Bollywood Articles India

ਬਾਲੀਵੁੱਡ ਕਮੇਡੀਅਨ ਕਪਿਲ ਦੇ ਕੈਨੇਡੀਅਨ ਕੈਫ਼ੇ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ !

ਕਪਿਲ ਸ਼ਰਮਾ ਦਾ ਕੈਨੇਡੀਅਨ ਕੈਫ਼ੇ ਜਿਸ ਉਪਰ ਦੂਜੀ ਵਾਰ ਗੋਲੀਆਂ ਦਾ ਮੀਂਹ ਵਰ੍ਹਾਇਆ ਗਿਆ ਹੈ।

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਇਲਾਕੇ ਦੇ ਵਿੱਚ ਸਥਿਤ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੇ ‘ਕੈਪਸ ਕੈਫੇ’ ‘ਤੇ ਇੱਕ ਵਾਰ ਫਿਰ ਗੋਲੀਬਾਰੀ ਕੀਤੀ ਗਈ ਹੈ ਅਤੇ ਇਹ ਇੱਕ ਮਹੀਨੇ ਵਿੱਚ ਹੀ ਦੂਜੀ ਵਾਰ ਵਾਪਰੀ ਗੋਲੀਬਾਰੀ ਦੀ ਘਟਨਾਂ ਹੈ। ਇਸ ਘਟਨਾ ਦੀ ਇੱਕ ਕਲਿੱਪ ਵੀ ਵਾਇਰਲ ਹੋਈ, ਜਿਸ ਵਿੱਚ ਕੈਪਸ ਕੈਫੇ ਦੇ ਨੇੜੇ ਚੱਲ ਰਹੇ ਇੱਕ ਵਾਹਨ ਦੇ ਅੰਦਰੋਂ ਕਈ ਗੋਲੀਆਂ ਚਲਾਈਆਂ ਗਈਆਂ। ਗੋਲੀਬਾਰੀ ਵੇਲੇ ਕੈਫੇ ਬੰਦ ਸੀ ਅਤੇ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਕੈਫੇ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। 10 ਜੁਲਾਈ ਦੇ ਹਮਲੇ ਤੋਂ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਨੂੰ 20 ਜੁਲਾਈ ਨੂੰ ਮੁੜ ਖੋਲ੍ਹਿਆ ਗਿਆ ਸੀ।

ਸਰੀ ਪੁਲਿਸ ਸਰਵਿਸ ਨੇ ਇਸ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ, ਇਹ ਘਟਨਾ ਸਵੇਰੇ ਲਗਭਗ 4:40 ਵਜੇ ਵਾਪਰੀ। 7 ਅਗਸਤ ਨੂੰ ਐਸਪੀਐਸ ਫਰੰਟਲਾਈਨ ਅਧਿਕਾਰੀਆਂ ਨੇ 120 ਸਟਰੀਟ ਦੇ 8400 ਬਲਾਕ ਵਿੱਚ ਇੱਕ ਕਾਰੋਬਾਰ ਦੇ ਬਾਹਰ ਗੋਲੀਆਂ ਚਲਾਏ ਜਾਣ ਦੀ ਰਿਪੋਰਟ ਦਾ ਜਵਾਬ ਦਿੱਤਾ। 10 ਜੁਲਾਈ ਨੂੰ ਵੀ ਇਹੀ ਕਾਰੋਬਾਰ ਇਸੇ ਤਰ੍ਹਾਂ ਦੀ ਘਟਨਾ ਦਾ ਸਥਾਨ ਸੀ। ਕਈ ਐਸਪੀਐਸ ਪੁਲਿਸ ਸਰੋਤਾਂ ਅਤੇ ਡੈਲਟਾ ਪੁਲਿਸ ਵਿਭਾਗ ਦੀਆਂ ਇਕਾਈਆਂ ਨੇ ਜਵਾਬ ਦਿੱਤਾ ਅਤੇ ਜਦੋਂ ਕਿ ਇਹ ਜਾਪਦਾ ਹੈ ਕਿ ਕਈ ਗੋਲੀਆਂ ਨੇ ਖਿੜਕੀਆਂ ਅਤੇ ਇਮਾਰਤ ਨੂੰ ਨੁਕਸਾਨ ਪਹੁੰਚਾਇਆ, ਖੁਸ਼ਕਿਸਮਤੀ ਨਾਲ ਇਮਾਰਤ ਵਿੱਚ ਮੌਜੂਦ ਸਟਾਫ ਸੁਰੱਖਿਅਤ ਰਿਹਾ। ਪੁਲਿਸ ਸਰਵਿਸ ਦੇ ਅਧਿਕਾਰੀ ਇਸ ਮਾਮਲੇ ਦੀ ਹੋਰ ਜਾਂਚ ਕਰ ਰਹੇ ਹਨ।”

ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਗੈਂਗਸਟਰ ਗੋਲਡੀ ਢਿੱਲੋਂ ਨੇ ਸੋਸ਼ਲ ਮੀਡੀਆ ਰਾਹੀਂ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਸੋਸ਼ਲ ਮੀਡੀਆ ਪੋਸਟ ਅਨੁਸਾਰ, ‘‘ਜੈ ਸ਼੍ਰੀ ਰਾਮ। ਸਤਿ ਸ਼੍ਰੀ ਅਕਾਲ, ਸਾਰੇ ਭਰਾਵਾਂ ਨੂੰ ਰਾਮ ਰਾਮ। ਸਰੀ ਵਿੱਚ ਕਪਿਲ ਸ਼ਰਮਾ ਦੇ ਕੈਪਸ ਕੈਫੇ ਵਿੱਚ ਅੱਜ ਹੋਈ ਗੋਲੀਬਾਰੀ ਦਾ ਦਾਅਵਾ ਗੋਲਡੀ ਢਿੱਲੋਂ ਨੇ ਕੀਤਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧਤ ਹੈ। ਅਸੀਂ ਉਸ ਨੂੰ ਫੋਨ ਕੀਤਾ ਪਰ ਉਸ ਨੇ ਫੋਨ ਦਾ ਜਵਾਬ ਨਹੀਂ ਦਿੱਤਾ, ਇਸ ਲਈ ਸਾਨੂੰ ਕਾਰਵਾਈ ਕਰਨੀ ਪਈ। ਜੇਕਰ ਉਹ ਫਿਰ ਵੀ ਜਵਾਬ ਨਹੀਂ ਦਿੰਦਾ ਹੈ, ਤਾਂ ਅਸੀਂ ਜਲਦੀ ਹੀ ਮੁੰਬਈ ਵਿੱਚ ਅਗਲੀ ਕਾਰਵਾਈ ਕਰਾਂਗੇ।’’

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਦੇ ਪੰਜਾਬੀਆਂ ਦੇ ਗੜ੍ਹ ਵਜੋਂ ਜਾਣੇ ਜਾਂਦੇ ਇਲਾਕੇ ਸਰੀ ਵਿਖੇ ਸਥਿਤ ਇਹ ਰੈਸਟੋਰੈਂਟ ਵਿਖੇ ਵਾਪਰੀ ਇਹ ਦੂਜੀ ਘਟਨਾ ਹੈ। ਕਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਗਿੰਨੀ ਸ਼ਰਮਾ ਦੇ ਵਲੋਂ ਕੁੱਝ ਦਿਨ ਪਹਿਲਾਂ ਹੀ ਖੋਲ੍ਹੇ ਗਏ ‘ਕੈਪਸ ਕੈਫ਼ੇ’ ਨਾਮ ਦੇ ਇੱਕ ਰੈਸਟੋਰੈਂਟ ਉਪਰ 20 ਜੁਲਾਈ ਨੂੰ ਵੀ ਗੋਲੀਆਂ ਦਾ ਮੀਂਹ ਵਰਸਾ ਦਿੱਤਾ ਗਿਆ ਸੀ। ਉਸ ਹਮਲੇ ਦੀ ਜਿੰਮੇਵਾਰੀ ਹਰਜੀਤ ਸਿੰਘ ਲਾਡੀ ਵਲੋਂ ਲਏ ਜਾਣ ਦਾ ਦਾਅਵਾ ਕੀਤਾ ਗਿਆ ਜੋ ਖਾੜਕੂ ਜਥੇਬੰਦੀ ਬੱਬਰ ਖਾਲਸਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ। ਭਾਰਤੀ ਜਾਂਚ ਏਜੰਸੀ (ਐਨਆਈਏ) ਦੇ ਵਲੋਂ ਹਰਜੀਤ ਸਿੰਘ ਲਾਡੀ ਨੂੰ ਜੂਨ 2024 ਦੇ ਇੱਕ ਕੇਸ ਦੇ ਵਿੱਚ ਮੋਸਟ ਵਾਂਟਡ ਵਜੋਂ ਐਲਾਨਿਆ ਹੋਇਆ ਹੈ, ਜਿਸਦੀ ਸੂਚਨਾ ਦੇਣ ਵਾਲੇ ਨੂੰ 10 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ। ਚਰਚਾ ਤਾਂ ਇਹ ਵੀ ਹੈ ਕਿ ਕਪਿਲ ਸ਼ਰਮਾ ਦੇ ਵਲੋਂ ਕੀਤੇ ਗਏ ਕਿਸੇ ਪੁਰਾਣੇ ਕੁਮੈਂਟ ਦੇ ਕਾਰਣ, ਸਬਕ ਸਿਖਾਉਣ ਦੇ ਮੰਤਵ ਨਾਲ ਇਹ ਹਮਲਾ ਕੀਤਾ ਗਿਆ ਸੀ। ਐਸਪੀਐਸ ਫਰੰਟਲਾਈਨ ਅਧਿਕਾਰੀ ਇਹਨਾਂ ਦੋਹਾਂ ਘਟਨਾਵਾਂ ਦੀ ਗੰਭੀਰਤਾ ਨਾਲ ਜਾਂਚ ਵਿੱਚ ਜੁਟੇ ਹੋਏ ਹਨ।

Related posts

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਨਗੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਸ਼ਿਣੀ ਡਿਵੀਜ਼ਨ !

admin

ਈ-ਸ਼੍ਰਮ ਪੋਰਟਲ ‘ਤੇ ਅਸੰਗਠਿਤ ਖੇਤਰ ਦੇ ਕਾਮਿਆਂ ਦੀ ਗਿਣਤੀ 31 ਕਰੋੜ ਦੇ ਕਰੀਬ ਪੁੱਜੀ !

admin