Articles India

ਕੀ ਕਾਂਗਰਸ ਦੂਜਾ ਅਜ਼ਾਦੀ ਅੰਦੋਲਨ ਲੜੇਗੀ?

ਕਾਂਗਰਸ ਜਨਰਲ ਸਕੱਤਰ ਤੇ ਪਾਰਟੀ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ, ਆਪਣੀ ਮਾਂ ਤੇ ਕਾਂਗਰਸ ਸੰਸਦੀ ਦਲ ਦੀ ਚੇਅਰਪਰਸਨ ਸੋਨੀਆ ਗਾਂਧੀ ਤੇ ਆਪਣੇ ਭਰਾ ਅਤੇ ਲੋਕ ਸਭਾ ਐਲਓਪੀ ਰਾਹੁਲ ਗਾਂਧੀ ਨਾਲ। (ਫੋਟੋ: ਏ ਐਨ ਆਈ)
ਲੇਖਕ: ਗੁਰਮੀਤ ਸਿੰਘ ਪਲਾਹੀ

ਰਾਸ਼ਟਰੀ ਪੱਧਰ ‘ਤੇ ਸਿਰਫ਼ ਕਾਂਗਰਸ ਪਾਰਟੀ ਹੀ ਹੈ, ਜਿਹੜੀ ਮੌਜੂਦਾ ਭਾਰਤੀ ਜਨਤਾ ਪਾਰਟੀ ਨੂੰ ਚੁਣੌਤੀ ਦੇ ਸਕਦੀ ਹੈ। ਪਰ ਕਾਂਗਰਸ ਨੂੰ ਸਮਝ ਹੀ ਨਹੀਂ ਆ ਰਿਹਾ, ਕਾਫ਼ੀ ਲੰਮੇ ਸਮੇਂ ਤੋਂ, ਕਿ ਉਸ ਦੀ ਦੇਸ਼ ਭਰ ‘ਚ ਭਾਜਪਾ ਦੀ ਪਿੱਠ ਲਾਉਣ ਲਈ ਰਣਨੀਤੀ ਕੀ ਹੋਵੇ?

ਉਧਰ ਭਾਜਪਾ, ਲਗਾਤਾਰ ਕਾਂਗਰਸ ਅਤੇ ਉਸਦੇ ਨੇਤਾਵਾਂ ਨੂੰ ਠਿੱਠ ਕਰਨ ਲਈ ਯਤਨਸ਼ੀਲ ਹੈ। ਉਸਦੇ ਨਵੇਂ, ਪੁਰਾਣੇ ਨੇਤਾਵਾਂ ਦਾ ਅਕਸ ਵਿਗਾੜਨ ਲਈ ਉਹ ਹਰ ਹੀਲਾ ਵਰਤ ਰਹੀ ਹੈ। ਨਰੇਂਦਰ ਮੋਦੀ ਨੇ ਨਹਿਰੂ-ਗਾਂਧੀ ਪਰਿਵਾਰਾਂ ਤੋਂ ਉਹਨਾ ਦੀ ਜ਼ਾਇਦਾਦ ਖੋਹ ਕੇ ਉਹਨਾ ਨੂੰ ਇੰਨੀ ਤਕਲੀਫ਼ ਦਿੱਤੀ ਹੈ ਕਿ ਹੁਣ ਉਸ ਪਰਿਵਾਰ ਤੋਂ ਇਹ ਸਹਿ ਹੀ ਨਹੀਂ ਹੋ ਰਿਹਾ।

ਅਜ਼ਾਦੀ ਦੇ 75 ਵਰ੍ਹਿਆਂ ‘ਚ  ਨਹਿਰੂ-ਗਾਂਧੀ ਪਰਿਵਾਰ ਦਾ ਕੋਈ ਨਾ ਕੋਈ ਪਰਿਵਾਰਕ ਮੈਂਬਰ ਪ੍ਰਧਾਨ ਮੰਤਰੀ ਰਿਹਾ ਹੈ ਜਾਂ ਇਹ ਪਰਿਵਾਰ ਦੇਸ਼ ਦਾ ਪ੍ਰਧਾਨ ਮੰਤਰੀ ਨੀਅਤ ਕਰਨ ਲਈ ਜ਼ੁੰਮੇਵਾਰ ਰਿਹਾ ਹੈ। ਸਾਲ 1947 ਤੋਂ 1964 ਤੱਕ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ  ਸਨ। ਫਿਰ ਲਾਲ ਬਹਾਦਰ ਸ਼ਾਸਤਰੀ ਆਏ। ਇੰਦਰਾ ਗਾਂਧੀ 1967 ਤੋਂ 1977 ਤੱਕ ਪ੍ਰਧਾਨ ਮੰਤਰੀ ਬਣੇ।

1980 ‘ਚ ਇੰਦਰਾ ਗਾਂਧੀ ਫਿਰ ਪ੍ਰਧਾਨ ਮੰਤਰੀ ਵਜੋਂ ਪਰਤੇ। ਸਾਲ 1984 ‘ਚ ਉਹਨਾ ਦੀ ਹੱਤਿਆ ਕਰ ਦਿੱਤੀ ਗਈ। ਵਾਂਗਡੋਰ ਫਿਰ ਰਜੀਵ ਗਾਂਧੀ ਹੱਥ ਆਈ। ਉਹਨਾ ਦੀ ਹੱਤਿਆ 1992 ‘ਚ ਹੋਈ। ਸੋਨੀਆ ਗਾਂਧੀ ਤਾਕਤਵਰ ਨੇਤਾ ਵਜੋਂ ਉਭਰੀ। ਉਹਨਾ ਆਪ ਪ੍ਰਧਾਨ ਮੰਤਰੀ ਨਾ ਬਣਕੇ ਮੌਕਾ ਨਰਸਿਮਹਾਰਾਓ ਅਤੇ ਮਨਮੋਹਨ ਸਿੰਘ ਨੂੰ ਦਿੱਤਾ। ਫਿਰ ਕਾਂਗਰਸ ਹਾਰੀ ਤੇ ਤਾਕਤ ਨਰੇਂਦਰ ਮੋਦੀ ਹੱਥ ਆਈ, ਜਿਸਨੇ ‘ਕਾਂਗਰਸ ਮੁਕਤ ਭਾਰਤ’ ਬਨਾਉਣ ਦਾ ਟੀਚਾ ਮਿਥਿਆ। ਪਿਛਲੇ ਗਿਆਰਾਂ ਵਰ੍ਹੇ ਦੇਸ਼ ਲਈ “ਕਾਂਗਰਸੀ ਨੇਤਾਵਾਂ” ਅਨੁਸਾਰ “ਲੋਕਤੰਤਰ ਦੀ ਹੱਤਿਆ” ਦੇ ਵਰ੍ਹੇ ਹਨ।

ਕਾਂਗਰਸੀ ਨੇਤਾ, ਰਾਹੁਲ ਗਾਂਧੀ ਜੋ ਲੋਕ ਸਭਾ ‘ਚ ਆਪੋਜ਼ੀਸ਼ਨ ਨੇਤਾ ਹਨ, ਕਹਿ ਰਹੇ ਹਨ ਕਿ ਉਹਨਾ ਨੂੰ ਪਾਰਲੀਮੈਂਟ ‘ਚ  ਬੋਲਣ ਨਹੀਂ ਦਿੱਤਾ ਜਾ ਰਿਹਾ। ਉਹ ਇਹ ਵੀ ਕਹਿੰਦੇ ਹਨ ਕਿ ਪ੍ਰਧਾਨ ਮੰਤਰੀ ਕਮਜ਼ੋਰ ਪ੍ਰਧਾਨ ਮੰਤਰੀ ਹਨ। ਉਹ ਦੇਸ਼ ਦੇ ਹਿੱਤਾਂ ਦੀ ਰਾਖੀ ਲਈ ਕੁਝ ਨਹੀਂ ਕਰ ਸਕੇ।

 ਜਦੋਂ ਵੀ ਦੇਸ਼ ਦੇ ਪਾਰਲੀਮੈਂਟ ਸ਼ੈਸ਼ਨ ਸ਼ੁਰੂ ਹੁੰਦੇ ਹਨ। ਆਪੋਜ਼ੀਸ਼ਨ ਵਲੋਂ ਖ਼ਾਸ ਕਰਕੇ  ਕਾਂਗਰਸ ਵਲੋਂ ਸਦਨ ਦਾ ਬਾਈਕਾਟ ਕਰ ਦਿੱਤਾ ਜਾਂਦਾ ਹੈ। ਭਾਜਪਾ ਦੀ ਸਰਕਾਰ, ਜਿਹੜੀ ਪਹਿਲਾਂ ਹੀ ਨਤੀਸ਼ ਤੇ ਨਾਇਡੂ ਦੀਆਂ ਫਾਹੁੜੀਆਂ ‘ਤੇ ਖੜੀ ਹੈ, ਉਹ ਮਨਮਾਨੀਆਂ ਵਾਲੇ ਬਿੱਲ ਪਾਸ ਕਰਵਾਉਂਦੀ ਹੈ, ਦੇਸ਼ ਉਤੇ ਸ਼ਾਨੋ-ਸ਼ੌਕਤ ਨਾਲ ਰਾਜ ਕਰੀ ਜਾਂਦੀ ਹੈ ਅਤੇ ਆਪੋਜ਼ੀਸ਼ਨ ਨਾ ਸੰਸਦ ਦੇ ਅੰਦਰ ਅਤੇ ਨਾ ਹੀ ਬਾਹਰ ਆਪਣੀ ਗੱਲ ਦੇਸ਼ ਵਾਸੀਆਂ ਤੱਕ ਪਹੁੰਚਾਉਂਦੀ ਹੈ।

ਦੇਸ਼ ਦੇ ਲੋਕਾਂ ਦੇ ਵੱਡੇ ਮੁੱਦੇ ਹਨ। ਕਾਂਗਰਸ ਇਹਨਾ ਮੁੱਦਿਆਂ ਨੂੰ ਸੰਸਦ ਵਿੱਚ ਜੇਕਰ ਉਠਾਉਣ ‘ਚ ਕਾਮਯਾਬ ਨਹੀਂ ਹੋ ਰਹੀ, ਜਿਵੇਂ ਕਿ ਉਹ ਕਹਿੰਦੀ ਹੈ, ਤਾਂ ਫਿਰ ਉਹ ਆਮ ਜਨਤਾ ਕੋਲ ਉਹਨਾ ਮੁੱਦਿਆਂ ਨੂੰ ਲੈ ਕੇ ਕਿਉਂ ਨਹੀਂ ਜਾਂਦੀ? ਲੋਕ ਸਵਾਲ ਪੁੱਛਦੇ ਹਨ।

ਅੱਜ ਦੇਸ਼ ਦੇ ਲੋਕ “ਐਮਰਜੈਂਸੀ ਦੇ ਦਿਨਾਂ ਵਰਗੇ ਹਾਲਾਤ ਦੇਸ਼ ‘ਚ ਵੇਖ ਰਹੇ ਹਨ, ਜਿਥੇ ਲੋਕਾਂ ਨੂੰ ਬੋਲਣ ਦੀ ਅਜ਼ਾਦੀ ਨਹੀਂ, ਉਹ ਅਣ-ਐਲਾਨੀ ਐਮਰਜੈਂਸੀ ‘ਚੋਂ ਲੰਘ ਰਹੇ ਹਨ। ਭੁੱਖਣ-ਭਾਣੇ, ਬੇਰੁਜ਼ਗਾਰ,  ਛੱਤਾਂ ਤੋਂ ਵਿਹੂਣੇ, ਭੈੜੇ ਹਾਲਾਤ ਉਹਨਾ ਨੂੰ ਉਪਰਾਮ ਕਰ ਰਹੇ ਹਨ ਅਤੇ ਕਾਂਗਰਸ ਜਿਹੜੀ ਭਲੀ-ਭਾਂਤ ਇਸ ਸਥਿਤੀ ਤੋਂ ਵਾਕਿਫ਼ ਹੈ, ਲੋਕਾਂ ਨੂੰ ਲਾਮਬੰਦ ਕਿਉਂ ਨਹੀਂ ਕਰਦੀ? ਕਿਉਂ ਉਹਨਾ ਹਾਲਾਤਾਂ ‘ਚ ਚੁੱਪ ਕਰਕੇ ਜਾਂ ਸਿਰਫ਼ ਬਿਆਨ ਦੇ ਕੇ ਬੈਠ ਜਾਂਦੀ ਹੈ, ਜਦੋਂ ਕਿ ਉਸ ਨੂੰ ਲੋਕਾਂ ਦੇ ਭੈੜੇ ਹਾਲਾਤ ਨਿਵਰਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।

