Literature Articles

ਮਾਂ-ਬੋਲੀ ਦੀ ਸੇਵਾ ਦੇ ਨਾਂਅ ‘ਤੇ “ਸਾਹਿਤਕ ਠਿੱਬੀਆਂ” ਕੀ ਸੁਨੇਹਾ ਦਿੰਦੀਆਂ ਹਨ?

ਮਾਂ-ਬੋਲੀ ਦੀ 'ਸੇਵਾ' ਦੇ ਨਾਮ 'ਤੇ ਦੇਸ਼-ਵਿਦੇਸ਼ ਵਿੱਚ ਬਣੀਆਂ ਹਜ਼ਾਰਾਂ ਸੰਸਥਾਵਾਂ ਵਿੱਚੋਂ, ਸਿਰਫ਼ ਉਂਗਲਾਂ ਦੇ ਪੋਟਿਆਂ 'ਤੇ ਗਿਣੀਆਂ ਸੰਸਥਾਵਾਂ ਹੀ ਹਨ, ਜੋ ਅਸਲ ਮਾਅਨਿਆਂ ਵਿੱਚ ਸੇਵਾ ਕਰਦੀਆਂ ਹੋਣਗੀਆਂ।
ਲੇਖਕ: ਮਨਦੀਪ ਖੁਰਮੀ ਹਿੰਮਤਪੁਰਾ, ਸਕਾਟਲੈਂਡ।

ਮਾਂ-ਬੋਲੀ ਦੀ ‘ਸੇਵਾ’ ਦੇ ਨਾਮ ‘ਤੇ ਦੇਸ਼ ਵਿਦੇਸ਼ ਵਿੱਚ ਹਜ਼ਾਰਾਂ ਸਾਹਿਤ ਸਭਾਵਾਂ, ਸੰਸਥਾਵਾਂ ਬਣੀਆਂ ਮਿਲ ਜਾਣਗੀਆਂ। ਉਹਨਾਂ ਵਿੱਚੋਂ ਉਂਗਲਾਂ ਦੇ ਪੋਟਿਆਂ ‘ਤੇ ਗਿਣੀਆਂ ਜਾ ਸਕਣ ਵਾਲੀਆਂ ਸੰਸਥਾਵਾਂ ਜਾਂ ਲੋਕ ਹੀ ਹੋਣਗੇ ਜੋ ਅਸਲ ਮਾਅਨਿਆਂ ਵਿੱਚ ਸੇਵਾ ਕਰਦੇ ਮਿਲਣਗੇ। ਨਹੀਂ ਤਾਂ ਵੱਡੀਆਂ ਬੰਨਾਂ ਵਾਲੇ ਸਾਹਿਤਕ ਢੱਠਿਆਂ ਦੀ ਭਰਮਾਰ ਹੀ ਮਿਲੇਗੀ। ਇਹ ਸਭਾਵਾਂ/ਸੰਸਥਾਵਾਂ ਆਪਣੀ ਹੈਂਕੜ ਨੂੰ ਪੱਠੇ ਪਾਉਣ ਜਾਂ ਹੋਰਾਂ ਨੂੰ ਠਿੱਬੀਆਂ ਲਾਉਣ ਵਾਲੇ ਟੂਰਨਾਮੈਂਟਾਂ ਦਾ ਮੈਦਾਨ ਵਧੇਰੇ ਬਣਦੀਆਂ ਹਨ। ਸੱਤਵੀਂ ਜਮਾਤ ‘ਚ ਪੜ੍ਹਦਾ ਸੀ ਜਦੋਂ ਤਰਕਸ਼ੀਲ ਸੁਸਾਇਟੀ ਦੇ ਮੇਲੇ ਕਰਵਾਉਣ ਦੀਆਂ ਵੱਡੀਆਂ ਜਿੰਮੇਵਾਰੀਆਂ ਨਿਭਾਉਣ ਦੇ ਵੱਲ ਸਿੱਖ ਲਏ। ਫਿਰ ਸਰਵ ਭਾਰਤ ਨੌਜਵਾਨ ਸਭਾ ‘ਚ ਲੰਮਾ ਸਮਾਂ ਵਿਚਰਨ ਦਾ ਮੌਕਾ ਮਿਲਿਆ। ਅਸਲੋਂ ਵਿਦਵਾਨ ਸਖਸ਼ੀਅਤਾਂ ‘ਚ ਵਿਚਰ ਕੇ ਚੰਗੇ ਮਾੜੇ ਦੀ ਪਰਖ ਆ ਗਈ। ਛੋਟੀ ਉਮਰ ਵਿੱਚ ਹੀ ਅਹੁਦਿਆਂ ਦੀਆਂ ਜ਼ਿੰਮੇਵਾਰੀਆਂ ਨਿਭਾਅ ਲੈਣ ਕਰਕੇ ਹੀ ਸ਼ਾਇਦ ਜਵਾਨੀ ਤੱਕ ਪ੍ਰਧਾਨਗੀਆਂ, ਸਕੱਤਰੀਆਂ ਦਾ ਝੱਸ ਮਨੋਂ ਲਹਿ ਜਿਹਾ ਗਿਆ। ਕੰਮ ਕਰਨ ਲਈ ਹਰ ਵੇਲੇ ਤਿਆਰ ਪਰ ਅਹੁਦਿਆਂ ਦੀ ਭੁੱਖ ਤੋਂ ਦੂਰ। ਸ਼ਾਇਦ ਇਹੀ ਵਜ੍ਹਾ ਹੋਵੇਗੀ ਕਿ ਮੈਂ ਹੁਣ ਤੱਕ ਕਿਸੇ ਵੀ ਸਭਾ ਜਾਂ ਸੰਸਥਾ ਦਾ ਮੈਂਬਰ ਵੀ ਨਹੀਂ ਬਣਿਆ।

