ਵਿਕਟੋਰੀਆ ਦੀ ਕੰਟੇਨਰ ਡਿਪਾਜ਼ਿਟ ਸਕੀਮ (CDS Vic) ਵਾਤਾਵਰਣ ਨੂੰ ਸਾਫ਼ ਕਰਨ ਵਿੱਚ ਯੋਗਦਾਨ ਪਾਉਂਦੀ ਹੈ। ਪਰ ਰਾਜ ਭਰ ਦੇ ਮਾਪਿਆਂ ਲਈ ਖ਼ਾਲੀ ਡ੍ਰਿੰਕ ਕੰਟੇਨਰ ਨੂੰ ਵਾਪਸ ਕਰਨ ਦੀ ਇਹ ਸਧਾਰਨ ਆਦਤ ਸਮਾਜਿਕ ਜ਼ਿੰਮੇਵਾਰੀ ਅਤੇ ਸੱਚੇ ਦਾਨ ਦੇ ਅਰਥ ਬਾਰੇ ਬੱਚਿਆਂ ਨੂੰ ਸਿਖਾਉਣ ਲਈ ਰੋਜ਼ਾਨਾ ਬੇਮਿਸਾਲ ਸਾਧਨ ਸਾਬਤ ਹੋ ਰਹੀ ਹੈ।
ਮੈਲਬੌਰਨ ਦੇ ਪੱਛਮੀ ਇਲਾਕਿਆਂ ਦੇ ਦਿਲ ਵਿੱਚ ਸੋਨੀਆ ਆਪਣੇ 6 ਅਤੇ 8 ਸਾਲ ਦੇ ਦੋ ਮੁੰਡਿਆਂ ਨੂੰ ਦੇਖ ਰਹੀ ਹੈ ਜੋ ਰਸਤੇ ਤੋਂ ਦੌੜਦੇ ਹੋਏ ਆਪਣੀ ਨਵੇਂ ਖੇਡ ਦਾ ਇਨਾਮ ਲੱਭਣ ਲਈ ਭੱਜ ਰਹੇ ਹਨ। “ਉਹ ਦੌੜਦੇ ਹੋਏ ਮੇਰੇ ਕੋਲ ਆਉਂਦੇ ਹਨ ਤੇ ਕਹਿੰਦੇ ਹਨ, ‘ਮੰਮੀ, ਮੰਮੀ, ਵੇਖੋ, ਮੈਨੂੰ ਇੱਕ ਹੋਰ ਬੋਤਲ ਮਿਲੀ ਹੈ ਜਿਸਨੂੰ ਅਸੀਂ ਰੀਸਾਈਕਲ ਕਰ ਸਕਦੇ ਹਾਂ!” ਮੁੰਡੇ ਮਾਣ ਨਾਲ ਉਸਨੂੰ ਇੱਕ ਪਲਾਸਟਿਕ ਦੀ ਬੋਤਲ ਦਿੰਦੇ ਹਨ ਜੋ ਤੁਰੰਤ ਹੀ ਵਾਪਸ ਕਰਨ ਲਈ ਉਨ੍ਹਾਂ ਦੇ ਇਕੱਠੇ ਕੀਤੇ ਕੰਟੇਨਰਾਂ ਵਿੱਚ ਪਾ ਦਿੱਤੀ ਜਾਂਦੀ ਹੈ।
Caroline Springs ਵਿੱਚ ਰਹਿਣ ਵਾਲਾ ਇਹ ਪਰਿਵਾਰ ਲਗਭਗ ਦੋ ਸਾਲਾਂ ਤੋਂ ਇਸ ਸਕੀਮ ਵਿੱਚ ਹਿੱਸਾ ਲੈ ਰਿਹਾ ਹੈ, ਪਰ ਸੋਨੀਆ ਲਈ ਪ੍ਰਕ੍ਰਿਆ ਕੋਈ ਨਵੀਂ ਗੱਲ ਨਹੀਂ ਹੈ।
