Articles Australia & New Zealand Travel

ਗਲੋਬਲ ਵਾਰਮਿੰਗ ਕਾਰਣ ਦੁਨੀਆਂ ਦੇ ਨਕਸ਼ੇ ਤੋਂ ਗਾਇਬ ਹੋਣ ਜਾ ਰਿਹਾ ਪਹਿਲਾ ਦੇਸ਼ !

ਟੁਵਾਲੂ ਦੇਸ਼ ਸੰਸਾਰ ਦੇ ਭਵਿੱਖ ਵਾਸਤੇ ਇੱਕ ਭਿਆਨਕ ਮਿਸਾਲ ਬਣਨ ਜਾ ਰਿਹਾ ਹੈ।

ਟੁਵਾਲੂ ਨਾਮਕ ਦੇਸ਼ ਗਲੋਬਲ ਵਾਰਮਿੰਗ ਕਾਰਣ ਦੁਨੀਆਂ ਦੇ ਨਕਸ਼ੇ ਤੋਂ ਗਾਇਬ ਹੋਣ ਜਾ ਰਿਹਾ ਹੈ। ਇਹ ਦੇਸ਼ ਪ੍ਰਸ਼ਾਂਤ ਮਹਾਂਸਾਗਰ ਵਿੱਚ ਦੂਰ ਦੁਰੇਢੇ ਸਥਿੱਤ ਹੈ ਤੇ ਇਸ ਦਾ ਸਭ ਤੋਂ ਨਜ਼ਦੀਕੀ ਗੁਆਂਢੀ ਦੇਸ਼ ਆਸਟ੍ਰੇਲੀਆ ਇਸ ਤੋਂ 3970 ਕਿ.ਮੀ. ਦੂਰ ਹੈ। ਇਸ ਵੇਲੇ ਇਸ ਦਾ ਪ੍ਰਧਾਨ ਮੰਤਰੀ ਫੈਲੇਟੀ ਟੀਉ ਹੈ ਅਤੇ ਇਸ ਦੀ ਰਾਜਧਾਨੀ ਦਾ ਨਾਮ ਫੁਨਾਫੂਟੀ ਹੈ ਜੋ ਸਭ ਤੋਂ ਵੱਡੇ ਟਾਪੂ ਫੁਨਾਫੂਟੀ ਵਿਖੇ ਸਥਿੱਤ ਹੈ। ਵੈਟੀਕਨ ਸਿਟੀ, ਮੋਨਾਕੋ ਤੇ ਨਾਊਰੂ ਤੋਂ ਬਾਅਦ ਇਹ ਦੁਨੀਆਂ ਦਾ ਚੌਥਾ ਸਭ ਤੋਂ ਛੋਟਾ ਦੇਸ਼ ਹੈ। 9 ਛੋਟੇ ਛੋਟੇ ਜਵਾਲਾਮੁਖੀ ਟਾਪੂਆਂ ਨੂੰ ਮਿਲਾ ਕੇ ਸਿਰਫ 26 ਵਰਗ ਕਿ.