ਬਰਤਾਨੀਆ ਦੀ ਧਰਤੀ ‘ਤੇ 2009 ‘ਚ ਪਹਿਲੀ ਵਾਰ ਕਿਸੇ ਸਾਹਿਤਕ ਲੋਕਾਂ ਦੀ ਮੀਟਿੰਗ ਵਿੱਚ ਬੈਠਣ ਦਾ ਮੌਕਾ ਮਿਲਿਆ ਸੀ। ਉਸ ਮੀਟਿੰਗ ਦਾ ‘ਕੱਲਾ-‘ਕੱਲਾ ਪਲ ਅੱਜ ਵੀ ਓਵੇਂ ਈ ਯਾਦ ਐ। ਓਸ ਸਮੇਂ ਮੇਰੀ ਉਮਰ 29 ਸਾਲ ਸੀ ਪਰ ਉਮਰ ਦੇ ਬੀਤੇ 29 ਸਾਲਾਂ ‘ਚ ਸਾਹਿਤ ਦੇ ਨਾਂ ‘ਤੇ ਹੁੰਦੀਆਂ ਤਿਕੜਮਬਾਜ਼ੀਆਂ ਪਹਿਲਾਂ ਕਦੇ ਨਹੀਂ ਦੇਖੀਆਂ ਸਨ।

ਜਨਰਲ ਸਕੱਤਰ ਸ਼ਬਦ ਦੀ ਆਪਣੇ ਨਾਂ ਪੱਕੀ ਰਜਿਸਟਰੀ ਕਰਵਾਉਣ ਵਾਲੇ ਇੱਕ ਵੀਰ ਦੇ ਘਰ ਮੈਂ ਤੇ ਬਾਈ ਜੱਗੀ ਕੁੱਸਾ ਬੈਠੇ ਸਾਂ। ਨਵੀਂ ਸਭਾ ਦਾ ਕੋਠਾ ਛੱਤਣ ਤੇ ਪ੍ਰਧਾਨ, ਸਕੱਤਰ ਤੇ ਬਾਕੀ ਲੁੰਗਲਾਣਾ ਚੁਣਨ ਲਈ ਦੁਪਹਿਰੇ ਕਿਸੇ ਹੋਰ ਥਾਂ ਇਕੱਠੇ ਹੋਣਾ ਸੀ। ਪ੍ਰਧਾਨਗੀ ਤੇ ਸਕੱਤਰੀ ਦੇ ਦੋਵੇਂ ਅਹੁਦਿਆਂ ਲਈ ਤਿੰਨ ਧਿਰਾਂ ਮੁੱਠੀਆਂ ‘ਚ ਥੁੱਕੀ ਫਿਰਦੀਆਂ ਸਨ। ਇਉਂ ਲੱਗਦਾ ਸੀ ਜਿਵੇਂ ਮਾਂ-ਬੋਲੀ ਦੀ ‘ਸੇਵਾ’ ਲਈ ‘ਸ਼ਹੀਦ’ ਹੋਣ ਲਈ ਵੀ ਤਿਆਰ ਹੋਣ। ਸਕੱਤਰੀ ਦੇ ਰਜਿਸਟਰੀ ਹੋਲਡਰ ਵੀਰ ਜੀ ਇੱਕ ਉਮੀਦਵਾਰ ਦਾ ਫੋਨ ਰੱਖਣ ਤਾਂ ਦੂਜੇ ਦਾ ਆ ਜਾਵੇ, ਦੂਜੇ ਦਾ ਰੱਖਣ ਤਾਂ ਤੀਜੇ ਦਾ ਆ ਜਾਵੇ। ਇੱਕ ਡਾਕਟਰ ਬੀਬੀ ਵੀ ਪ੍ਰਧਾਨ ਬਣਨ ਦੀ ਦਾਅਵੇਦਾਰ ਸੀ ਤੇ ਭਾਈ ਸਾਹਿਬ ਓਸ ਬੀਬੀ ਨੂੰ ਗੱਲਾਂ ਗੱਲਾਂ ‘ਚ ਪ੍ਰਧਾਨ ਬਣਾਈ ਹੀ ਬੈਠੇ ਸਨ।
-“ਭੈਣ ਜੀ, ਕੋਈ ਜੰਮਿਆ ਈ ਨੀ, ਜਿਹੜਾ ਆਪਣੀ ਗੱਲ ਉਲੱਦ ਜਾਵੇ। ਤੁਸੀਂ ਪ੍ਰਧਾਨ ਤੇ ਮੈਂ ਜਨਰਲ ਸਕੱਤਰ। ਤੁਸੀਂ ਮੀਟਿੰਗ ‘ਚ ਆਓ ਜਲਦੀ ਜਲਦੀ। ਆਪਣੇ ਮੂਹਰੇ ਬੋਲੂ ਕੌਣ? ਹੈ ਕਿਸੇ ‘ਚ ਹਿੰਮਤ?”

ਇਹ ਸੁਣ ਕੇ ਇਉਂ ਲੱਗੇ ਜਿਵੇਂ ਸਭਾ ਤਾਂ ਬਣੀ ਹੋਈ ਐ, ਐਲਾਨ ਬਾਕੀ ਐ। ਨਾਲ ਈ ਓਹ ਭਾਈ ਸਾਬ੍ਹ ਆਵਦੇ ਹੁਣ ਤੱਕ ਦੇ ਇੱਕ ਜੋਟੀਦਾਰ ਨੂੰ ਪ੍ਰਧਾਨਗੀ ਵਾਲਾ ਲੱਕੜ ਦਾ ਮੁੰਡਾ ਦੇ ਰਹੇ ਸਨ ਕਿ “ਤੂੰ”, ਚਿੰਤਾ ਨਾ ਕਰ। ਤੂੰ ਪ੍ਰਧਾਨ ਤੇ ਮੈਂ ਜਨਰਲ ਸਕੱਤਰ। ਆਪਣੇ ਮੂਹਰੇ ਕੌਣ ਖੰਘਜੂ?”
ਤੀਜੀ ਧਿਰ ਸੀ ਪੁਰਾਣੇ ਸਥਾਪਿਤ ਲੇਖਕਾਂ ਦੀ, ਜਿਹਨਾਂ ਨੇ ਘਾਟ-ਘਾਟ ਦਾ ਪਾਣੀ ਪੀਤਾ ਸੀ। ਲੱਕੜ ਦਾ ਮੁੰਡਾ, ਉਹਨਾਂ ਨੂੰ ਵੀ ਉਹੋ ਜਿਹਾ ਈ ਦਿੱਤਾ ਜਾ ਰਿਹਾ ਸੀ। “ਅੰਕਲ ਜੀ, ਤੁਸੀਂ ਤਾਂ ਸਾਨੂੰ ਰਾਹ ਦਿਖਾਉਣੇ ਆ। ਤੁਸੀਂ ਪ੍ਰਧਾਨ ਬਣਿਓ, ਆਪਾਂ ਸਕੱਤਰ ਹੀ ਠੀਕ ਆਂ।”

