ਬਾਲੀਵੁੱਡ ਹੀਰੋਇਨ ਦਿਸ਼ਾ ਪਟਾਨੀ ਦੇ ਯੂ ਪੀ ਦੇ ਬਰੇਲੀ ਵਿੱਚ ਸਥਿਤ ਘਰ ਦੇ ਵਿੱਚ ਗੋਲੀਬਾਰੀ ਦੀ ਘਟਨਾ ਦੇ ਸੰਬੰਧ ਵਿੱਚ ਯੂਪੀ ਐਸਟੀਐਫ ਅਤੇ ਦਿੱਲੀ ਸਪੈਸ਼ਲ ਸੈੱਲ ਨੇ ਕੱਲ੍ਹ ਬੁੱਧਵਾਰ ਸ਼ਾਮ ਨੂੰ ਟੈਕਨੋ ਸਿਟੀ ਵਿੱਚ ਇੱਕ ਮੁਕਾਬਲੇ ਵਿੱਚ ਦੋ ਅਪਰਾਧੀਆਂ ਨੂੰ ਮਾਰ ਦਿੱਤਾ। ਅਪਰਾਧੀਆਂ ਨੇ ਆਧੁਨਿਕ ਹਥਿਆਰਾਂ ਨਾਲ ਪੁਲਿਸ ‘ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਦੋਵੇਂ ਅਪਰਾਧੀ ਪੁਲਿਸ ਦੀਆਂ ਗੋਲੀਆਂ ਨਾਲ ਜ਼ਖਮੀ ਹੋ ਗਏ ਅਤੇ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਇਸ ਜਾਣਕਾਰੀ ਤੋਂ ਬਾਅਦ ਗਾਜ਼ੀਆਬਾਦ ਅਤੇ ਦਿੱਲੀ ਪੁਲਿਸ ਦੇ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ। ਮੁਕਾਬਲੇ ਵਿੱਚ ਚਾਰ ਪੁਲਿਸ ਕਰਮਚਾਰੀ ਵੀ ਜ਼ਖਮੀ ਹੋ ਗਏ ਜਿਹਨਾਂ ਦਾ ਇਲਾਜ ਚੱਲ ਰਿਹਾ ਹੈ। ਯੂਪੀ ਐਸਟੀਐਫ ਨੋਇਡਾ ਯੂਨਿਟ ਦੇ ਪੁਲਿਸ ਸੁਪਰਡੈਂਟ ਰਾਜਕੁਮਾਰ ਮਿਸ਼ਰਾ ਨੇ ਦੱਸਿਆ ਕਿ ਬੁੱਧਵਾਰ ਸ਼ਾਮ ਨੂੰ ਅਪਰਾਧੀਆਂ ਨਾਲ ਮੁਕਾਬਲਾ ਹੋਇਆ। ਪੁਲਿਸ ਨੇ ਰੋਹਤਕ ਦੇ ਰਹਿਣ ਵਾਲੇ ਰਵਿੰਦਰ ਅਤੇ ਸੋਨੀਪਤ ਦੇ ਗੋਹਨਾ ਰੋਡ ਸਥਿਤ ਇੰਡੀਅਨ ਕਲੋਨੀ ਦੇ ਰਹਿਣ ਵਾਲੇ ਅਰੁਣ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਤੋਂ ਗਲੋਕ ਅਤੇ ਜਿਗਾਨਾ ਪਿਸਤੌਲ ਬਰਾਮਦ ਕੀਤੇ ਗਏ। ਦੋਵੇਂ ਅਪਰਾਧੀ ਗੋਲਡੀ ਬਰਾੜ ਗੈਂਗ ਦੇ ਸਰਗਰਮ ਮੈਂਬਰ ਸਨ ਅਤੇ ਉਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 12 ਸਤੰਬਰ ਨੂੰ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਹੋਈ ਸਨਸਨੀਖੇਜ਼ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ।