ਮੀ. ਵਿੱਚ ਸਥਿੱਤ ਇਸ ਦੇਸ਼ ਦੀ ਕੁੱਲ ਅਬਾਦੀ 11000 ਦੇ ਕਰੀਬ ਹੈ। ਛੋਟਾ ਜਿਹਾ ਇਹ ਦੇਸ਼ ਸੰਸਾਰ ਦੇ ਭਵਿੱਖ ਵਾਸਤੇ ਇੱਕ ਭਿਆਨਕ ਮਿਸਾਲ ਬਣਨ ਜਾ ਰਿਹਾ ਹੈ। ਜਵਾਲਾਮੁਖੀ ਟਾਪੂਆਂ ਦੀ ਇੱਕ ਵਿਸ਼ੇਸ਼ਤਾ ਹੁੰਦੀ ਹੈ ਕਿ ਇਹ ਜਿਆਦਾ ਉੱਚੇ ਨਹੀਂ ਹੁੰਦੇ। ਇਸ ਕਾਰਣ ਟੁਵਾਲੂ ਦਾ ਸਭ ਤੋਂ ਉਚੇਰਾ ਸਥਾਨ ਸਮੁੰਦਰ ਤਲ ਤੋਂ ਸਿਰਫ 4.5 ਮੀਟਰ ਉੱਚਾ ਹੈ ਤੇ ਔਸਤ ਉਚਾਈ 2 ਮੀਟਰ ਹੈ। ਵੈਸੇ ਤਾਂ ਸਾਰੀ ਦੁਨੀਆਂ ਹੀ ਆਪਣੇ ਹੱਥੀਂ ਪੈਦਾ ਕੀਤੀ ਗਈ ਇਸ ਮੁਸੀਬਤ ਦਾ ਸ਼ਿਕਾਰ ਬਣਨ ਜਾ ਰਹੀ ਹੈ ਪਰ ਟੁਵਾਲੂ ਦਾ ਨੰਬਰ ਸਭ ਤੋਂ ਪਹਿਲਾਂ ਲੱਗਣ ਜਾ ਰਿਹਾ ਹੈ। ਟੁਵਾਲੂ ਦੀ ਸਮੁੰਦਰ ਤੋਂ ਘੱਟ ਉੱਚਾਈ ਹੋਣ ਕਾਰਣ ਜਦੋਂ ਵੀ ਕੋਈ ਵੱਡੀ ਲਹਿਰ ਜਾਂ ਤੂਫਾਨ ਆਉਂਦਾ ਹੈ ਤਾਂ ਸਾਰਾ ਦੇਸ਼ ਕੁੱਝ ਦੇਰ ਲਈ ਜਲਮਘਨ ਹੋ ਜਾਂਦਾ ਹੈ। ਇਸ ਕਾਰਣ ਇਥੇ ਇਮਾਰਤਾਂ 7–8 ਫੁੱਟ ਉੱਚੇ ਥੜ੍ਹਿਆਂ ‘ਤੇ ਬਣਾਈਆਂ ਜਾਂਦੀਆਂ ਹਨ। ਟੁਵਾਲੂ ਦਾ ਮੁੱਖ ਟਾਪੂ ਫੂਨਾਫੂਟੇ ਸੱਪ ਵਰਗਾ ਲੰਬਾ ਦੀਪ ਹੈ ਜਿਸ ਦੀ ਚੌੜਾਈ ਬਹੁਤ ਹੀ ਘੱਟ ਹੈ ਤੇ ਇਸ ਦੀ ਅੱਧੀ ਜਗ੍ਹਾ ‘ਤੇ ਤਾਂ ਸਿਰਫ ਏਅਰਪੋਰਟ ਹੀ ਬਣਿਆ ਹੋਇਆ ਹੈ।

ਦੁਨੀਆਂ ਵਿੱਚ ਕੋਲਾ, ਡੀਜ਼ਲ ਅਤੇ ਪੈਟਰੋਲ ਆਦਿ ਦੀ ਹੋ ਰਹੀ ਬੇਤਹਾਸ਼ਾ ਵਰਤੋਂ ਕਾਰਣ ਕਾਰਬਨ ਡਾਇਆਕਸਾਈਡ ਅਤੇ ਕਾਰਬਨ ਮੌਨੋਆਕਸਾਈਡ ਆਦਿ ਵਰਗੀਆਂ ਗਰੀਨ ਹਾਊਸ ਗੈਸਾਂ ਦਾ ਲੱਖਾਂ ਟਨ ਉਤਪਾਦਨ ਰੋਜ਼ਾਨਾ ਹੋ ਰਿਹਾ ਹੈ, ਜਿਸ ਕਾਰਣ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ ਹੈ। ਇਸ ਦੇ ਫਲਸਵਰੂਪ ਉੱਤਰੀ ਅਤੇ ਦੱਖਣੀ ਧਰੁਵ ਦੀ ਬਰਫ ਤੇਜੀ ਨਾਲ ਪਿਘਲ ਰਹੀ ਹੈ ਤੇ ਮਹਾਸਾਗਰਾਂ ਦਾ ਪੱਧਰ ਵਧ ਰਿਹਾ ਹੈ। ਟੁਵਾਲੂੂ ਦੀ ਇਹ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਉਹ ਅਜਿਹੇ ਖਿੱਤੇ ਵਿੱਚ ਸਥਿੱਤ ਹੈ ਜਿੱਥੇ ਸਮੁੰਦਰ ਦਾ ਤਲ ਬਾਕੀ ਸਾਰੀ ਦੁਨੀਆਂ ਨਾਲੋਂ ਤੇਜ਼ੀ ਨਾਲ ਵਧ ਰਿਹਾ ਹੈ। ਅਮਰੀਕੀ ਸਪੇਸ ਏਜੰਸੀ ਨਾਸਾ ਨੇ ਕਈ ਸਾਲਾਂ ਦੀ ਰਿਸਰਚ ਤੋਂ ਬਾਅਦ ਇੱਕ ਰਿਪੋਰਟ ਜਾਰੀ ਕੀਤੀ ਹੈ ਕਿ 2003 ਤੋਂ ਲੈ ਕੇ 2023 ਤੱਕ ਦੇ 30 ਸਾਲਾਂ ਵਿੱਚ ਟੁਵਾਲੂ ਨੇੜੇ ਸਮੁੰਦਰ ਦਾ ਪੱਧਰ 30 ਸੈਂਟੀਮੀਟਰ ਵੱਧ ਗਿਆ ਸੀ ਜੋ ਗਲੋਬਲ ਐਵਰੇਜ਼ ਤੋਂ 1.5 ਗੁਣਾ ਵੱਧ ਹੈ। ਨਾਸਾ ਨੇ ਆਪਣੀ ਰਿਪੋਰਟ ਵਿੱਚ ਇੰਕਸ਼ਾਫ ਕੀਤਾ ਹੈ ਕਿ 2050 ਤੱਕ ਟੁਵਾਲੂੂ ਦੁਆਲੇ ਪਾਣੀ 60 ਸੈਂਟੀਮੀਟਰ ਅਤੇ ਸੰਨ 2100 ਤੱਕ 1.60 ਮੀਟਰ ਉੱਚਾ ਹੋ ਜਾਵੇਗਾ। ਇਸ ਕਾਰਣ ਹੜ੍ਹਾਂ ਦੀ ਗਿਣਤੀ ਵੀ ਬੇਤਹਾਸ਼ਾ ਵਧ ਜਾਵੇਗੀ। ਹੁਣ ਇਥੇ ਇੱਕ ਸਾਲ ਵਿੱਚ ਸਿਰਫ ਪੰਜ ਛੇ ਵਾਰ ਪਾਣੀ ਚੜ੍ਹਦਾ ਹੈ ਪਰ 2050 ਤੱਕ 25–30 ਵਾਰ ਤੇ 2100 ਤੱਕ ਸਾਲ ਵਿੱਚ 100 ਤੋਂ ਵੱਧ ਵਾਰ ਹੜ੍ਹ ਆਉਣ ਲੱਗ ਪੈਣਗੇ। ਨਾਸਾ ਦਾ ਕਹਿਣਾ ਹੈ ਕਿ ਜੇ ਗਲੋਬਲ ਵਾਰਮਿੰਗ ਇਸੇ ਤਰਾਂ ਚੱਲਦੀ ਰਹੀ ਤਾਂ 2050 ਤੱਕ ਟੁਵਾਲੂ ਦਾ ਜਿਆਦਾਤਰ ਹਿੱਸਾ ਡੁੱਬ ਜਾਵੇਗਾ ਤੇ ਇਸ ਦਾ ਮੁੱਖ ਟਾਪੂ ਫੂਨਾਫੂਟੇ ਅੱਧਾ ਗਾਇਬ ਹੋ ਜਾਵੇਗਾ। ਸੰਨ 2100 ਤੱਕ ਸਾਰੀ ਖੇਡ ਖਤਮ ਹੋ ਜਾਵੇਗੀ ਤੇ 95% ਦੇਸ਼ ਪਾਣੀ ਹੇਠ ਡੁੱਬ ਜਾਵੇਗਾ।

