵਾਸ ਵਿੱਚ ਮਿਹਨਤ ਕਰਦੇ ਹਨ, ਪ੍ਰੰਤੂ ਆਪਣੇ ਦੇਸ ਵਿੱਚ ਡਿਗਨਟੀ ਆਫ ਲੇਬਰ ਨਹੀਂ ਹੈ। ਮੰਜ਼ਲ ਦੀ ਪ੍ਰਾਪਤੀ ਲਈ ਮਿਹਨਤ ਲਾਜ਼ਮੀ ਤੇ  ਫਿਰ ਆਨੰਦ ਹੀ ਆਨੰਦ ਹੈ। ਜ਼ਿੰਦਗੀ ਜਿਓਣ ਲਈ ਕਈ ਵੇਲਣ ਵੇਲਣੇ ਪੈਂਦੇ ਹਨ ਤੇ ਫਿਰ ਭਟਕਣਾ ਖ਼ਤਮ ਹੋ ਜਾਂਦੀ ਹੈ। ਖੰਡਰ ਵੀ ਸਭਿਅਤਾ ਦੀ ਅਮੀਰੀ ਦੀ ਨਿਸ਼ਾਨੀ ਹੁੰਦੇ ਹਨ। ਭੀੜਤੰਤਰ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਤੋਂ ਕੋਹਾਂ ਦੂਰ  ਹੁੰਦਾ ਹੈ। ਲੁਕਵੀਂ ਹਰ ਗੱਲ ਨੁਕਸਾਨਦਾਇਕ ਹੁੰਦੀ ਹੈ, ਲੁਕਵੇਂ ਗ਼ੈਰ ਇਖਲਾਕੀ ਸੰਬੰਧ ਅਣਮਨੁਖੀ ਤੇ ਗ਼ੈਰ ਕੁਦਰਤੀ ਵੀ ਹੁੰਦੇ ਹਨ। ਬ੍ਰਾਂਡਿਡ ਵਸਤਾਂ ਨੇ ਹੱਥ ਕਰਘਾ ਸਭਿਅਤਾ ਨੂੰ ਨਿਗਲ ਲਿਆ ਹੈ। ਪੰਜਾਬੀ ਗ਼ਰੀਬੀ, ਭੁੱਖਮਰੀ, ਬੇਰੋਜ਼ਗਾਰੀ, ਪਰਵਾਸ ਅਤੇ ਭੋਂ ਮਾਫ਼ੀਏ ਦੇ ਚੁੰਗਲ ਵਿੱਚ ਫਸਕੇ ਫ਼ਸਲਾਂ ਵਾਲੀਆਂ ਜ਼ਮੀਨਾਂ ਤੋਂ ਹੱਥ ਧੋ ਬੈਠਣਗੇ। ਪਰਜਤੰਤਰ ਪ੍ਰਣਾਲੀ ਦੀਆਂ ਖ਼ਾਮੀਆਂ ਦਾ ਇਵਜ਼ਾਨਾ ਭੁਗਤ ਰਹੇ ਹਾਂ, ਆਜ਼ਾਦੀ ਦੇ ਲਾਭ ਨਹੀਂ ਮਿਲ  ਰਹੇ, ਸਾਜ਼ਸਾਂ ਦਾ  ਸ਼ਿਕਾਰ ਹੋ ਰਹੇ ਹਾਂ। ਭਰਿਸ਼ਟਾਚਾਰ ਦਾ ਬੋਲਬਾਲਾ ਹੈ, ਵੋਟਾਂ ਮੌਕੇ ਵੋਟਰ ਵਿਕ ਜਾਂਦੇ ਹਨ, ਫਿਰ ਭਵਿਖ ਸੁਨਹਿਰਾ ਕਿਵੇਂ ਹੋਵੇਗਾ? ਸਾਡੀ ਮਾਨਸਿਕਤਾ ਦੀ ਤਰ੍ਹਾਂ ਗ਼ਰੀਬੀ ਤੇ ਅਮੀਰੀ ਦਾ ਪਾੜਾ ਵੱਧ ਰਿਹਾ ਹੈ। ਜੰਗ ਦਾ ਇਵਜਾਨਾ ਮਾਸੂਮਾ ਨੂੰ ਭਗਤਣਾ ਪੈਂਦਾ ਹੈ। ਇਨ੍ਹਾਂ ਸਵਾਲਾਂ ਦੇ ਜਵਾਬ ਕਵਿਤਾਵਾਂ ਮੰਗਦੀਆਂ ਹਨ।

ਦੂਜੇ  ਭਾਗ ਵਿੱਚ ਸ਼ਾਇਰ ਲਿਖਦਾ ਹੈ ਕਿ ਆਧੁਨਿਕ ਤਕਨੀਕ ਦੇ ਕੰਪਿਊਟਰ, ਮੋਬਾਈਲ ਅਤੇ ਲੈਪਟਾਪ ਦੇ ਉਪਕਰਨਾ ਦੇ ਆਉਣ ਨਾਲ ਇਨਸਾਨ ਇਨ੍ਹਾਂ ਦਾ ਗ਼ੁਲਾਮ ਹੋ ਗਿਆ ਹੈ। ਪੁਸਤਕਾਂ ਦੇ ਛਪਾਈ ‘ਤੇ ਵੀ ਅਸਰ ਹੋਇਆ ਹੈ। ਮਨੁੱਖ ਦਾ ਪੱਥਰ ਯੁੱਗ ਤੋਂ ਅਧੁਨਿਕ ਤਕਨੀਕ ਦੇ ਸਫਰ  ਦੀ ਦਾਸਤਾਂ ਹੈ। ਮਨੁੱਖ ਨੇ ਅਮੀਰ ਸਭਿਅਤਾ ਤੋਂ ਮੂੰਹ ਮੋੜ ਲਿਆ ਹੈ, ਉਪਕਰਨਾ ਦਾ ਕੈਦੀ ਬਣ ਗਿਆ।  ਸ਼ੋਸ਼ਲ ਮੀਡੀਆ ਝੂਠ ਦਾ ਪੁਲੰਦਾ ਹੈ, ਮਨੁੱਖ ਉਸ ਵਿੱਚ ਹੀ ਮਸਤ ਹੋ ਗਿਆ ਹੈ। ਸ਼ੀਸ਼ੇ ਦੇ ਜੰਗਲ ਵਿੱਚ ਮਨੁੱਖ ਐਸਾ ਉਲਝਿਆ ਨਾ ਤਾਂ ਉਸ ਵਿੱਚ ਰਹਿ ਸਕਦਾ ਅਤੇ ਨਾ ਹੀ ਬਾਹਰ ਆ ਸਕਦਾ। ਇਸਦੀ ਚਕਾ-ਚੌਂਧ ਤੇ ਚਮਕ-ਦਮਕ ਮਨੁੱਖ ਨੂੰ ਭੁਸਲਾ ਕੇ ਰੱਖਦੀ ਹੈ। ਇਸ ਵਿੱਚ ਹੀ ਉਲਝਿਆ ਹੋਇਆ, ਆਪਣੀ ਮਾਨਸਿਕਤਾ ਨੂੰ ਪੱਠੇ ਪਾਉਂਦਾ ਰਹਿੰਦਾ ਹੈ ਪ੍ਰੰਤੂ ਉਸ ਵਿਚੋਂ ਕੱਢਣ ਪਾਉਣ ਨੂੰ ਕੁਝ ਵੀ ਨਹੀਂ ਹੈ। ਸਵੇਰ ਤੋਂ ਸ਼ਾਮ ਤੱਕ ਸ਼ੀਸ਼ੇ ਦੇ ਜੰਗਲ ਵਿੱਚ ਸ਼ਰਮਸ਼ਾਰ ਹੋਇਆ ਘੁੰਮਣਘੇਰੀ ਵਿੱਚ ਪਿਆ ਰਹਿੰਦਾ ਹੈ। ਇਸ਼ਤਿਹਾਰਬਾਜ਼ੀ ਦਾ ਚਕਮਾ ਮਹਿੰਗੀਆਂ ਵਸਤਾਂ ਖ੍ਰੀਦਣ ਲਈ ਮੁਸ਼ਕਲ ਪੈਦਾ ਕਰ ਦਿੰਦਾ ਹੈ। ਨਮੋਸ਼ੀ, ਨਿਰਾਸਤਾ, ਚੁੱਪ, ਖ਼ੌਫ਼, ਖ਼ਾਮੋਸ਼ੀ  ਅਤੇ ਬੇਬਸੀ ਨੇ ਘੇਰਾ ਪਾਇਆ ਹੈ, ਇਨ੍ਹਾਂ ਵਿੱਚੋਂ ਬਾਹਰ ਦਾ ਰਸਤਾ ਲੱਭਣਾ ਵੀ ਔਖਾ ਹੋ ਜਾਂਦਾ ਹੈ। ਇਹ ਚੁਣੌਤੀਆਂ ਮਿਹਨਤ ਨਾਲ ਸਰ ਹੋਣਗੀਆਂ। ਭੂਤ ਨੂੰ ਭੁੱਲਕੇ ਭਵਿਖ ਨੂੰ ਰੌਸ਼ਨ  ਕਰੋ, ਦੂਜਿਆਂ ਦੇ ਨੁਕਸ ਕੱਢਣ ਦੀ ਥਾਂ ਆਪਣੇ ਵਿੱਚ ਸੁਧਾਰ ਕਰੋ, ਸੁਪਨੇ ਸਿਰਜੋ ਤਾਂ ਮੁਕੱਦਰ ਆਪ ਹੀ ਬਣ ਜਾਵੇਗਾ। ਅਵਤਾਰਜੀਤ ਤੋਂ ਭਵਿਖ ਵਿੱਚ ਹੋਰ ਬਾਕਮਾਲ ਕਵਿਤਾਵਾਂ ਦੀ  ਉਮੀਦ ਕੀਤੀ ਜਾ ਸਕਦੀ ਹੈ। ਅਵਤਾਰਜੀਤ ਦਾ ‘ਮੈਂ ਆਪਣੀ ਤ੍ਰੇੜ ਲੱਭ ਰਿਹਾਂ’ 207 ਪੰਨਿਆਂ ਅਤੇ 450 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ ਨੇ ਪ੍ਰਕਾਸ਼ਿਤ ਕੀਤਾ ਹੈ।

Related posts

ਡਿਜੀਟਲ ਚੀਜ਼ਾਂ ਦੀ ਜਿਆਦਾ ਵਰਤੋਂ ਬੱਚਿਆਂ ਦੇ ਪ੍ਰਦਰਸ਼ਨ ‘ਤੇ ਮਾੜਾ ਪ੍ਰਭਾਵ ਪਾਉਂਦੀ ਹੈ !

admin

ਨਵਦੀਪ ਮੁੰਡੀ ਦਾ ਮੂਕ ਸੰਵਾਦ: ‘ਚੁੱਪ ਦੀ ਕਥਾ’

admin

ਅਮਰਜੀਤ ਕੌਂਕੇ ਦਾ ‘ਇਸ ਧਰਤੀ ‘ਤੇ ਰਹਿੰਦਿਆਂ’ ਸਮਾਜਿਕ ਸਰੋਕਾਰਾਂ ਦਾ ਪ੍ਰਤੀਨਿਧ ਕਾਵਿ-ਸੰਗ੍ਰਹਿ !

admin