Articles Australia & New Zealand

ਆਪਣਾ ਦੇਸ਼ ਪਰਾਏ ਲੋਕ !

ਆਸਟ੍ਰੇਲੀਆ ਵਿੱਚ ਵੀ ਪ੍ਰਵਾਸੀਆਂ ਪ੍ਰਤੀ ਨੀਤੀਆਂ 'ਚ ਬਦਲਾਅ ਹੈ ਅਤੇ ਹਜ਼ਾਰਾਂ ਲੋਕ ਪ੍ਰਵਾਸੀਆਂ ਵਿਰੁੱਧ ਵਿਖਾਵੇ ਕਰ ਰਹੇ ਹਨ।
ਲੇਖਕ: ਗੁਰਮੀਤ ਸਿੰਘ ਪਲਾਹੀ

ਹਰ ਪਾਸੇ  ਪ੍ਰਵਾਸੀਆਂ ਲਈ ਸਰਹੱਦਾਂ ਉਤੇ ਰੋਕ ਲਾਈ ਜਾ ਰਹੀ ਹੈ। ਪ੍ਰਵਾਸ-ਕਾਨੂੰਨ ਸਖ਼ਤ ਹੋ ਰਹੇ ਹਨ। ਗ਼ੈਰ- ਨਾਗਰਿਕਾਂ ਨੂੰ ਦੇਸ਼ ‘ਚੋਂ ਬਾਹਰ ਕੱਢਣ ਦਾ ਦਬਾਅ ਵਧਦਾ ਜਾ ਰਿਹਾ ਹੈ। ਦੇਸ਼ਾਂ ਦੇ ਦੇਸ਼ ਪ੍ਰਵਾਸੀਆਂ ਵਿਰੁੱਧ ਉਬਾਲ ਵਿੱਚ ਹਨ। ਆਨੇ-ਬਹਾਨੇ ਪ੍ਰਵਾਸੀਆਂ ਵਿਰੁੱਧ ਨਫ਼ਰਤ ਵਧ ਰਹੀ ਹੈ। ਮਨੁੱਖ ਨੂੰ ਮਨੁੱਖ ਨਾ ਸਮਝਣਾ ਕਿੰਨਾ ਘਾਤਕ ਹੈ!

ਯੂਰਪ ਵਿੱਚ ਕੱਟੜਪੰਥੀ ਦਲ  ਸਿਆਸਤ ਵਿੱਚ ਜ਼ੋਰ ਫੜਦੇ ਜਾ ਰਹੇ ਹਨ। 2024 ‘ਚ ਫਰਾਂਸ ‘ਚ ਨੈਸ਼ਨਲ ਪਾਰਟੀ ਅਤੇ ਜਰਮਨੀ ਵਿੱਚ ਕੱਟੜਪੰਥੀ “ਆਊ” ਜਿਹੇ ਬਣੇ ਸਿਆਸੀ ਦਲ ਚੋਣਾਂ ‘ਚ ਇੱਕ ਤਿਹਾਈ ਸੀਟਾਂ ਜਿੱਤ ਗਏ। ਇਹ ਸਿਆਸੀ ਦਲ ਬਿਆਨਬਾਜੀ ਕਰਦੇ ਹਨ। ਪ੍ਰਵਾਸ ਨੂੰ ਅਪਰਾਧ ਗਿਣਦੇ ਹਨ।

ਆਸਟਰੀਆ ਦੀ ਫਰੀਡਮ ਪਾਰਟੀ 30 ਫ਼ੀਸਦੀ ਵੋਟਾਂ ਲੈ ਗਈ। ਯੂਰਪ ਦੇ ਦੇਸ਼ਾਂ ਫਰਾਂਸ, ਇਟਲੀ, ਜਰਮਨੀ ‘ਚ ਫ਼ਾਸ਼ੀਵਾਦੀ ਵਿਚਾਰਾਂ ਵਾਲੇ ਲੋਕਾਂ  ਦਾ ਬੋਲਬਾਲਾ ਵਧਿਆ ਹੈ, ਜਿਹੜੇ ਪ੍ਰਵਾਸੀਆਂ ਵਿਰੁੱਧ ਇੱਕ ਲਹਿਰ ਖੜੀ ਕਰਨ ‘ਚ ਕਾਮਯਾਬੀ ਹਾਸਲ ਕਰ ਰਹੇ ਹਨ। ਕੀ ਇਹ ਨਫ਼ਰਤੀ ਵਰਤਾਰਾ ਮਨੁੱਖਤਾ ਖਿਲਾਫ਼ ਵੱਡੀ ਜੰਗ ਨਹੀਂ ਹੈ? ਪ੍ਰਮਾਣੂ ਜੰਗ ਤੋਂ ਵੀ ਵੱਡੀ।

