Articles India

ਅੱਜ ਭਾਰਤ ਦੇ 79ਵੇਂ ਆਜ਼ਾਦੀ ਦਿਵਸ ‘ਤੇ ਪ੍ਰਧਾਨ ਮੰਤਰੀ ਮੋਦੀ 12ਵਾਂ ਭਾਸ਼ਣ ਦੇਣਗੇ !

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 7:30 ਵਜੇ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਵਜੋਂ ਆਪਣਾ 12ਵਾਂ ਆਜ਼ਾਦੀ ਦਿਵਸ ਭਾਸ਼ਣ ਦੇਣਗੇ।

ਭਾਰਤ ਅੱਜ 15 ਅਗਸਤ 2025 ਨੂੰ ਆਪਣਾ 79ਵਾਂ ਆਜ਼ਾਦੀ ਦਿਵਸ ਪੂਰੇ ਉਤਸ਼ਾਹ ਅਤੇ ਮਾਣ ਨਾਲ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 7:30 ਵਜੇ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਵਜੋਂ ਆਪਣਾ 12ਵਾਂ ਆਜ਼ਾਦੀ ਦਿਵਸ ਭਾਸ਼ਣ ਦੇਣਗੇ। ਦਿੱਲੀ ਦੇ ਲਾਲ ਕਿਲ੍ਹੇ ਤੋਂ ਲਗਾਤਾਰ ਭਾਸ਼ਣ ਦੇਣ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਮੋਦੀ, ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਦੂਜੇ ਸਥਾਨ ‘ਤੇ ਹੋ ਜਾਣਗੇ। ਵੈਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਲਗਾਤਾਰ ਕਾਰਜਕਾਲਾਂ ਵਿੱਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਰਾਜਧਾਨੀ ਦਿੱਲੀ ਵਿੱਚ ਮੁੱਖ ਸਮਾਗਮ ਲਾਲ ਕਿਲ੍ਹੇ ਵਿਖੇ ਹੋਵੇਗਾ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਰੰਪਰਾ ਅਨੁਸਾਰ ਤਿਰੰਗਾ ਲਹਿਰਾਉਣਗੇ ਅਤੇ ਦੇਸ਼ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਦੁਆਰਾ ਦਿੱਲੀ ਦੇ ਇਤਿਹਾਸਕ ਲਾਲ ਕਿਲ੍ਹੇ ਤੋਂ ਦੇ ਦੇਸ਼ ਨੂੰ ਸੰਬੋਧਨ ਉਪਰ ਪੂਰੀ ਦੁਨੀਆਂ ਦੀਆਂ ਨਜ਼ਰਾਂ ਲੱਗੀਆਂ ਹੋਣਗੀਆਂ।

ਇਸ ਸਾਲ ਆਜ਼ਾਦੀ ਦਿਵਸ ਦਾ ਥੀਮ ‘ਨਵਾਂ ਭਾਰਤ’ ਰੱਖਿਆ ਗਿਆ ਹੈ। ਪ੍ਰਧਾਨ ਮੰਤਰੀ ਦੇ ਭਾਸ਼ਣ ਵਿੱਚ ਸਰਕਾਰ ਦੀਆਂ ਤਰਜੀਹਾਂ, ਹੁਣ ਤੱਕ ਦੀਆਂ ਵੱਡੀਆਂ ਪ੍ਰਾਪਤੀਆਂ ਅਤੇ ਭਾਰਤ ਦੇ ਭਵਿੱਖ ਲਈ ਦ੍ਰਿਸ਼ਟੀਕੋਣ ਬਾਰੇ ਦੇਸ਼ ਅਤੇ ਦੁਨੀਆਂ ਦੇ ਲੋਕਾਂ ਨੂੰ ਦੱਸਿਆ ਜਾਵੇਗਾ। ਇਸ ਵਾਰ ਦਾ ਭਾਸ਼ਣ ਦੇਸ਼ ਦੀ ਸੁਰੱਖਿਆ, ਆਰਥਿਕ ਵਿਕਾਸ ਅਤੇ ਉਨ੍ਹਾਂ ਦੀ ਸਰਕਾਰ ਦੇ ਵਿਸਤ੍ਰਿਤ ਭਲਾਈ ਮਾਡਲ ‘ਤੇ ਕੇਂਦ੍ਰਿਤ ਹੋਣ ਦੀ ਉਮੀਦ ਹੈ। ਪਿਛਲੇ ਸਾਲ 98 ਮਿੰਟ ਦੇ ਭਾਸ਼ਣ ਵਿੱਚ ਮੋਦੀ ਨੇ ਯੂਨੀਫਾਰਮ ਸਿਵਲ ਕੋਡ ‘ਤੇ ਜ਼ੋਰ ਦਿੱਤਾ, 75,000 ਨਵੀਆਂ ਮੈਡੀਕਲ ਸੀਟਾਂ ਜੋੜਨ ਦਾ ਐਲਾਨ ਕੀਤਾ ਅਤੇ ਔਰਤਾਂ ਵਿਰੁੱਧ ਅਪਰਾਧ, ਸਫਾਈ, ਮਹਿਲਾ ਸ਼ਕਤੀਕਰਨ ਵਰਗੇ ਸਮਾਜਿਕ ਮੁੱਦਿਆਂ ਨੂੰ ਉਠਾਇਆ ਸੀ, ਜਿਹਨਾਂ ਉਪਰ ਵੱਡੇ ਪੱਧਰ ‘ਤੇ ਕੰਮ ਕੀਤਾ ਜਾ ਰਿਹਾ ਹੈ।