ਜੇ ਭਾਰਤ ਜਾਂ ਕਿਸੇ ਹੋਰ ਵੱਡੇ ਦੇਸ਼ ਵਿੱਚ ਅਜਿਹੀ ਸਮੱਸਿਆ ਆਵੇ ਤਾਂ ਅਰਾਮ ਨਾਲ ਪੀੜਤਾਂ ਨੂੰ ਥੋੜ੍ਹੀ ਉੱਚੀ ਜਗ੍ਹਾ ‘ਤੇ ਵਸਾਇਆ ਜਾ ਸਕਦਾ ਹੈ। ਪਰ ਟੂਵਾਲੂ ਵਿਖੇ ਅਜਿਹਾ ਨਹੀਂ ਹੋ ਸਕਦਾ ਕਿਉਂਕਿ ਇਹ ਸਮਤਲ ਧਰਤੀ ਹੈ ਤੇ ਕੋਈ ਪਹਾੜ ਨਹੀਂ ਹੈ। ਇਸ ਦਾ ਇੱਕੋ ਇੱਕ ਹੱਲ ਹੈ ਕਿ ਇਨਸਾਨੀ ਦਖਲਅੰਦਾਜ਼ੀ ਨਾਲ ਇਸ ਦਾ ਭੂਗੋਲ ਡੁਬਈ ਵਾਂਗ ਬਦਲ ਦਿੱਤਾ ਜਾਵੇ ਜਿਸ ਨੇ ਸਮੁੰਦਰ ਵਿੱਚ ਭਰਤੀ ਪਾ ਕੇ ਪਾਮ ਅਤੇ ਵਰਲਡ ਟਾਪੂਆਂ ਵਰਗੇ ਅਜੂਬੇ ਤਿਆਰ ਕੀਤੇ ਹਨ। ਪਰ ਇਹ ਕੰਮ ਕਰਨ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਹੈ ਪੈਸਾ। ਜਿਵੇਂ ਉੱਪਰ ਦੱਸਿਆ ਗਿਆ ਕਿ ਇਸ ਦੀ ਕੁੱਲ ਅਬਾਦੀ ਕਰੀਬ 11000 ਹੈ ਤੇ ਇਸ ਕੋਲ ਡੁਬਈ ਵਰਗੇ ਪੈਟਰੋ ਡਾਲਰ ਨਹੀਂ ਹਨ। ਇਸ ਦੀ ਆਮਦਨ ਦਾ ਸਾਧਨ ਥੋੜ੍ਹੀ ਬਹੁਤੀ ਮਾਹੀਗਿਰੀ ਅਤੇ ਅਮੀਰ ਦੇਸ਼ਾਂ ਵੱਲੋਂ ਦਿੱਤੀ ਜਾ ਰਹੀ ਆਰਥਿਕ ਮਦਦ ਹੈ। ਸਭ ਤੋਂ ਵੱਧ ਆਰਥਿਕ ਮਦਦ ਇੰਗਲੈਂਡ (ਜਿਸ ਦੀ ਇਹ ਕਲੋਨੀ ਰਿਹਾ ਹੈ, ਅਜ਼ਾਦੀ 1 ਅਕਤੂਬਰ 1978), ਨਿਊਜ਼ੀਲੈਂਡ ਤੇ ਆਸਟ੍ਰੇਲੀਆ ਵੱਲੋਂ ਕੀਤੀ ਜਾ ਰਹੀ ਹੈ। ਗਰੀਬੀ ਦੇ ਬਾਵਜੂਦ ਵੀ ਟੁਵਾਲੂ ਦੇ ਲੋਕ ਸਮੁੰਦਰ ਕੋਲੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਟਾਪੂ ਜਵਾਲਾਮੁਖੀ ਫਟਣ ਨਾਲ ਬਣੇ ਸਨ ਜਿਸ ਕਾਰਣ ਇਨ੍ਹਾਂ ਦੇ ਆਲ ਦੁਆਲੇ ਸਮੁੰਦਰ ਕੋਈ ਬਹੁਤਾ ਡੂੰਘਾ ਨਹੀਂ ਹੈ। ਸਰਕਾਰ ਵੱਡੀਆਂ ਕਰੇਨਾਂ ਅਤੇ ਬੁਲਡੋਜ਼ਰਾਂ ਅਦਿ ਦੀ ਸਹਾਇਤਾ ਨਾਲ ਉਥੋਂ ਰੇਤ ਕੱਢ ਕੇ ਮੁੱਖ ਟਾਪੂ ਨੂੰ ਉੱਚਾ ਕਰ ਕੇ ਨਵੀਂ ਧਰਤੀ ਬਣਾ ਰਹੀ ਹੈ। 2024 ਤੱਕ ਕਰੀਬ 20–22 ਏਕੜ ਨਵੀਂ ਧਰਤੀ ਬਣ ਚੁੱਕੀ ਹੈ।