ਕੈਨੇਡਾ ਜਿਹੜਾ ਲੰਮੇਂ ਸਮੇਂ ਤੱਕ ਪ੍ਰਵਾਸੀਆਂ ਨੂੰ ਆਪਣੀ ਹਿੱਕ ਨਾਲ ਲਾਉਂਦਾ ਰਿਹਾ ਹੈ। ਉਸਨੂੰ ਉਥੇ ਵੱਡੇ ਤਣਾਅ ਦਾ ਸਹਾਮਣਾ ਕਰਨਾ ਪਿਆ ਹੈ। ਕੈਨੇਡਾ ਦੇ ਕਨਜ਼ਰਵੇਟਿਵ ਨੇਤਾ ਪਿਅਰੇ ਪਾਈਲਿਵਰੇ ਨੇ ਪ੍ਰਵਾਸੀਆਂ ਨੂੰ ਕੈਨੇਡਾ ‘ਚ ਵਧ ਰਹੀਆਂ ਨੌਕਰੀਆਂ ‘ਚ  ਸਮੱਸਿਆਵਾਂ  ਲਈ ਜ਼ੁੰਮੇਵਾਰ ਕਰਾਰ ਦਿੱਤਾ। ਕੈਨੇਡਾ ‘ਚ ਇੰਮੀਗਰੇਸ਼ਨ ਕਾਨੂੰਨ ‘ਚ ਸਖ਼ਤੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਕੈਨੇਡਾ ਐਡਾ ਵੱਡਾ ਦੇਸ਼ ਹੈ, ਜਿਥੇ ਅਥਾਹ ਪ੍ਰਵਾਸੀ ਸਮਾਅ ਸਕਦੇ ਹਨ, ਚੰਗਾ ਗੁਜ਼ਰ-ਵਸਰ ਕਰ ਸਕਦੇ ਹਨ।

ਆਸਟ੍ਰੇਲੀਆ ਵਿੱਚ ਵੀ ਪ੍ਰਵਾਸੀਆਂ ਪ੍ਰਤੀ ਨੀਤੀਆਂ ‘ਚ ਬਦਲਾਅ ਹੈ ਅਤੇ ਹਜ਼ਾਰਾਂ ਲੋਕ ਪ੍ਰਵਾਸੀਆਂ ਵਿਰੁੱਧ ਵਿਖਾਵੇ ਕਰਨ ਲਈ ਅੱਗੇ ਆਏ ਹਨ, ਪ੍ਰਦਰਸ਼ਨ ਹੋ ਰਹੇ ਹਨ। ‘ਨਓ-ਨਾਜੀ’ ਨਾਲ ਜੁੜੇ ਵੱਡੇ ਪ੍ਰਦਰਸ਼ਨ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਕੀਤੇ ਗਏ। ਅਮਰੀਕਾ ‘ਚ ਟਰੰਪ  ਦੀ ਜਿੱਤ ਨੇ ਪ੍ਰਵਾਸੀਆਂ ਵਿਰੁੱਧ ਮਿੱਥ ਕੇ ਜਿਸ ਢੰਗ ਨਾਲ ‘ਰਾਸ਼ਟਰਵਾਦ’ ਦੇ ਨਾਂਅ ਉਤੇ ਨਫ਼ਰਤੀ ਵਰਤਾਰਾ ਸਿਰਜਿਆ ਹੈ, ਉਸ ਦਾ ਦੁਨੀਆਂ ਭਰ ‘ਚ ਖ਼ਾਸ ਕਰਕੇ ਯੂਰਪ ‘ਚ ਪ੍ਰਭਾਵ  ਪ੍ਰਤੱਖ ਦਿੱਖ ਰਿਹਾ ਹੈ। ਕੀ ਇਹ ਭਰਾਤਰੀਭਾਵ ਉਤੇ ਵੱਡੀ ਸੱਟ ਨਹੀਂ ਹੈ?