ਭਾਰਤ ਦਾ ਜਲ-ਸ਼ਕਤੀ ਮੰਤਰਾਲਾ ਅਤੇ ਸੱਭਿਆਚਾਰ ਮੰਤਰਾਲਾ ਸਾਂਝੇ ਤੌਰ ‘ਤੇ ਹਰ ਘਰ ਤਿਰੰਗਾ, ਹਰ ਘਰ ਸਵੱਛਤਾ ਮੁਹਿੰਮ ਚਲਾ ਰਹੇ ਹਨ ਤਾਂ ਜੋ ਪਾਣੀ, ਸੈਨੀਟੇਸ਼ਨ ਅਤੇ ਸਿਹਤ ਟੀਚਿਆਂ ਨੂੰ ਰਾਸ਼ਟਰੀ ਮਾਣ ਨਾਲ ਜੋੜਿਆ ਜਾ ਸਕੇ। ਇਸ ਮੁਹਿੰਮ ਦੇ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ, ਦੇਸ਼ ਭਰ ਤੋਂ ਚੁਣੇ ਗਏ 26 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 85 ਪਿੰਡਾਂ ਦੇ ਸਰਪੰਚਾਂ ਨੂੰ, ਅੱਜ ਦੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਸਰਪੰਚਾਂ ਨੂੰ ਪੇਂਡੂ ਭਾਰਤ ਵਿੱਚ ਸਫਾਈ, ਸੁਰੱਖਿਅਤ ਪੀਣ ਵਾਲੇ ਪਾਣੀ, ਮਹਿਲਾ ਸਸ਼ਕਤੀਕਰਨ ਅਤੇ ਟਿਕਾਊ ਸ਼ਾਸਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਜਾ ਰਿਹਾ ਹੈ। ਸਾਰੀਆਂ ਚੁਣੀਆਂ ਗਈਆਂ ਪੰਚਾਇਤਾਂ ਨੂੰ ਸਵੱਛ ਭਾਰਤ ਮਿਸ਼ਨ-ਗ੍ਰਾਮੀਣ ਅਧੀਨ ਓਪਨ ਡੈਫੀਕੇਸ਼ਨ ਫਰੀ (ODF) ਪਲੱਸ ਅਤੇ ਜਲ ਜੀਵਨ ਮਿਸ਼ਨ ਤਹਿਤ ਹਰ ਘਰ ਜਲ ਪਿੰਡ ਐਲਾਨਿਆ ਗਿਆ ਹੈ। ਇਨ੍ਹਾਂ ਵਿੱਚ ਬਿਹਾਰ ਦੇ ਸਮਸਤੀਪੁਰ ਦੀ ਮੋਤੀਪੁਰ ਗ੍ਰਾਮ ਪੰਚਾਇਤ ਦੀ ਪ੍ਰੇਮਾ ਦੇਵੀ, ਮੁਖੀਆ, ਰਾਜਸਥਾਨ ਦੇ ਭਰਤਪੁਰ ਦੀ ਰਾੜ ਗ੍ਰਾਮ ਪੰਚਾਇਤ ਦੀ ਸਰਪੰਚ ਕੁਸੁਮ ਸਿੰਘ, ਗੁਜਰਾਤ ਦੇ ਸੁਲਤਾਨਪੁਰ ਦੀ ਸਰਪੰਚ ਸ਼ਸ਼ੀਕਾਂਤ ਭੂਪੇਂਦਰਭਾਈ ਪਟੇਲ ਅਤੇ ਮਹਾਰਾਸ਼ਟਰ ਦੇ ਕੋਲਹਾਪੁਰ ਦੀ ਨਿਗਵੇ ਦੁਮਾਲਾ ਗ੍ਰਾਮ ਪੰਚਾਇਤ ਦੀ ਸਰਪੰਚ ਦੀਪਾਲੀ ਉੱਤਮ ਚੌਗੁਲੇ ਵਰਗੇ ਨਾਮ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਖੇਤਰਾਂ ਵਿੱਚ ਕੂੜੇ ਤੋਂ ਊਰਜਾ ਉਤਪਾਦਨ, ਪਾਣੀ ਪ੍ਰਬੰਧਨ, ਪਲਾਸਟਿਕ ਪਾਬੰਦੀ, ਬ੍ਰੇਲ ਸਾਈਨੇਜ ਵਾਲੇ ਕਮਿਊਨਿਟੀ ਟਾਇਲਟ ਅਤੇ ਠੋਸ ਰਹਿੰਦ-ਖੂੰਹਦ ਨੂੰ ਵੱਖ ਕਰਨ ਵਰਗੀਆਂ ਪਹਿਲਕਦਮੀਆਂ ਕਰਕੇ ਆਪਣੇ ਪਿੰਡਾਂ ਨੂੰ ਰੋਲ ਮਾਡਲ ਬਣਾ ਦਿੱਤਾ ਹੈ।

Related posts

ਚੋਣ ਕਮਿਸ਼ਨ ਵਲੋਂ ਕਾਂਗਰਸ ਦੇ ਵੋਟ ਚੋਰੀ ਦੇ ਦੋਸ਼ ਨੂੰ ਝੂਠਾ ਤੇ ਗੁੰਮਰਾਹਕੁੰਨ ਕਿਹਾ !

admin

ਕੀ ਸੀਪੀ ਰਾਧਾਕ੍ਰਿਸ਼ਨਨ ਭਾਰਤ ਦੇ ਅਗਲੇ ਉਪ-ਰਾਸ਼ਟਰਪਤੀ ਬਣਨਗੇ !

admin

ਸਿਰਫ਼ ਇੱਕ ਕਲਾਕਾਰ ਨਾਲ ‘ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ’ ‘ਚ ਨਾਮ ਦਰਜ ਕਰਾਉਣ ਵਾਲੀ ਬਾਲੀਵੁੱਡ ਫਿਲਮ !

admin