Culture Articles Travel

ਅਲੋਪ ਹੋ ਗਿਆ ‘ਟਾਂਗਾ’ ਕਿਸੇ ਸਮੇਂ ਸ਼ਾਹੀ-ਸਵਾਰੀ ਦਾ ਪ੍ਰਤੀਕ ਸੀ !

ਕਿਸੇ ਸਮੇਂ ਟਾਂਵੇ-ਟਾਂਵੇ ਮੇਨ ਅੱਡਿਆਂ ਤੋਂ ਟਾਂਗੇ ਚੱਲਦੇ ਹੁੰਦੇ ਸੀ।
ਲੇਖਕ: ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸਨ, ਸੇਵਾ-ਮੁਕਤ ਪੁਲਿਸ ਇੰਸਪੈਕਟਰ।

ਮੈਂ ਉਸ ਪੀੜ੍ਹੀ ਦੀ ਗੱਲ ਕਰ ਰਿਹਾ ਹਾਂ ਜਦੋਂ ਨਾ ਕੋਈ ਆਵਾਜਾਈ ਦਾ ਸਾਧਨ ਸੀ, ਨਾ ਢੋਆ ਢੁਆਈ ਦਾ ਅਤੇ ਨਾ ਹੀ ਕੋਈ ਮਨੋਰੰਜਨ ਦਾ ਸਾਧਨ ਹੁੰਦਾ ਸੀ। ਟਾਂਵੇ-ਟਾਂਵੇ ਮੇਨ ਅੱਡਿਆਂ ਤੋਂ ਟਾਂਗੇ ਚੱਲਦੇ ਸੀ। ਅਕਸਰ ਲੋਕ ਪੈਦਲ ਹੀ ਜਾਂਦੇ ਹੁੰਦੇ ਸੀ। ਮੱਸਿਆ ਦੀ ਮੱਸਿਆ ਲੋਕ ਟਾਂਗੇ ‘ਤੇ ਸ਼ਹਿਰ ਜਾਂਦੇ ਸੀ। ਸਾਈਕਲ ਕਿਸੇ ਤਿੜ੍ਹੇ ਬੰਦੇ ਕੋਲ ਹੁੰਦਾ ਸੀ। ਢੋਆ-ਢੁਆਈ ਲਈ ਗੱਡੇ ਹੁੰਦੇ ਸੀ ਜਿਸ ਰਾਂਹੀ ਜਿਨਸ ਵੇਚੀ ਜਾਂਦੀ ਸੀ। ਤੂੜੀ ਇਕੱਠੀ ਕਰ ਮੂਸਲ਼ਾਂ ਦੇ ਵਿੱਚ ਸਾਂਭੀ ਜਾਂਦੀ ਸੀ। ਮਨੋਰੰਜਨ ਲਈ ਲੋਕ ਸੰਪਰਕ ਵਿਭਾਗ ਡਾਕੂਮੈਂਟਰੀ ਫ਼ਿਲਮ ਦਿਖਾਉਂਦਾ ਸੀ ਜਾਂ ਗੁਰਚਰਨ ਸਿੰਘ ਭਾਅ ਜੀ ਦੇ ਨਾਟਕ ਦੇਖੇ ਜਾਂਦੇ ਸੀ। ਲੋਕ ਜਲਦੀ ਉਠਦੇ ਤੇ ਸੌਦੇ ਸਨ। ਬਿਜਲੀ ਅਜੇ ਆਈ ਨਹੀਂ ਸੀ, ਲਾਲਟੈਨ ਜਾਂ ਦੀਵੇ ਦੀ ਰੋਸ਼ਨੀ ਹੀ ਹੁੰਦੀ ਸੀ। ਪਹਿਲਾਂ ਰੇਡੀਉ ਆਇਆ ਤਾਂ ਲੋਕ ਕਹਿੰਦੇ ਸੀ ਇਸ ਵਿੱਚ ਬੰਦੇ ਬੋਲਣਗੇ, ਫਿਰ ਬਿਜਲੀ ਤੇ ਟੈਲੀਵੀਜ਼ਨ ਆਇਆ। ਲਾਲਟੈਂਨ ਨਾਲ ਪੜ੍ਹੇ ਬੱਚੇ ਆਈਪੀਐਸ, ਆਈੰਏਐਸ ਅਫਸਰ ਤੇ ਹੋਰ ਅਹੁਦਿਆਂ ‘ਤੇ ਪਹੁੰਚੇ ਹਨ।

