Articles

ਆਪਣਿਆਂ ਦੇ ਗਿੱਟੇ ਭੰਨਾ, ਚੁੰਮਾਂ ਪੈਰ ਪਰਾਇਆਂ ਦੇ !

ਦੋਸਤੀ ਸ਼ਬਦ ਦੋ+ਸਤ ਤੋਂ ਬਣਿਆ ਹੈ ਤੇ ਦੋਸਤੀ ਇਹ ਇੱਕ ਪਾਸੜ ਹੈ ਤਾਂ ਦੇਰ-ਸਵੇਰ ਇਹ ਦੋਸਤੀ ਖ਼ਤਮ ਹੋਣੀ ਤੈਅ ਹੈ।
ਲੇਖਕ: ਕੰਵਲ ਹਿਰਦੇਪਾਲ ਕੌਰ, ਛੀਨਾ

ਕਿਸੇ ਨੂੰ ਮਿਲਣ ਦੀ ਸ਼ਿੱਦਤ, ਤਹਿ ਦਿਲੋਂ ਉਡੀਕ, ਚਾਹੇ ਕਿਸੇ ਦੋਸਤ ਲਈ ਹੋਵੇ ਜਾਂ ਰਿਸ਼ਤੇਦਾਰ ਲਈ ਉਸ ਵਕਤ ਅਧੂਰੀ ਹੈ, ਜਦੋਂ ਇਹ ਇੱਕਤਰਫ਼ਾ ਹੋਵੇ। ਜਿਵੇਂ ਕਹਿੰਦੇ ਹਨ ਕਿ ਦੋਸਤੀ ਸ਼ਬਦ ਦੋ+ਸਤ ਤੋਂ ਬਣਿਆ ਹੈ ਤੇ ਦੋਸਤੀ ਇਹ ਇੱਕ ਪਾਸੜ ਹੈ ਤਾਂ ਦੇਰ-ਸਵੇਰ ਇਹ ਦੋਸਤੀ ਖ਼ਤਮ ਹੋਣੀ ਤੈਅ ਹੈ। ਪਰ ਮੇਰੇ ਅਨੁਸਾਰ ਇਹ ਧਾਰਨਾ ਕੇਵਲ ਦੋਸਤੀ ਉੱਤੇ ਹੀ ਨਹੀਂ ਬਲਕਿ ਰਿਸ਼ਤੇਦਾਰੀ ਉੱਤੇ ਵੀ ਲਾਗੂ ਹੁੰਦੀ ਹੈ। ਹਾਂ, ਇਹ ਜ਼ਰੂਰ ਹੈ ਕਿ ਸ਼ਾਇਦ ਦੋਸਤੀ ਵਿੱਚ ਅਸੀਂ ਕਿਸੇ ਨੂੰ ਜਵਾਬਦੇਹ ਨਹੀਂ ਹੁੰਦੇ। ਇਸੇ ਲਈ ਜੇਕਰ ਇਸ ਨੂੰ ਕਾਇਮ ਰੱਖਣ ਲਈ ਜੇ ਇੱਕ ਪਾਸੜ ਕੋਸ਼ਿਸ਼ ਹੈ ਤਾਂ ਉਹ ਵੀ ਹੌਲ਼ੀ-ਸਹਿਜੇ ਖ਼ਤਮ ਹੋ ਜਾਵੇਗੀ ਤੇ ਦੋਸਤੀ ਤੇ ਫ਼ੁੱਲ-ਸਟਾਪ ਲੱਗ ਜਾਵੇਗਾ। ਪਰ ਰਿਸ਼ਤੇਦਾਰੀ ਵਿੱਚ ਜੇ ਪਿਆਰ/ਅਪਣੱਤ ਦਾ ਨਿੱਘ ਦੋ-ਤਰਫ਼ਾ ਨਹੀਂ ਹੋਵੇਗਾ ਤਾਂ ਮੂੰਹ-ਮੁਹਾਲਾਜ਼ਾ ਰੱਖਣ ਦੀ ਖ਼ਾਤਰ ਵਿਖਾਵੇ ਦਾ ਮੇਲ-ਮਿਲਾਪ ਤਾਂ ਹੋਵੇਗਾ, ਪਰ ਮਿਲਣ ਦੀ ਤਾਂਘ ਜਾਂ ਤੜਪ ਗਾਇਬ ਰਹੇਗੀ