ਦੁਨੀਆ ਭਰ ਵਿੱਚ ਪ੍ਰਵਾਸੀਆਂ ਵਿਰੁੱਧ ਅੰਦੋਲਨਾਂ ‘ਚ ਵਾਧਾ ਵੇਖਿਆ ਜਾ ਰਿਹਾ ਹੈ। ਇਹ ਅੰਦੋਲਨ ਹਾਸ਼ੀਏ ‘ਚ ਨਹੀਂ ਸਗੋਂ ਮੁੱਖ ਧਾਰਾ ਬਣਦਾ ਜਾ ਰਿਹਾ ਹੈ। ਜਿਸ ਨਾਲ ਸਿਆਸੀ ਨੇਤਾਵਾਂ, ਰਾਸ਼ਟਰਵਾਦੀ ਪਾਰਟੀਆਂ ਅਤੇ ਇਥੋਂ ਤੱਕ ਕਿ ਐਲਨ ਮਸਕ ਜਿਹੇ ਵਿਸ਼ਵ ਪ੍ਰਸਿੱਧੀ ਪ੍ਰਾਪਤ ਪ੍ਰਭਾਵਸ਼ਾਲੀ ਲੋਕਾਂ ਦੀ ਚੜ੍ਹਤ ਹੋਈ ਹੈ।

ਡੋਨਲਡ ਟਰੰਪ ਦੇ ਸੱਜੇ ਹੱਥ ਕੱਟੜਪੰਥੀ  “ਕਿਰਕ” ਦੇ ਕਤਲ ਨੇ ਅੱਗ ‘ਚ ਘਿਓ ਪਾਉਣ ਦਾ ਕੰਮ ਕੀਤਾ। ਜਿਸਦਾ ਸਿੱਟਾ ਬਰਤਾਨੀਆਂ ‘ਚ ਦਿਖਿਆ। ਉਥੇ ਡੇਢ ਲੱਖ ਲੋਕ ਪ੍ਰਵਾਸੀ ਨੀਤੀਆਂ ਅਤੇ ਪ੍ਰਵਾਸੀਆਂ ਦੇ ਵਿਰੁੱਧ ਲੰਦਨ ‘ਚ ਸੜਕਾਂ ‘ਤੇ ਉਤਰ ਆਏ। ਐਲਨ ਮਸਕ ਦਾ ਇਹ ਬਿਆਨ ਕਿ ਪ੍ਰਵਾਸੀਆਂ ਨੂੰ ਸ਼ਰਨ ਦੇਣਾ ਦੇਸ਼ ਧਰੋਹ ਕਾਰਵਾਈ ਹੈ, ਨਾਲ ਇਹ ਰਾਸ਼ਟਰਵਾਦੀ ਨੇਤਾ ਮਜ਼ਬੂਤ ਹੋ ਰਹੇ ਹਨ। ਕੀ ਇਸ ਨਾਲ ਹਿਟਲਰੀ ਸੋਚ ਵਾਲੇ ਲੋਕਾਂ ਦਾ ਦਬਾਅ ਨਹੀਂ ਵਧੇਗਾ?

20 ਵੀਂ ਸਦੀ ‘ਚ ਇੱਕ ਨਾਹਰਾ ਗੂੰਜਿਆ ਸੀ। ਵਿਸ਼ਵ ਨਾਗਰਿਕਤਾ ਨੂੰ ਹੁਲਾਰਾ ਮਿਲਿਆ ਸੀ। “ਵਿਸ਼ਵਵਾਦ” ਸੁਰਖੀਆਂ ‘ਚ ਆਇਆ ਸੀ। ਪਰ  ਹੁਣ ਇਸੇ ਨਾਹਰੇ ਨੂੰ, ਜੋ ਮਨੁੱਖਤਾ ਦੇ ਹਿੱਤ ਵਾਲਾ ਵੱਡਾ ਕਾਰਜ ਸੀ, ਨੂੰ ਪੈਰਾਂ ਹੇਠ ਮਿੱਧਣ ਲਈ ਕੱਟੜਪੰਥੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ। ਇਸ ਨਾਹਰੇ ਦੇ ਅਸਲ ਮਨੁੱਖਵਾਦੀ ਤੱਤਾਂ ਨੂੰ ਖ਼ਾਰਜ ਕਰਕੇ “ਆਪਣਾ ਦੇਸ਼ ਪਰਾਏ ਲੋਕ” ਦਾ ਨਾਹਰਾ ਹਰਮਨ ਪਿਆਰਾ ਕੀਤਾ ਜਾ ਰਿਹਾ ਹੈ ਅਤੇ ਇਸ ਦਾ ਨਾਹਰੇ ਦੇ ਤਹਿਤ “ਪ੍ਰਵਾਸੀਆਂ ਨੂੰ ਦੇਸ਼ ‘ਚੋਂ ਕੱਢੋ”, “ਸੂਬਿਆਂ ‘ਚੋਂ ਕੱਢੋ” ਦਾ ਨਾਹਰਾ ਅੰਦੋਲਨ ਬੁਲੰਦ ਹੋ ਰਿਹਾ ਹੈ।

ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪ ਦੇ ਦੇਸ਼ਾਂ ਵਿੱਚ ਧਰੁਵੀਕਰਨ, ਪ੍ਰਵਾਸ-ਵਿਰੋਧੀ ਭਾਵਨਾ ਤਿੱਖੇ ਟਕਰਾਅ ‘ਚ ਪ੍ਰਫੁੱਲਤ ਹੋ ਰਹੀ ਹੈ। ਭਾਵੇਂ ਪੱਛਮ ਵਿੱਚ ਸਮਾਜਿਕ ਸਮੂਹਾਂ ਵਿੱਚ ਵੱਡੇ ਪੈਮਾਨੇ ‘ਤੇ ਹਿੰਸਕ ਟਕਰਾਅ ਨਹੀਂ ਹੈ। ਲੇਕਿਨ ਧਰੁਵੀਕਰਨ ‘ਚ ਬਿਆਨਬਾਜੀ-ਯੁੱਧ ਸਿਖ਼ਰਾਂ ‘ਤੇ ਪੁੱਜਾ ਹੈ। ਇਹ ਵਿਸ਼ਵ ਨਾਗਰਿਕਾਂ ਦੇ ਹਿਮੈਤੀਆਂ ਦੇ ਵਿਰੁੱਧ ਹਥਿਆਰ ਚੁੱਕਣ ਦਾ ਨਾਹਰਾ ਬੁਲੰਦ ਕਰਦੇ ਹਨ ਅਤੇ ਪ੍ਰਵਾਸੀਆਂ ‘ਚ ਡਰ ਪੈਦਾ ਕਰਨ ਲਈ ਹਰ ਉਹ ਕਾਰਵਾਈ ਕਰਨ ਦੇ ਹਾਮੀ ਹਨ, ਜਿਸ ਨਾਲ ਦੇਸ਼ ਵਿੱਚ ਗ੍ਰਹਿ-ਯੁੱਧ ਜਿਹੇ ਹਾਲਾਤ ਪੈਦਾ ਹੋਣ।