ਮੈਂ ਇੱਥੇ ਗੱਲ ਟਾਂਗੇ ਦੀ ਕਰ ਰਿਹਾ ਹਾਂ। ਲੋਕ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਚਹਿਰੀ, ਡਾਕਖ਼ਾਨਾ, ਰੇਲਵੇ ਸਟੇਸ਼ਨ, ਦਫਤਰ, ਹਸਪਤਾਲ ਟਾਂਗਿਆਂ ‘ਤੇ ਹੀ ਜਾਂਦੇ ਸੀ। ਸਕੂਲ ਵਿੱਚ ਵੀ ਬੱਚਿਆਂ ਨੂੰ ਟਾਂਗੇ ‘ਤੇ ਜਾਣਾ ਪੈਂਦਾ ਸੀ। ਗਮੀ-ਖ਼ੁਸ਼ੀ ਵਿੱਚ ਵੀ ਆਮ ਤੌਰ ‘ਤੇ ਟਾਂਗਿਆਂ ਦੀ ਸਵਾਰੀ ਕੀਤੀ ਜਾਂਦੀ ਸੀ। ਬਰਾਤਾਂ ਵੀ ਟਾਂਗਿਆਂ ‘ਤੇ ਜਾਂਦੀਆਂ ਸਨ। ਸਾਡੇ ਵੇਰਕੇ ਤੋਂ ਅੰਮ੍ਰਿਤਸਰ ਰਾਮ ਬਾਗ਼ ਲਈ ਲੋਕ ਟਾਂਗੇ ‘ਤੇ ਹੀ ਜਾਂਦੇ ਸੀ। ਰਾਮ ਬਾਗ਼ ਵਿਖੇ ਟਾਂਗਾ ਸਟੈਂਡ ਸੀ। ਅੰਮ੍ਰਿਤਸਰ ਦੇ ਪੁਰਾਣੇ ਸ਼ਹਿਰਾਂ ਦੇ ਗੇਟ ਰਾਮਬਾਗ, ਮਹਾਂ ਸਿੰਘ ਗੇਟ, ਸ਼ੇਰਾਂ ਵਾਲਾ ਗੇਟ, ਸੁਲਤਾਨਵਿੰਡ ਗੇਟ, ਚਾਟੀਵਿੰਡ ਗੇਟ, ਜਿੱਥੇ ਵੀ ਟਾਂਗਾ ਸਟੈਂਡ ਸੀ ਉਥੋਂ ਸ਼ਹੀਦਾਂ ਦੇ ਗੁਰਦੁਆਰੇ ਜਾਂਦੇ ਸੀ। ਗਿਲਵਾਲੀ ਗੇਟ, ਭਗਤਾ ਵਾਲਾ ਚੌਕ, ਲਹੌਰੀ ਗੇਟ, ਖਜਾਨਾਂ ਗੇਟ, ਹਾਥੀ ਗੇਟ, ਹਾਲ ਗੇਟ ਤੋਂ ਟਾਂਗੇ ਚੱਲਦੇ ਹੁੰਦੇ ਸੀ। ਸਵਾਰੀਆਂ ਘੋੜੇ ਦੀ ਟਾਪ ‘ਤੇ ਮੰਤਰ-ਮੁਗਧ ਹੋ ਕੇ ਅਨੰਦ ਮਾਣਦੀਆਂ ਸਨ। ਕਿਰਾਇਆ-ਭਾੜਾ ਸਿਰਫ਼ ਨਾ-ਮਾਤਰ ਹੀ ਹੁੰਦਾ ਸੀ। ਮੈਨੂੰ ਯਾਦ ਹੈ ‘ਟਾਂਗੇ ਵਾਲਾ’ ਫ਼ਿਲਮ ਲੱਗੀ ਸੀ। ਮੈਂ ਤੇ ਮੇਰਾ ਦੋਸਤ ਸੁਲੱਖਣ ‘ਟਾਂਗੇ ਵਾਲਾ’ ਫ਼ਿਲਮ ਤੋਂ ਪ੍ਰਭਾਵਤ ਹੋਕੇ ਰਾਮ ਬਾਗ਼ ਨੰਦਨ ਸਿਨਮੇ ਤੋਂ ਫ਼ਿਲਮ ‘ਟਾਂਗੇ ਵਾਲਾ’ ਦੇਖ ਕੇ, ਰਾਮ ਬਾਗ਼ ਟਾਂਗਾ ਸਟੈਂਡ ਤੋਂ ਟਾਂਗੇ ਵਿੱਚ ਬੈਠਕੇ ਵੇਰਕੇ ਪਹੁੰਚੇ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਜਿਸ ਤਰ੍ਹਾਂ ਫ਼ਿਲਮ ਵਿੱਚ ਟਾਂਗੇ ਵਾਲੇ ਦੇ ਕਿਰਦਾਰ ਵਿੱਚ ਰਜਿੰਦਰ ਕੁਮਾਰ, ਜਿਸ ਦਾ ਨਾਂ ਫ਼ਿਲਮ ਵਿੱਚ ਰਾਜੂ ਸੀ, ਉਹ ਟਾਂਗਾ ਚਲਾ ਰਿਹਾ ਸੀ ਤੇ ਘੋੜੇ ਦੀ ਟੱਪ-ਟੱਪ ਦੀ ਆਵਾਜ਼ ਇਸ ਤਰ੍ਹਾਂ ਆ ਰਹੀ ਸੀ, ਜਿਵੇ ਉਹ ਗਾਣਾ ਗਾ ਰਿਹਾ ਹੋਵੇ।

