ਟੈਕਨੋਲੋਜੀ ਅਤੇ ਏਆਈ ਨੇ ਜਿਥੇ ਬਹੁਤ ਕੰਮ ਆਸਾਨ ਕਰ ਦਿੱਤੇ ਹਨ ਉਥੇ ਹੀ ਇਸਦੀ ਦੁਰਵਰਤੋਂ ਨੇ ਆਮ ਲੋਕਾਂ ਦੇ ਨਾਲ-ਨਾਲ ਬਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਚਿੰਤਾ ਦੇ ਵਿੱਚ ਡੁਬੋ ਦਿੱਤਾ ਹੈ। ਟੈਕਨੋਲੋਜੀ ਅਤੇ ਏਆਈ ਰਾਹੀਂ ਮਸ਼ਹੂਰ ਹਸਤੀਆਂ ਦੀਆਂ ਫੋਟੋਆਂ ਅਤੇ ਵੀਡੀਓਜ਼ ਨਾਲ ਛੇੜਛਾੜ ਕਰਨ ਦੀਆਂ ਘਟਨਾਵਾਂ ਦੇ ਵਿੱਚ ਦਿਨੋਂ-ਦਿਨ ਵਾਧਾ ਹੋ ਰਿਹਾ ਹੈ। ਜਿਸ ਕਾਰਣ ਏਆਈ ਟੈਕਨੋਲੋਜੀ ਤੋਂ ਬਾਲੀਵੁੱਡ ਦੇ ਸਿਤਾਰੇ ਵੀ ਆਪਣੇ-ਆਪਨੂੰ ਅਸਰੁੱਖਿਅਤ ਮਹਿਸੂਸ ਕਰ ਰਹੇ ਹਨ।
ਇੱਕ ਤਾਜ਼ਾ ਮਾਮਲੇ ਦੇ ਵਿੱਚ ਬਾਲੀਵੁੱਡ ਦੇ ਮਸ਼ਹੂਰ ਜੋੜੇ, ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਹਾਲ ਹੀ ਵਿੱਚ ਆਪਣੇ ਪਰਸਨੈਲਿਟੀ (ਸ਼ਖਸੀਅਤ) ਅਧਿਕਾਰਾਂ ਦੀ ਸੁਰੱਖਿਆ ਲਈ ਹਾਈ ਕੋਰਟ ਤੱਕ ਪਹੁੰਚ ਕੀਤੀ ਹੈ ਅਤੇ ਉਨ੍ਹਾਂ ਨੇ ਗੂਗਲ ਅਤੇ ਯੂਟਿਊਬ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਇਹ ਮਾਮਲਾ ਏਆਈ-ਜਨਰੇਟਿਡ ਸਮੱਗਰੀ ਅਤੇ ਡੀਪਫੇਕਸ ਨਾਲ ਸਬੰਧਤ ਹੈ। ਤਕਨਾਲੋਜੀ ਅਤੇ ਏਆਈ ਰਾਹੀਂ ਫੋਟੋਆਂ ਅਤੇ ਵੀਡੀਓਜ਼ ਨਾਲ ਛੇੜਛਾੜ ਕਰਨ ਦੇ ਮਾਮਲੇ ਨੂੰ ਲੈ ਕੇ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਨੇ ਆਪਣੀ ਸ਼ਖਸੀਅਤ ਪ੍ਰਤੀਕਾਂ ਦੀ ਸੁਰੱਖਿਆ ਲਈ ਇਸ ਤੋਂ ਪਹਿਲਾਂ ਵੀ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਹੁਣ ਇਸ ਬਾਲੀਵੁੱਡ ਦੇ ਮਸ਼ਹੂਰ ਜੋੜੇ ਨੇ ਇੱਕ ਵਾਰ ਫਿਰ ਹਾਈਕੋਰਟ ਤੱਕ ਪਹੁੰਚ ਕੀਤੀ ਹੈ। ਐਸ਼ਵਰਿਆ ਅਤੇ ਅਭਿਸ਼ੇਕ ਨੇ ਕਥਿਤ ਤੌਰ ‘ਤੇ ਗੂਗਲ ਅਤੇ ਯੂਟਿਊਬ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ, ਜਿਸ ਵਿੱਚ ਉਨ੍ਹਾਂ ‘ਤੇ ਡੀਪਫੇਕਸ ਵਿੱਚ ਆਪਣੀਆਂ ਫੋਟੋਆਂ ਅਤੇ ਵੀਡੀਓਜ਼ ਦੀ ਦੁਰਵਰਤੋਂ ਅਤੇ ਗੂਗਲ ਅਤੇ ਯੂਟਿਊਬ ਪਲੇਟਫਾਰਮਾਂ ‘ਤੇ ਅਣਅਧਿਕਾਰਤ ਏਆਈ ਸਮੱਗਰੀ ਦੀ ਆਗਿਆ ਦੇਣ ਦਾ ਦੋਸ਼ ਲਗਾਇਆ ਹੈ।
ਅਭਿਸ਼ੇਕ ਬੱਚਨ ਅਤੇ ਐਸ਼ਵਰਿਆ ਰਾਏ ਬੱਚਨ ਨੇ ਯੂਟਿਊਬ ਅਤੇ ਇਸਦੀ ਮੂਲ ਕੰਪਨੀ ਗੂਗਲ ਵਿਰੁੱਧ ਕਥਿਤ ਤੌਰ ‘ਤੇ ਮੁਕੱਦਮਾ ਦਾਇਰ ਕੀਤਾ ਹੈ। ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਅਭਿਸ਼ੇਕ ਅਤੇ ਐਸ਼ਵਰਿਆ ਨੇ ਦਲੀਲ ਦਿੱਤੀ ਹੈ ਕਿ ਯੂਟਿਊਬ ਦੀ ਸਮੱਗਰੀ ਅਤੇ ਤੀਜੀ-ਧਿਰ ਸਿਖਲਾਈ ਨੀਤੀਆਂ ਚਿੰਤਾਜਨਕ ਹਨ। ਇਸ ਮਾਮਲੇ ਨੂੰ ਹੋਰ ਸਪੱਸ਼ਟ ਕਰਦੇ ਹੋਏ, ਦਸਤਾਵੇਜ਼ਾਂ ਵਿੱਚ ਕਿਹਾ ਗਿਆ ਹੈ ਕਿ, “ਏਆਈ ਮਾਡਲਾਂ ਨੂੰ ਸਿਖਲਾਈ ਦੇਣ ਲਈ ਵਰਤੀ ਜਾ ਰਹੀ ਅਜਿਹੀ ਸਮੱਗਰੀ ਵਿੱਚ ਕਿਸੇ ਵੀ ਉਲੰਘਣਾ ਕਰਨ ਵਾਲੀ ਸਮੱਗਰੀ ਦੀਆਂ ਘਟਨਾਵਾਂ ਨੂੰ ਵਧਾਉਣ ਦੀ ਸੰਭਾਵਨਾ ਹੈ। ਇਸ ਦਾ ਮਤਲਬ ਹੈ ਕਿ ਯੂਟਿਊਬ ‘ਤੇ ਅਪਲੋਡ ਕੀਤੀ ਗਈ ਸਮੱਗਰੀ ਨੂੰ ਪਹਿਲਾਂ ਜਨਤਾ ਦੁਆਰਾ ਦੇਖਿਆ ਜਾਂਦਾ ਹੈ ਅਤੇ ਫਿਰ ਸਿਖਲਾਈ ਲਈ ਵਰਤਿਆ ਜਾਂਦਾ ਹੈ।” ਅਭਿਸ਼ੇਕ ਅਤੇ ਐਸ਼ਵਰਿਆ ਦਾ ਮੁਕੱਦਮਾ ਅਸ਼ਲੀਲ ਅਤੇ ਅਪਮਾਨਜਨਕ ਏਆਈ ਦੇ ਨਾਲ ਤਿਆਰ ਕੀਤੀ ਸਮੱਗਰੀ ਨੂੰ ਨਿਸ਼ਾਨਾ ਬਣਾਉਂਦਾ ਹੈ। ਐਸ਼ਵਰਿਆ ਰਾਏ ਅਤੇ ਅਭਿਸ਼ੇਕ ਬੱਚਨ ਦਲੀਲ ਦਿੰਦੇ ਹਨ ਕਿ ਯੂਟਿਊਬ ਨੂੰ ਏਆਈ ਸਮੱਗਰੀ ਵਿੱਚ ਉਨ੍ਹਾਂ ਦੇ ਨਾਵਾਂ, ਆਵਾਜ਼ਾਂ ਅਤੇ ਤਸਵੀਰਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਸੁਰੱਖਿਆ ਉਪਾਅ ਅਪਣਾਉਣੇ ਚਾਹੀਦੇ ਹਨ। ਇਸ ਚੈਨਲ ਵਿੱਚ ਇੱਕ ਯੂਟਿਊਬ ਚੈਨਲ ਦਾ ਵੀ ਜ਼ਿਕਰ ਹੈ ਜੋ ਕਥਿਤ ਤੌਰ ‘ਤੇ ਐਸ਼ਵਰਿਆ ਰਾਏ ਅਤੇ ਸਲਮਾਨ ਖਾਨ ਨੂੰ ਇਤਰਾਜ਼ਯੋਗ ਢੰਗ ਨਾਲ ਪੇਸ਼ ਕਰਦਾ ਹੈ।
ਅਭਿਸ਼ੇਕ ਅਤੇ ਐਸ਼ਵਰਿਆ ਤੋਂ ਬਾਅਦ ਕੁਮਾਰ ਸ਼ਾਨੂ ਹੁਣ ਏਆਈ-ਅਧਾਰਤ ਆਵਾਜ਼ ਅਤੇ ਚਿਹਰੇ ਦੀ ਨਕਲ ‘ਤੇ ਇਤਰਾਜ਼ ਪ੍ਰਗਟ ਕਰਦੇ ਹੋਏ ਹਾਈ ਕੋਰਟ ਵਿੱਚ ਪਹੁੰਚਿਆ ਹੈ। ਗਾਇਕ ਕੁਮਾਰ ਸ਼ਾਨੂ ਨੇ ਹੁਣ ਆਪਣੇ ਸ਼ਖਸੀਅਤ ਦੇ ਅਧਿਕਾਰਾਂ ਦੀ ਰੱਖਿਆ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਬਾਲੀਵੁੱਡ ਦੇ ਪ੍ਰਸਿੱਧ ਗਾਇਕ ਕੁਮਾਰ ਸ਼ਾਨੂ ਨੇ ਆਪਣੀ ਪਛਾਣ, ਆਵਾਜ਼ ਅਤੇ ਗਾਇਕੀ ਸ਼ੈਲੀ ਦੀ ਦੁਰਵਰਤੋਂ ਵਿਰੁੱਧ ਇੱਕ ਵੱਡਾ ਕਦਮ ਚੁੱਕਿਆ ਹੈ। ਉਸਨੇ ਆਪਣੇ ਸ਼ਖਸੀਅਤ ਅਤੇ ਪ੍ਰਚਾਰ ਅਧਿਕਾਰਾਂ ਦੀ ਸੁਰੱਖਿਆ ਲਈ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਸਦਾ ਦਾਅਵਾ ਹੈ ਕਿ ਉਸਦੀ ਆਵਾਜ਼, ਗਾਇਕੀ ਸ਼ੈਲੀ, ਦਸਤਖਤ, ਫੋਟੋਆਂ ਅਤੇ ਇੱਥੋਂ ਤੱਕ ਕਿ ਉਸਦੇ ਚਿਹਰੇ ਦੀ ਨਕਲ ਏਆਈ ਰਾਹੀਂ ਕੀਤੀ ਜਾ ਰਹੀ ਹੈ ਜਿਸ ਨਾਲ ਉਸਦੀ ਸਾਖ ਨੂੰ ਵੱਡਾ ਨੁਕਸਾਨ ਪਹੁੰਚ ਰਿਹਾ ਹੈ। ਕੁਮਾਰ ਸ਼ਾਨੂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕ ਉਸਦੀ ਆਵਾਜ਼ ਨੂੰ ਕਲੋਨ ਕਰਨ ਲਈ ਏਆਈ ਦੀ ਵਰਤੋਂ ਕਰ ਰਹੇ ਹਨ। ਕੁਝ ਵੀਡੀਓ ਅਤੇ ਆਡੀਓ ਕਲਿੱਪ ਉਸਦੀ ਆਵਾਜ਼, ਸ਼ੈਲੀ ਅਤੇ ਢੰਗ-ਤਰੀਕਿਆਂ ਦੀ ਨਕਲ ਕਰਦੇ ਹਨ ਅਤੇ ਉਹਨਾਂ ਨੂੰ ਚੁਟਕਲੇ ਜਾਂ ਮੀਮ ਵਿੱਚ ਬਦਲਿਆ ਜਾ ਰਿਹਾ ਹੈ। ਉਸਨੇ ਕਿਹਾ ਕਿ ਇਹ ਉਸਦੀ ਛਵੀ ਨੂੰ ਖਰਾਬ ਕਰ ਰਿਹਾ ਹੈ ਅਤੇ ਉਸਦੀ ਕਲਾ ਦੀ ਵਪਾਰਕ ਤੌਰ ‘ਤੇ ਦੁਰਵਰਤੋਂ ਕਰ ਰਿਹਾ ਹੈ। ਗਾਇਕ ਦਾ ਦਾਅਵਾ ਹੈ ਕਿ ਇਹਨਾਂ ਨਕਲੀ ਵੀਡੀਓਜ਼ ਨੂੰ ਫੇਸਬੁੱਕ, ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਪਲੇਟਫਾਰਮਾਂ ‘ਤੇ ਮਾਲੀਆ ਪੈਦਾ ਕਰਨ ਲਈ ਵਰਤਿਆ ਜਾ ਰਿਹਾ ਹੈ। ਇਹ ਵੀਡੀਓ ਉਸਨੂੰ ਅਸ਼ਲੀਲ ਹਾਸੇ ਦਾ ਸ਼ਿਕਾਰ ਬਣਾਉਂਦੇ ਹਨ ਜੋ ਉਸਦੀ ਸਖਤ ਮਿਹਨਤ ਅਤੇ ਸਾਖ ‘ਤੇ ਵੱਡਾ ਹਮਲਾ ਹੈ। ਜਸਟਿਸ ਮਨਿਤ ਪ੍ਰੀਤਮ ਸਿੰਘ ਅਰੋੜਾ 13 ਅਕਤੂਬਰ ਨੂੰ ਕੁਮਾਰ ਸ਼ਾਨੂ ਦੀ ਪਟੀਸ਼ਨ ‘ਤੇ ਸੁਣਵਾਈ ਕਰਨਗੇ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕਿਸੇ ਨੂੰ ਵੀ ਬਿਨਾਂ ਇਜਾਜ਼ਤ ਦੇ ਉਸਦੀ ਆਵਾਜ਼, ਸ਼ੈਲੀ, ਫੋਟੋ ਜਾਂ ਦਸਤਖਤ ਦੀ ਵਰਤੋਂ ਕਰਨ ਦਾ ਅਧਿਕਾਰ ਨਹੀਂ ਹੈ। ਅਜਿਹੇ ਕੰਮਾਂ ਨੂੰ “ਝੂਠੇ ਸਮਰਥਨ” ਜਾਂ ਝੂਠੇ ਬ੍ਰਾਂਡ ਪ੍ਰਚਾਰ ਵਜੋਂ ਮੰਨਿਆ ਜਾ ਸਕਦਾ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕਾਪੀਰਾਈਟ ਐਕਟ ਤਹਿਤ, ਇੱਕ ਕਲਾਕਾਰ ਦੇ ਆਪਣੇ ਪ੍ਰਦਰਸ਼ਨ ‘ਤੇ ਨੈਤਿਕ ਅਧਿਕਾਰ ਹੁੰਦੇ ਹਨ ਅਤੇ ਇਹ ਅਧਿਕਾਰ ਉਦੋਂ ਉਲੰਘਣਾ ਹੁੰਦੇ ਹਨ ਜਦੋਂ ਉਨ੍ਹਾਂ ਦੇ ਕੰਮ ਨੂੰ ਗਲਤ ਜਾਂ ਅਣਉਚਿਤ ਤਰੀਕੇ ਨਾਲ ਦਰਸਾਇਆ ਜਾਂਦਾ ਹੈ। ਕੁਮਾਰ ਸ਼ਾਨੂ ਦਾ ਤਰਕ ਹੈ ਕਿ ਉਸਦੀ ਕਲਾ ਦੀ ਨਕਲ ਕਰਨ ਲਈ ਏਆਈ ਦੀ ਵਰਤੋਂ ਇਸ ਅਧਿਕਾਰ ਦੀ ਉਲੰਘਣਾ ਹੈ। ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਅਦਾਲਤ ਤੀਜੀ ਧਿਰ ਨੂੰ ਉਸਦੇ ਨਾਮ, ਆਵਾਜ਼ ਜਾਂ ਚਿੱਤਰ ਦੀ ਅਣਅਧਿਕਾਰਤ ਵਪਾਰਕ ਵਰਤੋਂ ਤੋਂ ਰੋਕੇ ਅਤੇ ਉਸਦੇ ਨੈਤਿਕ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀ ਕਿਸੇ ਵੀ ਸਮੱਗਰੀ ਨੂੰ ਤੁਰੰਤ ਹਟਾਉਣ ਦਾ ਹੁਕਮ ਦੇਵੇ।
ਮਸ਼ਹੂਰ ਬਾਲੀਵੁੱਡ ਅਦਾਕਾਰ ਸੁਨੀਲ ਸ਼ੈੱਟੀ ਨੇ ਵੀ ਹਾਲ ਹੀ ਵਿੱਚ ਸੋਸ਼ਲ ਮੀਡੀਆ ਅਤੇ ਕੁੱਝ ਵੈੱਬਸਾਈਟਾਂ ‘ਤੇ ਆਪਣੀਆਂ ਫੋਟੋਆਂ ਦੀ ਅਣਅਧਿਕਾਰਤ ਵਰਤੋਂ ਬਾਰੇ ਬੰਬੇ ਹਾਈ ਕੋਰਟ ਪਹੁੰਚ ਕੀਤੀ। ਅਦਾਕਾਰ ਦਾ ਦਾਅਵਾ ਹੈ ਕਿ ਉਸਦੀ ਤਸਵੀਰ ਅਤੇ ਫੋਟੋਆਂ ਬਿਨਾਂ ਇਜਾਜ਼ਤ ਵਪਾਰਕ ਲਾਭ ਲਈ ਵਰਤੀਆਂ ਜਾ ਰਹੀਆਂ ਹਨ ਜਿਸ ਨਾਲ ਉਸਦੀ ਸਾਖ ਨੂੰ ਨੁਕਸਾਨ ਪਹੁੰਚ ਰਿਹਾ ਹੈ। ਕਈ ਵੈੱਬਸਾਈਟਾਂ ਅਤੇ ਔਨਲਾਈਨ ਪਲੇਟਫਾਰਮਾਂ ਨੇ ਆਪਣੀ ਪ੍ਰਚਾਰ ਸਮੱਗਰੀ ਵਿੱਚ ਸੁਨੀਲ ਸ਼ੈੱਟੀ ਦੀਆਂ ਫੋਟੋਆਂ ਦੀ ਵਰਤੋਂ ਕੀਤੀ ਹੈ। ਇਨ੍ਹਾਂ ਵਿੱਚੋਂ ਕੁੱਝ ਵਿੱਚ ਰੀਅਲ ਅਸਟੇਟ ਏਜੰਸੀਆਂ ਅਤੇ ਔਨਲਾਈਨ ਜੂਆ ਸਾਈਟਾਂ ਸ਼ਾਮਲ ਹਨ, ਹਾਲਾਂਕਿ ਅਦਾਕਾਰ ਦਾ ਇਨ੍ਹਾਂ ਬ੍ਰਾਂਡਾਂ ਜਾਂ ਕੰਪਨੀਆਂ ਨਾਲ ਕੋਈ ਸਬੰਧ ਨਹੀਂ ਹੈ। ਅਦਾਕਾਰ ਦੀ ਨੁਮਾਇੰਦਗੀ ਕਰ ਰਹੇ ਵਕੀਲ ਬੀਰੇਂਦਰ ਸਰਾਫ ਨੇ ਅਦਾਲਤ ਨੂੰ ਦੱਸਿਆ ਕਿ ਇਹ ਨਾ ਸਿਰਫ਼ ਉਸਦੇ ਮੁਵੱਕਿਲ ਦੀ ਛਵੀ ਨੂੰ ਨੁਕਸਾਨ ਪਹੁੰਚਾਉਂਦਾ ਹੈ ਬਲਕਿ ਉਸਦੇ ਸ਼ਖਸੀਅਤ ਅਧਿਕਾਰਾਂ ਦੀ ਉਲੰਘਣਾ ਵੀ ਕਰਦਾ ਹੈ। ਪਟੀਸ਼ਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੁਝ ਵੈੱਬਸਾਈਟਾਂ ਨੇ ਨਾ ਸਿਰਫ਼ ਸੁਨੀਲ ਸ਼ੈੱਟੀ ਦੀਆਂ ਸਗੋਂ ਉਸਦੇ ਪੋਤੇ ਦੀਆਂ ਵੀ ਨਕਲੀ ਫੋਟੋਆਂ ਪ੍ਰਸਾਰਿਤ ਕੀਤੀਆਂ। ਇਸ ਤਰ੍ਹਾਂ ਦੀ ਸਮੱਗਰੀ ਉਸਦੇ ਪਰਿਵਾਰਕ ਜੀਵਨ ਅਤੇ ਨਿੱਜੀ ਅਕਸ ਨੂੰ ਪ੍ਰਭਾਵਿਤ ਕਰ ਰਹੀ ਹੈ। ਅਦਾਕਾਰ ਨੇ ਕਿਹਾ ਕਿ ਉਹ ਕਿਸੇ ਵੀ ਵਪਾਰਕ ਬ੍ਰਾਂਡ ਨਾਲ ਸਿਰਫ਼ ਤਾਂ ਹੀ ਜੁੜਦਾ ਹੈ ਜੇਕਰ ਇਹ ਪੂਰੀ ਤਰ੍ਹਾਂ ਅਧਿਕਾਰਤ ਅਤੇ ਕਾਨੂੰਨੀ ਤੌਰ ‘ਤੇ ਇਕਰਾਰਨਾਮਾ ਹੋਵੇ। ਇਸ ਲਈ ਉਸਦੀ ਅਕਸ ਦੀ ਧੋਖਾਧੜੀ ਵਾਲੀ ਵਰਤੋਂ ਉਸਦੇ ਕਰੀਅਰ ਅਤੇ ਜਨਤਕ ਅਕਸ ਦੋਵਾਂ ਲਈ ਨੁਕਸਾਨਦੇਹ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਆਰਿਫ਼ ਡਾਕਟਰ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਹੋਈ। ਅਦਾਲਤ ਨੇ ਦੋਵਾਂ ਧਿਰਾਂ ਨੂੰ ਸੁਣਨ ਤੋਂ ਬਾਅਦ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ ਹੈ।
ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕਿਸੇ ਮਸ਼ਹੂਰ ਕਲਾਕਾਰ ਨੂੰ ਆਪਣੀ ਪਛਾਣ ਦੀ ਰੱਖਿਆ ਲਈ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ ਹੋਵੇ। ਕਈ ਸਿਤਾਰਿਆਂ ਨੇ ਪਹਿਲਾਂ ਆਪਣੀਆਂ ਫੋਟੋਆਂ ਜਾਂ ਨਾਵਾਂ ਦੀ ਦੁਰਵਰਤੋਂ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਐਸ਼ਵਰਿਆ ਰਾਏ ਬੱਚਨ, ਅਮਿਤਾਭ ਬੱਚਨ, ਰਣਵੀਰ ਸਿੰਘ, ਕਰੀਨਾ ਕਪੂਰ ਅਤੇ ਅਨੁਸ਼ਕਾ ਸ਼ਰਮਾ ਵਰਗੇ ਸਿਤਾਰਿਆਂ ਨੇ ਆਪਣੇ ਨਾਵਾਂ ਜਾਂ ਤਸਵੀਰਾਂ ਦੀ ਦੁਰਵਰਤੋਂ ‘ਤੇ ਇਤਰਾਜ਼ ਜਤਾਇਆ ਹੈ।
ਸ਼ਖਸੀਅਤ ਦੇ ਅਧਿਕਾਰ ਜਾਂ ਨਿੱਜੀ ਪਛਾਣ ਦੇ ਅਧਿਕਾਰ, ਉਹ ਅਧਿਕਾਰ ਹਨ ਜੋ ਕਿਸੇ ਵਿਅਕਤੀ ਦੀ ਅਕਸ, ਨਾਮ, ਆਵਾਜ਼, ਦਸਤਖਤ, ਕੱਪੜੇ, ਬੋਲਣ ਦੀ ਸ਼ੈਲੀ, ਜਾਂ ਵਿਲੱਖਣ ਸ਼ੈਲੀ ਨੂੰ ਬਿਨਾਂ ਇਜਾਜ਼ਤ ਦੇ ਵਰਤਣ ਤੋਂ ਬਚਾਉਂਦੇ ਹਨ। ਸਿੱਧੇ ਸ਼ਬਦਾਂ ਵਿੱਚ, ਇਹ ਅਧਿਕਾਰ ਕਿਸੇ ਵਿਅਕਤੀ ਦੀ ਪਛਾਣ ਅਤੇ ਅਕਸ ਦੀ ਕਾਨੂੰਨੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ ਅਤੇ ਕਿਸੇ ਵੀ ਵਿਅਕਤੀ ਜਾਂ ਸੰਗਠਨ ਨੂੰ ਦੁਰਵਰਤੋਂ ਜਾਂ ਵਪਾਰਕ ਉਦੇਸ਼ਾਂ ਲਈ ਆਪਣੀ ਪਛਾਣ ਦਾ ਸ਼ੋਸ਼ਣ ਕਰਨ ਤੋਂ ਰੋਕਦੇ ਹਨ। ਹਾਲਾਂਕਿ ਭਾਰਤੀ ਕਾਨੂੰਨ “ਸ਼ਖਸੀਅਤ ਅਧਿਕਾਰਾਂ” ਨੂੰ ਖਾਸ ਤੌਰ ‘ਤੇ ਪਰਿਭਾਸ਼ਿਤ ਨਹੀਂ ਕਰਦਾ ਹੈ। ਪਰ ਅਦਾਲਤਾਂ ਅਕਸਰ ਉਹਨਾਂ ਨੂੰ ਗੋਪਨੀਯਤਾ, ਮਾਣਹਾਨੀ ਅਤੇ ਪ੍ਰਚਾਰ ਅਧਿਕਾਰਾਂ ਨਾਲ ਜੋੜ ਕੇ ਉਹਨਾਂ ਦੀ ਰੱਖਿਆ ਕਰਦੀਆਂ ਹਨ। ਸੰਖੇਪ ਵਿੱਚ ਸ਼ਖਸੀਅਤ ਅਧਿਕਾਰ ਇੱਕ ਵਿਅਕਤੀ ਦੀ ਤਸਵੀਰ, ਪਛਾਣ ਅਤੇ ਪ੍ਰਸਿੱਧੀ ਨੂੰ ਅਣਅਧਿਕਾਰਤ ਵਰਤੋਂ ਤੋਂ ਬਚਾਉਣ ਲਈ ਇੱਕ ਕਾਨੂੰਨੀ ਢਾਲ ਹਨ। ਭਾਰਤ ਵਿੱਚ ਹੇਠਾਂ ਵਰਨਣ ਕੀਤੇ ਗਏ ਕਈ ਕਾਨੂੰਨ ਅਸਿੱਧੇ ਤੌਰ ‘ਤੇ ਇਹਨਾਂ ਅਧਿਕਾਰਾਂ ਦੀ ਰੱਖਿਆ ਕਰਦੇ ਹਨ:
ਕਾਪੀਰਾਈਟ ਐਕਟ 1957: ਇਹ ਐਕਟ ਕਲਾਕਾਰਾਂ ਨੂੰ ਉਹਨਾਂ ਦੇ ਪ੍ਰਦਰਸ਼ਨਾਂ ‘ਤੇ ਵਿਸ਼ੇਸ਼ ਅਤੇ ਨੈਤਿਕ ਅਧਿਕਾਰ ਦਿੰਦਾ ਹੈ ਅਤੇ ਉਹਨਾਂ ਦੇ ਪ੍ਰਦਰਸ਼ਨਾਂ ਦੀ ਅਣਅਧਿਕਾਰਤ ਵਰਤੋਂ ਨੂੰ ਰੋਕਦਾ ਹੈ।
ਟ੍ਰੇਡਮਾਰਕ ਐਕਟ 1999: ਇਸ ਐਕਟ ਦੇ ਤਹਿਤ ਕੋਈ ਵਿਅਕਤੀ ਆਪਣਾ ਨਾਮ, ਦਸਤਖਤ, ਟੈਗਲਾਈਨ, ਜਾਂ ਭਾਸ਼ਣ ਸ਼ੈਲੀ ਨੂੰ ਟ੍ਰੇਡਮਾਰਕ ਵਜੋਂ ਰਜਿਸਟਰ ਕਰ ਸਕਦਾ ਹੈ। ਜੇਕਰ ਕੋਈ ਬ੍ਰਾਂਡ ਜਾਂ ਸੰਗਠਨ ਬਿਨਾਂ ਇਜਾਜ਼ਤ ਦੇ ਇਹਨਾਂ ਟ੍ਰੇਡਮਾਰਕਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪ੍ਰਭਾਵਿਤ ਵਿਅਕਤੀ ਨੂੰ ਰੋਕਣ ਅਤੇ ਕਾਰਵਾਈ ਕਰਨ ਦਾ ਕਾਨੂੰਨੀ ਅਧਿਕਾਰ ਹੈ।