ਵੈਸੇ ਵੀ ਸਾਇੰਸ ਦੀ ਤਰੱਕੀ ਨੇ ਕਈ ਸਹੂਲਤਾਂ ਕਾਰਣ ਮਨੁੱਖ ਨੂੰ ਸਵੈ-ਕੇਂਦਰਿਤ ਕਰ ਦੇਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਅੱਜ ਮਨੁੱਖ ਆਪਣੀ ਇਕੱਲਤਾ ਨੂੰ ਦੂਰ ਕਰਨ ਲਈ ਕਿਸੇ ਰਿਸ਼ਤੇਦਾਰ ਨੂੰ ਮਿਲਣ ਦੀ ਬਜਾਏ, ਟੀ.ਵੀ. ਜਾਂ ਮੋਬਾਇਲ ‘ਤੇ ਆਪਣੀ ਮਨਪਸੰਦ ਸੀਰੀਜ਼ ਜਾਂ ਸੰਗੀਤ ਵੇਖਣਾ/ਸੁਣਨਾ ਵਧੇਰੇ ਪਸੰਦ ਕਰਨ ਲੱਗ ਪਿਆ ਹੈ। ਸਮੇਂ ਨੇ ਅਜਿਹੀ ਕਰਵੱਟ ਬਦਲੀ ਹੈ ਕਿ ਅੱਜ ਅਸੀਂ ਆਪਣੇ ਸਕੇ-ਸੰਬੰਧੀਆਂ ਤੋਂ ਮੂੰਹ ਮੋੜ ਕੇ ਹੋਰਨਾਂ ਜਾਂ ਓਪਰਿਆਂ ਤੇ ਵਧੇਰੇ ਯਕੀਨ ਕਰਨ ਲੱਗ ਪਏ ਹਾਂ। ਆਪਣੇ ਘਰ ਦੀਆਂ ਅਹਿਮ ਗੱਲਾਂ ਨੂੰ ਆਪਣਿਆਂ ਤੋਂ ਲੁਕਾ ਕੇ ਰੱਖਣਾ ਤੇ ਬਿਗਾਨਿਆਂ ਨਾਲ ਸਲਾਹਾਂ ਕਰਨੀਆਂ ਅੱਜ ਸਾਡੀ ਫ਼ਿਤਰਤ ਬਣ ਚੁੱਕੀ ਹੈ। ਅਸੀਂ ਇਸ ਸਮੇਂ ਅਜਿਹੇ ਕਲਯੁੱਗ ਦੇ ਵਾਸੀ ਹਾਂ ਕਿ ਖ਼ੁਸ਼ੀ ਨੂੰ ਵੀ ਅਸੀਂ ਆਪਣਿਆਂ ਤੋਂ ਲੁਕਾ ਕੇ ਰੱਖਾਂਗੇ ਤੇ ਸਤ-ਬਿਗਾਨਿਆਂ ਨਾਲ ਓਹੀ ਖ਼ੁਸ਼ੀਆਂ, ਬੜੀ ਖ਼ੁਸ਼ੀ ਨਾਲ ਸਾਂਝੀਆਂ ਕਰਦੇ ਹਾਂ।

