ਭਾਰਤ ਦੇ ਵਿੱਚ ਸੱਤਾਧਾਰੀ ਨੈਸ਼ਨਲ ਡੈਮੋਕਰੇਟਿਕ ਅਲਾਇੰਸ (ਐਨਡੀਏ) ਨੇ ਮਹਾਰਾਸ਼ਟਰ ਦੇ ਰਾਜਪਾਲ ਚੰਦਰਪੁਰਮ ਪੋਨੁਸਵਾਮੀ ਰਾਧਾਕ੍ਰਿਸ਼ਨਨ (ਸੀਪੀ ਰਾਧਾਕ੍ਰਿਸ਼ਨਨ) ਨੂੰ ਆਉਣ ਵਾਲੀ ਉਪ-ਰਾਸ਼ਟਰਪਤੀ ਦੀ ਚੋਣ ਲਈ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਹ ਚੋਣ 9 ਸਤੰਬਰ ਨੂੰ ਹੋਵੇਗੀ।
ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਦਿੱਲੀ ਵਿੱਚ ਪਾਰਟੀ ਦੇ ਸੰਸਦੀ ਬੋਰਡ ਦੀ ਮੀਟਿੰਗ ਤੋਂ ਬਾਅਦ ਇਸਦਾ ਐਲਾਨ ਕਰਦਿਆਂ ਕਿਹਾ ਕਿ, “ਸੰਸਦੀ ਬੋਰਡ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਸੀਪੀ ਰਾਧਾਕ੍ਰਿਸ਼ਨਨ ਉਪ-ਰਾਸ਼ਟਰਪਤੀ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਹੋਣਗੇ। ਅਸੀਂ ਪਹਿਲਾਂ ਹੀ ਆਪਣੇ ਸਾਰੇ ਸਹਿਯੋਗੀਆਂ ਨਾਲ ਇਸ ਬਾਰੇ ਚਰਚਾ ਕਰ ਚੁੱਕੇ ਹਾਂ। ਅਸੀਂ ਵਿਰੋਧੀ ਪਾਰਟੀਆਂ ਨਾਲ ਵੀ ਗੱਲ ਕਰਾਂਗੇ ਤਾਂ ਜੋ ਚੋਣ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਸਕੇ।”
ਚੰਦਰਪੁਰਮ ਪੋਨੁਸਵਾਮੀ ਰਾਧਾਕ੍ਰਿਸ਼ਨਨ (ਸੀਪੀ ਰਾਧਾਕ੍ਰਿਸ਼ਨਨ) ਦਾ ਜਨਮ 20 ਅਕਤੂਬਰ 1957 ਨੂੰ ਤਾਮਿਲਨਾਡੂ ਦੇ ਤਿਰੂਪੁਰ ਵਿੱਚ ਹੋਇਆ ਸੀ। ਸੀਪੀ ਰਾਧਾਕ੍ਰਿਸ਼ਨਨ ਇਸ ਸਮੇਂ ਮਹਾਰਾਸ਼ਟਰ ਦੇ 24ਵੇਂ ਰਾਜਪਾਲ ਹਨ ਅਤੇ ਉਨ੍ਹਾਂ ਨੇ 31 ਜੁਲਾਈ 2024 ਨੂੰ ਇਹ ਅਹੁਦਾ ਸੰਭਾਲਿਆ। ਭਾਰਤੀ ਜਨਤਾ ਪਾਰਟੀ ਦੇ ਇੱਕ ਸੀਨੀਅਰ ਨੇਤਾ ਅਤੇ ਵਰਤਮਾਨ ਵਿੱਚ ਮਹਾਰਾਸ਼ਟਰ ਦੇ ਰਾਜਪਾਲ ਰਾਧਾਕ੍ਰਿਸ਼ਨਨ ਨੇ ਆਪਣੇ ਰਾਜਨੀਤਿਕ ਕਰੀਅਰ ਦੀ ਸ਼ੁਰੂਆਤ ਆਰਐਸਐਸ ਅਤੇ ਜਨ ਸੰਘ ਨਾਲ ਕੀਤੀ ਸੀ। ਉਹ 1998 ਅਤੇ 1999 ਵਿੱਚ ਕੋਇੰਬਟੂਰ ਤੋਂ ਲੋਕ ਸਭਾ ਮੈਂਬਰ ਚੁਣੇ ਗਏ। ਉਹ 2003 ਤੋਂ 2006 ਤੱਕ ਤਾਮਿਲਨਾਡੂ ਭਾਜਪਾ ਪ੍ਰਧਾਨ ਰਹੇ। ਇਸ ਤੋਂ ਇਲਾਵਾ ਉਨ੍ਹਾਂ ਨੇ ਮਾਰਚ ਤੋਂ ਜੁਲਾਈ 2024 ਤੱਕ ਤੇਲੰਗਾਨਾ ਦਾ ਵਾਧੂ ਚਾਰਜ ਅਤੇ ਮਾਰਚ ਤੋਂ ਅਗਸਤ 2024 ਤੱਕ ਪੁਡੂਚੇਰੀ ਦੇ ਉਪ ਰਾਜਪਾਲ ਦਾ ਵਾਧੂ ਚਾਰਜ ਵੀ ਸੰਭਾਲਿਆ। ਉਹ 31 ਜੁਲਾਈ 2024 ਤੋਂ ਮਹਾਰਾਸ਼ਟਰ ਦੇ ਰਾਜਪਾਲ ਰਹੇ ਹਨ।