ਇਸ ਤੋਂ ਇਲਾਵਾ ਟੁਵਾਲੂ ਸਰਕਾਰ ਪਾਣੀ ਨੂੰ ਰੋਕਣ ਵਾਸਤੇ ਟਾਪੂ ਦੇ ਸਾਰੇ ਪਾਸੇ ਵੱਡੇ ਵੱਡੇ ਬੈਰੀਅਰ ਅਤੇ ਕੰਕਰੀਟ ਦੀਆਂ ਉੱਚੀਆਂ ਦੀਵਾਰਾਂ ਬਣਾ ਰਹੀ ਹੈ। ਹੁਣ ਤੱਕ 1400 ਮੀਟਰ ਦੇ ਕਰੀਬ ਬੈਰੀਅਰ ਤੇ 200 ਮੀਟਰ ਦੇ ਕਰੀਬ ਦੀਵਾਰ ਤਿਆਰ ਹੋ ਚੁੱਕੀ ਹੈ ਅਤੇ ਜਨਤਾ ਦਾ ਪੇਟ ਭਰਨ ਲਈ ਖਾਰੇ ਪਾਣੀ ਨੂੰ ਝੱਲ ਸਕਣ ਯੋਗ ਫਸਲਾਂ ਉਗਾਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਪਰਲੋ ਆਉਣ ਦੀ ਸਥਿੱਤੀ ਵਿੱਚ ਸਾਰੀ ਦੀ ਸਾਰੀ ਅਬਾਦੀ ਨੂੰ ਹੋਰ ਕਿਤੇ ਲਿਜਾਉਣ ਲਈ ਪਲਾਨ ਬੀ ‘ਤੇ ਵੀ ਕੰਮ ਹੋ ਰਿਹਾ ਹੈ। 2021 ਵਿੱਚ ਟੁਵਾਲੂ ਨੇ ਆਸਟ੍ਰੇਲੀਆ ਨਾਲ ਇੱਕ ਸੰਧੀ ਕੀਤੀ ਸੀ ਜਿਸ ਅਧੀਨ ਆਸਟ੍ਰੇਲੀਆ ਹਰ ਸਾਲ ਟੂਵਾਲੂ ਦੇ 280 ਲੋਕਾਂ ਨੂੰ ਆਪਣੀ ਨਾਗਰਿਕਤਾ ਦੇਵੇਗਾ। ਇਸ ਤਰਾਂ 40 ਸਾਲਾਂ ਵਿੱਚ ਟੁਵਾਲੂ ਦੀ ਸਾਰੀ ਅਬਾਦੀ ਆਸਟ੍ਰੇਲੀਆ ਸ਼ਿਫਟ ਹੋ ਜਾਵੇਗੀ। ਇਨ੍ਹਾਂ ਨੂੰ ਆਸਟ੍ਰੇਲੀਆ ਦੇ ਬਾਕੀ ਨਾਗਰਿਕਾਂ ਵਾਂਗ ਹਰ ਸਹੂਲਤ ਮਿਲੇਗੀ ਪਰ ਉਹ ਇਲੈੱਕਸ਼ਨ ਵਿੱਚ ਵੋਟ ਨਹੀਂ ਪਾ ਸਕਣਗੇ। ਉਨ੍ਹਾਂ ਦੇ ਆਸਟ੍ਰੇਲੀਆ ਵਿੱਚ ਪੈਦਾ ਹੋਣ ਵਾਲੇ ਬੱਚਿਆਂ ਕੋਲ ਇਹ ਅਧਿਕਾਰ ਹੋਵੇਗਾ। ਟੂਵਾਲੂ ਦੇ ਸਾਰੇ ਨਾਗਰਿਕਾਂ ਨੂੰ ਆਸਟ੍ਰੇਲੀਆ ਨੇ ਇੱਕ ਖਾਸ ਵੀਜ਼ਾ ਜਾਰੀ ਕਰ ਦਿੱਤਾ ਹੈ ਜਿਸ ਨੂੰ ਵਾਤਾਵਰਣ ਵੀਜ਼ੇ (ਕਲਾਈਮੇਟ ਵੀਜ਼ਾ) ਦਾ ਨਾਮ ਦਿੱਤਾ ਹੈ। ਅਜਿਹਾ ਵੀਜ਼ਾ ਸੰਸਾਰ ਵਿੱਚ ਪਹਿਲੀ ਵਾਰ ਜਾਰੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਜਿਵੇਂ ਸਾਡੇ ਬੱਚੇ ਪੜ੍ਹਾਈ ਲਈ ਕੈਨੇਡਾ ਜਾਂਦੇ ਹਨ, ਉਸੇ ਤਰਾਂ ਇਥੋਂ ਦੇ ਬੱਚੇ ਧੜਾ-ਧੜ ਨਿਊਜ਼ੀਲੈਂਡ ਤੇ ਆਸਟ੍ਰੇਲੀਆ ਜਾ ਰਹੇ ਹਨ। ਹਰ ਸਾਲ 4% ਦੇ ਕਰੀਬ ਅਬਾਦੀ ਇਨ੍ਹਾਂ ਦੇਸ਼ਾਂ ਵੱਲ ਪ੍ਰਵਾਸ ਕਰ ਰਹੀ ਹੈ। ਇਸ ਲਈ ਫਿਲਹਾਲ ਇਸ ਦੇਸ਼ ਦੀ ਅਬਾਦੀ ਨੂੰ ਕਿਸੇ ਤਰਾਂ ਦਾ ਜਾਨ-ਮਾਲ ਦਾ ਕੋਈ ਖਤਰਾ ਨਹੀਂ ਹੈ। ਪਰ ਗਲੋਬਲ ਵਾਰਮਿੰਗ ਸਿਰਫ ਟੁਵਾਲੂ ਨੂੰ ਹੀ ਨਹੀਂ ਬਲਕਿ ਸਾਰੇ ਸੰਸਾਰ ਨੂੰ ਪ੍ਰਭਾਵਿਤ ਕਰ ਰਹੀ ਹੈ। ਟੁਵਾਲੂ ਤੋਂ ਬਾਅਦ ਨਾਊਰੂ, ਕਿਰੀਬਾਟੀ, ਮਾਰਸ਼ਲ ਆਈਲੈਂਡਜ਼ ਆਦਿ ਵਾਰਗੇ ਟਾਪੂ ਦੇਸ਼ ਵੀ ਹਮੇਸ਼ਾਂ ਲਈ ਖਤਮ ਹੋਣ ਵਾਈ ਲਾਈਨ ਵਿੱਚ ਲੱਗੇ ਹੋਏ ਹਨ। ਸਿਤਮ ਦੀ ਗੱਲ ਇਹ ਹੈ ਕਿ ਇਨ੍ਹਾਂ ਛੋਟੇ-ਛੋਟੇ ਦੇਸ਼ਾਂ ਦਾ ਗਲੋਬਲ ਵਾਰਮਿੰਗ ਵਿੱਚ ਰੱਤੀ ਭਰ ਵੀ ਯੋਗਦਾਨ ਨਹੀਂ ਹੈ ਪਰ ਭਰਨਾ ਇਨ੍ਹਾਂ ਨੂੰ ਪੈ ਰਿਹਾ ਹੈ। ਗਲਤੀ ਅਮਰੀਕਾ, ਚੀਨ, ਰੂਸ, ਭਾਰਤ, ਜਰਮਨੀ, ਫਰਾਂਸ ਅਤੇ ਆਸਟ੍ਰੇਲੀਆ ਆਦਿ ਵਰਗੇ ਵੱਡੇ ਦੇਸ਼ਾਂ ਦੀ ਹੈ। ਇਕੱਲੇ ਜੀ 20 ਸੰਗਠਨ ਦੇ ਮੈਂਬਰ ਦੇਸ਼ ਸੰਸਾਰ ਦੀਆਂ ਗਰੀਨ ਹਾਊਸ ਗੈਸਾਂ ਦਾ 80% ਹਿੱਸਾ ਪੈਦਾ ਕਰਦੇ ਹਨ। 