“ਭਾਰਤ ਵਿੱਚ ਮੇਰਾ ਪਰਿਵਾਰ ਕੰਟੇਨਰਾਂ ਨੂੰ ਇਕੱਠੇ ਕੀਤੇ ਜਾਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਵੱਖ-ਵੱਖ ਕਰ ਕੇ ਰੱਖਦਾ ਸੀ। ਅਸੀਂ ਪ੍ਰਦੂਸ਼ਣ ਅਤੇ ਕੂੜੇ ਦੇ ਅਸਰ ਆਪਣੇ ਅੱਖੀਂ ਦੇਖੇ ਹਨ ਅਤੇ ਅਸੀਂ ਜਾਣਦੇ ਹਾਂ ਕਿ ਇਸ ਕਾਰਣ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਜੇਕਰ ਅਸੀਂ ਹੁਣ ਤੋਂ ਸ਼ੁਰੂ ਕਰੀਏ ਤਾਂ ਅਸੀਂ ਵੀ ਸਮਾਜ ਲਈ ਆਪਣਾ ਯੋਗਦਾਨ ਪਾ ਸਕਦੇ ਹਾਂ ਅਤੇ ਇਸ ’ਤੇ ਮਾਣ ਕਰ ਸਕਦੇ ਹਾਂ।”
ਥੋੜ੍ਹੇ ਸਮੇਂ ਵਿੱਚ ਹੀ ਉਹਨਾਂ ਨੇ ਜੀਵਨ ਪ੍ਰਤੀ ਆਪਣੇ ਨਜ਼ਰੀਏ ਨੂੰ ਬਦਲ ਲਿਆ ਹੈ ਅਤੇ ਜ਼ਿੰਮੇਵਾਰੀ, ਭਾਈਚਾਰੇ ਅਤੇ ਦੂਜਿਆਂ ਲਈ ਕੁੱਝ ਕਰਨ ਬਾਰੇ ਇੱਕ ਸਿੱਖਿਆਦਾਇਕ ਪਲ ਬਣਾਇਆ ਹੈ।
“ਸਾਡੇ ਸਿੱਖ ਧਰਮ ਵਿੱਚ ਦਸਵੰਧ ਨਾਮ ਦੀ ਪ੍ਰਥਾ ਹੈ ਜਿਸ ਵਿੱਚ ਅਸੀਂ ਆਪਣੀ ਕਮਾਈ ਦਾ 10 ਪ੍ਰਤੀਸ਼ਤ ਹਿੱਸਾ ਭਾਈਚਾਰੇ ਲਈ ਦਾਨ ਕਰਦੇ ਹਾਂ। ਇਹੀ ਗੱਲ ਮੈਂ ਆਪਣੇ ਬੱਚਿਆਂ ਨੂੰ ਵੀ ਸਿਖਾਉਂਦੀ ਹਾਂ ਅਤੇ ਜਦੋਂ ਉਹ ਕੰਟੇਨਰ ਵਾਪਸ ਕਰਦੇ ਹਨ ਤਾਂ ਇਹ ਉਨ੍ਹਾਂ ਨੂੰ ਭਾਈਚਾਰੇ ਲਈ ਕੁੱਝ ਕਰਨ ਦੀ ਮਹੱਤਤਾ ਬਾਰੇ ਸਿੱਖਣ ਵਿੱਚ ਮੱਦਦ ਕਰਦਾ ਹੈ।”
ਸੋਨੀਆ ਦੇ ਬੱਚੇ ਕੰਟੇਨਰ ਵਾਪਸੀ ਤੋਂ ਮਿਲੇ ਪੈਸੇ ਨੂੰ ਸਥਾਨਕ ਗੁਰਦੁਆਰੇ ਵਿੱਚ ਦਾਨ ਵਜੋਂ ਦਿੰਦੇ ਹਨ, ਇੱਕ ਰਿਵਾਇਤ ਜੋ ਸੋਨੀਆ ਨੇ ਆਪਣੇ ਮਾਪਿਆਂ ਤੋਂ ਸਿੱਖੀ ਸੀ ਅਤੇ ਇਸਨੂੰ ਉਹ ਬਚਪਨ ਤੋਂ ਕਰ ਰਹੀ ਹੈ। ਧਾਰਮਿਕ ਸਿੱਖਿਆ ਤੋਂ ਵੀ ਅੱਗੇ, ਇਹ ਉਸਦੇ ਮੁੰਡਿਆਂ ਲਈ ਸਕੂਲ ਤੋਂ ਬਾਹਰ ਖੇਡਣ ਵਾਲਾ ਇੱਕ ਮਜ਼ੇਦਾਰ ਖੇਡ ਵੀ ਬਣ ਗਿਆ ਹੈ ਜਿਸ ਰਾਹੀਂ ਉਹ ਆਪਸ ਵਿੱਚ ਹੋਰ ਨੇੜੇ ਹੋ ਰਹੇ ਹਨ।
“ਮੇਰਾ ਵੱਡਾ ਪੁੱਤਰ ਆਪਣੇ ਛੋਟੇ ਭਰਾ ਦੀ ਮਦਦ ਕਰਦਾ ਹੈ। ਉਹ ਗਣਿਤ ਦਾ ਅਭਿਆਸ ਕਰਦੇ ਹਨ ਅਤੇ ਕਹਿੰਦੇ ਹਨ, ‘ਠੀਕ ਹੈ, ਆਓ ਤਿੰਨ ਕੈਨ ਇੱਥੇ ਰੱਖੀਏ ਤੇ ਤਿੰਨ ਕੱਚ ਦੀਆਂ ਬੋਤਲਾਂ ਉੱਥੇ, ਫਿਰ ਗਿਣੀਏ ਕਿ ਸਾਡੇ ਕੋਲ ਕਿੰਨੀਆਂ ਹਨ।’ ਫਿਰ ਉਹ ਇਹ ਦੇਖਣ ਲਈ ਮੁਕਾਬਲਾ ਕਰਦੇ ਹਨ ਕਿ ਸਭ ਤੋਂ ਵੱਧ ਬੋਤਲਾਂ ਕੌਣ ਇਕੱਠੀਆਂ ਕਰ ਸਕਦਾ ਹੈ ਅਤੇ ਫਿਰ ਖੁਸ਼ੀ ਨਾਲ ਦੇਖਦੇ ਹਨ ਜਦੋਂ ਉਹਨਾਂ ਦੀਆਂ ਬੋਤਲਾਂ ਕਨਵੇਅਰ ਬੈਲਟ ’ਤੇ ਜਾਂਦੀਆਂ ਹਨ।”
ਚੰਗੀਆਂ ਆਦਤਾਂ ਘਰ ਤੋਂ ਹੀ ਸ਼ੁਰੂ ਹੁੰਦੀਆਂ ਹਨ ਅਤੇ ਸੋਨੀਆ ਨੂੰ ਮਾਣ ਹੈ ਕਿ ਰੀਸਾਈਕਲੰਿਗ ਹੁਣ ਉਹਨਾਂ ਦੀ ਪਰਿਵਾਰਕ ਰੁਟੀਨ ਦਾ ਹਿੱਸਾ ਬਣ ਗਈ ਹੈ।
“ਮੇਰੇ ਮੁੰਡਿਆਂ ਨੂੰ ਇਹ ਪੂਰੀ ਪ੍ਰਕਿਰਿਆ ਬਹੁਤ ਪਸੰਦ ਹੈ। ਕੰਟੇਨਰ ਇਕੱਠੇ ਕਰਨਾ, ਉਹਨਾਂ ਨੂੰ ਵੱਖਰੇ ਕਰਨਾ, ਫਿਰ ਉਨ੍ਹਾਂ ਨੂੰ ਰਿਫੰਡ ਸਥਾਨ ’ਤੇ ਲੈ ਜਾਣਾ ਅਤੇ ਇਨਾਮ ਲੈਣਾ। ਇਹ ਉਹਨਾਂ ਨੂੰ ਸਿਰਫ਼ ਵਾਤਾਵਰਣ ਦੀ ਸੰਭਾਲ ਕਰਨਾ ਹੀ ਨਹੀਂ ਸਿਖਾਉਂਦਾ ਸਗੋਂ ਦਾਨ ਕਰਨ ਅਤੇ ਹੋਰਨਾਂ ਦੀ ਮਦਦ ਕਰਨ ਦੀ ਮਹੱਤਤਾ ਵੀ ਸਿਖਾਉਂਦਾ ਹੈ।”
ਸੋਨੀਆ ਲਈ ਹਰ ਕੰਟੇਨਰ ਵਾਪਸੀ ਆਪਣੇ ਇਲਾਕੇ ਅਤੇ ਭਾਈਚਾਰੇ ਦਾ ਖਿਆਲ ਰੱਖਣ ਅਤੇ ਭਵਿੱਖ ਦੀਆਂ ਪੀੜ੍ਹੀਆਂ ਲਈ ਸਹੀ ਕੰਮ ਕਰਨ ਵੱਲ ਇੱਕ ਕਦਮ ਹੈ। ਉਸ ਦੀ ਨਜ਼ਰ ਵਿੱਚ ਇਹ ਸਿਰਫ਼ ਰੀਸਾਈਕਲਿੰਗ ਤੋਂ ਕਾਫ਼ੀ ਵੱਧ ਹੈ।