ਆਪਣਿਆਂ ਉੱਤੇ ਬੇਭਰੋਸਗੀ ਕਾਰਣ ਹੀ ਅਸੀਂ ਬਹੁਤ ਵਾਰ ਓਪਰਿਆਂ ਦੀਆਂ ਫ਼ਜ਼ੂਲ ਗੱਲਾਂ ਉੱਤੇ ਯਕੀਨ ਕਰਕੇ ਆਪਣਿਆਂ ਦਾ ਦਿਲ ਦੁਖਾਉਣੋਂ ਪਿੱਛੇ ਨਹੀਂ ਹੱਟਦੇ। ਸਗੋਂ ਪੂਰੀ ਵਾਹ ਲਗਾ ਕੇ ਆਪਣਿਆਂ ਦੇ ਜ਼ਖ਼ਮਾਂ ਨੂੰ ਕੁਰੇਦਦੇ ਹਾਂ। ਜੋ ਮਨੁੱਖ ਅਜਿਹੇ ਕਰਨ ਦਾ ਭਾਗੀਦਾਰ ਬਣਦਾ ਹੈ ਇਹ ਜ਼ਰੂਰੀ ਨਹੀਂ ਕਿ ਉਸਦੀ ਇਸ ਪਿੱਛੇ ਕੋਈ ਮਨਸ਼ਾ ਹੋਵੇ, ਸਗੋਂ ਬਹੁਤੀ ਵਾਰ ਤਾਂ ਲੋਕ ਦੂਜਿਆਂ ਦੀ ਚੁੱਕਣਾ ਵਿੱਚ ਆ ਕੇ ਅਜਿਹਾ ਕੰਮ ਕਰ ਬੈਠਦੇ ਹਨ। ਨਤੀਜਾ ਕੀ ਹੁੰਦਾ ਹੈ ਕਿ ਉਹ ਜ਼ਖ਼ਮਾਂ ਨੂੰ ਕੁਰੇਦ ਕੇ ਸਭ ਦੀ ਨਜ਼ਰ ਵਿੱਚ ਵਿਲੇਨ ਬਣ ਜਾਂਦਾ ਹੈ ਤੇ ਅਸਲੀ ਦੋਸ਼ੀ ਸਭ ਦੀ ਨਜ਼ਰ ਵਿੱਚੋਂ ਬਚ ਨਿਕਲਦਾ ਹੈ।

ਰਿਸ਼ਤਿਆਂ ਦੀ ਖੂਬਸੂਰਤੀ ਨੂੰ ਬਣਾਈ ਰੱਖਣ ਲਈ ਸਾਨੂੰ ਆਪਸ ਵਿੱਚ ਗੱਲਾਂ ਦੇ ਪਰਦੇ ਰੱਖਣੇ ਖ਼ਤਮ ਕਰਨੇ ਚਾਹੀਦੇ ਹਨ। ਕਿਉਂਕਿ ਜਦੋਂ ਅਸੀਂ ਕੁੱਝ ਰਿਸ਼ਤਿਆਂ ਕੋਲੋਂ ਪਰਦਾ ਰੱਖ ਕੇ ਕੋਈ ਕੰਮ ਕਰਦੇ ਹਾਂ ਤਾਂ ਆਪਸੀ ਦੂਰੀ ਵਧਣੀ ਸੁਭਾਵਿਕ ਹੈ। ਅਤੇ ਰਿਸ਼ਤਿਆਂ ਦੀਆਂ ਕਮਜ਼ੋਰ ਤੰਦਾਂ ਨੂੰ ਮਜ਼ਬੂਤ ਕਰਨ ਖ਼ਾਤਰ ਸਾਨੂੰ ਕੁੱਝ ਗੱਲਾਂ ‘ਤੇ ਪਰਦਾ ਪਾਉਣ ਦੀ ਜਾਂਚ ਹੋਣੀ ਵੀ ਬਹੁਤ ਜ਼ਰੂਰੀ ਹੈ। ਤਾਂ ਹੀ ਉਲਝੀ ਤਾਣੀ ਸੁਲਝਾਈ ਜਾ ਸਕਦੀ ਹੈ। ਹੁਣ ਇੱਥੇ ਪਰਦਾ ਰੱਖਣਾ ਤੇ ਪਰਦਾ ਪਾਉਣਾ ਦੇ ਅਰਥਾਂ ਨੂੰ ਸਮਝਣਾ ਜ਼ਰੂਰੀ ਹੈ, ਇਹਨਾਂ ਨੂੰ ਰਲਗੱਡ ਨਹੀਂ ਕਰਨਾ।