ਚਲੋ ਜੀ ਜਿਉਂ ਹੀ ਮੀਟਿੰਗ ਸ਼ੁਰੂ ਹੋਈ, ਸਭ ਤਿਕੜਮਬਾਜ਼ੀਆਂ ਪੁੱਠੀਆਂ ਹੋ ਗਈਆਂ ਪਰ ਭਾਈ ਸਾਬ੍ਹ ਦੀ ਸਕੱਤਰੀ ਬਚੀ ਰਹਿ ਗਈ। ਪਰ ਪ੍ਰਧਾਨਗੀ ਤਿੰਨੇ ਦਾਅਵੇਦਾਰਾਂ ਦੇ ਹੱਥ ‘ਚੋਂ ਚਲਾਕ ਚਿੜੀ ਵਾਂਙ ਨਿੱਕਲ ਕੇ ਘਰ ਬਿਮਾਰ ਪਏ ਇੱਕ ਲੇਖਕ ਬਾਬੇ ਦੇ ਸਿਰ ਦਾ ਤਾਜ਼ ਬਣ ਗਈ। ਓਸ ਰਜਿਸਟਰੀ ਹੋਲਡਰ ਸਕੱਤਰ ਭਾਈ ਸਾਬ੍ਹ ਨੇ 16 ਸਾਲ ਬੀਤਣ ‘ਤੇ ਵੀ ਆਵਦੀ ਸਕੱਤਰੀ ਨੂੰ ਆਂਚ ਨਹੀਂ ਆਉਣ ਦਿੱਤੀ। ਪ੍ਰਧਾਨਗੀ ਲਈ ਰਬੜ ਦੀਆਂ ਮੋਹਰਾਂ ਸ਼ਿੰਗਾਰ ਕੇ ਰੱਖਦੇ ਆਏ। ਜਦੋਂ ਪਹਿਲੀ ਮੀਟਿੰਗ ਵਿੱਚ ਪ੍ਰਧਾਨ ਬਣਨ ਦਾ ਲਾਰਾ ਲੈ ਕੇ ਬੇਆਬਰੂ ਹੋ ਕੇ ਨਿਰਾਸ਼ ਮੁੜੀ ਬੀਬੀ ਨੂੰ ਅਜੇ ਵੀ ਪ੍ਰਧਾਨਗੀ ਰਹਿਤ ਮਾਂ-ਬੋਲੀ ਦੀ ‘ਸੇਵਾ’ ਕਰਦਿਆਂ ਦੇਖਦਾਂ ਤਾਂ ਹੈਰਾਨੀ ਹੁੰਦੀ ਐ ਕਿ ਉਸ ਡਾਕਟਰ ਬੀਬੀ ਦੇ ਸਾਹਿਤਕ ਤਿਕੜਮਬਾਜ਼ਾਂ ਨੇ ਪੈਰ ਹੀ ਨਾ ਲੱਗਣ ਦਿੱਤੇ।

ਓਸ ਭਾਈ ਸਾਬ੍ਹ ਨੇ ਸਭਾ ਨੂੰ ਵੀ 16-17 ਸਾਲ ‘ਵਰਤ’ ਕੇ ਆਵਦੇ ਪੁਰਾਣੇ ਬੇਲੀ ਨਾਲ ਰਲ ਕੇ ਬਰਾਬਰ ਇੱਕ ਵੱਖਰੀ ਦੁਕਾਨ ਖੋਲ੍ਹ ਲਈ ਤਾਂ ਹੁਣ ਅਗਲੇ ਪਿਛਲੇ ਸਭ ‘ਸੇਵਾਦਾਰ’ ਠਿੱਠ ਜਿਹੇ ਹੋਏ ਇਉਂ ਤੁਰੇ ਫਿਰਦੇ ਹੁੰਦੇ ਹਨ ਜਿਵੇਂ ਮੇਲੇ ‘ਚ ਬਿਨ ਕਸੂਰੋਂ ਈ ਕੋਈ ਪੁਲਸ ਵਾਲਾ ਜੂਤ-ਪਤਾਣ ਕਰ ਗਿਆ ਹੋਵੇ। ਮਾਂ-ਬੋਲੀ ਦੀ ‘ਸੇਵਾ’ ਲਈ ਖੁੱਲ੍ਹੀ ਨਵੀਂ ਦੁਕਾਨ ‘ਚ ਸੌਦਾ ਪੱਤਾ ਤਾਂ ਪੁਰਾਣੇ ‘ਸੇਵਾਦਾਰ’ ਵੀ ਸੇਵਾ ਵਜੋਂ ਵੇਚ ਜਾਂਦੇ ਹਨ ਪਰ ਜਦੋਂ ਇਹ ਗੱਲ ਯਾਦ ਆਉਂਦੀ ਐ ਕਿ ਮਲਾਈ ਤਾਂ ਦੋਵੇਂ ਜੋਟੀਦਾਰ ਖਾਣਗੇ … ਫੇਰ ਮੂੰਹ ਮਜੌਰਾਂ ਦੀ ਮਾਂ ਵਾਂਙੂੰ ਕਰ ਲੈਂਦੇ ਹਨ।