ਪ੍ਰਵਾਸ ਵਿਰੋਧੀ ਇਹ ਕੱਟੜਪੰਥੀ, ਸਰਕਾਰੀ ਪ੍ਰਵਾਸ ਨੀਤੀਆਂ ਅਤੇ ਪ੍ਰਵਾਸੀਆਂ ਪ੍ਰਤੀ ਗੁੱਸੇ ਅਤੇ ਨਫ਼ਰਤ ਵਾਲੀ ਭਾਸ਼ਾ ਵਰਤਦੇ  ਹਨ। ਉਹਨਾ ਵਿਰੁੱਧ ਹਥਿਆਰ ਚੁੱਕਣ ਦਾ ਹੋਕਾ ਦਿੰਦੇ ਹਨ ਅਤੇ ਟਰੰਪ ਜਿਹੇ ਨੇਤਾਵਾਂ ਦੇ ਹੱਥ ਮਜ਼ਬੂਤ ਕਰਦੇ ਹਨ, ਜਿਸਨੇ ਅੰਤਰਰਾਸ਼ਟਰੀ  ਸੰਸਥਾਵਾਂ ਯੂ.ਐੱਸ.ਏ.ਆਈ.ਡੀ. ਆਦਿ ਜਿਹੀਆਂ ਸੰਸਥਾਵਾਂ ਨੂੰ ਖ਼ਤਮ ਕਰ ਦਿੱਤਾ, ਜਿਹੜਾ ਇਸ ਗੱਲ ਦਾ ਮੁਦੱਈ ਹੈ ਕਿ ਅੰਤਰਰਾਸ਼ਟਰੀ ਪੱਧਰ ‘ਤੇ ਜਿਹੜੀਆਂ ਸੰਸਥਾਵਾਂ ਨੂੰ ਪੈਸੇ ਦਿੱਤੇ ਜਾਂਦੇ ਹਨ, ਉਹ ਦੇਸ਼ ਦੇ ਟੈਕਸ ਦੇਣ ਵਾਲੇ ਲੋਕਾਂ ਦੇ ਹਨ।  ਇਹ ਪੈਸੇ ਦੀ ਨਜਾਇਜ਼ ਵਰਤੋਂ ਹੈ। ਉਹਨਾ ਨੂੰ ‘ਅਮਰੀਕਾ ਫਸਟ’ ਜਾਂ ‘ਯੂਨਾਇਟ ਦਾ ਕਿੰਗਡਮ’ ਜਿਹੇ ਨਾਹਰੇ ਪਸੰਦ ਹਨ, ਜਿਹੜੇ ਰਾਸ਼ਟਰਵਾਦ ਨੂੰ ਉਤਸ਼ਾਹਤ ਕਰਦੇ ਹਨ ਅਤੇ ਅੰਤਰਰਾਸ਼ਟਰੀ ਮੁਲਾਂ ਤੇ ਮਨੁੱਖਤਾਵਾਦੀ ਕਦਰਾਂ-ਕੀਮਤਾਂ ਨੂੰ ਨਕਾਰਦੇ ਹਨ।

ਖੁੱਲ੍ਹੇ ਵਿਚਾਰਾਂ ਵਾਲੇ ਉਦਾਰਵਾਦੀ ਸਾਸ਼ਕ ਖੁੱਲ੍ਹੀਆਂ ਸਰਹੱਦਾਂ ਦੇ ਹਿਮਾਇਤੀ ਹਨ। ਉਹ ਸਸਤੀ ਲੇਬਰ ਨੂੰ ਪੂੰਜੀਵਾਦੀ ਹਿੱਤਾਂ ਦੀ ਪੂਰਤੀ ਦੇ ਪਾਲਕ ਮੰਨਦੇ ਹਨ। ਉਹ  ਵੱਡੇ ਪੈਮਾਨੇ ‘ਤੇ ਪ੍ਰਵਾਸੀਆਂ  ਦੇ ਹੱਕ ‘ਚ ਖੜਦੇ ਹਨ, ਕਿਉਂਕਿ ਉਹ ਘੱਟ ਵੇਤਨ ਲਈ ਪ੍ਰਵਾਸੀਆਂ ਦੀ ਵਰਤੋਂ ਕਰਦੇ ਹਨ ਭਾਵੇਂ ਕਿ ਬਹੁਤੇ ਥਾਵਾਂ ‘ਤੇ ਇਹ ਸਿਧਾਂਤ ਸਮਾਜਿਕ ਏਕਤਾ ਨੂੰ ਖ਼ਤਮ ਕਰਦਾ ਹੈ।

ਇਸਦੇ ਉਲਟ ਕੱਟੜਪੰਥੀ ਰਾਸ਼ਟਰਵਾਦੀ ਇਹ ਦੋਸ਼ ਲਗਾਉਂਦੇ  ਹਨ ਕਿ ਸਥਾਨਕ ਅਬਾਦੀ ਦੀ ਥਾਂ ਪ੍ਰਦੇਸੀਆਂ ਨੂੰ ਲਿਆਉਣਾ ਉਥੋਂ ਦੇ ਵਾਸਨੀਕਾਂ ਦੇ ਹਿੱਤਾਂ ਦੇ ਉਲਟ ਹੈ। ਉਹ ਇਹ ਵੀ ਕਹਿੰਦੇ ਹਨ ਕਿ ਇਹ ਜਾਣ ਬੁੱਝਕੇ ਕੀਤਾ ਜਾ ਰਿਹਾ ਹੈ ਅਤੇ ਦੇਸੀ ਲੋਕਾਂ ਦੀਆਂ ਨੌਕਰੀਆਂ ਨੂੰ ਖੋਰਾ ਲਾਕੇ ਆਊਟ ਸੋਰਸ ਰਾਹੀਂ ਭਰਿਆ ਜਾ ਰਿਹਾ ਹੈ। ਜਿਸ ਨਾਲ ਸਥਾਨਕ ਲੋਕਾਂ ਦੇ ਮਨਾਂ ‘ਚ ਗੁੱਸਾ ਹੈ। ਉਹ ਇਸ ਗੁੱਸੇ ਦੀ ਵਰਤੋਂ ਆਪਣੇ ਹਿੱਤ ਲਈ ਕਰਦੇ ਹਨ।