“ਇਹ ਇੱਕ ਤਿੰਨ ਹਿੱਸਿਆਂ ਵਾਲੀ ਪ੍ਰਕਿਰਿਆ ਹੈ, ਅਸੀਂ ਕੁਦਰਤ ਦੀ ਰੱਖਿਆ ਕਰ ਰਹੇ ਹਾਂ, ਅਸੀਂ ਸਮਾਜ ਲਈ ਕੁੱਝ ਕਰ ਰਹੇ ਹਾਂ, ਅਤੇ ਮੈਂ ਕਰਮਾ ਵਿੱਚ ਵਿਸ਼ਵਾਸ ਕਰਦੀ ਹਾਂ, ਇਸ ਲਈ ਮੇਰੇ ਲਈ ਇਹ ਇੱਕ ਰੂਹਾਨੀ ਪ੍ਰਥਾ ਵੀ ਹੈ।”
ਸਭ ਤੋਂ ਵੱਡੀ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਇੱਕ ਸਧਾਰਨ ਕੰਮ ਜੋ ਪਰਿਵਾਰ ਇਕੱਠੇ ਕਰਦਾ ਹੈ, ਉਹ ਉਹਨਾਂ ਦੇ ਆਲੇ-ਦੁਆਲੇ ਹਰ ਕਿਸੇ ‘ਤੇ ਚੰਗਾ ਪ੍ਰਭਾਵ ਪਾ ਸਕਦਾ ਹੈ।
“ਇਹ ਗੱਲ ਪੂਰੇ ਭਾਈਚਾਰੇ ਵਿੱਚ ਫ਼ੈਲ ਰਹੀ ਹੈ ਅਤੇ ਬਹੁਤ ਸਾਰੇ ਲੋਕ ਇਸ ਵਿੱਚ ਸ਼ਾਮਲ ਹੋ ਰਹੇ ਹਨ। ਭਾਵੇਂ ਇਸ ਨਾਲ ਇੱਕ ਪ੍ਰਤੀਸ਼ਤ ਦਾ ਹੀ ਫ਼ਰਕ ਪਏ, ਪਰ ਜਦੋਂ ਸਭ ਮਿਲ ਕੇ ਕਰਦੇ ਹਨ ਤਾਂ ਇਹ ਵੱਡਾ ਬਦਲਾਅ ਬਣ ਜਾਂਦਾ ਹੈ।”
“ਜਦੋਂ ਤੁਸੀਂ ਰੀਸਾਈਕਲ ਕਰਦੇ ਹੋ ਤਾਂ ਤੁਸੀਂ ਸਾਡੇ ਗ੍ਰਹਿ ਦੀ ਰੱਖਿਆ ਕਰਨ ਵਿੱਚ ਮਦਦ ਕਰਦੇ ਹੋ। ਸੋਨੀਆ ਕਹਿੰਦੀ ਹੈ, “ਜਦੋਂ ਮੈਂ ਆਪਣੇ ਬੱਚਿਆਂ ਨੂੰ ਇਹ ਕੰਮ ਆਪਣੇ ਆਪ ਕਰਦੇ ਦੇਖਿਆ, ਤਾਂ ਮੇਰੇ ਮਨ ਵਿੱਚ ਆਇਆ—ਵਾਹ, ਮੈਂ ਸੱਚਮੁੱਚ ਚੰਗੇ ਮੁੰਡਿਆਂ ਦੀ ਪਰਵਰਿਸ਼ ਕਰ ਰਹੀ ਹਾਂ।”
ਹੋਰ ਜਾਣਕਾਰੀ ਲਈ ਅਤੇ ਆਪਣੇ ਸਭ ਤੋਂ ਨੇੜਲੇ ਰਿਫੰਡ ਸਥਾਨ ਨੂੰ ਲੱਭਣ ਲਈ cdsvic.org.au ‘ਤੇ ਜਾਓ।
