Articles Women's World

ਕੁੜੀ ਤੋਂ ਕਦੇ ਵੀ ਸਹੁਰਿਆਂ ਦੇ ਪਿੰਡ ਨੂੰ ਆਪਣਾ ਕਿਉਂ ਨਹੀਂ ਕਿਹਾ ਜਾਂਦਾ?

ਵਿਆਹੀ ਕੁੜੀ ਕਦੇ ਵੀ ਸਹੁਰਿਆਂ ਦੇ ਪਿੰਡ ਨੂੰ ਆਪਣਾ ਨਹੀਂ ਕਹਿੰਦੀ।
ਲੇਖਿਕਾ:: ਬਲਜੀਤ ਕੋਰ ਗਿੱਲ, ਮੈਲਬੌਰਨ ਆਸਟ੍ਰੇਲੀਆ।

ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ ਕਿ ਜਦੋਂ ਵੀ ਅਸੀਂ ਕਿਸੇ ਵਿਆਹੀ ਕੁੜੀ ਨੂੰ ਪੁੱਛਦੇ ਹਾਂ ਕਿ, ਤੁਹਾਡਾ ਪਿੰਡ ਸ਼ਹਿਰ ਕਿਹੜਾ ਏ? ਤਾਂ ਉਹ ਹਮੇਸ਼ਾ ਪੁੱਛੇਗੀ ਕੁ ਮੇਰਾ ਪਿੰਡ ਜਾਂ ਮੇਰੇ ਸਹੁਰਿਆਂ ਦਾ ਪਿੰਡ? ਉਹ ਕਦੇ ਵੀ ਸਹੁਰਿਆਂ ਦੇ ਪਿੰਡ ਨੂੰ ਆਪਣਾ ਨਹੀਂ ਕਹਿੰਦੀ। ਆਪਣੇ ਪੇਕੇ ਪਿੰਡ ਦਾ ਨਾਂ ਦੱਸ ਕੇ ਉਸਨੂੰ ਖੁਸ਼ੀ ਮਿਲਦੀ ਏ ਅਜਿਹਾ ਕਿਉਂ ਹੁੰਦਾ ਏ? ਕਿਉਂਕਿ ਉਸਨੂੰ ਜੋ ਪਿਆਰ ਸਤਿਕਾਰ ਮਾਂ ਪਿਉ ਦੇ ਘਰੋਂ ਮਿਲਿਆ ਹੁੰਦਾ ਏ ਉਹ ਕਦੇ ਸਹੁਰੇ ਘਰ ਨਹੀਂ ਮਿਲਦਾ। ਉੱਥੇ ਵੀ ਅਕਸਰ ਉਸਨੂੰ ਬੇਗਾਨੀ ਧੀ ਦਾ ਖ਼ਿਤਾਬ ਦਿੱਤਾ ਜਾਂਦਾ ਏ, ਸ਼ਾਇਦ ਤਾਂ ਹੀ ਉਹ ਭਾਵੇਂ ਵਿਆਹ ਤੋ ਬਾਅਦ ਬਾਕੀ ਦਾ ਸਾਰਾ ਸਮਾਂ ਆਪਣੇ ਸਹੁਰੇ ਘਰ ਕੱਢਦੀ ਏ ਪਰ ਉਸਦੇ ਦਿਲ ਦੇ ਕਿਸੇ ਕੋਨੇ ਵਿੱਚ ਆਪਣੇ ਘਰ ਦੀਆਂ ਯਾਦਾਂ ਸਦਾ ਉਸਦੇ ਨਾਲ ਰਹਿੰਦੀਆਂ ਹਨ। ਉਸਨੂੰ ਉਸਦੇ ਹਿੱਸੇ ਆਇਆ ਪਿਆਰ ਸਤਿਕਾਰ ਉਮਰਾਂ ਤੱਕ ਯਾਦ ਰਹਿੰਦਾ ਹੈ। ਉਹ ਕਦੇ ਨਹੀ ਭੁੱਲਦੀਂ ਪੇਕਿਆਂ ਦੇ ਘਰ ਵਾਲੀ ਰੌਣਕ। ਚਾਹੇ ਉਸ ਵਿੱਚ ਉਸਨੇ ਕਿੰਨੀਆਂ ਹੀ ਭੁੱਖਾਂ-ਭੀੜਾਂ ਕਿਉਂ ਨਾ ਕੱਟੀਆਂ ਹੋਣ, ਗਰੀਬੀ ਦੇਖੀ ਹੋਵੇ, ਘੱਟ ਖਾਧਾ ਹੋਵੇ, ਮਾੜਾ ਪਾਇਆ ਹੰਢਾਇਆ ਹੋਵੇ। ਪਰ ਉਸ ਘਰ ਨਾਲ ਜੁੜਿਆ ਉਸਦਾ ਮੋਹ ਉਸਦੇ ਜਿਉਂਦੇ ਜੀਅ ਤੱਕ ਜਿਉਂਦਾ ਰਹਿੰਦਾ ਹੈ। ਜਦਕਿ ਇਸਦੇ ਉਲਟ ਸਹੁਰੇ ਘਰ ਵਿੱਚ ਉਸ ਕੋਲ ਵੱਧ ਸਹੂਲਤਾਂ ਦਾ ਹੋਣਾ, ਚੰਗਾ ਖਾਣਾ-ਪੀਣਾ, ਵਧੀਆ ਲੀੜਾ-ਲੱਤਾ ਪਾਉਣਾ, ਵੱਡਾ ਘਰ, ਮਹਿੰਗੀਆਂ ਗੱਡੀਆਂ ਹੁੰਦਿਆਂ ਹੋਇਆਂ ਵੀ ਉਹ ਆਪਣੇ-ਆਪਨੂੰ ਅਸਹਿਜ ਮਹਿਸੂਸ ਕਰਦੀ ਰਹਿੰਦੀ ਹੈ। ਅਜਿਹਾ ਕਿਉਂ ਹੁੰਦਾਂ ਏ ਸ਼ਾਇਦ ਅਸੀਂ ਕਹਾਂਗੇ ਕਿ ਅਜਿਹਾ ਨਹੀਂ ਹੋਣਾ ਚਾਹੀਦਾ।

ਸਭ ਕੁੱਝ ਤਾਂ ਹੈ ਕੋਲ, ਸਗੋਂ ਪੇਕੇ ਘਰ ਨਾਲੋਂ ਤਾਂ ਕਿਤੇ ਵਧੀਆ। ਜੇ ਸਹੁਰੇ ਮਿਲ ਜਾਣ ਤਾਂ ਹੋਰ ਕੀ ਚਾਹੀਦਾ। ਚਾਹੀਦੀ ਹੁੰਦੀ ਤਾਂ ਮਾਨਸਿਕ ਸ਼ਾਂਤੀ ਹੈ ਜੋ ਕਿ ਇੱਕ ਔਰਤ ਨੂੰ ਕਦੇ ਨਹੀਂ ਮਿਲਦੀ। ਚਾਹੀਦਾ ਹੁੰਦਾ ਉਸਦੇ ਹਿੱਸੇ ਆਉਂਦਾ ਪਿਆਰ, ਸਤਿਕਾਰ, ਉਸਨੂੰ ਸਮਝਣ ਵਾਲਾ ਪਰਿਵਾਰ, ਪਰਖਣ ਵਾਲਾ ਨਹੀ। ਇਹ ਨਿੱਕੀਆਂ-ਨਿੱਕੀਆਂ ਗੱਲਾਂ ਬਹੁਤ ਵੱਡਾ ਜਾਦੂ ਕਰਦੀਆਂ ਨੇ ਰਿਸ਼ਤਿਆਂ ਨੂੰ ਹੰਢਣਸਾਰ ਬਣਾੳਣ ਵਿੱਚ। ਇਹੀ ਵਿੱਥ ਹੁੰਦੀ ਹੈ ਜੋ ਸਾਰੀ ਉਮਰ ਨਹੀਂ ਪੂਰੀ ਹੁੰਦੀ। ਕਿਉਂਕਿ ਪੇਕੇ ਦੇ ਘਰ ਭਾਵੇਂ ਲੱਖ ਪਾਬੰਦੀਆਂ ਹੋਣ ਉੱਥੇ ਤਾਅਨੇ-ਮਿਹਣੇ ਨਹੀ ਹੁੰਦੇ, ਅੰਦਰੋ-ਅੰਦਰੀ ਹੋਣ ਵਾਲੀ ਘੁੱਟਣ ਨਹੀਂ ਹੁੰਦੀ, ਜੋ ਵੀ ਗੁੱਸਾ-ਗਿਲਾ ਹੁੰਦਾ ਸਾਹਮਣੇ ਹੁੰਦਾ। ਉੱਥੇ ਕੁੜੀ ਨਾਲ ਦਿਲੋਂ ਰੋਸੇ ਨਹੀਂ ਕੀਤੇ ਜਾਂਦੇ ਤੇ ਇੱਥੇ ਦਿਲੋਂ ਕਦੇ ਕੋਈ ਗੱਲਾਂ ਨਹੀਂ ਭੁਲਾਉਂਦੇ। ਸੋ ਇਹੀ ਫ਼ਰਕ ਹੁੰਦਾ ਏ ਜਿਸਦੇ ਕਰਕੇ ਕੁੜੀ ਵਿਆਹ ਤੋਂ ਬਾਅਦ ਸਾਰੀ ਉਮਰ ਆਪਣਾ ਪੇਕੇ ਪਿੰਡ ਨੂੰ ਹੀ ਆਪਣਾ ਆਖਦੀ ਹੈ। ਸਹੁਰੇ ਉਸਦੇ ਲਈ ਸਦਾ ਸਹੁਰੇ ਹੀ ਰਹਿੰਦੇ ਹਨ। ਉਹ ਸਹੁਰਿਆਂ ਦੇ ਪਿੰਡ ਨੂੰ ਆਪਣਾ ਪਿੰਡ ਨਹੀਂ ਕਹਿੰਦੀ, ਭਾਵੇਂ ਕਿ ਉਸਦਾ ਅਸਲੀ ਘਰ ਸਹੁਰਾ ਘਰ ਹੁੰਦਾ ਹੈ। ਪਰ ਪਤਾ ਨਹੀਂ ਕਿਉਂ ਜਦੋਂ ਵੀ ਕੋਈ ਪਿੰਡ ਬਾਰੇ ਪੁੱਛਦਾ ਹੈ ਤਾਂ ਆਪਣੇ ਪਿੰਡ ਦਾ ਨਾਂ ਹੀ ਜ਼ੁਬਾਨ ਉੱਤੇ ਭੱਜ ਕੇ ਆ ਜਾਂਦਾ ਹੈ।

Related posts

ਆਪਣਿਆਂ ਦੇ ਗਿੱਟੇ ਭੰਨਾ, ਚੁੰਮਾਂ ਪੈਰ ਪਰਾਇਆਂ ਦੇ !

admin

ਪੰਜਾਬ ਸਰਕਾਰ ਦੀ ਜਾਇਜ਼ ਸਿਫਤ !

admin

ਸਾਉਣ ਮਹੀਨਾ ਦਿਨ ਤੀਆਂ ਦੇ, ਪਿੱਪਲੀ ਪੀਂਘਾਂ ਪਾਈਆਂ !

admin