ਟੱਪ ਟੁੱਪ ਟਿੱਪ ਕੀ ਤਾਲ ਪੇ ਮੇਰਾ ਘੋੜਾ ਚਾਲ ਦਿਖਾਵੇ,
ਲਿਪਟ ਲਿਪਟ ਕਰ ਟਾਂਗੇ ਕੇ ਸੰਗ ਰਾਹ ਗੁਜਰਤੀ ਜਾਏ।
ਮੰਦਰ ਕੋਈ ਜਾਤਾ ਹੈ, ਮਸਜਿਦ ਸੇ ਕੋਈ ਆਤਾ ਹੈ,
ਜੇ ਦਿਲ ਵਾਲਾ ਸੱਭ ਕੋ ਹੀ ਮੰਜਲ ਤੱਕ ਪੁਚਾਤਾ ਹੈ।

ਇਸ ਤਰ੍ਹਾਂ ਟਾਂਗੇ ‘ਤੇ ਫਿਲਮਾਂ ਵਿੱਚ ਕਈ ਗਾਣੇ ਫਿਲਮਾਏ ਗਏ ਹਨ, ਅਮਿਤਾਭ ਬਚਨ ਦੀ ਫਿਲਮ ‘ਮਰਦ ਟਾਂਗੇ ਵਾਲਾ’ ਹੋਵੇ ਜਾਂ ‘ਛੋਅਲੇ’ ਫਿਲਮ ਦੀ ਹੇਮਾਮਾਲਨੀ ‘ਬਸੰਤੀ’ ਜਿਸ ਨੇ ਟਾਂਗੇ ਵਾਲੀ ਦਾ ਰੋਲ ਖੂਬ ਨਿਭਾਇਆ ਸੀ। ਰਣਧੀਰ ਕਪੂਰ, ਬਬੀਤਾ ‘ਤੇ ਫਿਲਮਾਇਆ ਗਿਆ ਗੀਤ ਕਾਫੀ ਮਕਬੂਲ ਹੋਇਆ ਸੀ:

ਹੋ, ਹੋ, ਹੋ, ਹੋ, ਉਹ ਟਾਂਗੇ ਵਾਲੇ,
ਉਹ ਕੀ ਗੱਲ ਹੈ ਕੁੜੀਏ,
ਚੱਲ ਪਰੇਮ ਨਗਰ ਜਾਏਗਾ ਬਤਲਾਉ ਟਾਂਗੇ ਵਾਲੇ, ਕਿਉਂ ਪਰੇਮ ਨਗਰ ਜਾਏਗਾ,
ਮੇਰਾ ਟਾਂਗਾ ਨਹੀਂ ਹੈ, ਖਾਲੀ, ਉਹ ਝਾਂਜਰ ਵਾਲੀ, ਮਤਵਾਲੀ,
ਦਿੱਲ ਵਾਲੀ, ਭੋਲੀ ਭਾਲੀ, ਕਿਸੀ ਔਰ ਕੋ ਕੋਲ ਬਠਾ ਲੇ।

ਮੈਂ ਆਪਣੇ ਵਿਆਹ ‘ਤੇ ਮੁਕਲਾਵਾ ਲੈਣ ਤਾਂ ਸਹੁਰੇ ਅੰਬੈਸਡਰ ਗੱਡੀ ‘ਤੇ ਗਿਆ ਸੀ ਪਰ ਕਿਸy ਕਾਰਣ ਵਾਪਸੀ ‘ਤੇ ਅੰਬੈਸਡਰ ਕਾਰ ਨਾ ਆਉਣ ਕਾਰਣ ਮੇਰੇ ਸੋਹਰੇ ਪਿੰਡ ਦੇ ਮਾਧੋ ਦੇ ਟਾਂਗੇ ‘ਤੇ ਮੁਕਲਾਵਾ ਲੈ ਕੇ ਪਿੰਡ ਪਹੁੰਚਿਆ ਸੀ। ਘੋੜਾ ਮਾਲਕ ਦਾ ਵਫਾਦਾਰ ਜਾਨਵਰ ਸੀ। ਮਾਲਕ ਵੀ ਆਪਣੇ ਘੋੜੇ ਦੀ ਟਹਿਲ ਸੇਵਾ ਕਰਦਾ। ਉਸ ਨੂੰ ਖਾਣ ਲਈ ਚਾਰਾ ਦਿੰਦਾ ਸੀ। ਘੋੜੇ ਦੀ ਵਫ਼ਾਦਾਰੀ ਦਾ ਪਤਾ ਤੁਸੀਂ ਇੱਕ ਅੰਗਰੇਜ ਫ਼ਿਲਾਸਫ਼ਰ ਦੀ ਕਹਾਣੀ ਤੋਂ ਲਗਾ ਸਕਦੇ ਹੋ।

ਘੋੜੇ ਦੇ ਮਾਲਕ ਦਾ ਪੁੱਤ ਬੀਮਾਰ ਹੋ ਜਾਂਦਾ ਹੈ ਤੇ ਉਹ ਆਪਣਾ ਦੁੱਖ ਸਵਾਰੀਆਂ ਨਾਲ ਵੰਡਦਾ ਹੈ। ਕੋਈ ਉਸ ਦੀ ਗੱਲ ਨਹੀਂ ਸੁਣਦਾ ਆਪਣੀ ਮੰਜ਼ਲ ‘ਤੇ ਹਰ ਸਵਾਰੀ ਉਤਰ ਜਾਂਦੀ ਸੀ। ਫਿਰ ਉਸ ਦਾ ਪੁੱਤਰ ਮਰ ਜਾਂਦਾ ਹੈ। ਪਰ ਫਿਰ ਵੀ ਕੋਈ ਉਸ ਦੀ ਗੱਲ ਨਹੀਂ ਸੁਣਦਾ। ਫਿਰ ਉਹ ਪੁੱਤਰ ਦੇ ਬੀਮਾਰ ਹੋਣ ਤੋਂ ਲੈਕੇ ਉਸ ਦੀ ਮੌਤ ਤੱਕ ਦੀ ਸਾਰੀ ਕਹਾਣੀ ਆਪਣੇ ਘੋੜੇ ਨੂੰ ਬਿਆਨ ਕਰਦਾ ਹੈ। ਘੋੜਾ ਸਾਰੀ ਗੱਲ ਬੜੇ ਪ੍ਰੇਮ ਨਾਲ ਸੁਣ ਕੇ ਅੱਖਾਂ ਵਿੱਚੋਂ ਅੱਥਰੂ ਕੇਰਦਾ ਹੈ।