ਕੀ ਅੱਜ ਹਾਲਾਤ ਉਸ ਤੋਂ ਵੱਖਰੇ ਹਨ, ਜਦੋਂ ਦੇਸ਼ ਭਰ  ਦੇ ਨੇਤਾ ਜੈ ਪ੍ਰਕਾਸ਼ ਨਰਾਇਣ, ਬਾਬੂ ਜਗਜੀਵਨ ਰਾਮ, ਸਮਾਜਵਾਦੀ ਨੇਤਾ ਜਾਰਜ ਫਰਨਾਂਡੈਸ ਲੋਕਾਂ ਨੂੰ ਲਾਮਬੰਦ ਕਰਨ ਲਈ ਦੇਸ਼ ਦੇ ਕੋਨੇ-ਕੋਨੇ ਪਹੁੰਚੇ ਸਨ ਅਤੇ ਉਹਨਾ ਇੰਦਰਾ ਗਾਂਧੀ ਦਾ “ਸਥਿਰ ਪ੍ਰਸ਼ਾਸ਼ਨ” ਹਿਲਾ ਮਾਰਿਆ ਸੀ ਤੇ ਲੋਕਾਂ ਨੂੰ ਕੁਝ ਰਾਹਤ ਦਿੱਤੀ ਸੀ। ਗੱਲ ਵੱਖਰੀ ਹੈ ਕਿ ਉਹ ਆਪਣੀਆਂ ਅਸਪਸ਼ਟ-ਸਪਸ਼ਟ ਨੀਤੀਆਂ ਕਾਰਨ ਅੱਗੇ ਨਹੀਂ ਵੱਧ ਸਕੇ।

ਕੁਝ ਸਮਾਂ ਪਹਿਲਾਂ ਕਾਂਗਰਸ ਦਾ ਨੌਜਵਾਨ ਨੇਤਾ ‘ਰਾਹੁਲ’ ਉੱਤਰ ਤੋਂ ਦੱਖਣ, ਪੂਰਬ ਤੋਂ ਪੱਛਮ ਜਨ-ਯਾਤਰਾ ‘ਤੇ ਨਿਕਲਿਆ। ਉਸਨੇ ਜਾਗਰੂਕਤਾ ਲਹਿਰ ਚਲਾਉਣ ਲਈ ਹੰਭਲਾ ਮਾਰਿਆ। ਇਹ ਹੰਭਲਾ ਲੋਕ ਸਭਾ  ਚੋਣਾਂ ਤੋਂ ਪਹਿਲਾਂ ਦਾ ਸੀ। ਇੰਡੀਆ ਗੱਠਜੋੜ ਦੀ ਸਥਾਪਨਾ ਹੋਈ। ਵਿਰੋਧੀ ਧਿਰਾਂ ਨੇ ਇਕਜੁੱਟਤਾ ਵਿਖਾਉਣ ਦਾ ਯਤਨ ਕੀਤਾ। ਕੁਝ ਕਾਮਯਾਬੀ ਵੀ ਮਿਲੀ ਪਰ ਲੋਕ ਹਿੱਤਾਂ ਨਾਲੋਂ ਸਿਆਸੀ ਧਿਰਾਂ ਦੇ ਸਵਾਰਥੀ ਹਿੱਤ ਭਾਰੂ ਹੋ ਗਏ। “ਇੰਡੀਆ ਗੱਠਜੋੜ” ਕੁਝ ਪ੍ਰਾਪਤ ਨਾ ਕਰ ਸਕਿਆ ‘ਤੇ ਕਾਂਗਰਸ ਵੀ ਮਸਾਂ ਥੋੜਾ ਬਹੁਤਾ ਆਪਣਾ ਅਕਸ ਸੁਧਾਰ ਸਕੀ। ਇੰਜ ਜਿਸ ਗੱਲ ਦੀ ਆਸ ਸੀ ਕਿ ਭਾਜਪਾ ਲਈ ਕਾਂਗਰਸ ਵੱਡੀ ਚੁਣੌਤੀ ਬਣੇਗੀ, ਉਹ “ਸਿਆਸੀ ਦੂਰਦਰਸ਼ਤਾ ਅਤੇ ਆਪਸੀ ਅੰਦਰਲੀ ਕਾਟੋ ਕਲੇਸ਼” ਕਾਰਨ ਵੱਡੀਆਂ ਪ੍ਰਾਪਤੀਆਂ ਨਾ ਕਰ ਸਕੀ। ਕਾਰਨ ਕੀ ਇਹੋ ਹੀ ਹੈ ਗਾਂਧੀ-ਨਹਿਰੂ ਪਰਿਵਾਰ ਕਾਂਗਰਸ ਨੂੰ ਅਪਾਣੇ ਹਿੱਤਾਂ ਤੋਂ ਅੱਗੇ ਨਹੀਂ ਵਧਣ ਦੇ ਰਿਹਾ ਜਾਂ ਕਾਰਨ ਕੁਝ ਹੋਰ ਵੀ ਨੇ?