ਬਾਲੀਵੁੱਡ ਹੀਰੋਇਨ ਦਿਸ਼ਾ ਪਟਾਨੀ ਦੇ ਬਰੇਲੀ ਸਥਿਤ ਘਰ ‘ਤੇ ਪਿਛਲੇ ਸ਼ੁੱਕਰਵਾਰ ਸਵੇਰੇ 3:30 ਵਜੇ ਨੌਂ ਗੋਲੀਆਂ ਚਲਾਈਆਂ ਗਈਆਂ। ਦੋ ਬਾਈਕ ਸਵਾਰ ਸ਼ੱਕੀਆਂ ਨੇ ਗੋਲੀਬਾਰੀ ਕੀਤੀ ਅਤੇ ਨੈਨੀਤਾਲ ਹਾਈਵੇਅ ਵੱਲ ਭੱਜ ਗਏ। ਸਾਹਮਣੇ ਬੈਠੇ ਨੌਜਵਾਨ ਨੇ ਹੈਲਮੇਟ ਪਾਇਆ ਹੋਇਆ ਸੀ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਦੁਆਰਾ ਬਦਨਾਮ ਅਪਰਾਧੀ ਗੋਲਡੀ ਬਰਾੜ ਦੇ ਸਾਥੀ ਰੋਹਿਤ ਗੋਦਾਰਾ ਦੀ ਆਈਡੀ ‘ਤੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਗਈ। ਪੋਸਟ ਵਿੱਚ ਸਵਾਮੀ ਅਨਿਰੁਧਚਾਰੀਆ ਅਤੇ ਸਵਾਮੀ ਪ੍ਰੇਮਾਨੰਦ ਵਿਰੁੱਧ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ‘ਤੇ ਗੁੱਸਾ ਪ੍ਰਗਟ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਧਮਕੀ ਦਿੱਤੀ ਗਈ ਸੀ ਕਿ ਜੇਕਰ ਉਨ੍ਹਾਂ ਨੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੁਹਰਾਈਆਂ ਤਾਂ ਉਨ੍ਹਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।
ਦਿਸ਼ਾ ਪਟਾਨੀ ਦੇ ਪਿਤਾ ਸੇਵਾਮੁਕਤ ਸੀਓ ਜਗਦੀਸ਼ ਪਟਾਨੀ, ਉਸਦੀ ਮਾਂ ਅਤੇ ਉਸਦੀ ਭੈਣ, ਸੇਵਾਮੁਕਤ ਮੇਜਰ ਖੁਸ਼ਬੂ ਪਟਾਨੀ ਘਰ ਵਿੱਚ ਸੁੱਤੇ ਪਏ ਸਨ ਜਦੋਂ ਗੋਲੀਬਾਰੀ ਹੋਈ। ਐਸਐਸਪੀ ਨੇ ਘਟਨਾ ਦਾ ਪਰਦਾਫਾਸ਼ ਕਰਨ ਲਈ ਐਸਪੀ ਸਿਟੀ ਅਤੇ ਐਸਪੀ ਕ੍ਰਾਈਮ ਦੀ ਅਗਵਾਈ ਵਿੱਚ ਪੰਜ ਟੀਮਾਂ ਬਣਾਈਆਂ ਸਨ ਅਤੇ ਹੋਰ ਸੁਰੱਖਿਆ ਏਜੰਸੀਆਂ ਵੀ ਜਾਂਚ ਵਿੱਚ ਸ਼ਾਮਲ ਸਨ।
ਬਾਲੀਵੁੱਡ ਹੀਰੋਇਨ ਦਿਸ਼ਾ ਪਟਾਨੀ ਦੀ ਛੋਟੀ ਭੈਣ ਸੇਵਾ-ਮੁਕਤ ਮੇਜਰ ਖੁਸ਼ਬੂ ਪਟਾਨੀ ਨੇ ਕੁੱਝ ਦਿਨ ਪਹਿਲਾਂ ਸੰਤ ਅਨਿਰੁਧਚਾਰੀਆ ਦੇ ਔਰਤਾਂ ਬਾਰੇ ਬਿਆਨ ‘ਤੇ ਇੱਕ ਤਿੱਖੀ ਟਿੱਪਣੀ ਕੀਤੀ ਸੀ। ਲੋਕਾਂ ਨੇ ਉਸਦੇ ਬਿਆਨ ਵਿੱਚ ਅੰਗਰੇਜ਼ੀ ਸ਼ਬਦ ਨੂੰ ਮਥੁਰਾ ਦੇ ਸੰਤ ਪ੍ਰੇਮਾਨੰਦ ‘ਤੇ ਟਿੱਪਣੀ ਨਾਲ ਜੋੜਿਆ ਸੀ ਅਤੇ ਖੁਸ਼ਬੂ ਨੂੰ ਬਾਅਦ ਵਿੱਚ ਸੋਸ਼ਲ ਮੀਡੀਆ ‘ਤੇ ਭਾਰੀ ਟ੍ਰੋਲ ਵੀ ਕੀਤਾ ਗਿਆ ਸੀ।
