
ਲੋਕਤੰਤਰਿਕ ਦੇਸ਼ਾਂ ਵਿੱਚ ਪੁਰਾਣੀ ਰਾਜਾਸ਼ਾਹੀ ਪ੍ਰਥਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਸਾਡੇ ਮਹਾਨ ਦੇਸ਼ ਭਾਰਤ ਵਿੱਚ ਚੋਣ ਜਿੱਤਣ ਤੋਂ ਬਾਅਦ ਲੋਕ ਆਪਣੇ-ਆਪ ਨੂੰ ਮਹਾਰਾਜਾ ਸਮਝਣ ਲਗਦੇ ਹਨ। ਦੇਸ਼ ਦਾ ਆਮ ਆਦਮੀ ਸਿਆਸਤਦਾਨਾਂ ਦੇ ਨਖ਼ਰਿਆਂ ਅਤੇ ਆਪਹੁਦਰੇਪਨ ਤੋਂ ਪੂਰੀ ਤਰ੍ਹਾਂ ਤੰਗ ਆਇਆ ਹੋਇਆ ਹੈ, ਇਸ ਵੇਲੇ!
ਸਿਆਸੀ ਲੋਕ ਆਪਣੇ-ਆਪ ਨੂੰ ਵੀ.ਆਈ.ਪੀ. (ਵੱਡੇ ਆਦਮੀ) ਸਮਝਦੇ ਹਨ ਅਤੇ ਆਮ ਲੋਕਾਂ ਦੀ ਪ੍ਰਵਾਹ ਕਰਨੀ ਛੱਡ ਦਿੰਦੇ ਹਨ। ਉਹਨਾ ਆਮ ਲੋਕਾਂ ਦੀ, ਜਿਹਨਾ ਨੇ ਉਹਨਾ ਨੂੰ ਆਪਣੇ ਵੋਟ ਦੇ ਕੇ ਵਿਧਾਨ ਸਭਾ ਜਾਂ ਲੋਕ ਸਭਾ ਵਿੱਚ ਭੇਜਿਆ ਹੁੰਦਾ ਹੈ।
ਦੇਸ਼ ਵਿੱਚ “ਵੀ.ਆਈ.ਪੀ.” ਕਲਚਰ ਕੈਂਸਰ ਰੋਗ ਵਾਂਗਰ ਫ਼ੈਲ ਚੁੱਕਾ ਹੈ। ਗਿਆਰਾਂ ਸਾਲ ਪਹਿਲਾਂ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਬਨਣ ਦੇ ਫੌਰਨ ਬਾਅਦ ਦਿੱਲੀ ‘ਚ ਸੰਸਦ ਮੈਂਬਰਾਂ ਦੀਆਂ ਗੱਡੀਆਂ ਤੋਂ ਲਾਲ ਬੱਤੀਆਂ ਹਟਵਾ ਲਈਆਂ ਸਨ ਅਤੇ ਵੀ.ਆਈ.ਪੀ. ਕਲਚਰ ਦੇ ਵਿਰੁੱਧ ਬੋਲੇ। ਲੇਕਿਨ ਫਿਰ ਜਿਵੇਂ ਉਹ ਭੁੱਲ ਹੀ ਗਏ ਕਿ “ਜਨਤਾ ਦੇ ਇਹਨਾ ਸੇਵਕਾਂ” ਦੀਆਂ ਵਿਗੜੀਆਂ ਆਦਤਾਂ ਸੁਧਾਰਨ ਦੀ ਸਖ਼ਤ ਲੋੜ ਹੈ।