ਮਹਾਰਾਸ਼ਟਰ ‘ਚ ਕਾਂਗਰਸ ਦੀ ਹਾਰ ਕੀ ਕਹਿੰਦੀ ਹੈ? ਹਰਿਆਣਾ ‘ਚ ਜਿੱਤ ਕਿਨਾਰੇ ਪਹੁੰਚੀ ਕਾਂਗਰਸ ਹਾਰ ਕਿਉਂ ਗਈ? ਪੰਜਾਬ ‘ਚ ਕਾਂਗਰਸ ਸਾਰਥਿਕ ਵਿਰੋਧੀ ਧਿਰ ਦਾ ਰੋਲ ਅਦਾ ਕਰਨ ‘ਚ  ਕਾਮਯਾਬ ਕਿਉਂ ਨਹੀਂ ਹੋ ਰਹੀ। ਸਾਫ਼ ਸਪਸ਼ਟ ਜਵਾਬ ਕਾਂਗਰਸ ‘ਚ ਫੈਲੀ ਅਨੁਸਾਸ਼ਨਹੀਣਤਾ, ਧੜੇਬਾਜੀ ਅਤ ਸਮੇਂ-ਸਿਰ ਹਾਈਕਮਾਂਡ ਵੱਲੋਂ ਫ਼ੈਸਲੇ ਨਾ ਲੈਣ ‘ਚ ਨਾਕਾਮੀ ਹੈ।

ਦੇਸ਼ ‘ਚ ਕਿੱਡੀਆਂ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਹਨ। ਧਰਮ ਜਾਤ ਦੇ ਨਾਂਅ ਤੇ ਧਰੁਵੀਕਰਨ ਹੋ ਰਿਹਾ ਹੈ। ਕਾਂਗਰਸ ਚੁੱਪ ਹੈ। ਦੇਸ਼ ‘ਚ ਨਿੱਜੀਕਰਨ ਹੋ ਰਿਹਾ ਹੈ, ਕਾਂਗਰਸ ਚੁੱਪ ਹੈ। ਦੇਸ਼ ਦੇ ਕੁਦਰਤੀ ਸਾਧਨ ਵੱਡਿਆਂ ਨੂੰ ਸੌਂਪੇ ਜਾ ਰਹੇ ਹਨ, ਕਾਂਗਰਸ ਸੁਸਤ ਤੇ ਚੁੱਪ ਹੈ। ਦੇਸ਼, ਵਿਸ਼ਵ ਪੱਧਰ ‘ਤੇ ਆਪਣੀ ਸਾਖ਼ ਗੁਆ ਰਿਹਾ ਹੈ, ਕਾਂਗਰਸ ਦੀ ਚੁੱਪੀ ਰੜਕਦੀ ਹੈ। ਦੇਸ਼ ‘ਚ ਸੂਬਿਆਂ ਦੇ ਅਧਿਕਾਰ ਖੋਹੇ ਜਾ ਰਹੇ, ਸੰਵਿਧਾਨ ਨੂੰ ਬਦਲਣ ਜਾਂ ਨਵਾਂ ਸੰਵਿਧਾਨ ਬਨਾਉਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਹਨ ਤਾਂ ਕਾਂਗਰਸ ਵੱਡੀ ਹਰਕਤ ‘ਚ ਕਿਉਂ  ਨਹੀਂ ਹੈ? ਕੀ ਸਿਰਫ਼ ਸਦਨ ਦੇ ਬਾਹਰ “ਲੋਕਤੰਤਰ ਦੀ ਹੱਤਿਆ” ਦੇ ਝੰਡੇ ਲਾਕੇ ਪ੍ਰਦਰਸ਼ਨ ਕਰਨ ਨਾਲ  ‘ਮੋਦੀ ਸ਼ਾਸ਼ਨ” ਦਾ ਖੂਨੀ ਪੰਜਾ ਬੰਦ ਹੋ ਜਾਏਗਾ?

