ਕਪਿਲ ਸ਼ਰਮਾ ਦੇ ਕੈਫੇ ਉਤੇ ਹਮਲਾ ਕਰਨ ਦੇ ਮਾਮਲੇ ਵਿਚ ਅਮਰੀਕਾ ਦੀ ਐਫ਼.ਬੀ.ਆਈ. ਵੱਲੋਂ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਰਣਦੀਪ ਮਲਿਕ ਨੂੰ ਕਾਬੂ ਕੀਤਾ ਗਿਆ ਹੈ। ਰਣਦੀਪ ਮਲਿਕ ਹਰਿਆਣਾ ਦੇ ਜੀਂਦ ਜ਼ਿਲ੍ਹੇ ਨਾਲ ਸਬੰਧਤ ਹੈ ਅਤੇ ਲਾਰੈਂਸ ਦੇ ਇਸ਼ਾਰੇ ’ਤੇ ਚੰਡੀਗੜ੍ਹ ਅਤੇ ਗੁਰੂਗ੍ਰਾਮ ਦੇ ਕਈ ਕਲੱਬਾਂ ਦੇ ਬਾਹਰ ਬੰਬ ਧਮਾਕਿਆਂ ਦੀ ਸਾਜ਼ਿਸ਼ ਘੜਨ ਦੇ ਦੋਸ਼ ਵੀ ਹਨ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਭਾਰਤੀ ਏਜੰਸੀਆਂ ਨਾਲ ਰਣਦੀਪ ਮਲਿਕ ਦੀ ਗ੍ਰਿਫ਼ਤਾਰੀ ਬਾਰੇ ਵੇਰਵੇ ਸਾਂਝੇ ਕੀਤੇ ਗਏ। ਫਿਲਹਾਲ ਉਸ ਨੂੰ ਅਮਰੀਕਾ ਦੇ ਜੈਕਸਨ ਪੈਰਿਸ਼ ਕਰੈਕਸ਼ਨ ਸੈਂਟਰ ਵਿਚ ਰੱਖਿਆ ਗਿਆ ਹੈ।
ਰਣਦੀਪ ਮਲਿਕ ਵਿਰੁੱਧ ਰੈਪਰ ਬਾਦਸ਼ਾਹ ਦੇ ਕਲੱਬ ਉਤੇ ਹਮਲਾ ਕਰਨ ਅਤੇ ਦਿੱਲੀ ਦੇ ਨਾਦਿਰ ਸ਼ਾਹ ਕਤਲ ਕੇਸ ਵਿਚ ਸ਼ਾਮਲ ਹੋਣ ਦੇ ਦੋਸ਼ ਲੱਗ ਚੁੱਕੇ ਹਨ। ਐਫ਼.ਬੀ.ਆਈ. ਨੇ ਲਾਰੈਂਸ ਦੇ ਨਜ਼ਦੀਕੀ ਰਣਦੀਪ ਮਲਿਕ ਨੂੰ ਕੀਤਾ ਗ੍ਰਿਫ਼ਤਾਰ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਰਣਦੀਪ ਮਲਿਕ ਨੇ ਸਿਗਨਲ ਐਪ ਰਾਹੀਂ ਦੋ ਸ਼ੂਟਰਾਂ ਨੂੰ ਵਾਰਦਾਤ ਕਰਨ ਦੇ ਹੁਕਮ ਦਿਤੇ ਸਨ ਅਤੇ ਧਮਾਕਿਆਂ ਲਈ ਹਥਗੋਲਿਆਂ ਦਾ ਪ੍ਰਬੰਧ ਕੀਤਾ। ਇਨ੍ਹਾਂ ਧਮਾਕਿਆਂ ਦੇ ਮਾਮਲੇ ਵਿਚ ਭਾਰਤ ਦੀ ਕੌਮੀ ਜਾਂਚ ਏਜੰਸੀ ਵੱਲੋਂ ਗੋਲਡੀ ਬਰਾੜ, ਰਣਦੀਪ ਮਲਿਕ ਅਤੇ ਹੋਰਨਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ। ਦਿੱਲੀ ਦੇ ਜਿੰਮ ਮਾਲਕ ਨਾਦਰ ਸ਼ਾਹ ਦਾ ਕਤਲ 12 ਸਤੰਬਰ 2024 ਨੂੰ ਹੋਇਆ ਅਤੇ ਪੁਲਿਸ ਦੀ ਚਾਰਜਸ਼ੀਟ ਮੁਤਾਬਕ ਹਥਿਆਰਾਂ ਦਾ ਪ੍ਰਬੰਧ ਅਮਰੀਕਾ ਵਿਚ ਬੈਠੇ ਰਣਦੀਪ ਮਲਿਕ ਨੇ ਕੀਤਾ ਜਦਕਿ ਗੁਜਰਾਤ ਦੀ ਸਾਬਰਮਤੀ ਜੇਲ ਵਿਚ ਬੰਦ ਲਾਰੈਂਸ ਨੇ ਤਿਹਾੜ ਜੇਲ ਵਿਚ ਬੰਦ ਹਾਸ਼ਿਮ ਬਾਬਰ ਨਾਲ ਵੀਡੀਓ ਕਾਲ ਰਾਹੀਂ ਸੰਪਰਕ ਕਰਦਿਆਂ ਸਾਜ਼ਿਸ਼ ਘੜੀ ਸੀ।