ਦੇਸ਼ ਭਾਰਤ ਦੇ ਕਿਰਤੀ-ਕਾਮਿਆਂ, ਪੇਸ਼ੇਵਰਾਂ ਨੂੰ 1960 ਦੇ ਦਹਾਕੇ ‘ਚ ਖੁਲ੍ਹੀ ਅਵਾਸ ਨੀਤੀ ਦਾ ਫ਼ਾਇਦਾ ਹੋਇਆ। ਜਿਸ ਨਾਲ ਭਾਰਤੀ ਪੇਸ਼ੇਵਰ ਅਤੇ ਕਾਮੇ ਵੱਡੀ ਸੰਖਿਆ ‘ਚ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਹੋਰ ਦੇਸ਼ਾਂ ‘ਚ ਜਾਕੇ ਰੋਟੀ ਕਮਾਉਣ ਲੱਗੇ। ਇਹ ਵਰਤਾਰਾ ਲਗਾਤਾਰ ਜਾਰੀ ਰਿਹਾ। ਪਰ ਹੁਣ ਭਾਰਤ ਅਤੇ ਉਸਦੇ ਪ੍ਰਵਾਸੀਆਂ ਦੇ ਖਿਲਾਫ਼ ਇਕ ਮੁਹਿੰਮ ਵਿੱਢੀ ਜਾ ਚੁੱਕੀ ਹੈ, ਜੋ ਲਗਾਤਾਰ  ਵੱਧ ਰਹੀ ਹੈ। ਇਹ ਵਰਤਾਰਾ ਭਾਰਤ ਲਈ ਨੁਕਸਾਨਦਾਇਕ ਹੈ, ਕਿਉਂਕਿ ਭਾਰਤ ਪਹਿਲਾਂ ਹੀ ਬੇਰੁਜ਼ਗਾਰੀ ਨਾਲ ਭੰਨਿਆ ਪਿਆ ਹੈ, ਜੋ ਪ੍ਰਵਾਸੀਆਂ ਦੀ ਵਾਪਸੀ ਦਾ ਦਬਾਅ ਸਹਿ ਨਹੀਂ ਸਕਦਾ।

ਪ੍ਰਵਾਸ ਦੁਨੀਆਂ ‘ਚ ਨਵਾਂ ਵਰਤਾਰਾ ਨਹੀਂ ਹੈ, ਇੱਕ ਥਾਂ ਤੋਂ ਦੂਜੇ ਥਾਂ ਜਾਣਾ ਮਨੁੱਖ ਦੀ ਪ੍ਰਵਿਰਤੀ ਰਹੀ ਹੈ। ਜੰਗਲਾਂ ਤੋਂ ਬਾਹਰ ਨਿਕਲਣਾ, ਬਸਤੀਆਂ ਵਸਾਉਣਾ ਤੇ ਉਥੇ ਸਮੂਹਿਕ ਤੌਰ ‘ਤੇ ਰਹਿਣਾ ਮਨੁੱਖ ਦੀ ਪ੍ਰਵਿਰਤੀ  ਰਹੀ ਹੈ। ਉਹ ਲਗਾਤਾਰ ਸਥਾਨ ਬਦਲਦਾ ਰਿਹਾ ਹੈ।