ਬਿਹਾਰ ਵਿੱਚ ਵੋਟਰਾਂ ਦੇ ਸ਼ੁੱਧੀਕਰਨ ਨਾਲ ਜੋ ਖਿਲਵਾੜ ਹੋ ਰਿਹਾ ਹੈ, ਕੀ ਕਾਂਗਰਸ ਉਸਨੂੰ ਚੋਣ ਕਮਿਸ਼ਨ ਅੱਗੇ ਰੋਕਣ ‘ਚ ਕਾਮਯਾਬ ਹੋਈ ਹੈ ਜਾਂ ਹੋ ਸਕੇਗੀ? ਭਾਜਪਾ ਚੋਣ ਕਮਿਸ਼ਨ ਰਾਹੀਂ ਆਪਣੇ ਵਿਰੋਧੀਆਂ ਦੀਆਂ ਵੋਟਾਂ  ਚੁਣ-ਚੁਣ ਕੇ ਬਿਹਾਰ ‘ਚੋਂ ਕੱਟਵਾ ਰਹੀ ਹੈ, ਤੇ ਕਾਂਗਰਸੀ ਇਸਨੂੰ “ਲੋਕਤੰਤਰ ਦੀ ਹੱਤਿਆ” ਦਾ ਨਾਅ ਦੇ ਕੇ “ਵਿਸ਼ਰਾਮ” ‘ਚ ਹਨ।

ਜਿਸ ਢੰਗ ਨਾਲ ਦੇਸ਼ ਉਤੇ ਰਾਜ ਕਰ ਰਹੀ ਦੁਕੜੀ ਆਪਣੇ ਵਿਰੋਧੀਆਂ ਨੂੰ ਇਕੋ ਝਟਕੇ ‘ਚ ਹਲਾਲ ਕਰਨਾ ਜਾਣਦੀ ਹੈ, ਉਸਦੀ ਉਦਾਹਰਨ ਦੇਸ਼ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ  ਦਾ ਕੁਝ ਘੰਟਿਆਂ ‘ਚ ਲਿਆ ਜਾਣ ਵਾਲਾ ਅਸਤੀਫ਼ਾ ਹੈ। ਬਿਨ੍ਹਾਂ ਝਿਜਕ, ਬਿਨ੍ਹਾਂ ਕਿਰਕ ਧਨਖੜ ਅਹੁਦੇ ਤੋਂ ਲਾਹ ਦਿੱਤੇ ਗਏ। ਕੀ ਕਾਂਗਰਸ “ਭਾਜਪਾ” ਤੋਂ ਕਿਸੇ ਰਿਐਤ ਦੀ ਉਮੀਦ ‘ਤੇ ਬੈਠੀ ਹੈ? ਕੀ ਗਾਂਧੀ ਪਰਿਵਾਰ ਇਸੇ ਗੱਲ ‘ਤੇ ਖੁਸ਼ ਹੈ ਕਿ ਕਾਂਗਰਸੀ ਸਰਵੋ-ਸਰਵਾ ਸੋਨੀਆ ਗਾਂਧੀ ਆਪ ਤੇ ਉਸਦੇ ਪੁੱਤ,ਧੀ, ਪਾਰਲੀਮੈਂਟ ਦੇ ਮੈਂਬਰ ਹਨ। ਕੀ ਅੱਗੇ ਉਹਨਾ ਨੂੰ ਕੋਈ ਝਾਕ ਨਹੀਂ ਹੈ?

ਸਵਾਲ ਤਾਂ ਹੁਣ ਇਹ ਉੱਠਦਾ ਹੈ ਕਿ ਉਹਨਾ ਹਾਲਾਤਾਂ ਵਿੱਚ ਜਦੋਂ ਹਾਕਮ ਦੇਸ਼ ਦੇ ਸੰਵਿਧਾਨ ‘ਚੋਂ ਧਰਮ ਨਿਰਪੱਖ ਅਤੇ ਸਮਾਜਵਾਦੀ ਸ਼ਬਦ ਨੂੰ ਆਰ.ਐੱਸ.ਐੱਸ. ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖ਼ਤਮ ਕਰਨ ‘ਤੇ ਤੁਲਿਆ ਹੈ, ਤਾਂ ਕੀ ਕਾਂਗਰਸ ਦੇਸ਼ ਦੇ ਲੋਕਾਂ ਲਈ ਦੂਜਾ ਅਜ਼ਾਦੀ ਅੰਦੋਲਨ ਲੜਨ ਲਈ ਅੱਗੇ ਆਏਗੀ? ਕੀ ਉਹ ਇਸਦੇ ਸਮਰੱਥ ਰਹਿ ਗਈ ਹੈ?

