ਅੱਜਕੱਲ੍ਹ ਅਮਰੀਕਾ ਦੇ ਬਹੁਤ ਹੀ ਸਖ਼ਤ ਅਤੇ ਬੇਰਹਿਮ ਇੰਮੀਗ੍ਰੇਸ਼ਨ ਕਾਨੂੰਨਾਂ ਦੀ ਚਰਚਾ ਪੂਰੀ ਦੁਨੀਆਂ ਦੇ ਵਿੱਚ ਚੱਲ ਰਹੀ ਹੈ। ਅਮਰੀਕਾ ਦੇ ਵਿੱਚ ਸਾਲ 1994 ਤੋਂ ਅਮਰੀਕਾ ਦੇ ਵਿੱਚ ਰਹਿਣ ਵਾਲੇ ਅਮਰੀਕਨ ਗਰੀਨ ਕਾਰਡ ਹੋਲਡਰ ਸਿੱਖ ਬਿਜ਼ਨਸਮੈਨ ਪਰਮਜੀਤ ਸਿੰਘ ਅਤੇ 73 ਸਾਲਾ ਸਿੱਖ ਔਰਤ ਹਰਜੀਤ ਕੌਰ ਨੂੰ ਅਮਰੀਕਾ ਦੇ ਸਖ਼ਤ ਅਤੇ ਬੇਰਹਿਮ ਇੰਮੀਗ੍ਰੇਸ਼ਨ ਕਾਨੂੰਨ ਦੇ ਤਾਜ਼ਾ ਸਿ਼ਕਾਰ ਹੋਣਾ ਪਿਆ ਹੈ।
ਸਾਲ 1994 ਤੋਂ ਅਮਰੀਕਾ ਦੇ ਇੰਡਿਆਨਾ ਸੂਬੇ ਦੇ ਫੋਰਟ ਵੇਨ ਸ਼ਹਿਰ ਵਿੱਚ ਰਹਿੰਦੇ 48 ਸਾਲਾ ਸਿੱਖ ਬਿਜ਼ਨਸਮੈਨ ਪਰਮਜੀਤ ਸਿੰਘ ਦੇ ਕਈ ਗੈਸ ਸਟੇਸ਼ਨ ਅਤੇ ਸਟੋਰ ਹਨ। ਬੀਤੀ 30 ਜੁਲਾਈ ਨੂੰ ਪਰਮਜੀਤ ਸਿੰਘ ਇੰਡੀਆ ਤੋਂ ਆਈ ਇੱਕ ਫਲਾਈਟ ਰਾਹੀਂ ਸ਼ਿਕਾਗੋ ਹਵਾਈ ਅੱਡੇ ’ਤੇ ਪੁੱਜਾ ਤਾਂ ਪੁਲਿਸ ਨੇ 1999 ਦੇ ਇੱਕ 26 ਸਾਲ ਪੁਰਾਣੇ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਿਸ ਦੀ ਉਹ ਸਜ਼ਾ ਪਹਿਲਾਂ ਹੀ ਭੁਗਤ ਚੁੱਕਾ ਹੈ। ਗਰੀਨ ਕਾਰਡ ਹੋਲਡਰ ਪਰਮਜੀਤ ਸਿੰਘ ਨੂੰ ਕਈ ਦਹਾਕੇ 26 ਸਾਲ ਪਹਿਲਾਂ ਪੇਅ ਫੋਨ ਦੀ ਦੁਰਵਰਤੋਂ ਕੀਤੇ ਜਾਣ ਦੇ ਮਾਮਲੇ ਦੇ ਵਿੱਚ ਇਸ ਵੇਲੇ ਇੰਮੀਗ੍ਰੇਸ਼ਨ ਨੇ ਗ੍ਰਿਫਤਾਰ ਕੀਤਾ ਹੋਇਆ ਹੈ। ਬ੍ਰੇਨ ਟਿਊਮਰ ਅਤੇ ਦਿਲ ਦੀ ਬਿਮਾਰੀ ਤੋਂ ਪੀੜਤ ਪਰਮਜੀਤ ਸਿੰਘ ਨੂੰ ਏਅਰਪੋਰਟ ’ਤੇ ਗ੍ਰਿਫਤਾਰੀ ਹੇਠ ਰੱਖਿਆ ਗਿਆ ਹੈ ਜਿਸ ਦੌਰਾਨ ਤਬੀਅਤ ਵਿਗੜਨ ਕਾਰਣ ਹਸਪਤਾਲ ਲਿਜਾਣਾ ਪਿਆ। ਪਰਮਜੀਤ ਸਿੰਘ ਦੇ ਪ੍ਰੀਵਾਰ ਨੂੰ ਉਸ ਦੀ ਗ੍ਰਿਫ਼ਤਾਰੀ ਬਾਰੇ ਉਦੋਂ ਪਤਾ ਲੱਗਾ ਜਦੋਂ ਹਸਪਤਾਲ ਦਾ ਬਿਲ ਉਹਨਾਂ ਨੂੰ ਮਿਲਿਆ। 30 ਜੁਲਾਈ 2025 ਨੂੰ ਪਰਮਜੀਤ ਸਿੰਘ ਨੂੰ ਭਾਰਤ ਤੋਂ ਵਾਪਸ ਆਉਂਦੇ ਸਮੇਂ ਸ਼ਿਕਾਗੋ ਦੇ ਓਹੇਅਰ ਹਵਾਈ ਅੱਡੇ ‘ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਪਰਮਜੀਤ ਸਿੰਘ ਤਿੰਨ ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਰਹਿੰਦਿਆਂ ਇਸ ਤੋਂ ਪਹਿਲਾਂ ਘੱਟੋ-ਘੱਟ 20 ਵਾਰ ਭਾਰਤ ਦੀ ਯਾਤਰਾ ਕਰ ਚੁੱਕਾ ਹੈ ਪਰ ਉਸਨੂੰ ਕਦੇ ਵੀ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਕੋਈ ਸਮੱਸਿਆ ਨਹੀਂ ਹੋਈ। ਗਰੀਨ ਕਾਰਡ ਹੋਲਡਰ ਪਰਮਜੀਤ ਸਿੰਘ ਇਸ ਵੇਲੇ ਕੇਨਟੱਕੀ ਦੀ ਕਾਉਂਟੀ ਜੇਲ੍ਹ ਦੇ ਵਿੱਚ ਹੈ। ਪਰਮਜੀਤ ਸਿੰਘ ਸਿੰਘ ਦੀ ਗ੍ਰਿਫਤਾਰੀ ਨੇ ਉਸਦੀ ਪਤਨੀ ਲਖਵਿੰਦਰ ਕੌਰ, 17 ਸਾਲਾ ਪੁੱਤਰ ਅਤੇ 14 ਸਾਲਾ ਧੀ ਲਈ ਬੇਚੈਨੀ ਪੈਦਾ ਕਰ ਦਿੱਤੀ ਹੈ।
ਪਰਮਜੀਤ ਸਿੰਘ ਦੀ ਗ੍ਰਿਫ਼ਤਾਰੀ ਸਬੰਧੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ, “ਗਰੀਨ ਕਾਰਡ ਸਿਰਫ਼ ਇਕ ਸਹੂਲਤ ਹੈ, ਕੋਈ ਹੱਕ ਨਹੀਂ ਅਤੇ ਅਮਰੀਕਾ ਦੇ ਕਾਨੂੰਨ ਮੁਤਾਬਕ ਜੇ ਕਾਨੂੰਨ ਤੋੜਿਆ ਜਾਂਦਾ ਹੈ ਤਾਂ ਗਰੀਨ ਕਾਰਡ ਰੱਦ ਕੀਤਾ ਜਾ ਸਕਦਾ ਹੈ। ਪਿਛਲੇ ਸਮੇਂ ਦੇ ਦੌਰਾਨ ਜਾਂ ਅਤੀਤ ਵਿਚ ਕੀਤੇ ਕਿਸੇ ਵੀ ਅਪਰਾਧ ਲਈ ਗਰੀਨ ਕਾਰਡ ਹੋਲਡਰ ਨੂੰ ਵੀ ਅਮਰੀਕਾ ਦੇ ਕਿਸੇ ਵੀ ਐਂਟਰੀ ਪੁਆਇੰਟ ਉਪਰ ਗ੍ਰਿਫਤਾਰ ਕੀਤਾ ਜਾ ਸਕਦਾ ਹੈ।”
ਇਸੇ ਤਰ੍ਹਾਂ ਹੀ ਇੱਕ 73 ਸਾਲਾ ਭਾਰਤੀ ਔਰਤ ਹਰਜੀਤ ਕੌਰ ਨੂੰ ਵੀ 30 ਸਾਲ ਅਮਰੀਕਾ ਵਿੱਚ ਰਹਿਣ ਤੋਂ ਬਾਅਦ ਦੇਸ਼ ਨਿਕਾਲਾ ਦਿੱਤਾ ਗਿਆ ਹੈ। ਉਸਨੂੰ 8 ਸਤੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਅਮਰੀਕਾ ਦੇ ਬੇਕਰਸਫੀਲਡ ਡਿਟੈਂਸ਼ਨ ਸੈਂਟਰ ਵਿੱਚ ਅਣਮਨੁੱਖੀ ਹਾਲਾਤਾਂ ਵਿੱਚ ਰੱਖਿਆ ਗਿਆ । ਹਰਜੀਤ ਕੌਰ ਨੂੰ ਇੱਕ ਠੰਡੇ ਕਮਰੇ ਵਿੱਚ ਰੱਖਿਆ ਗਿਆ, ਪਾਣੀ ਦੀ ਥਾਂ ਉਸਨੂੰ ਬਰਫ਼ ਦੀਆਂ ਡਲੀਆਂ ਚੱਬਣੀਆਂ ਪਈਆਂ, ਕਿਸੇ ਬੈੱਡ ਜਾਂ ਮੰਜੇ ਦੀ ਥਾਂ 70 ਘੰਟੇ ਸੀਮਿੰਟ ਦੇ ਠੰਡੇ ਫਰਸ਼ ਉਪਰ ਸੌਣਾ ਪਿਆ, ਉਸਨੂੰ ਇੱਕ ਐਲੂਮੀਨੀਅਮ ਫੋਇਲ ਵਾਲਾ ਪਤਲਾ ਜਿਹਾ ਕੰਬਲ ਦਿੱਤਾ ਗਿਆ ਅਤੇ ਉਸਨੂੰ ਸਾਰੀ ਰਾਤ ਬੈਠੇ ਰਹਿਣ ਦੇ ਲਈ ਮਜ਼ਬੂਰ ਕੀਤਾ ਗਿਆ। ਹਰਜੀਤ ਕੌਰ ਦੇ ਪੈਰਾਂ ਦੇ ਵਿੱਚ ਬੇੜੀਆਂ ਅਤੇ ਹੱਥਾਂ ਦੇ ਵਿੱਚ ਹੱਥਕੜੀਆਂ ਲਗਾ ਕੇ 10 ਸਤੰਬਰ ਨੂੰ ਕੈਲੇਫੋਰਨੀਆਂ ਦੇ ਲਾਸ ਏਂਜਲਸ, ਫਿਰ ਜਾਰਜੀਆ, ਫਿਰ ਅਰਮੀਨੀਆ ਅਤੇ ਅਖੀਰ ਦੇ ਵਿੱਚ 25 ਸਤੰਬਰ ਵੀਰਵਾਰ ਨੂੰ ਦਿੱਲੀ ਵਾਪਸ ਭੇਜ ਦਿੱਤਾ ਗਿਆ। 73 ਸਾਲਾ ਹਰਜੀਤ ਕੌਰ ਤਿੰਨ ਦਹਾਕਿਆਂ ਤੋਂ ਅਮਰੀਕਾ ਵਿੱਚ ਰਹਿ ਰਹੀ ਸੀ ਅਤੇ ਉਸਨੂੰ ਪਿਛਲੇ ਹਫ਼ਤੇ ਦੇਸ਼ ਨਿਕਾਲਾ ਦੇ ਦਿੱਤਾ ਗਿਆ ਸੀ। ਹਰਜੀਤ ਕੌਰ ਸਾਲ 1991 ਦੇ ਵਿੱਚ ਆਪਣੇ ਪਰਿਵਾਰ ਨਾਲ ਇੱਕ ਸੁਨਹਿਰੀ ਜੀਵਨ ਜੀਉਣ ਦੀ ਉਮੀਦ ਦੇ ਨਾਲ ਅਮਰੀਕਾ ਚਲੀ ਗਈ ਸੀ। ਉਸਨੇ ਸੰਯੁਕਤ ਰਾਜ ਅਮਰੀਕਾ ਵਿੱਚ ਸ਼ਰਣ ਲਈ ਅਰਜ਼ੀ ਦਿੱਤੀ ਸੀ ਪਰ ਉਸਦਾ ਕੇਸ ਕਈ ਸਾਲਾਂ ਤੋਂ ਕਾਨੂੰਨੀ ਅੜਚਣਾਂ ਦੇ ਵਿੱਚ ਫਸਿਆ ਹੋਇਆ ਸੀ ਅਤੇ ਅਖੀਰ ਦੇ ਵਿੱਚ ਰੱਦ ਕਰ ਦਿੱਤਾ ਗਿਆ। ਹਰਜੀਤ ਕੌਰ ਦਾ ਦੇਸ਼ ਨਿਕਾਲੇ ਦਾ ਮਾਮਲਾ 2012 ਤੋਂ ਪੈਂਡਿੰਗ ਸੀ ਕਿਉਂਕਿ ਉਸਦੇ ਕੋਲ ਪਾਸਪੋਰਟ ਨਹੀਂ ਸੀ। ਹਾਲਾਂਕਿ, ਉਸਦੇ ਕੋਲ ਵਰਕ ਪਰਮਿਟ ਅਤੇ ਡਰਾਈਵਿੰਗ ਲਾਇਸੈਂਸ ਸੀ। ਹਰਜੀਤ ਕੌਰ ਨੂੰ 8 ਸਤੰਬਰ ਨੂੰ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈਸ) ਵਿਭਾਗ ਦੇ ਵਿੱਚ ਉਸਦੀ ਇੱਕ ਨਿਯਮਤ ਹਾਜ਼ਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਉਸਨੂੰ ਹੱਥਕੜੀਆਂ ਤੇ ਪੈਰਾਂ ਦੇ ਵਿੱਚ ਬੇੜੀਆਂ ਦੇ ਨਾਲ ਜਕੜ ਦਿੱਤਾ ਗਿਆ, ਬਰਫੀਲੇ ਕਮਰੇ ਵਿੱਚ ਬੰਦ ਕਰ ਦਿੱਤਾ, ਉਸਨੂੰ ਵੈਜੇਟੇਰੀਅਨ ਖਾਣਾ ਨਹੀਂ ਦਿੱਤਾ, ਸਾਰੀ ਰਾਤ ਠੰਢ ਵਿੱਚ ਜਾਗਦੇ ਰਹਿ ਕੇ ਕੱਟਣੀ ਪਈ ਅਤੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਵਗੈਰ ਅਮਰੀਕਾ ਤੋਂ ਵਾਪਸ ਇੰਡੀਆ ਭੇਜ ਦਿੱਤਾ ਗਿਆ। ਹਰਜੀਤ ਕੌਰ ਨੇ ਆਪਣੀ ਉਮਰ ਦੇ 30 ਸਾਲ ਅਮਰੀਕਾ ਵਿੱਚ ਬਿਤਾਉਂਦਿਆਂ ਇਮਾਨਦਾਰੀ ਨਾਲ ਕੰਮ ਕਰਦਿਆਂ ਪੂਰਾ ਟੈਕਸ ਦਿੱਤਾ ਅਤੇ ਸਮਾਜ ਵਿੱਚ ਯੋਗਦਾਨ ਪਾਇਆ ਪਰ ਅਖੀਰ ਅਮਰੀਕੀ ਤੋਂ ਬਹੁਤ ਹੀ ਸਖ਼ਤ ਬੇਰਹਿਮੀ ਦੇ ਨਾਲ ਦਿੱਤਾ ਗਿਆ ਦੇਸ਼ ਨਿਕਾਲਾ ਬਹੁਤ ਹੀ ਦੁਖਦਾਈ ਅਤੇ ਅਸਹਿਣਯੋਗ ਹੈ। ਹਰਜੀਤ ਕੌਰ ਹੁਣ ਮੋਹਾਲੀ ਦੇ ਵਿੱਚ ਆਪਣੀ ਭੈਣ ਨਾਲ ਰਹਿ ਰਹੀ ਹੈ। 73 ਸਾਲਾ ਸਿੱਖ ਔਰਤ ਹਰਜੀਤ ਕੌਰ ਦੀ ਗ੍ਰਿਫਤਾਰੀ ਤੋਂ ਲੈਕੇ ਅਮਰੀਕਾ ਤੋਂ ਦੇਸ਼ ਨਿਕਾਲਾ, ਵਸਦੇ-ਰਸਦੇ ਪੂਰੇ ਪਰਿਵਾਰ ਅਤੇ ਬੱਚਿਆਂ ਤੇ ਪੋਤੇ-ਪੋਤੀਆਂ ਦੇ ਨਾਲੋਂ ਵਿਛੋੜਾ, ਇੱਕ ਨਰਕ ਭਰੀ ਜਿੰਦਗੀ ਦਾ ਅਹਿਸਾਸ ਕਰਵਾ ਰਿਹਾ ਹੈ ਜਿਸ ਨਾਲ ਉਸਦੇ ਅਮਰੀਕਾ ਦੇ ਵਿੱਚ ਸੁਨਹਿਰੀ ਜਿੰਦਗੀ ਬਤੀਤ ਕਰਨ ਦੇ ਸਾਰੇ ਸੁਫ਼ਨੇ ਚਕਨਾਚੂਰ ਹੋ ਕੇ ਖਿੱਲਰ ਗਏ ਹਨ।
ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਅਨੁਸਾਰ ਵਰਤਮਾਨ ਵਿੱਚ 7 ਸਤੰਬਰ 2025 ਤੱਕ 58,766 ਲੋਕ ਗ੍ਰਿਫਤਾਰ ਕੀਤੇ ਗਏ ਹਨ ਅਤੇ ਦਸੰਬਰ 2024 ਅਤੇ ਅਗਸਤ 2025 ਦੇ ਵਿਚਕਾਰ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਗਿਣਤੀ ਵਿੱਚ 56 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।