ਸੀਪੀ ਰਾਧਾਕ੍ਰਿਸ਼ਨਨ ਜੋ ਲੰਬੇ ਸਮੇਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ ਅਤੇ ਉਹ ਭਾਜਪਾ ਦੇ ਤਾਮਿਲਨਾਡੂ ਸੂਬੇ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਸਾਲ 2004-2007 ਦੌਰਾਨ ਭਾਜਪਾ ਦੇ ਤਾਮਿਲਨਾਡੂ ਦੇ ਪ੍ਰਧਾਨ ਹੋਣ ਵਜੋਂ ਸੀਪੀ ਰਾਧਾਕ੍ਰਿਸ਼ਨਨ ਨੇ 93 ਦਿਨਾਂ ਦੀ ਰੱਥ ਯਾਤਰਾ ਕੱਢੀ ਸੀ ਜਿਸਦਾ ਉਦੇਸ਼ ਨਦੀਆਂ ਨੂੰ ਜੋੜਨਾ, ਅੱਤਵਾਦ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਅਤੇ ਛੂਤਛਾਤ ਨੂੰ ਖਤਮ ਕਰਨਾ ਸੀ। ਉਹ ਸੰਸਦ ਵਿੱਚ ਕੱਪੜਾ ਉਦਯੋਗਾਂ ਬਾਰੇ ਸਥਾਈ ਕਮੇਟੀ ਦੇ ਚੇਅਰਮੈਨ ਵੀ ਸਨ। ਉਨ੍ਹਾਂ ਨੇ ਵਿੱਤੀ ਅਤੇ ਜਨਤਕ ਖੇਤਰ ਦੇ ਕੰਮਾਂ ਨਾਲ ਸਬੰਧਤ ਕਈ ਕਮੇਟੀਆਂ ਵਿੱਚ ਵੀ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਨੇ ਕੋਇੰਬਟੂਰ ਦੇ ਵੀਓ ਚਿਦੰਬਰਮ ਕਾਲਜ ਤੋਂ ਬੀਬੀਏ ਦੀ ਡਿਗਰੀ ਪ੍ਰਾਪਤ ਕੀਤੀ ਹੋਈ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਪੀ ਰਾਧਾਕ੍ਰਿਸ਼ਨਨ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ, “ਆਪਣੇ ਲੰਬੇ ਜਨਤਕ ਜੀਵਨ ਵਿੱਚ ਸੀਪੀ ਰਾਧਾਕ੍ਰਿਸ਼ਨਨ ਨੇ ਆਪਣੇ ਸਮਰਪਣ, ਨਿਮਰਤਾ ਅਤੇ ਬੁੱਧੀ ਲਈ ਇੱਕ ਵਿਸ਼ੇਸ਼ ਪਛਾਣ ਬਣਾਈ ਹੈ। ਵੱਖ-ਵੱਖ ਅਹੁਦਿਆਂ ‘ਤੇ ਰਹਿੰਦੇ ਹੋਏ ਉਨ੍ਹਾਂ ਨੇ ਹਮੇਸ਼ਾ ਭਾਈਚਾਰਕ ਸੇਵਾ ਅਤੇ ਹਾਸ਼ੀਏ ‘ਤੇ ਧੱਕੇ ਗਏ ਲੋਕਾਂ ਨੂੰ ਸਸ਼ਕਤ ਬਣਾਉਣ ‘ਤੇ ਧਿਆਨ ਕੇਂਦਰਿਤ ਕੀਤਾ। ਉਨ੍ਹਾਂ ਨੇ ਤਾਮਿਲਨਾਡੂ ਵਿੱਚ ਜ਼ਮੀਨੀ ਪੱਧਰ ‘ਤੇ ਵਿਆਪਕ ਕੰਮ ਕੀਤਾ ਹੈ। ਮੈਨੂੰ ਖੁਸ਼ੀ ਹੈ ਕਿ ਐਨਡੀਏ ਪਰਿਵਾਰ ਨੇ ਉਨ੍ਹਾਂ ਨੂੰ ਸਾਡੇ ਗਠਜੋੜ ਦਾ ਉਪ-ਰਾਸ਼ਟਰਪਤੀ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ।”
ਐਨਡੀਏ ਉਮੀਦਵਾਰ ਸੀਪੀ ਰਾਧਾਕ੍ਰਿਸ਼ਨਨ 21 ਅਗਸਤ ਨੂੰ ਆਪਣੀ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਰਾਜਨਾਥ ਸਿੰਘ ਇੰਡੀਆ ਬਲਾਕ ਤੋਂ ਇਲਾਵਾ ਹੋਰ ਪਾਰਟੀਆਂ ਨਾਲ ਗੱਲ ਕਰਨਗੇ ਜੋ ਕਿ ਐਨਡੀਏ ਅਤੇ ਇੰਡੀਆ ਬਲਾਕ ਦਾ ਹਿੱਸਾ ਨਹੀਂ ਹਨ। ਸੀਪੀ ਰਾਧਾਕ੍ਰਿਸ਼ਨਨ ਦੀ ਉਪ-ਰਾਸ਼ਟਰਪਤੀ ਅਹੁਦੇ ਲਈ ਉਮੀਦਵਾਰੀ ਬਾਰੇ ਅਤੇ ਕਿਰੇਨ ਰਿਜੀਜੂ ਸੀਪੀ ਰਾਧਾਕ੍ਰਿਸ਼ਨਨ ਦੇ ਚੋਣ ਏਜੰਟ ਹੋਣਗੇ।
ਜਗਦੀਪ ਧਨਖੜ ਦੇ ਅਸਤੀਫ਼ੇ ਤੋਂ ਬਾਅਦ ਉਪ-ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਗਿਆ ਸੀ। ਧਨਖੜ ਨੇ ਸਿਹਤ ਕਾਰਣਾਂ ਦਾ ਹਵਾਲਾ ਦਿੰਦੇ ਹੋਏ ਸੰਸਦ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ 21 ਜੁਲਾਈ ਨੂੰ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਆਪਣੇ ਅਸਤੀਫ਼ੇ ਵਿੱਚ ਲਿਖਿਆ ਸੀ, “ਸਿਹਤ ਸੰਭਾਲ ਨੂੰ ਤਰਜੀਹ ਦੇਣ ਅਤੇ ਡਾਕਟਰੀ ਸਲਾਹ ਦੀ ਪਾਲਣਾ ਕਰਨ ਲਈ, ਮੈਂ ਸੰਵਿਧਾਨ ਦੀ ਧਾਰਾ 67 (ਏ) ਦੇ ਅਨੁਸਾਰ ਤੁਰੰਤ ਪ੍ਰਭਾਵ ਨਾਲ ਉਪ-ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।”
ਚੋਣ ਕਮਿਸ਼ਨ ਨੇ ਪਹਿਲਾਂ ਹੀ ਉਪ-ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਇਸ ਚੋਣ ਲਈ ਵੋਟਿੰਗ 9 ਸਤੰਬਰ ਨੂੰ ਹੋਵੇਗੀ ਅਤੇ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ। ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਮਿਤੀ 21 ਅਗਸਤ ਹੈ ਅਤੇ ਉਮੀਦਵਾਰ 25 ਅਗਸਤ ਤੱਕ ਆਪਣੇ ਨਾਮ ਵਾਪਸ ਲੈ ਸਕਦੇ ਹਨ।