ਸਵਾਲ ਤਾਂ ਹੁਣ ਇਹ ਉੱਠਦਾ ਹੈ ਕਿ ਹਾਕਮ ਜਮਾਤਾ ਵੱਲੋਂ ਜਦੋਂ ਦੇਸ਼ ਨੂੰ ਨਿੱਜੀਕਰਨ ਵੱਲ ਤੋਰਿਆ ਜਾ ਰਿਹਾ ਹੈ, ਸਾਰੇ ਕੁਦਰਤੀ ਸਾਧਨ ਧੰਨ ਕੁਬੇਰਾਂ ਹੱਥ ਫੜਾਏ ਜਾ ਰਹੇ ਹਨ, ਦੇਸ਼ ਦੀ ਵਿਦੇਸ਼ ਨੀਤੀ “ਜੰਗਬਾਜਾਂ” ਦੇ ਹੱਥ ਹੈ, ਸੁਰੱਖਿਆ ਦੇ ਨਾਅ ‘ਤੇ ਜੰਗੀ  ਬਜ਼ਟ ਵਧਾਇਆ ਜਾ ਰਿਹਾ ਹੈ ਅਤੇ ਗਰੀਬ ਪੱਖੀ ਸਕੀਮਾਂ ਤੋੜੀਆਂ-ਮਰੋੜੀਆਂ ਜਾ ਰਹੀਆਂ ਹਨ, ਤਾਂ ਕੀ ਕਾਂਗਰਸ ਇਹਨਾ ਨੀਤੀਆਂ ਵਿਰੁੱਧ ਲਾਮਬੰਦੀ ਕਰੇਗੀ? ਕੀ ਉਹ ਇਸਦੇ ਸਮਰੱਥ ਹੈ?

ਸਵਾਲ ਤਾਂ ਇਹ ਹੈ ਕਿ ਬੇਰੋਕ-ਟੋਕ ਕਾਰਪੋਰੇਟ ਰਾਜ ਅਤੇ ਆਰ.ਐੱਸ.ਐੱਸ. ਦਾ ਹਿੰਦੂ ਰਾਸ਼ਟਰ ਸੁਪਨਾ ਕੀ ਕਾਂਗਰਸ ਪੂਰਾ ਹੋਣ ਤੋਂ ਰੋਕਣ ਲਈ ਦੇਸ਼ ਦੇ  ਮੂਲ ਨਿਵਾਸੀਆਂ, ਦਹਿਸ਼ਤ ਦੇ ਕਾਲੇ ਸਾਏ ‘ਚ ਜੀਊਂਦੇ ਲੋਕਾਂ ਅਤੇ ਕਿਸਾਨਾਂ, ਮਜ਼ਦੂਰਾਂ ਦੇ ਹੱਕ ‘ਚ ਖੜੋਏਗੀ ਅਤੇ ਕੀ ਕਾਂਗਰਸ ਤਿੰਨ  ਫੌਜਦਾਰੀ  ਕਾਨੂੰਨਾਂ, ਚਾਰ ਕਿਰਤ ਕੋਡ, ਯੂ.ਏ.ਪੀ.ਏ., ਅਫਸਪਾ,ਪਬਲਿਕ ਸਕਿਊਰਿਟੀ ਐਕਟ ਅਤੇ ਅਜਿਹੇ ਹੋਰ ਕਾਲੇ ਕਾਨੂੰਨ ਪ੍ਰਤੀ ਲੋਕ ਉਭਾਰ ਪੈਦਾ ਕਰੇਗੀ? ਕੀ ਕਾਂਗਰਸ ਦਾ ਨੇਤਾ, ਕੀ ਕਾਂਗਰਸ ਦਾ ਕਾਡਰ, ਗੋਦੀ ਮੀਡੀਆਂ ਦੇ ਕੂੜ-ਪ੍ਰਚਾਰ ਦਾ ਭਾਂਡਾ ਭੰਨਕੇ ਲੋਕ ਕਚਿਹਰੀ ‘ਚ ਅਸਲ ਤੱਥ ਲਿਆਉਣ ਦੇ ਸਮਰੱਥ ਬਣ ਸਕੇਗੀ?