ਸਾਨੂੰ ਆਪਣਿਆਂ ਅਤੇ ਗੈਰਾਂ ਦੀ ਪਛਾਣ ਵਿੱਚ ਉਲਝ ਕੇ ਆਪਣਿਆਂ ਨੂੰ ਛੱਡਣ ਦੀ ਸਲਾਹ ਵੀ ਗੈਰਾਂ ਤੋਂ ਲੈਣ ਦੀ ਭੁੱਲ ਨਹੀਂ ਕਰਨੀ ਚਾਹੀਦੀ। ਇਸ ਪ੍ਰਕਾਰ ਕੁੱਝ ਕੁ ਦੋ-ਪਾਸੀ ਯਤਨਾਂ ਨਾਲ ਹੀ ਰਿਸ਼ਤਿਆਂ ਦੀ ਉਲਝੀ ਤਾਣੀ ਨੂੰ ਸੁਲਝਾਇਆ ਜਾ ਸਕਦਾ ਹੈ। ਨਹੀਂ ਤਾਂ ਪੱਕੀਆਂ ਪੈ ਚੁੱਕੀਆਂ ਪੀਢਾਂ ਨੂੰ ਖੋਲ੍ਹਣਾ ਮੁਸ਼ਕਲ ਹੋ ਜਾਂਦਾ ਹੈ। ਜੇਕਰ ਸਮਝਦਾਰੀ ਨਾਲ ਇਹ ਤਾਣੀ ਨਾ ਸੁਲਝਾਈ ਜਾਵੇ ਤਾਂ ਇਸ ਦਾ ਹਿੱਸਿਆਂ ਵਿੱਚ ਟੁੱਟ ਕੇ ਵੱਖ ਹੋਣਾ ਤੈਅ ਹੈ। ਪਰ ਇਸ ਉਲਝੀ ਤਾਣੀ ਨੂੰ ਸੁਲਝਾਉਣ ਦਾ ਯਤਨ ਵੀ ਦੋ-ਤਰਫ਼ੀ ਹੋਣਾ ਬੇਹੱਦ ਜ਼ਰੂਰੀ ਹੈ। ਤੇ ਹਾਂ, ਇੱਕ ਗੱਲ ਹੋਰ ਕਿ ਇੱਕ-ਤਰਫ਼ਾ ਯਤਨ ਕਰਨ ਦੀ ਬਜਾਏ ਅਜਿਹੇ ਮਰ ਚੁੱਕੇ ਰਿਸ਼ਤਿਆਂ ਨੂੰ ‘ਗੁੱਡ-ਬਾਏ’ ਕਹਿ ਕੇ ਅੱਗੇ ਵੱਧ ਜਾਣਾ ਚਾਹੀਦਾ ਹੈ।

Related posts

ਪੰਜਾਬ ਸਰਕਾਰ ਦੀ ਜਾਇਜ਼ ਸਿਫਤ !

admin

ਕੁੜੀ ਤੋਂ ਕਦੇ ਵੀ ਸਹੁਰਿਆਂ ਦੇ ਪਿੰਡ ਨੂੰ ਆਪਣਾ ਕਿਉਂ ਨਹੀਂ ਕਿਹਾ ਜਾਂਦਾ?

admin

ਸਾਉਣ ਮਹੀਨਾ ਦਿਨ ਤੀਆਂ ਦੇ, ਪਿੱਪਲੀ ਪੀਂਘਾਂ ਪਾਈਆਂ !

admin