ਪ੍ਰਵਾਸ ਕਿਸੇ ਵਿਅਕਤੀ ਵਲੋਂ ਆਪਣੀ ਭੂਗੋਲਿਕ ਇਕਾਈ ਨੂੰ ਛੱਡ ਦੇਣ ਨੂੰ ਕਹਿੰਦੇ ਹਨ, ਜਿਸਦਾ ਉਹ ਮੂਲ ਨਿਵਾਸੀ ਹੁੰਦਾ ਹੈ। ਜੇਕਰ ਕੋਈ ਵਿਅਕਤੀ ਭਾਰਤ ਛੱਡਕੇ ਬਰਤਾਨੀਆ ਚਲਾ ਜਾਵੇ ਅਤੇ ਉਥੇ ਦਾ ਨਾਗਰਿਕ ਬਣ ਜਾਏ ਤਾਂ ਉਹ ਬਰਤਾਨੀਆ ਦਾ ਪ੍ਰਵਾਸੀ ਕਹਾਏਗਾ। ਸਾਲ 1970 ਦੇ ਦਹਾਕੇ ‘ਚ ਬਹੁਤ ਲੋਕ ਪੂਰਬੀ ਜਰਮਨੀ ਛੱਡਕੇ ਪੱਛਮ ਜਰਮਨੀ ‘ਚ ਜਾਣਾ ਚਾਹੁੰਦੇ ਸਨ ਅਤੇ ਉਹਨਾ ਨੂੰ ਜ਼ਬਰਦਸਤੀ ਰੋਕਣ ਲਈ ਬਰਲਿਨ ਦੀ ਦੀਵਾਰ ਖੜੀ ਕਰ ਦਿੱਤੀ ਗਈ। ਉਂਜ ਹਰ ਦੇਸ਼ ਨੇ ਪ੍ਰਵਾਸੀਆਂ ਨੂੰ ਰੋਕਣ ਲਈ ਕਾਨੂੰਨ ਬਣਾਇਆ ਹੋਇਆ ਹੈ, ਭਾਰਤ ‘ਚ ਇੰਮੀਗਰੇਸ਼ਨ ਅਤੇ ਫਾਰਨਰ ਐਕਟ-2025 ਸਤੰਬਰ 2025 ਤੋਂ ਲਾਗੂ ਕੀਤਾ ਗਿਆ, ਜੋ ਪਹਿਲੇ ਇੰਮੀਗਰੇਸ਼ਨ  ਕਾਨੂੰਨਾਂ ਦੀ ਥਾਂ ਲਵੇਗਾ।

ਭਾਰਤ ‘ਚ 1991 ਦੇ ਆਰਥਿਕ ਸੁਧਾਰਾਂ ਦੇ ਬਾਅਦ ਅੰਦਰੂਨੀ ਅਤੇ ਵਿਸ਼ਵੀ ਪ੍ਰਵਾਸ ‘ਚ ਵਾਧਾ ਵੇਖਿਆ ਗਿਆ ਹੈ, ਜਿਸ ਨਾਲ ਸ਼ਹਿਰੀਕਰਨ ਅਤੇ ਪ੍ਰਵਾਸ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਭਾਰਤ ਦਾ ਪ੍ਰਵਾਸੀ ਇਤਿਹਾਸ ਵੱਡਾ ਹੈ, ਜਿਸ ਨਾਲ ਭਾਰਤੀ ਭਾਸ਼ਾਵਾਂ ਅਤੇ ਸਭਿਆਚਾਰ ਉਤੇ ਵੱਡੇ ਅਸਰ ਪਏ।  ਇਥੇ ਹਮਲਾਵਰ ਆਏ ਅਤੇ ਵਸ ਗਏ। ਮੌਜੂਦਾ ਦੌਰ ‘ਚ ਭਾਰਤ ਅੰਤਰਰਾਸ਼ਟਰੀ ਪ੍ਰਵਾਸੀਆਂ ਦਾ ਸਭ ਤੋਂ  ਵੱਡਾ ਸਰੋਤ  ਹੈ।