ਲੋਕਾਂ ਦੀ ਛੋਟੀ ਜਿਹੀ ਉਮੀਦ-ਆਸ ਕਾਂਗਰਸ ਪਾਰਟੀ ਤੋਂ ਹੈ। ਉਸ ਕੋਲ ਦੇਸ਼ ਦੀਆਂ ਦੂਜੀਆਂ ਜ਼ਮਹੂਰੀ ਧਿਰਾਂ ਨਾਲ ਰਲਕੇ ਨਿਰਸਵਾਰਥ ਹੋ ਕੇ ਲੜਨ ਬਿਨ੍ਹਾਂ ਇਹ ਤਹਿ ਕੀਤਿਆਂ ਕਿ ਉਸਨੇ ਪ੍ਰਧਾਨ ਮੰਤਰੀ ਦੀ ਕੁਰਸੀ ਹੀ ਹਥਿਆਉਣੀ ਹੈ, ਇਹ ਮੌਕਾ ਹੈ, ਦੇਸ਼ ਨੂੰ ਡਿਕਟੇਟਰਾਨਾ ਹਾਕਮਾਂ ਤੋਂ ਬਚਾਉਣ ਦਾ।

ਸਿਆਸੀ ਧਿਰ ਕਾਂਗਰਸ,  ਜਿਸਨੇ ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ , ਦੇਸ਼ ਦੇ ਲੋਕਾਂ ‘ਚ ਅਜ਼ਾਦੀ ਦੀ ਅਲਖ ਜਗਾਉਣ ਦਾ ਵੱਡਾ ਕੰਮ ਕੀਤਾ ਸੀ, ਕੀ ਉਹ ਮੁੜ ਆਪਣੀ ਜ਼ੁੰਮੇਵਾਰੀ ਨਿਭਾਏਗੀ? ਕਿਉਂਕਿ ਮੌਜੂਦਾ ਹਾਕਮ ਦੇਸ਼ ਨੂੰ ਕਾਂਗਰਸ ਮੁਕਤ ਤਾਂ ਵੇਖਣਾ ਹੀ ਚਾਹੁੰਦੀ ਹੈ ਪਰ ਨਾਲ-ਨਾਲ ਉਹ ਉਹਨਾ ਆਜ਼ਾਦੀ ਸੰਗਰਾਮੀਆਂ ਦੇ ਸੰਘਰਸ਼ ਅਤੇ ਉਹਨਾ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਦਫ਼ਨ ਕਰਕੇ ਨਵੀਂ ਪੀੜ੍ਹੀ ‘ਚ, ਪੁਸਤਕਾਂ ਰਾਹੀਂ, ਮੀਡੀਏ ਰਾਹੀਂ, ਉਹਨਾ ਅਕ੍ਰਿਤਘਣ ਲੋਕਾਂ ਨੂੰ ਅੱਗੇ ਕਰਕੇ “ਦੇਸ਼ ਭਗਤ” ਗਰਦਾਨਣ ਦੇ ਰਾਹ ਹੈ, ਜਿਹੜੇ ਸਮੇਂ-ਸਮੇਂ ਦੇਸ਼ ਦੇ ਗੱਦਾਰਾਂ ਦੀ ਲਿਸਟ ‘ਚ ਸ਼ਾਮਲ ਰਹੇ ਹਨ।

ਕਾਂਗਰਸ ਦੀ ਲੀਡਰਸ਼ਿਪ ਲਈ ਇਹ ਸਮਝਣ ਦਾ ਸਮਾਂ ਹੈ ਕਿ ਕੀ ਪਰਿਵਾਰ ਪ੍ਰਸਤੀ ਨਾਲੋਂ “ਦੇਸ਼ ਪ੍ਰਸਤੀ, ਜ਼ਰੂਰੀ ਹੈ।

Related posts

ਮਾਲੇਗਾਓਂ ਬੰਬ ਧਮਾਕੇ ਦੇ ਸਾਰੇ 7 ਮੁਲਜ਼ਮ 17 ਸਾਲਾਂ ਬਾਅਦ ਬਰੀ !

admin

ਖੇਡ-ਸੰਸਥਾ ਵਲੋਂ ਖੋ-ਖੋ ਨੂੰ 16 ਹੋਰ ਪ੍ਰਮੁੱਖ ਖੇਡਾਂ ਦੇ ਬਰਾਬਰ ਮਾਨਤਾ ਮਿਲੀ !

admin

ਹਰਿਆਣਾ ਵਿੱਚ ਅਧਿਆਪਕਾਂ ਦੀ ਤਬਾਦਲਾ ਨੀਤੀ ਸਰਕਾਰ ਦੇ ਏਜੰਡੇ ‘ਤੇ ਸਭ ਤੋਂ ਹੇਠਾਂ ਕਿਉਂ !

admin