ਸਾਡੇ ਸੂਬੇ ਦੇ ਮੌਜੂਦਾ ਮੁੱਖ-ਮੰਤਰੀ ਨੂੰ ਵੀ ਵੀ.ਆਈ.ਪੀ. ਕਲਚਰ ਤੋਂ ਸਖ਼ਤ ਨਫ਼ਰਤ ਸੀ। ਪਰ ਹੁਣ ਤਾਂ ਉਹ ਵੀ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਜਿਵੇਂ ਭੁੱਲ ਹੀ ਚੁੱਕੇ ਹਨ, ਕਿਉਂਕਿ ਪੰਜਾਬ ਵਿੱਚ ਵੀ ਸਿਆਸਤਦਾਨ ਹੁਣ “ਆਮ ਆਦਮੀ” ਨਹੀਂ ਖ਼ਾਸ ਆਦਮੀ ਬਣ ਚੁੱਕਾ ਹੈ।
ਵਿਕਸਤ ਪੱਛਮੀ ਦੇਸ਼ਾਂ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਇੱਥੋਂ ਤਕ ਕਿ ਰਾਜਾ ਵੀ ਮੈਟਰੋ ਜਾਂ ਬੱਸ ‘ਚ ਸਫ਼ਰ ਕਰਦਾ ਹੈ। ਪਰ ਭਾਰਤ ਵਿੱਚ ਤਾਂ ਇਹ ਚੀਜ਼ਾਂ ਸੁਪਨੇ ਸਮਾਨ ਹਨ। ਜਦ ਕੋਈ ਭਾਰਤੀ “ਲੋਕ ਨੁਮਾਇੰਦਾ” ਟੀ.ਵੀ. ਕੈਮਰੇ ਸਾਹਮਣੇ ਆਪਣੀ ਝੂਠੀ ਨਿਮਰਤਾ ਸਾਬਤ ਕਰਨਾ ਚਾਹੁੰਦਾ ਹੈ ਤਾਂ ਹੀ ਉਹ ਬੱਸ, ਰੇਲ ਗੱਡੀ ‘ਚ ਨਜ਼ਰ ਆਉਂਦਾ ਹੈ। ਹੁਣ ਤਾਂ ਸਥਿਤੀ ਇਹ ਹੈ ਕਿ ਇਹ ਲੋਕ-ਨੁਮਾਇੰਦੇ ਚੋਣ ਜਿੱਤਣ ਤੋਂ ਬਾਅਦ ਜਨਤਾ ਨੂੰ ਭੁੱਲਕੇ ਐਸ਼ੋ-ਅਰਾਮ ਦੀ ਜ਼ਿੰਦਗੀ ਵਸਰ ਕਰਨ ਲੱਗਦੇ ਹਨ, ਉਦੋਂ ਤੱਕ ਜਦੋਂ ਤੱਕ ਦੂਜੀ ਚੋਣ ਸਿਰ ‘ਤੇ ਨਹੀਂ ਆ ਜਾਂਦੀ।
ਸਿਆਸੀ ਲੋਕਾਂ ਦੀ ਸੋਚ ‘ਚ ਇੰਨਾ ਨਿਘਾਰ ਆ ਚੁੱਕਾ ਹੈ । ਉਹ ਇਹ ਵੀ ਭੁੱਲ ਜਾਂਦੇ ਹਨ ਕਿ ਉਹਨਾ ਦਾ ਕੰਮ ਜਨਤਾ ਦੀ ਸੇਵਾ ਕਰਨਾ ਹੈ, ਨਾ ਕਿ ਆਪਣੇ ਸਕੇ-ਸੰਬੰਧੀਆਂ ਦੀ। ਹੈਰਾਨ ਹੋਈਦਾ ਹੈ ਉਸ ਵੇਲੇ ਕਿ ਇਹਨਾ ਜਨਤਾ ਸੇਵਕਾਂ ਕੋਲ ਮਹਿੰਗੀਆਂ ਗੱਡੀਆਂ ਕਿੱਥੋਂ ਆ ਜਾਂਦੀਆਂ ਹਨ? ਕਿਵੇਂ ਉਹ ਰਾਜੇ-ਮਹਾਰਾਜਿਆਂ ਵਾਂਗਰ ਪੰਜ ਤਾਰਾ ਹੋਟਲਾਂ ‘ਚ ਖਾਣਾ ਖਾਣ ਜਾਂਦੇ ਹਨ? ਆਪਣੇ ਲਈ ਵਧੀਆ ਮਹੱਲ, “ਸ਼ੀਸ਼ ਮਹੱਲ” ਉਸਾਰ ਲੈਂਦੇ ਹਨ। ਆਉਂਦੀਆਂ ਕਈ ਪੁਸ਼ਤਾਂ ਲਈ ਧੰਨ ਇਕੱਠਾ ਕਰ ਲੈਂਦੇ ਹਨ। ਕਿਵੇਂ ਉਹ ਆਮ ਲੋਕਾਂ ਵਿਚਲੀ ਪਹਿਲੀ ਰਿਹਾਇਸ਼ ਛੱਡਕੇ, ਮਹੀਨਿਆਂ, ਦਿਨਾਂ ‘ਚ ਉਹਨਾ ਮਹਿੰਗੇ ਰਿਹਾਇਸ਼ੀ ਇਲਾਕਿਆਂ ‘ਚ ਜਾ ਵਸੇਰਾ ਕਰਦੇ ਹਨ, ਜਿਥੇ 90 ਫ਼ੀਸਦੀ ਵੱਡੇ ਧਨਾਢ ਕਾਰੋਬਾਰੀ ਨਿਵਾਸ ਰੱਖਦੇ ਹਨ ਅਤੇ ਇਹੀ “ਚੁਣੇ ਸੇਵਕ”, ਵੱਡੇ ਸਕਿਊਰਿਟੀ ਗਾਰਡਾਂ ਅਤੇ ਆਪਣੇ ਨਾਲ ਰੱਖੇ ਨੌਕਰਾਂ-ਚਾਕਰਾਂ ਦੀਆਂ ਵੱਡੀਆਂ ਟੋਲੀਆਂ ਨਾਲ ਵਿਚਰਨ ਲੱਗਦੇ ਹਨ, ਖ਼ਾਸ ਕਰਕੇ ਉਹਨਾ ਲੋਕਾਂ ‘ਚ ਜਿਹੜੇ ਵੱਡੇ ਧੰਨ-ਕੁਬੇਰ ਹਨ, ਹੋਟਲਾਂ, ਵਪਾਰਕ ਅਦਾਰਿਆਂ ਦੇ ਮਾਲਕ ਹਨ।
ਚੋਣ ਉਪਰੰਤ ਬਣੇ ਵੱਡੇ ਸੇਵਕ ਸਿਆਸੀ ਹੈਂਕੜ ‘ਚ ਆਕੇ ਲੋਕਾਂ ਨਾਲ ਬੋਲ ਚਾਲ ਤਾਂ ਜਿਵੇਂ ਬਦਲ ਹੀ ਲੈਂਦੇ ਹਨ। ਉਹ ਆਪਣੇ ਸਿਆਸੀ ਵਿਰੋਧੀਆਂ ‘ਤੇ ਤਿੱਖੇ ਬਾਣ ਚਲਾਉਣ ਤੋਂ ਵੀ ਦਰੇਗ ਨਹੀਂ ਕਰਦੇ। ਪਿਛਲੇ ਦਿਨਾਂ ‘ਚ ਪੰਜਾਬ ਵਿਧਾਨ ਸਭਾ ‘ਚ ਵਾਪਰੀਆਂ ਉਹਨਾ ਬਹਿਸਾਂ ਦਾ ਇਥੇ ਜ਼ਿਕਰ ਕਰਨਾ ਬਣਦਾ ਹੈ, ਜਿਥੇ ਸਿਆਸੀ ਸੋਚ ਨਾਲੋਂ ਨਿੱਜੀ ਕਿੜਾਂ ਕੱਢਣ ਲਈ ਹਾਕਮ ਤੇ ਵਿਰੋਧੀ ਧਿਰ ਦੇ ਵੱਡੇ ਨੇਤਾ ਇੱਕ-ਦੂਜੇ ਨਾਲ ਉਲਝਦੇ ਵੇਖੇ ਗਏ। ਉਹਨਾ ਤਨਜਾਂ ਕੱਸੀਆਂ, ਬਿਲਕੁਲ ਉਵੇਂ ਹੀ ਜਿਵੇਂ ਸ਼ਰੀਕ ਆਪਸ ‘ਚ ਲੜਦੇ ਹਨ, “ਮੁੱਛਾਂ ਨੂੰ ਤਾਅ ਦਿੰਦੇ ਹਨ, “ਦੇਖ ਲੈਣ” ਦੀਆਂ ਧਮਕੀਆਂ ਦਿੰਦੇ ਹਨ।” ਕਿਹੋ ਜਿਹਾ ਸਿਆਸੀ ਕਿਰਦਾਰ ਰਹਿ ਗਿਆ ਹੈ ਇਹਨਾ ਸੇਵਕਾਂ ਦਾ? ਜੋ ਲੋਕ ਮਸਲਿਆਂ ਤੋਂ ਮੂੰਹ ਮੋੜਕੇ ਸਿਰਫ਼ ਕੁਰਸੀ ਲਈ ਯੁੱਧ ਕਰਦੇ ਨਜ਼ਰ ਆਉਂਦੇ ਹਨ। ਭਾਰਤੀ ਸਿਆਸਤਦਾਨਾਂ ਦੀ ਸਵਾਰਥੀ ਸੋਚ ਨੇ ਭਾਰਤੀ ਲੋਕ ਮਸਲਿਆਂ ਤੋਂ ਮੂੰਹ ਮੋੜਿਆ ਹੋਇਆ ਹੈ, ਉਹਨਾ ਦਾ ਮੁੱਖ ਨਿਸ਼ਾਨਾ ਲੋਕ ਸੇਵਾ ਨਹੀਂ ਸਗੋਂ ਕੁਰਸੀ ਹਥਿਆਉਣਾ ਹੈ।
ਲੋਕ ਰਾਜ ਦੇ ਨਾਂਅ ‘ਤੇ ਦੇਸ਼ ਦੇ ਮੌਜੂਦਾ ਵੱਡੇ ਹਾਕਮ ਦੇ ਸੱਤਾ ਹਥਿਆਉਣ ਤੇ ਸੱਤਾ ਬਰਕਰਾਰ ਰੱਖਣ ਦੇ ਪੈਂਤੜੇ ਕਿਸੇ ਤੋਂ ਲੁਕੇ ਛੁਪੇ ਨਹੀਂ ਹਨ। ਉਸ ਵੱਲੋਂ ਸਾਮ-ਦਾਮ-ਦੰਡ ਦੀ ਵਰਤੋਂ ਕਰਦਿਆਂ ਅਤੇ ਜਾਤ-ਧਰਮ ਦੀ ਰਾਜਨੀਤੀ ਕਰਦਿਆਂ “ਸਿਆਸਤਦਾਨਾਂ” ਦੇ ਅਸਲੀ ਅਕਸ ਉਤੇ ਲਗਾਤਾਰ ਛਿੱਟੇ ਪਾਏ ਗਏ ਹਨ। ਤਦੇ ਇਹ ਸਿਰਫ਼ ਤਾਕਤ ਦੇ ਭੁੱਖੇ ਸਿਆਸਤਦਾਨ ਲੋਕ ਮਸਲਿਆਂ ਤੋਂ ਪਿੱਛਾ ਛੁਡਾਉਂਦੇ, ਆਮ ਲੋਕਾਂ ਨੂੰ ਭਰਮਾਉਂਦੇ ਅਤੇ ਆਪਣਾ ਹਿੱਤ ਸਾਧਦੇ ਨਜ਼ਰ ਆਉਂਦੇ ਹਨ।
ਸੂਬਾ ਪੰਜਾਬ ਦੇ ਸਿਆਸਤਦਾਨਾਂ ਦੀ ਕਾਰਗੁਜ਼ਾਰੀ ਕਈ ਪੱਖਾਂ ਤੋਂ ਨਿਰਾਸ਼ ਕਰਨ ਵਾਲੀ ਹੈ। ਵਿਰੋਧੀ ‘ਤੇ ਹਾਕਮ ਧਿਰ ਵਿਚਲੀ ਤਲਖ਼ਕਲਾਮੀ ਕਾਫ਼ੀ ਦੁੱਖ-ਦਾਇਕ ਹੈ, ਉਸ ਵੇਲੇ ਜਦੋਂ ਪੰਜਾਬ ਕਈ ਹਾਲਤਾਂ ‘ਚ ਪੱਛੜ ਰਿਹਾ ਹੈ। ਉਸ ਵੇਲੇ ਜਦੋਂ ਪੰਜਾਬ ਨਸ਼ਿਆਂ ‘ਚ ਗਰਕਿਆ ਪਿਆ ਹੈ। ਉਸ ਵੇਲੇ ਜਦੋਂ ਪੰਜਾਬ ਖੇਤੀ ਸੰਕਟ ‘ਚ ਹੈ। ਉਸ ਵੇਲੇ ਜਦੋਂ ਪੰਜਾਬ ਬੇਰੁਜ਼ਗਾਰੀ ਦਾ ਮਾਰਿਆ ਹੋਇਆ ਹੈ। ਉਸ ਵੇਲੇ ਜਦੋਂ ਪੰਜਾਬ ਦਾ ਨੌਜਵਾਨ ਪ੍ਰੇਸ਼ਾਨ ਹੈ, ਪ੍ਰਵਾਸ ਹੰਢਾਉਣ ਲਈ ਮਜ਼ਬੂਰ ਹੈ। ਉਸ ਵੇਲੇ ਜਦੋਂ ਪੰਜਾਬ ਕੋਲ ਆਪਣਾ ਕੋਈ ਤਰੱਕੀ “ਵਿਜ਼ਨ” ਹੀ ਨਹੀਂ ਹੈ। ਪੰਜਾਬ ਦੇ ਸਿਆਸਤਦਾਨ ਸਿਰ ਜੋੜਕੇ ਕੋਈ ਹੱਲ ਲੱਭਣ ਦੀ ਵਿਜਾਏ ਨਿੱਜੀ ਗੱਲਾਂ ਅਤੇ ਕਿੜ੍ਹਾਂ ਕੱਢਣ ਦੀ ਕੋਸ਼ਿਸ਼ ‘ਚ ਲੱਗੇ ਹੋਏ ਹਨ। ਇੱਕ-ਦੂਜੇ ਵਿਰੁੱਧ ਬੋਲਦਿਆਂ ਮਰਿਆਦਾ ਭੁੱਲ ਚੁੱਕੇ ਹਨ। ਇਵੇਂ ਲਗਦਾ ਹੈ ਜਿਵੇਂ ਸੱਤਾਧਾਰੀ ਸੱਤਾ ਦੇ ਗਰੂਰ ‘ਚ ਹਨ ਅਤੇ ਵਿਰੋਧੀ ਧਿਰ ਵਾਲੇ ਈਰਖਾ ਨਾਲ ਭਰੇ ਹੋਏ। ਪੰਜਾਬ ਆਰਥਿਕ ਅਤੇ ਸਮਾਜਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਦੀ ਅਮਨ ਕਾਨੂੰਨ ਸਥਿਤੀ ਵੀ ਕਈ ਹਾਲਤਾਂ ‘ਚ ਗੰਭੀਰ ਬਣੀ ਹੋਈ ਹੈ। ਕੀ ਆਪਸੀ ਦੂਸ਼ਣਬਾਜ਼ੀ ਅਜਿਹੇ ਗੰਭੀਰ ਮਸਲਿਆਂ ਦਾ ਹੱਲ ਹੋ ਸਕਦੀ ਹੈ?
ਪੰਜਾਬ ਇਸ ਸਮੇਂ ਸਿਆਸੀ ਖਿਲਾਅ ‘ਚ ਹੈ। ਪੰਜਾਬ ਦੀਆਂ ਇਲਾਕਾਈ ਮੰਗਾਂ ਸਮੇਤ ਖੁਦਮੁਖਤਾਰੀ ਦੀ ਮੰਗ ਦੀ ਪੂਰਤੀ ਲਈ ਇਲਾਕਾਈ ਪਾਰਟੀ ਦੀ ਲੋੜ ਪੂਰੀ ਨਾ ਹੋਣ ਦੇ ਕਾਰਨ ਪੰਜਾਬ ਦੇ ਲੋਕ ਮਨੋ ਪ੍ਰੇਸ਼ਾਨ ਹਨ। ਉਹ ਕਿਸੇ ਵੀ ਤਰ੍ਹਾਂ ਦਿੱਲੀ ਦੇ ਹਾਕਮਾਂ ਦੀ ਟੈਂਅ ਮੰਨਣ ਦੇ ਮੂਡ ਵਿੱਚ ਨਹੀਂ ਹਨ, ਕਿਉਂਕਿ ਕਿਸੇ ਵੀ ਰਾਸ਼ਟਰੀ ਧਿਰ ਨੇ ਬੀਤੇ ਸਮੇਂ ‘ਚ ਪੰਜਾਬੀਆਂ ਨਾਲ ਇਨਸਾਫ਼ ਨਹੀਂ ਕੀਤਾ। ਉਹਨਾ ਨੂੰ ਸਮੇਂ-ਸਮੇਂ ਵੱਡੇ ਜ਼ਖ਼ਮ ਦਿੱਤੇ ਪਰ ਉਹਨਾ ਦੇ ਫੈਹਾ ਲਾਉਣ ਲਈ ਕਿਸੇ ਨੇ ਵੀ ਪਹਿਲਕਦਮੀ ਨਹੀਂ ਕੀਤੀ, ਸਗੋਂ ਹਰ ਹੀਲੇ ਉਹਨਾ ਨੂੰ ਵਰਤਣ ਦਾ ਯਤਨ ਕੀਤਾ।
ਪੰਜਾਬ ਦੀਆਂ ਵੱਖੋ-ਵੱਖਰੀਆਂ ਪਾਰਟੀਆਂ ਦੇ ਸਿਆਸਤਦਾਨਾਂ ਸਮੇਤ ਇਲਾਕਾਈ ਪਾਰਟੀ ਦੇ ਸਿਆਸਤਦਾਨਾਂ ਨੇ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਨਹੀਂ ਸਮਝਿਆ, ਸਗੋਂ ਆਪਣੀਆਂ ਗੱਦੀਆਂ ਪੱਕੀਆਂ ਕਰਨ ਲਈ ਨਾਪਾਕ ਗੱਠਜੋੜ ਕੀਤੇ। ਪਿਛਲੇ ਸਮੇਂ ‘ਚ ਪਾਰਟੀਆਂ ਨੇ ਪੰਜਾਬ ਨੂੰ ਕਾਬੂ ਕਰਨ ਲਈ “ਆਇਆ ਰਾਮ ਗਿਆ ਰਾਮ” ਵਾਲੀ ਸਿਆਸਤ ਕਰਦਿਆਂ , ਇੱਕ-ਦੂਜੇ ਦੀਆਂ ਪਾਰਟੀਆਂ ਦੇ ਨੇਤਾ ਆਪਣੇ ਪਾਲੇ ‘ਚ ਕੀਤੇ। ਉਦਾਹਰਨ ਕਾਂਗਰਸ ਹੈ। ਉਦਾਹਰਨ ਅਕਾਲੀ ਦਲ ਪਾਰਟੀ ਹੈ। ਭਾਜਪਾ ‘ਚ ਕਾਂਗਰਸ ਸ਼ਾਮਲ ਹੋਏ। ਆਮ ਆਦਮੀ ਪਾਰਟੀ ‘ਚ ਕਾਂਗਰਸੀ ਜਾ ਵੜੇ। ਅਕਾਲੀ ਦਲ ਦੋ ਨਹੀਂ ਕਈ ਹਿੱਸਿਆਂ ‘ਚ ਵੰਡਿਆ ਗਿਆ। ਅਸੂਲ ਕਿਥੇ ਹਨ, ਉਹ ਭੁੱਲ ਗਏ।
ਅੱਜ ਸਥਿਤੀ ਇਹ ਹੈ ਕਿ ਕਾਂਗਰਸ ਦੇ ਨੇਤਾ ਆਪੋ-ਆਪਣੇ ਰਾਹ ਹਨ। ਉਹਨਾ ਨੂੰ ਹਿੱਤ ਪੰਜਾਬੀਆਂ ਦਾ ਨਹੀਂ, ਆਪਣਾ ਹੈ। ਅਕਾਲੀ ਦਲ ਖੇਰੂ-ਖੇਰੂ ਹੋ ਗਿਆ। ਮੁੜ ਉਭਰੇਗਾ ਕਿ ਨਹੀਂ? ਨਿੱਜੀ ਰੰਜਿਸ਼ਾਂ, ਨਿੱਜੀ ਟੱਕਰਾਂ, ਪੰਥਕ ਸੋਚ ਨੂੰ ਤਿਲਾਂਜਲੀ ਉਹਨਾ ਦਾ ਕਿਰਦਾਰ ਬਣ ਚੁੱਕਾ ਹੈ।