ਪਿਛਲੇ ਦਹਾਕਿਆਂ ਭਾਰਤ ‘ਚ ਕਰੋੜਾਂ ਦੀ ਗਿਣਤੀ ‘ਚ ਲੋਕ ਪ੍ਰਵਾਸ ਕਰ ਚੁੱਕੇ ਹਨ ਅਤੇ ਲਗਭਗ ਅੱਧੀ ਤੋਂ ਵੱਧ ਦੁਨੀਆ  ਦੇ ਦੇਸ਼ਾਂ ‘ਚ ਇਥੋਂ ਦੇ ਵਸਨੀਕ ਵਸ ਚੁੱਕੇ ਹਨ। ਅੰਦਰੂਨੀ ਪ੍ਰਵਾਸ ਨੂੰ ਵਾਚੀਏ ਤਾਂ ਜਿਹੜੇ ਸੂਬੇ ਆਰਥਿਕ ਤੌਰ ‘ਤੇ ਮਜ਼ਬੂਤ ਹਨ, ਖ਼ਾਸ ਤੌਰ ‘ਤੇ  ਖੇਤੀ ਪ੍ਰਧਾਨ ਜਾਂ ਉਦਯੋਗ ਨਾਲ ਭਰੇ ਪਏ ਹਨ, ਉਥੇ ਦੂਜੇ ਸੂਬਿਆਂ ਦੇ ਲੋਕ ਆਉਂਦੇ ਹਨ।  ਪ੍ਰਵਾਸ ਹੁੰਦਾ ਹੈ। ਸਥਾਨਕ ਵਸੋਂ ਨਾਲ ਪ੍ਰਵਾਸੀਆਂ ਦਾ ਇੱਟ-ਖੜਿਕਾ ਚੱਲਦਾ ਹੈ। ਮਹਾਂਰਾਸ਼ਟਰ  ਅਤੇ ਪੰਜਾਬ ਇਸਦੀ ਉਦਾਹਰਨ ਹੈ। ਜਿਥੇ ਪ੍ਰਵਾਸੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ, ਜੋ ਇਥੋਂ ਦੇ ਅਰਥਚਾਰੇ ਦੀ ਵੱਡੀ ਲੋੜ ਬਣ ਚੁੱਕੇ ਹਨ। ਪਰ ਸਥਾਨਕ ਲੇਬਰ ਦੇ ਮੁਕਾਬਲੇ ਪ੍ਰਵਾਸੀਆਂ ਦੀ  ਸਸਤੀ ਲੇਬਰ ਮਿਲਣ ਕਾਰਨ , ਆਪਸੀ ਵਿਰੋਧ ਵਧਦਾ ਵੇਖਿਆ ਜਾ ਰਿਹਾ ਹੈ।

ਪਰ ਦੁਖਾਂਤ ਇਹ ਹੈ ਕਿ ਮਨੁੱਖ ਜਿਸ ਦੇਸ਼ ਨੂੰ ਆਪਣਾ ਨਵਾਂ ਦੇਸ਼ ਮੰਨਕੇ ਉਥੋਂ ਦੀ ਤਰੱਕੀ ਲਈ ਕੰਮ ਕਰਦਾ ਹੈ, ਉਹੋ ਦੇਸ਼ ਉਸ ਲਈ ਪਰਾਇਆ ਬਣਾਇਆ ਜਾ ਰਿਹਾ ਹੈ।  ਬੀਮਾਰ ਸੋਚ ਵਾਲੇ ਲੋਕ ਨਫ਼ਰਤੀ ਵਰਤਾਰਾ ਵਧਾ ਰਹੇ ਹਨ ਅਤੇ ਜਿਸ ਨਾਲ ਲੱਖਾਂ ਨਹੀਂ ਕਰੋੜਾਂ ਲੋਕ ਇਹ ਦੁਖਾਂਤ  ਝੱਲ ਰਹੇ ਹਨ। “ਟਰੰਪੀ ਸੋਚ” ਨੇ ਵਿਸ਼ਵ ਭਰ ‘ਚ ਪ੍ਰਵਾਸੀਆਂ ਦੇ ਦੁੱਖਾਂ ‘ਚ ਵਾਧਾ ਕੀਤਾ ਹੈ ਅਤੇ ਉਹਨਾ ਨੂੰ ਪਰਾਏਪਨ ਦਾ ਅਹਿਸਾਸ ਕਰਵਾਇਆ ਹੈ।

Related posts

Motorbike Crash Survivor Highlights Importance Of Protective Gear !

admin

Shining Lights Of Australia’s Early Childhood Sector Recognised !

admin

ਹਿੰਦੀ ਫਿਲਮਾਂ ਦੀ ਹੀਰੋਇਨ ਅਤੇ ਸਾਊਥ ਸੁਪਰਸਟਾਰ ਦੇ ਵਿਆਹ ਦੀਆਂ ਤਿਆਰੀਆਂ !

admin