ਬ੍ਰਿਟੇਨ ਦੇ ਤਾਜ਼ਾ ਇਤਿਹਾਸ ਵਿੱਚ ਸਭ ਤੋਂ ਵੱਡਾ ਸੱਜੇ-ਪੱਖੀ ਵਿਰੋਧ ਪ੍ਰਦਰਸ਼ਨ ਕੱਲ੍ਹ ਸ਼ਨੀਵਾਰ ਨੂੰ ਲੰਡਨ ਦੇ ਵਿੱਚ ਕੀਤਾ ਗਿਆ। ਇਸ ਇਮੀਗ੍ਰੇਸ਼ਨ ਵਿਰੋਧੀ ਮਾਰਚ ਦਾ ਆਯੋਜਨ ਟੌਮੀ ਰੌਬਿਨਸਨ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਦੌਰਾਨ ਮੈਟਰੋਪੋਲੀਟਨ ਪੁਲਿਸ ਨੇ ਸੁਰੱਖਿਆ ਘੇਰਾਬੰਦੀ ਕੀਤੀ ਅਤੇ ਕਈ ਹਿੰਸਕ ਝੜਪਾਂ ਵੀ ਹੋਈਆਂ। ਇਹ ਵਿਰੋਧ ਪ੍ਰਦਰਸ਼ਨ ‘ਯੂਨਾਈਟ ਦ ਕਿੰਗਡਮ’ ਮਾਰਚ ਦੇ ਨਾਮ ‘ਤੇ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਲਗਭਗ 1 ਲੱਖ 10 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਇਸ ਮਾਰਚ ਦਾ ਉਦੇਸ਼ ਇਮੀਗ੍ਰੇਸ਼ਨ ਵਿਰੁੱਧ ਵਿਰੋਧ ਕਰਨਾ ਸੀ। ‘ਯੂਨਾਈਟ ਦ ਕਿੰਗਡਮ’ ਮਾਰਚ ਦੇ ਨਾਮ ‘ਤੇ ਆਯੋਜਿਤ ਇਹ ਮਾਰਚ ‘ਸਟੈਂਡ ਅੱਪ ਟੂ ਰੇਸਿਜ਼ਮ’ ਵਿਰੋਧ ਪ੍ਰਦਰਸ਼ਨ ਨਾਲ ਮੇਲ ਖਾਂਦਾ ਸੀ ਜਿਸ ਵਿੱਚ ਲਗਭਗ 5000 ਲੋਕਾਂ ਨੇ ਹਿੱਸਾ ਲਿਆ ਸੀ। ਮੈਟਰੋਪੋਲੀਟਨ ਪੁਲਿਸ ਨੂੰ ਮਾਰਚ ਦੇ ਦੌਰਾਨ ਝੜਪਾਂ ਨੂੰ ਰੋਕਣ ਲਈ ਬਹੁਤ ਸੰਘਰਸ਼ ਕਰਨਾ ਪਿਆ। ਸੁਰੱਖਿਆ ਉਪਕਰਣ ਪਹਿਨੇ ਅਧਿਕਾਰੀਆਂ ਅਤੇ ਸਵਾਰ ਪੁਲਿਸ ਦੀ ਮਦਦ ਨਾਲ ਆਦੇਸ਼ ਨੂੰ ਕੰਟਰੋਲ ਕੀਤਾ ਗਿਆ। ਪੁਲਿਸ ਨੇ ‘ਯੂਨਾਈਟ ਦ ਕਿੰਗਡਮ’ ਮਾਰਚ ਦੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਸੁਰੱਖਿਆ ਘੇਰਾ ਤੋੜਨ ਜਾਂ ਵਿਰੋਧੀ ਸਮੂਹ ਦੇ ਨੇੜੇ ਜਾਣ ਤੋਂ ਰੋਕਿਆ। ਲੰਡਨ ਦੀਆਂ ਸੜਕਾਂ ‘ਤੇ ਮਾਰਚ ਦੌਰਾਨ ਇੱਕ ਸਮੇਂ ਟੌਮੀ ਰੌਬਿਨਸਨ ਦੁਆਰਾ ਆਯੋਜਿਤ ‘ਯੂਨਾਈਟ ਦ ਕਿੰਗਡਮ’ ਅਤੇ ‘ਸਟੈਂਡ ਅੱਪ ਟੂ ਰੇਸਿਜ਼ਮ’ ਸਮੂਹ ਆਹਮੋ-ਸਾਹਮਣੇ ਵੀ ਹੋਏ। ਪ੍ਰਦਰਸ਼ਨਕਾਰੀਆਂ ਨੇ ਬ੍ਰਿਟੇਨ, ਇੰਗਲੈਂਡ, ਅਮਰੀਕਾ ਅਤੇ ਇਜ਼ਰਾਈਲ ਦੇ ਝੰਡੇ ਅਤੇ ਟਰੰਪ ਪੱਖੀ ਟੋਪੀਆਂ ਪਹਿਨੀਆਂ ਹੋਈਆਂ ਸਨ ਅਤੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਇਹ ਮਾਰਚ ‘ਪ੍ਰਗਟਾਵੇ ਦੀ ਆਜ਼ਾਦੀ’ ਦੇ ਸਮਰਥਨ ਵਿੱਚ ਸੀ ਪਰ ਇਸ ਦੇ ਜ਼ਿਆਦਾਤਰ ਭਾਸ਼ਣ ਇਮੀਗ੍ਰੇਸ਼ਨ ਦੇ ਵਿਰੋਧ ‘ਤੇ ਕੇਂਦ੍ਰਿਤ ਸਨ। ਇਸ ਮਾਰਚ ਦੀ ਸ਼ੁਰੂਆਤ ਬ੍ਰਿਟੇਨ ਵਿੱਚ ਪ੍ਰਵਾਸੀ ਹੋਟਲਾਂ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਨਾਲ ਹੋਈ ਜਿਸ ਦੌਰਾਨ ਯੂਨੀਅਨ ਜੈਕ ਅਤੇ ਲਾਲ-ਚਿੱਟੇ ਸੇਂਟ ਜਾਰਜ ਕਰਾਸ ਦੇ ਝੰਡੇ ਲਹਿਰਾਏ ਅਤੇ ਕੁਝ ਲੋਕਾਂ ਨੇ ਅਮਰੀਕੀ ਅਤੇ ਇਜ਼ਰਾਈਲੀ ਝੰਡੇ ਵੀ ਦਿਖਾਏ ਗਏ। ਬਹੁਤ ਸਾਰੇ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜੁੜੇ ‘ਮੇਕ ਅਮਰੀਕਾ ਗ੍ਰੇਟ ਅਗੇਨ’ ਟੋਪੀਆਂ ਵੀ ਪਹਿਨੀਆਂ ਹੋਈਆਂ ਸਨ। ਉਨ੍ਹਾਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਦੀ ਆਲੋਚਨਾ ਕਰਦੇ ਹੋਏ ਨਾਅਰੇ ਲਗਾਏ ਅਤੇ ‘ਉਨ੍ਹਾਂ ਨੂੰ ਘਰ ਭੇਜੋ’ ਵਰਗੇ ਸੰਦੇਸ਼ਾਂ ਵਾਲੇ ਤਖ਼ਤੀਆਂ ਵੀ ਦਿਖਾਈਆਂ। ਇਸ ਮਾਰਚ ਵਿੱਚ ਪ੍ਰਦਰਸ਼ਨਕਾਰੀਆਂ ਨੇ ਅਮਰੀਕੀ ਕੰਜ਼ਰਵੇਟਿਵ ਨੇਤਾ ਚਾਰਲੀ ਕਿਰਕ ਦੇ ਹਾਲ ਹੀ ਵਿੱਚ ਹੋਏ ਕਤਲ ਦਾ ਸੋਗ ਵੀ ਮਨਾਇਆ। ਫਰਾਂਸੀਸੀ ਸੱਜੇ-ਪੱਖੀ ਨੇਤਾ ਏਰਿਕ ਜ਼ੇਮੌਰ ਨੇ ਕਿਹਾ ਕਿ, ‘ਅਸੀਂ ਸਾਰੇ ਇੱਕੋ ਪ੍ਰਕਿਰਿਆ ਵਿੱਚੋਂ ਲੰਘ ਰਹੇ ਹਾਂ ਜਿੱਥੇ ਯੂਰਪੀਅਨਾਂ ਦੀ ਥਾਂ ਦੱਖਣ ਦੇ ਲੋਕਾਂ ਅਤੇ ਮੁਸਲਿਮ ਸੱਭਿਆਚਾਰ ਦੇ ਲੋਕਾਂ ਨੂੰ ਲਿਆ ਜਾ ਰਿਹਾ ਹੈ। ਇਹ ਬਸਤੀਵਾਦ ਦਾ ਉਲਟ ਰੂਪ ਹੈ।’ ਇਸ ਦੇ ਨਾਲ ਹੀ ਟੇਸਲਾ ਦੇ ਸੀਈਓ ਮਸਕ ਨੇ ਕਿਹਾ, ‘ਬ੍ਰਿਟੇਨ ਦੀ ਸੁੰਦਰਤਾ ਖ਼ਤਰੇ ਵਿੱਚ ਹੈ ਅਤੇ ਬੇਕਾਬੂ ਇਮੀਗ੍ਰੇਸ਼ਨ ਨੇ ਬ੍ਰਿਟੇਨ ਨੂੰ ਤੇਜ਼ੀ ਨਾਲ ਬਦਲਣਾ ਸ਼ੁਰੂ ਕਰ ਦਿੱਤਾ ਹੈ।’
ਇਸ ਮਾਰਚ ਦੀ ਅਗਵਾਈ ਕਰਨ ਵਾਲਾ ਟੌਮੀ ਰੌਬਿਨਸਨ ਜਿਸ ਦਾ ਅਸਲੀ ਨਾਮ ਸਟੀਫਨ ਯੈਕਸਲੇ-ਲੈਨਨ ਹੈ, ਨੇ ਇਸ ਮਾਰਚ ਨੂੰ ਪ੍ਰਗਟਾਵੇ ਦੀ ਆਜ਼ਾਦੀ ਵਜੋਂ ਪੇਸ਼ ਕੀਤਾ ਹੈ। ਟੌਮੀ ਰੌਬਿਨਸਨ ਆਪਣੇ ਆਪ ਨੂੰ ਇੱਕ ਪੱਤਰਕਾਰ ਦੱਸਦਾ ਹੈ ਜੋ ਸਰਕਾਰੀ ਕਮੀਆਂ ਨੂੰ ਉਜਾਗਰ ਕਰਦਾ ਹੈ ਅਤੇ ਅਮਰੀਕੀ ਅਰਬਪਤੀ ਐਲੋਨ ਮਸਕ ਵਰਗੇ ਪ੍ਰਭਾਵਸ਼ਾਲੀ ਲੋਕਾਂ ਨੂੰ ਆਪਣੇ ਸਮਰਥਕਾਂ ਵਿੱਚ ਗਿਣਦਾ ਹੈ। ਰੌਬਿਨਸਨ ਨੇ ਰਾਸ਼ਟਰਵਾਦੀ ਅਤੇ ਇਸਲਾਮ ਵਿਰੋਧੀ ਇੰਗਲਿਸ਼ ਡਿਫੈਂਸ ਲੀਗ ਦੀ ਸਥਾਪਨਾ ਕੀਤੀ ਅਤੇ ਬ੍ਰਿਟੇਨ ਦੇ ਸਭ ਤੋਂ ਪ੍ਰਭਾਵਸ਼ਾਲੀ ਸੱਜੇ-ਪੱਖੀ ਨੇਤਾਵਾਂ ਵਿੱਚੋਂ ਇੱਕ ਹੈ।
ਲੰਡਨ ਦੇ ਪੁਲਿਸ ਕਮਾਂਡਰ ਕਲੇਅਰ ਹੇਨਸ ਨੇ ਕਿਹਾ ਕਿ ਉਹ ਇਸ ਵਿਰੋਧ ਪ੍ਰਦਰਸ਼ਨ ਨੂੰ ਉਸੇ ਤਰ੍ਹਾਂ ਸੰਭਾਲਣਗੇ ਜਿਵੇਂ ਉਹ ਕਿਸੇ ਹੋਰ ਵਿਰੋਧ ਪ੍ਰਦਰਸ਼ਨ ਨੂੰ ਸੰਭਾਲਦੇ ਹਨ। ਉਹ ਬਿਨਾਂ ਕਿਸੇ ਡਰ ਜਾਂ ਪੱਖਪਾਤ ਦੇ ਪੁਲਿਸਿੰਗ ਕਰਨਗੇ। ਉਸਨੇ ਕਿਹਾ ਕਿ ਲੋਕ ਆਪਣੇ ਜਾਇਜ਼ ਅਧਿਕਾਰਾਂ ਦੀ ਵਰਤੋਂ ਕਰ ਸਕਣਗੇ ਪਰ ਜੇਕਰ ਕੋਈ ਅਪਰਾਧ ਜਾਂ ਘਟਨਾ ਵਾਪਰਦੀ ਹੈ ਤਾਂ ਪੁਲਿਸ ਪੂਰੀ ਤਾਕਤ ਨਾਲ ਉਸ ‘ਤੇ ਕਾਰਵਾਈ ਕਰੇਗੀ। ਹੇਨਸ ਨੇ ਪਿਛਲੇ ਵਿਰੋਧ ਪ੍ਰਦਰਸ਼ਨਾਂ ਵਿੱਚ ਘੱਟ ਗਿਣਤੀਆਂ ਦੁਆਰਾ ਮੁਸਲਿਮ ਵਿਰੋਧੀ ਬਿਆਨਬਾਜ਼ੀ ਅਤੇ ਇਤਰਾਜ਼ਯੋਗ ਨਾਅਰਿਆਂ ਦੀਆਂ ਘਟਨਾਵਾਂ ਦੇ ਇਤਿਹਾਸ ਨੂੰ ਸਵੀਕਾਰ ਕੀਤਾ ਪਰ ਕਿਹਾ ਕਿ ਲੰਡਨ ਦੇ ਸਾਰੇ ਭਾਈਚਾਰਿਆਂ ਨੂੰ ਡਰ ਦੇ ਮਾਰੇ ਆਪਣੇ ਘਰਾਂ ਵਿੱਚ ਬੰਦ ਨਹੀਂ ਰਹਿਣਾ ਚਾਹੀਦਾ। ਪੁਲਿਸ ਇਹ ਯਕੀਨੀ ਬਣਾਏਗੀ ਕਿ ਹਰ ਕੋਈ ਸੁਰੱਖਿਅਤ ਮਹਿਸੂਸ ਕਰੇ ਅਤੇ ਬਿਨਾਂ ਕਿਸੇ ਡਰ ਦੇ ਆਪਣਾ ਰੋਜ਼ਾਨਾ ਕੰਮ ਕਰ ਸਕੇ। ਮੈਟਰੋਪੋਲੀਟਨ ਪੁਲਿਸ ਨੂੰ ਸਥਿਤੀ ਸੰਭਾਲਣ ਲਈ ਹੈਲਮੇਟ ਅਤੇ ਦੰਗਾ ਵਿਰੋਧੀ ਸ਼ੀਲਡਾਂ ਨਾਲ ਲੈਸ ਵਾਧੂ ਪੁਲਿਸ ਬਲ ਤਾਇਨਾਤ ਕਰਨੇ ਪਏ।
ਇਹ ਮਾਰਚ ਅਜਿਹੇ ਸਮੇਂ ਹੋਇਆ ਜਦੋਂ ਇੰਗਲਿਸ਼ ਚੈਨਲ ਪਾਰ ਕਰਕੇ ਛੋਟੀਆਂ ਕਿਸ਼ਤੀਆਂ ਵਿੱਚ ਬ੍ਰਿਟੇਨ ਪਹੁੰਚਣ ਵਾਲੇ ਸ਼ਰਨਾਰਥੀਆਂ ਦੇ ਮੁੱਦੇ ਉਪਰ ਦੇਸ਼ ਵਿਆਪੀ ਬਹਿਸ ਚੱਲ ਰਹੀ ਹੈ। ਪਿਛਲੇ ਹਫ਼ਤੇ ਹੀ ਇੱਕ ਹਜ਼ਾਰ ਤੋਂ ਵੱਧ ਪ੍ਰਵਾਸੀ ਇੰਗਲਿਸ਼ ਚੈਨਲ ਪਾਰ ਕਰਕੇ ਖਤਰਨਾਕ ਤਰੀਕੇ ਨਾਲ ਬ੍ਰਿਟਿਸ਼ ਸਰਹੱਦ ਪਾਰ ਕਰਕੇ ਛੋਟੀਆਂ ਕਿਸ਼ਤੀਆਂ ਰਾਹੀਂ ਗੈਰ-ਕਾਨੂੰਨੀ ਤੌਰ ‘ਤੇ ਬ੍ਰਿਟੇਨ ਪਹੁੰਚੇ ਹਨ। ਇਨ੍ਹੀਂ ਦਿਨੀਂ ਬ੍ਰਿਟੇਨ ਵਿੱਚ ਇਮੀਗ੍ਰੇਸ਼ਨ ਦਾ ਮੁੱਦਾ ਬਹੁਤ ਚਰਚਾ ਵਿੱਚ ਹੈ। ਦੇਸ਼ ਦੀ ਕਮਜ਼ੋਰ ਹੋ ਰਹੀ ਆਰਥਿਕਤਾ ਦੇ ਬਾਵਜੂਦ ਲੋਕ ਇਸ ਵੱਲ ਧਿਆਨ ਦੇ ਰਹੇ ਹਨ। ਇਸ ਸਾਲ ਹੁਣ ਤੱਕ 28000 ਤੋਂ ਵੱਧ ਲੋਕ ਛੋਟੀਆਂ ਕਿਸ਼ਤੀਆਂ ਵਿੱਚ ਇੰਗਲਿਸ਼ ਚੈਨਲ ਪਾਰ ਕਰਕੇ ਬ੍ਰਿਟੇਨ ਪਹੁੰਚ ਚੁੱਕੇ ਹਨ। ਸੜਕਾਂ ‘ਤੇ ਲਾਲ ਅਤੇ ਚਿੱਟੇ ਅੰਗਰੇਜ਼ੀ ਝੰਡੇ ਵਧ ਗਏ ਹਨ। ਸਮਰਥਕ ਇਸਨੂੰ ਦੇਸ਼ ਭਗਤੀ ਮੰਨਦੇ ਹਨ ਜਦੋਂ ਕਿ ਵਿਰੋਧੀ ਇਸਨੂੰ ਵਿਦੇਸ਼ੀ ਲੋਕਾਂ ਵਿਰੁੱਧ ਨਫ਼ਰਤ ਫੈਲਾਉਣ ਵਾਲਾ ਕਹਿ ਰਹੇ ਹਨ।
ਬ੍ਰਿਟੇਨ ਦੀ ਨਵੀਂ ਗ੍ਰਹਿ ਮੰਤਰੀ ਸ਼ਬਾਨਾ ਮਹਿਮੂਦ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇਸ਼ਾਂ ਵਿਰੁੱਧ ਵੀਜ਼ਾ ਮੁਅੱਤਲੀ ਵਰਗੇ ਸਖ਼ਤ ਕਦਮ ਚੁੱਕੇ ਜਾ ਸਕਦੇ ਹਨ ਜੋ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਨਹੀਂ ਲੈਂਦੇ। ਸ਼ਬਾਨਾ ਮਹਿਮੂਦ ਨੇ ਲੰਡਨ ਵਿੱਚ ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਕੈਨੇਡਾ ਦੇ ਮੰਤਰੀਆਂ ਨਾਲ ‘ਫਾਈਵ ਆਈਜ਼’ ਦੇਸ਼ਾਂ ਦੀ ਮੀਟਿੰਗ ਤੋਂ ਬਾਅਦ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ਦੀ ਸੁਰੱਖਿਆ ਉਨ੍ਹਾਂ ਦੀ ਤਰਜੀਹ ਹੈ। ਸ਼ਬਾਨਾ ਮਹਿਮੂਦ ਦੱਖਣੀ ਏਸ਼ੀਆਈ ਮੂਲ ਦੀ ਹੈ ਅਤੇ ਪਿਛਲੇ ਹਫ਼ਤੇ ਹੀ ਕੈਬਨਿਟ ਫੇਰਬਦਲ ਵਿੱਚ ਉਨ੍ਹਾਂ ਨੂੰ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਗ੍ਰਹਿ ਮੰਤਰੀ ਨੇ ਕਿਹਾ ਕਿ, ਫਾਈਵ ਆਈਜ਼ ਦੇਸ਼ ਉਨ੍ਹਾਂ ਦੇਸ਼ਾਂ ਲਈ ਇਕੱਠੇ ਸਖ਼ਤ ਕਾਰਵਾਈ ਕਰਨ ‘ਤੇ ਵਿਚਾਰ ਕਰ ਰਹੇ ਹਨ ਜੋ ਸਹਿਯੋਗ ਨਹੀਂ ਕਰਦੇ। ਅਸੀਂ ਭਵਿੱਖ ਵਿੱਚ ਵੀਜ਼ਾ ਦੀ ਗਿਣਤੀ ਘਟਾਉਣ ਦੀ ਸੰਭਾਵਨਾ ‘ਤੇ ਵਿਚਾਰ ਕਰ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਦੇਸ਼ ਨਿਯਮਾਂ ਦੀ ਪਾਲਣਾ ਕਰਨ। ਜਦੋਂ ਕਿਸੇ ਦੇਸ਼ ਦੇ ਨਾਗਰਿਕ ਨੂੰ ਸਾਡੇ ਦੇਸ਼ ਵਿੱਚ ਰਹਿਣ ਦਾ ਅਧਿਕਾਰ ਨਹੀਂ ਹੈ ਤਾਂ ਉਸਨੂੰ ਉਸਦੇ ਦੇਸ਼ ਵਾਪਸ ਲੈ ਜਾਣਾ ਚਾਹੀਦਾ ਹੈ। ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਟੋਨੀ ਬਰਕ, ਨਿਊਜ਼ੀਲੈਂਡ ਦੀ ਮੰਤਰੀ ਜੂਡਿਥ ਕੋਲਿਨਜ਼ ਅਤੇ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਾਰੀ ਨੇ ਵੀ ਇਸ ਮੀਟਿੰਗ ਵਿੱਚ ਸ਼ਿਰਕਤ ਕੀਤੀ। ਗੈਰ-ਕਾਨੂੰਨੀ ਪ੍ਰਵੇਸ਼ ਅਤੇ ਮਨੁੱਖੀ ਤਸਕਰੀ ਤੋਂ ਇਲਾਵਾ, ਔਨਲਾਈਨ ਬੱਚਿਆਂ ਦੇ ਜਿਨਸੀ ਸ਼ੋਸ਼ਣ ਅਤੇ ਨਸ਼ੀਲੇ ਪਦਾਰਥਾਂ ਦੀ ਰੋਕਥਾਮ ਵਰਗੇ ਮੁੱਦਿਆਂ ‘ਤੇ ਵੀ ਇਸ ਮੀਟਿੰਗ ਵਿੱਚ ਚਰਚਾ ਕੀਤੀ ਗਈ। ਸ਼ਬਾਨਾ ਮਹਿਮੂਦ ਦਾ ਜਨਮ ਬ੍ਰਿਟਿਸ਼ ਸ਼ਹਿਰ ਬਰਮਿੰਘਮ ਵਿੱਚ ਹੋਇਆ ਸੀ। ਉਸਦੇ ਮਾਤਾ-ਪਿਤਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੀਰਪੁਰ ਤੋਂ ਆਏ ਸਨ। ਉਸਨੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਅਤੇ ਇੱਕ ਵਕੀਲ ਬਣੀ। ਉਹ 2010 ਵਿੱਚ ਲੇਬਰ ਪਾਰਟੀ ਦੀ ਸੰਸਦ ਮੈਂਬਰ ਬਣੀ ਅਤੇ ਉਦੋਂ ਤੋਂ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਅ ਚੁੱਕੀ ਹੈ।