ਉੱਤਰ ਪ੍ਰਦੇਸ਼ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀ) ਕਾਨੂੰਨ ਅਤੇ ਵਿਵਸਥਾ ਅਮਿਤਾਭ ਯਸ਼ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ, “12 ਸਤੰਬਰ ਨੂੰ ਸਵੇਰੇ 3:45 ਵਜੇ ਦੇ ਕਰੀਬ ਬਰੇਲੀ ਵਿੱਚ ਅਦਾਕਾਰਾ ਦਿਸ਼ਾ ਪਟਾਨੀ ਦੇ ਘਰ ‘ਤੇ ਦੋ ਦੋਸ਼ੀਆਂ ਨੇ ਗੋਲੀਬਾਰੀ ਕੀਤੀ ਗਈ ਸੀ। ਇਸ ਸਬੰਧੀ ਯੂਪੀ ਦੇ ਮੁੱਖ-ਮੰਤਰੀ ਨੇ ਸਪੱਸ਼ਟ ਤੌਰ ‘ਤੇ ਨਿਰਦੇਸ਼ ਦਿੱਤੇ ਕਿ ਜਨਤਾ ਵਿੱਚ ਡਰ ਫੈਲਾਉਣ ਵਾਲਿਆਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਅਪਰਾਧ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਕਈ ਪੱਧਰਾਂ ‘ਤੇ ਜਾਣਕਾਰੀ ਇਕੱਠੀ ਕੀਤੀ ਗਈ, ਕਈ ਰੂਟਾਂ ਤੋਂ ਸੀਸੀਟੀਵੀ ਫੁਟੇਜ ਪ੍ਰਾਪਤ ਕੀਤੀ ਗਈ ਅਤੇ ਤਕਨੀਕੀ ਵੇਰਵਿਆਂ ਦਾ ਵਿਸ਼ਲੇਸ਼ਣ ਕੀਤਾ ਗਿਆ। ਜਾਂਚ ਦੌਰਾਨ ਦੋ ਮੁਲਜ਼ਮਾਂ ਰਵਿੰਦਰ ਅਤੇ ਅਰੁਣ ਦੀ ਪਛਾਣ ਕੀਤੀ ਗਈ ਜਦਕਿ ਦੋ ਹੋਰ ਵਿਅਕਤੀਆਂ ਦੀ ਵੀ ਪਛਾਣ ਕੀਤੀ ਗਈ ਜਿਨ੍ਹਾਂ ਨੂੰ ਰੇਕੀ ਲਈ ਨਿਯੁਕਤ ਕੀਤਾ ਗਿਆ ਸੀ। ਦੋਵੇਂ ਸ਼ੂਟਰ ਗੋਲਡੀ ਬਰਾੜ ਗੈਂਗ ਲਈ ਕੰਮ ਕਰਦੇ ਪਾਏ ਗਏ ਅਤੇ ਇਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਗੈਂਗ ਦਾ ਪਤਾ ਲਗਾਇਆ ਗਿਆ ਅਤੇ ਦੋਵੇਂ ਸ਼ੂਟਰ ਇੱਕ ਮੁਕਾਬਲੇ ਵਿੱਚ ਮਾਰੇ ਗਏ। ਘਟਨਾ ਦੌਰਾਨ ਹਰਿਆਣਾ ਪੁਲਿਸ ਦੇ ਇੱਕ ਕਾਂਸਟੇਬਲ ਦੀ ਛਾਤੀ ਵਿੱਚ ਗੋਲੀ ਲੱਗੀ। ਪੁਲਿਸ ਨੇ ਦੋ ਆਧੁਨਿਕ ਪਿਸਤੌਲ ਅਤੇ ਵੱਡੀ ਗਿਣਤੀ ਵਿੱਚ 9 ਐਮਐਮ ਕਾਰਤੂਸ ਬਰਾਮਦ ਕੀਤੇ। ਮੁਲਜ਼ਮਾਂ ਨੂੰ ਹਸਪਤਾਲ ਲਿਜਾਣ ਤੋਂ ਬਾਅਦ ਮ੍ਰਿਤਕ ਐਲਾਨ ਦਿੱਤਾ ਗਿਆ। ਗੈਂਗ ਦੇ ਸਾਰੇ ਮੈਂਬਰਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਪੂਰੇ ਗੈਂਗ ਵਿਰੁੱਧ ਕਾਰਵਾਈ ਕੀਤੀ ਜਾ ਸਕੇ। ਇਸ ਗੈਂਗ ਦਾ ਟੀਚਾ ਉੱਤਰ ਪ੍ਰਦੇਸ਼ ਦੇ ਲੋਕਾਂ ਵਿੱਚ ਡਰ ਫੈਲਾਉਣਾ ਹੈ ਪਰ ਇਸ ਕਾਰਵਾਈ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਉਹ ਉੱਤਰ ਪ੍ਰਦੇਸ਼ ਸਰਕਾਰ ਦੀ ਜ਼ੀਰੋ-ਟੌਲਰੈਂਸ ਨੀਤੀ ਦੀ ਪਰਖ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ। ਉਨ੍ਹਾਂ ਦੇ ਸਰੋਤ ਨੂੰ ਰੋਕਣ ਲਈ ਗੈਂਗ ਦੇ ਹਥਿਆਰਾਂ ਦੇ ਸਰੋਤ ਦਾ ਪਤਾ ਲਗਾਉਣ ਲਈ ਵੀ ਜਾਂਚ ਕੀਤੀ ਜਾ ਰਹੀ ਹੈ।”