ਓਸੇ ਮੀਟਿੰਗ ਦੀ ਇੱਕ ਹੋਰ ਯਾਦ ਵੀ ਐ ਕਿ ਜਦੋਂ ਸਾਰੇ ‘ਵਿੱਦਵਾਨ’ ਆਪੋ ਆਪਣੇ ਵਿਚਾਰ ਪੇਸ਼ ਕਰ ਚੁੱਕੇ ਤਾਂ ਦਾਸ ਨੇ ਵੀ ਬੋਲਣ ਲਈ ਸਮਾਂ ਮੰਗਿਆ। ਮੈਂ ਜਿਹੜੇ ਦੋ ਕੁ ਸ਼ਬਦ ਆਖੇ, ਸ਼ਾਇਦ ਓਹ ਹੀ “ਸਾਹਿਤ ਸਵਾਹ” ਵਾਲਿਆਂ ਦੇ ਹਜ਼ਮ ਨਾ ਆਏ ਹੋਣ। ਮੈਂ ਕਿਹਾ ਕਿ ਸਾਲ ਬਾਅਦ ਤੁਸੀਂ ਇੱਕ ਦਿਨ ਕਵੀ ਦਰਬਾਰ ਕਰਦੇ ਹੋ ਪਰ ਓਸ ਦਿਨ ਜਿਆਦਾਤਰ ਕਵੀ ਬੀਅਰ ਜਾਂ ਸ਼ਰਾਬ ਨੂੰ ਦੇਖ ਕੇ ਇਉਂ ਲਾਚੜ ਜਾਂਦੇ ਹਨ ਜਿਵੇਂ ਖਿੱਲਾਂ ਦੇਖ ਕੇ ਬਾਂਦਰ ਲਾਚੜਦੈ। ਆਪਾਂ ਸਾਰੇ ਸਮਾਜ ਬਦਲਣ ਲਈ ਲਿਖਣ ਦਾ ਦਾਅਵਾ ਕਰਦੇ ਹਾਂ ਪਰ ਸਮਾਜ ਸਵਾਹ ਬਦਲਣੈ? ਇੱਕ ਦਿਨ ਲਈ ਜੀਭ ਦਾ ਸੁਆਦ ਤਾਂ ਬਦਲ ਨਹੀਂ ਸਕਦੇ? ਓਥੇ ਹਾਜ਼ਰ ਬੀਬੀਆਂ ਨੇ ਤਾਂ ਮੇਰੇ ਹੱਕ ‘ਚ ਵੋਟ ਪਾਈ ਪਰ ‘ਬੀਅਰ ਮਾਰਕਾ ਸਾਹਿਤਕਾਰ’ ਮੇਰੇ ਵੱਲ ਇਉਂ ਝਾਕੇ ਜਿਵੇਂ ਮੈਂ ਡਾਂਗ ਮਾਰ ਦਿੱਤੀ ਹੋਵੇ। ਸ਼ਾਇਦ ਉਹਨਾਂ ਨੂੰ ਸੋਫੀ ਕਵੀ ਦਰਬਾਰ ਦੀ ਥਾਂ “ਉਰਲ੍ਹ-ਉਰਲ੍ਹ ਕਵੀ ਦਰਬਾਰ” ਵਧੇਰੇ ਚੰਗਾ ਲਗਦਾ ਸੀ। ਉਸ ਸਮੇਂ ਤੋਂ ਲੈ ਕੇ ਹੁਣ ਤੱਕ ਆਪਾਂ ਨੂੰ ਓਸ ਸਭਾ ਵਾਲਿਆਂ ਨੇ ਸਮਾਗਮ ‘ਚ ਸੱਦਣਾ ਵੀ ਮੁਨਾਸਿਬ ਨਾ ਸਮਝਿਆ। ਹੁਣ ਜਦੋਂ ਓਸ ਸਭਾ ਤੋਂ ਪਾਸੇ ਹੋ ਕੇ ਮਲਾਈ ਛਕਣ ਦੇ ਚਾਹਵਾਨ ਜੋੜੇ ਨੇ ਆਪਣੀ ਵੱਖਰੀ ਦੁਕਾਨ ਖੋਲ੍ਹ ਲਈ ਤਾਂ ਸਾਹਿਤਕਾਰਾਂ ਦੇ ਮੇਲੇ ਦੇ ਨਾਂ ‘ਤੇ ਬੀਅਰਾਂ ਦਾ ਦੌਰ ਓਵੇਂ ਹੀ ਚੱਲਿਆ।  ਦੋ-ਦੋ ਕਵਿਤਾਵਾਂ ਸੁਣਾ ਕੇ ਕਵੀਜਨ ਆਥਣ ਨੂੰ ਬੀਅਰਾਂ ਵਿਸਕੀ ਨੂੰ ਇਉਂ ਲਪਕੇ ਜਿਵੇਂ ਮੱਝ ਸੁਆ ਕੇ ਆਏ ਹੋਣ। 16 ਸਾਲ ਪਹਿਲਾਂ ਵਾਲੀ ਮੀਟਿੰਗ ‘ਚ ਬੈਠੀਆਂ ਬੀਬੀਆਂ ਅੱਜ ਆਰਾਮ ਨਾਲ ਬੈਠੀਆਂ ਆਪਣੀਆਂ ਅੱਖਾਂ ਸਾਹਮਣੇ ਬੀਅਰ ਵਿਸਕੀ ਦੇ ਜਾਮ ਖੜਕਦੇ ਦੇਖ ਰਹੀਆਂ ਸਨ।