‘ਕੋਈ ਇੱਕ ਸਵਾਰ’ ਕਹਾਣੀ ਮੈਂ ਸਕੂਲ ਪੜ੍ਹਦਿਆਂ ਪੜ੍ਹੀ ਸੀ। ਇੱਕ ਟਾਂਗੇ ਵਾਲਾ ਸਵਾਰੀਆਂ ਨੂੰ ਅਵਾਜ ਦਿੰਦਾ ਹੈ, ਕੋਈ ਇੱਕ ਸਵਾਰ ਭਾਈ ਖੰਨੇ ਨੂੰ, ਸਵਾਰੀਆਂ ਨਾਲ ਟਾਂਗਾ ਭਰ ਜਾਂਦਾ ਹੈ। ਪਰ ਉਸ ਦੀ ਲਾਲਸਾ ਨਹੀਂ ਮੁੱਕਦੀ ਅਤੇ ਫਿਰ ਇੱਕ ਸਵਾਰ ਦੀ ਅਵਾਜ਼ ਦਿੰਦਾ ਹੈ। ਫਿਰ ਕੀ ਹੁੰਦਾ ਹੈ, ਬੱਸ ਆਉਂਦੀ ਹੈ ਤੇ ਸਾਰੀਆਂ ਸਵਾਰੀਆਂ ਬੱਸ ਵਿੱਚ ਚੜ੍ਹ ਜਾਂਦੀਆਂ ਹਨ।

ਹੁਣ ਮਸ਼ੀਨੀ ਵਾਹਨਾਂ ਦੇ ਯੁੱਗ ਨੇ ਟਾਂਗਿਆਂ ਨੂੰ ਗੁਆਚਣ ਲਈ ਮਜਬੂਰ ਕਰ ਦਿੱਤਾ ਹੈ। ਲੋਕਾਂ ਦਾ ਮੇਨ ਰੋਟੀ ਰੋਜ਼ੀ ਦਾ ਧੰਦਾ ਸੀ। ਟਾਂਗਾ ਅਲੋਪ ਹੋ ਗਿਆ ਹੈ ਤੇ ਹੁਣ ਨਾ ਕਿਤੇ ਸ਼ਹਿਰ ਤੇ ਪਿੰਡ ਵਿੱਚ ਨਜ਼ਰ ਆਉਦਾ ਹੈ। ਇਹ ਟਾਂਗੇ ਵਾਲੇ ਜਾਂ ਤਾਂ ਮਜ਼ਦੂਰ ਬਣ ਗਏ ਹਨ ਜਾਂ ਜੁਗਾੜੀ ਘੁੜੱਕੇ ਤੇ ਥਰੀਵੀਲ੍ਹਰ ਚਲਾ ਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੇ ਹਨ। ਟਾਂਗੇ ਹੁਣ ਤੁਹਾਨੂੰ ਨਮੂਨੇ ਵਾਸਤੇ ਅਜਾਇਬ ਘਰਾਂ ਵਿੱਚ ਮਿਲ ਸਕਦੇ ਹਨ। ਜੋ ਸਰਦਾਰੀ ਟਾਂਗੇ ਦੀ ਸਵਾਰੀ ਦੀ ਸੀ, ਹੁਣ ਦੇ ਪਰਦੂਸ਼ਣ ਵਾਲੀ ਨਵੀਂ ਮਸ਼ੀਨਰੀ ਵਹੀਕਲ ਦੀ ਨਹੀਨ ਹੈ। ਜੀਅ ਕਰਦਾ ਹੈ ਇਹ ਦਿਨ ਫਿਰ ਆ ਜਾਣ ਜੋ ਅਲੋਪ ਹੋ ਗਏ ਹਨ।

Related posts

ਖੇਡ-ਸੰਸਥਾ ਵਲੋਂ ਖੋ-ਖੋ ਨੂੰ 16 ਹੋਰ ਪ੍ਰਮੁੱਖ ਖੇਡਾਂ ਦੇ ਬਰਾਬਰ ਮਾਨਤਾ ਮਿਲੀ !

admin

ਹਰਿਆਣਾ ਵਿੱਚ ਅਧਿਆਪਕਾਂ ਦੀ ਤਬਾਦਲਾ ਨੀਤੀ ਸਰਕਾਰ ਦੇ ਏਜੰਡੇ ‘ਤੇ ਸਭ ਤੋਂ ਹੇਠਾਂ ਕਿਉਂ !

admin

ਭਾਰਤੀ ਰਾਜਨੇਤਾਵਾਂ ਦੇ ਬੱਚੇ ਸਰਕਾਰੀ ਸਕੂਲਾਂ ਵਿੱਚ ਕਿਉਂ ਨਹੀਂ ਪੜ੍ਹਦੇ ?

admin