ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਭਾਰਤ ਦੇ ਸਿਹਤ ਮੰਤਰਾਲੇ ਨੇ ਭਾਰਤ ਦੀ ਪਹਿਲੀ ‘ਮੈਂਟਲ ਹੈਲਥ ਅੰਬੈਸਡਰ’ ਵਜੋਂ ਚੁਣਿਆ ਹੈ। ਬਾਲੀਵੁੱਡ ਸੁਪਰਸਟਾਰ ਦੀਪਿਕਾ ਪਾਦੂਕੋਣ ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਭਾਰਤ ਦੀ ਪਹਿਲੀ ‘ਮਾਨਸਿਕ ਸਿਹਤ ਰਾਜਦੂਤ’ ਨਿਯੁਕਤ ਕੀਤਾ ਗਿਆ ਹੈ। ਇਹ ਇੱਕ ਇਤਿਹਾਸਕ ਕਦਮ ਹੈ, ਜਿਸਨੂੰ ਸਮਾਜ ਵਿੱਚ ਮਾਨਸਿਕ ਸਿਹਤ ਬਾਰੇ ਜਾਗਰੂਕਤਾ ਵਧਾਉਣ ਅਤੇ ਇਸ ਮੁੱਦੇ ਨੂੰ ਜਨਤਕ ਸਿਹਤ ਦਾ ਇੱਕ ਮਹੱਤਵਪੂਰਨ ਹਿੱਸਾ ਬਣਾਉਣ ਵਿੱਚ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਵਿਸ਼ਵ ਮਾਨਸਿਕ ਸਿਹਤ ਦਿਵਸ ਦੇ ਮੌਕੇ ‘ਤੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਦੇਸ਼ ਭਰ ਦੇ ਨਾਗਰਿਕਾਂ ਲਈ ਇੱਕ ਵੱਡੀ ਪਹਿਲਕਦਮੀ ਸ਼ੁਰੂ ਕਰਦਿਆਂ ਰਾਜਧਾਨੀ ਦਿੱਲੀ ਵਿੱਚ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਵਿੱਚ “ਟੈਲੀ-ਮਾਨਸ” ਐਪ ਨੂੰ ਨਵਾਂ ਰੂਪ ਦਿੱਤਾ ਹੈ। ਇਸ ਐਪ ਨੂੰ ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚ ਵਧਾਉਣ ਅਤੇ ਸੰਕਟ ਦੇ ਸਮੇਂ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਸ ਮੌਕੇ ‘ਤੇ ਭਾਰਤ ਦੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਡਾ ਨੇ ਕਿਹਾ ਕਿ, “ਦੀਪਿਕਾ ਪਾਦੂਕੋਣ ਨਾਲ ਇਹ ਸਾਂਝੇਦਾਰੀ ਭਾਰਤ ਵਿੱਚ ਮਾਨਸਿਕ ਸਿਹਤ ਬਾਰੇ ਜਨਤਕ ਚਰਚਾ ਨੂੰ ਉਤਸ਼ਾਹਿਤ ਕਰੇਗੀ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਵਿੱਚ ਮਦਦ ਕਰੇਗੀ। ਇਹ ਪਹਿਲ ਮਾਨਸਿਕ ਸਿਹਤ ਲਈ ਸਮਾਜਿਕ ਮਾਨਤਾ ਪ੍ਰਾਪਤ ਕਰਨ ਵਿੱਚ ਮਹੱਤਵਪੂਰਨ ਸਾਬਤ ਹੋਵੇਗੀ।”
ਭਾਰਤ ਸਰਕਾਰ ਦੀ ਇਸ ਪਹਿਲਕਦਮੀ ‘ਤੇ ਬੋਲਦਿਆਂ, ਦੀਪਿਕਾ ਨੇ ਨਿਯੁਕਤੀ ‘ਤੇ ਆਪਣੀ ਖੁਸ਼ੀ ਜ਼ਾਹਰ ਕੀਤੀ। ਸਮਾਗਮ ਵਿੱਚ ਬੋਲਦਿਆਂ, ਉਹਨਾਂ ਕਿਹਾ ਕਿ, “ਕੇਂਦਰੀ ਸਿਹਤ ਮੰਤਰਾਲੇ ਲਈ ਪਹਿਲੀ ਮਾਨਸਿਕ ਸਿਹਤ ਰਾਜਦੂਤ ਨਿਯੁਕਤ ਹੋਣਾ ਮੇਰੇ ਲਈ ਬਹੁਤ ਸਨਮਾਨ ਦੀ ਗੱਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ, ਭਾਰਤ ਨੇ ਮਾਨਸਿਕ ਸਿਹਤ ਨੂੰ ਤਰਜੀਹ ਦਿੱਤੀ ਹੈ। ਮੈਂ ਇਸ ਦਿਸ਼ਾ ਵਿੱਚ ਮੰਤਰਾਲੇ ਨਾਲ ਕੰਮ ਕਰਨ ਅਤੇ ਦੇਸ਼ ਦੀ ਮਾਨਸਿਕ ਸਿਹਤ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ।”
ਫਰਕ ਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਆਪਣੀ ਆਉਣ ਵਾਲੀ ਫਿਲਮ “ਕਿੰਗ” ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ। ਉਹ ਕਈ ਸਾਲਾਂ ਬਾਅਦ ਇਸ ਫਿਲਮ ਵਿੱਚ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਵੇਗੀ। ਇਸ ਤੋਂ ਇਲਾਵਾ ਦੀਪਿਕਾ ਪਾਦੂਕੋਣ ਐਟਲੀ ਦੁਆਰਾ ਨਿਰਦੇਸ਼ਤ ਤੇਲਗੂ ਫਿਲਮ “AA22xA6” ਵਿੱਚ ਵੀ ਨਜ਼ਰ ਆਵੇਗੀ ਜਿਸ ਵਿੱਚ ਅੱਲੂ ਅਰਜੁਨ ਮੁੱਖ-ਭੂਮਿਕਾ ਨਿਭਾਅ ਰਹੇ ਹਨ।