ਸੋ ਮਹਾਂਪੁਰਸ਼ੋ! ਇਸ ਲਿਖਤ ਦਾ ਤੱਤ ਸਾਰ ਇਹ ਐ ਕਿ ਅੱਜ ਕੱਲ੍ਹ ਮਾਂ-ਬੋਲੀ ਦੀ ਸੇਵਾ ਦੇ ਨਾਂ ‘ਤੇ ਜੁਗਾੜ ਸ਼ਬਦ ਵਧੇਰੇ ਵਧ ਫੁੱਲ ਰਿਹਾ ਹੈ। ਧਾਰਮਿਕ ਅਦਾਰਿਆਂ ਤੋਂ ਲੋਕਾਂ ਦਾ ਦਸਵੰਧ ਫੰਡ ਦੇ ਰੂਪ ‘ਚ ਲੈ ਕੇ ਜਦੋਂ ਲੇਖਕ ਭਾਈਚਾਰਾ ਮੁਫਤ ਦਾ ਲਾਹਣ ‘ਡੱਫ’ ਕੇ ਗੱਡੀਆਂ ‘ਚ ਉਲਟੀਆਂ ਕਰਦਾ ਦਿਸਦੈ ਤਾਂ ਇਹੀ ਸ਼ਬਦ ਮੂੰਹੋਂ ਨਿੱਕਲਦੇ ਹਨ ਕਿ “ਮਾਂ-ਬੋਲੀਏ! ਤੇਰਾ ਦ੍ਰੋਪਦੀ ਵਾਂਙ ਚੀਰਹਰਨ ਕਰਨ ਵਾਲੇ ਕੋਈ ਹੋਰ ਨਹੀਂ, ਸਗੋਂ ਤੇਰੇ ਆਵਦੇ ਸਕੇ ਪੁੱਤ ਹੀ ਹਨ। ਇਹ ਐਨੇ ਕੁ ਅੰਨ੍ਹੇ ਹੋ ਗਏ ਹਨ ਕਿ ਆਵਦੀ ਪ੍ਰਧਾਨਗੀ ਜਾਂ ਸਕੱਤਰੀ ਦੀ ਸਲਾਮਤੀ ਲਈ ਤੈਨੂੰ ਕਿਸੇ ਦਾ ਵੀ ਬਿਸਤਰਾ ਗਰਮ ਕਰਨ ਲਈ ਮਜਬੂਰ ਕਰ ਸਕਦੇ ਹਨ।”

Related posts

ਵਿਸ਼ਵ ਪੇਂਡੂ ਮਹਿਲਾ ਦਿਵਸ: ਪੇਂਡੂ ਔਰਤਾਂ ਸਮਾਜ ਦੀਆਂ ਆਰਕੀਟੈਕਟ ਹਨ

admin

Sydney Opera House Glows Gold for Diwali

admin

Study Finds Women More Likely to Outlive Retirement Savings !

admin