2023 ਵਿੱਚ ਯੂ.ਐਨ.ਉ. ਵੱਲੋਂ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਜਿਹੜੇ ਸ਼ਹਿਰਾਂ ਨੂੰ ਸਮੁੰਦਰਾਂ ਦੇ ਵਧ ਰਹੇ ਪੱਧਰ ਤੋਂ ਸਭ ਤੋਂ ਵੱਧ ਖਤਰਾ ਹੈ ਉਨ੍ਹਾਂ ਵਿੱਚ ਭਾਰਤ ਦੇ ਮੁੰਬਈ, ਚੇਨਈ ਅਤੇ ਕਲਕੱਤਾ ਸ਼ਹਿਰ ਵੀ ਸ਼ਾਮਲ ਹਨ। ਇਸ ਕੁਦਰਤੀ ਆਫਤ ਤੋਂ ਬਚਣ ਦਾ ਸਿਰਫ ਇੱਕ ਹੀ ਹੱਲ ਹੈ ਕਿ ਕੋਲਾ ਅਤੇ ਪੈਟਰੋਲੀਅਮ ਈਂਧਣਾਂ ਦੀ ਵਰਤੋਂ ਅੱਜ ਹੀ ਬਿਲਕੁਲ ਬੰਦ ਕਰ ਦਿੱਤੀ ਜਾਵੇ ਜੋ ਕਿ ਸੰਭਵ ਨਹੀਂ ਹੈ। ਜੇ ਗਲੋਬਲ ਵਾਰਮਿੰਗ ਇਸੇ ਤਰ੍ਹਾਂ ਵਧਦੀ ਰਹੀ ਤਾਂ ਹੋ ਸਕਦਾ ਹੈ 200–300 ਸਾਲਾਂ ਬਾਅਦ ਪੰਜਾਬ ਦਾ ਸ਼ਹਿਰ ਬਠਿੰਡਾ ਬੰਦਰਗਾਹ ਵਿੱਚ ਤਬਦੀਲ ਹੋ ਜਾਵੇ।

Related posts

Motorbike Crash Survivor Highlights Importance Of Protective Gear !

admin

Shining Lights Of Australia’s Early Childhood Sector Recognised !

admin

ਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !

admin