ਸੱਤਾਧਾਰੀ ਪਾਰਟੀ ਨੇ ਬੜਕਾਂ ਮਾਰਕੇ ਲੋਕ ਡਰਾ ਰੱਖੇ ਹਨ। ਕਿਸਾਨਾਂ ਦੇ ਮਸਲੇ, ਮਜ਼ਦੂਰਾਂ ਦੀਆਂ ਮੰਗਾਂ, ਬੇਰੁਜ਼ਗਾਰ ਮੁਲਾਜ਼ਮਾਂ ਨਾਲ ਡਾਂਗ-ਸੋਟਾ ਨਿੱਤ-ਦਿਹਾੜੇ ਵੇਖਣ ਨੂੰ ਮਿਲ ਰਿਹਾ ਹੈ। ਕੀ ਸਿਰਫ਼ ਅੰਕੜਿਆਂ ਅਤੇ ਭਾਸ਼ਣਾਂ ਨਾਲ ਸਰਕਾਰ ਦੀ ਦਿੱਖ ਚੰਗੇਰੀ ਬਣਾਈ ਜਾ ਸਕਦੀ ਹੈ? ਕੀ ਇੰਜ ਪੰਜਾਬੀਆਂ ਦਾ ਮਨ ਜਿੱਤਿਆ ਜਾ ਸਕਦਾ ਹੈ? ਕੀ ਸਿਰਫ਼ “ਜਲੰਧਰ”, “ਲੁਧਿਆਣਾ” ਜਿਮਨੀ ਚੋਣ ਜਿੱਤਣ ਨੂੰ ਹਰਮਨ ਪਿਆਰਤਾ ਆਖਿਆ ਜਾ ਸਕਦਾ ਹੈ? ਜਦੋਂ ਕਿ ਉਥੇ ਵੋਟਾਂ ਦੀ ਪ੍ਰਤੀਸ਼ਤ ਕੁੱਲ ਵੋਟਾਂ ਦੇ ਅੱਧ ਨੂੰ ਮਸਾ ਹੀ ਟੱਪ ਸਕੀ।
ਪੰਜਾਬ ਦੇ ਮੌਜੂਦਾ ਹਾਲਾਤ ਪ੍ਰਪੱਕ ਸਿਆਸਤਦਾਨਾਂ ਅਤੇ ਨੀਤੀਵਾਨਾਂ ਦੀ ਮੰਗ ਕਰਦੇ ਹਨ। ਪੰਜਾਬ ਦੇ ਸਿਆਸਤਦਾਨਾਂ ਨੂੰ ਕਾਬੂ ਕਰਨ ਲਈ ਬੁੱਧੀਜੀਵੀਆਂ, ਵਿਚਾਰਵਾਨਾਂ ਦਾ ਕੁੰਡਾ ਚਾਹੀਦਾ ਹੈ। ਪੰਜਾਬ ਨੂੰ ਤਰੱਕੀ ਲਈ ਇੱਕ ਵਿਜ਼ਨ ਚਾਹੀਦੀ ਹੈ, ਜਿਸ ਉਤੇ ਸਾਰੇ ਸਿਆਸਤਦਾਨ ਸਿਰ ਜੋੜਕੇ ਕੰਮ ਕਰਨ, ਗੱਦੀ ਹਥਿਆਉਣਾ ਉਹਨਾ ਦਾ ਕਿਰਦਾਰ ਨਾ ਹੋਏ।
ਅੱਜ ਦੇਸ਼ ਨੂੰ ਦਮਦਾਰ ਸਿਆਸਤਦਾਨਾਂ ਦੀ ਲੋੜ ਹੈ, ਜੋ ਸਵਾਰਥ ਰਹਿਤ ਹੋ ਕੇ ਦੇਸ਼ ਦੇ ਅਰਥਚਾਰੇ ਨੂੰ ਥਾਂ ਸਿਰ ਲਿਆਉਣ, ਕਿਉਂਕਿ ਕਾਰੋਪੋਰੇਟਾਂ ਨੇ ਧਨ ਦੇ ਬਲਬੂਤੇ ਅਤੇ ਗੋਦੀ ਮੀਡੀਆ ਦੀ ਸਹਾਇਤਾ ਨਾਲ ਵਿਰੋਧੀ ਸਿਆਸਤਦਾਨ ਤਾਂ ਨੁਕਰੇ ਲਾਏ ਹੀ ਹੋਏ ਹਨ, ਹਾਕਮ ਧਿਰ ਨੂੰ ਵੀ ਨਿੱਸਲ ਕੀਤਾ ਹੋਇਆ ਹੈ। ਚੇਤੰਨ ਲੋਕਾਂ ਨੂੰ ਖੂੰਜੇ ਧੱਕਿਆ ਜਾ ਰਿਹਾ ਹੈ। ਦੇਸ਼ ਦੇ ਸਿਆਸਤਦਾਨ ਆਪਣਾ ਕਿਰਦਾਰ ਭੁੱਲਕੇ ਸਿਆਸਤ ਦਾ ਅਸਲ ਅਰਥ ਸਮਝਣੋਂ ਅੱਖਾਂ ਮੀਟਕੇ “ਐਸ਼ੋ ਆਰਾਮ” ਅਤੇ ਸੁਖਮਈ ਜੀਵਨ ਦੇ ਆਦੀ ਹੋ ਗਏ ਹਨ। ਗੋਦੀ ਮੀਡੀਆ ਦੀ ਸਹਾਇਤਾ ਨਾਲ ਕਾਰਪੋਰੇਟ ਲਾਭੀ ਸਰਕਾਰ ਦੇ ਅੰਗ-ਸੰਗ ਖੜੋਕੇ, ਹਰੇ-ਭਰੇ ਲੋਕ ਲੁਭਾਉਣੇ ਨਾਹਰੇ ਲੋਕਾਂ ਸਾਹਮਣੇ ਪੇਸ਼ ਕਰਦਿਆਂ, ਵੋਟ ਬੈਂਕ ਕਾਬੂ ਕਰਨ ‘ਚ ਕਾਮਯਾਬ ਹੋ ਚੁੱਕੀ ਹੈ। ਇੰਜ ਸਿਆਸਤਦਾਨ ਆਪਣੀ ਮੁਢਲੀ ਲੋਕ ਹਿਤੈਸ਼ੀ ਭੂਮਿਕਾ ਗੁਆ ਚੁੱਕਾ ਹੈ।
ਹੁਣ ਇਹਨਾ ਸਿਆਸਤਦਾਨਾਂ ਦਾ ਰੋਹਬ ਆਮ ਲੋਕਾਂ ਤੱਕ ਪਹੁੰਚ ਚੁੱਕਾ ਹੈ। ਉਹਨਾ ਦੇ ਰੁਤਬੇ ਦੀ ਧੌਂਸ, ਲੋਕ ਆਪਣੇ ਮਨਾਂ ‘ਚ ਵਸਾ ਚੁੱਕੇ ਹਨ ਅਤੇ ਅਜੋਕੇ ਸਿਆਸਤਦਾਨ, ਸਿਆਸਤ ਨੂੰ ਆਪਣਾ ‘ਕਿੱਤਾ’ ਸਮਝ, ਆਪਣੀ ‘ਰਾਜ ਗੱਦੀ’ ਰਾਜਾਸ਼ਾਹੀ ਵਾਂਗਰ ਆਪਣੀ ਸੰਤਾਨ ਨੂੰ ਸੌਂਪ ਰਹੇ ਹਨ। ਦੇਸ਼ ਦੀ ਜਨਤਾ ਇਸਨੂੰ ਬੁਰਾ ਨਹੀਂ ਮੰਨ ਰਹੀ। ਨਹੀਂ ਮੰਨ ਰਹੀ ਬੁਰਾ ਕਿ ਉਹਨਾ ਦੇ ਸੰਸਦ ਮੈਂਬਰ ਅਤੇ ਵਿਧਾਇਕ ਪੁਰਾਣੇ ਰਾਜੇ-ਮਹਾਰਾਜਿਆਂ ਦੀ ਤਰ੍ਹਾਂ ਰਹਿਣ ਲਗੇ ਹਨ, ਭਾਵੇਂ ਕਿ ਪੁਸ਼ਾਕ ਦੇ ਤੌਰ ‘ਤੇ ਉਹ ਖੱਦਰ ਦੇ ਕੁੜਤੇ ਪਹਿਨਦੇ ਹਨ।