“ਨੇਪੋ ਕਿਡ” ਉਹ ਵਿਅਕਤੀ ਹੁੰਦਾ ਹੈ ਜੋ ਕਿਸੇ ਸਬੰਧਤ ਖੇਤਰ ਵਿੱਚ ਆਪਣੇ ਕਰੀਅਰ ਨੂੰ ਹੁਲਾਰਾ ਦੇਣ ਦੇ ਲਈ ਆਪਣੇ ਮਾਪਿਆਂ ਦੀ ਪ੍ਰਸਿੱਧੀ, ਦੌਲਤ, ਜਾਂ ਸੰਬੰਧਾਂ ਤੋਂ ਲਾਭ ਉਠਾਉਂਦਾ ਹੈ। ਸਿੱਧੇ ਸ਼ਬਦਾਂ ਦੇ ਵਿੱਚ ਜਾਂ ਆਮ ਤੌਰ ‘ਤੇ ਇਸ ਨੂੰ “ਭਾਈ-ਭਤੀਜਾਵਾਦ” ਦਾ ਨਾਮ ਵੀ ਦਿੱਤਾ ਜਾਂਦਾ ਹੈ। ਇਸਨੂੰ ਅਕਸਰ ਇਹ ਦਰਸਾਉਣ ਲਈ ਅਪਮਾਨਜਨਕ ਤੌਰ ‘ਤੇ ਵਰਤਿਆ ਜਾਂਦਾ ਹੈ ਕਿ ਉਨ੍ਹਾਂ ਦੀ ਸਫਲਤਾ ਉਨ੍ਹਾਂ ਦੇ ਵਿਸ਼ੇਸ਼ ਅਧਿਕਾਰ ਦੇ ਕਾਰਣ ਅਧੂਰੀ ਜਾਂ ਅਯੋਗ ਹੈ। ਇਸ ਸ਼ਬਦ ਨੂੰ ਵੱਖ-ਵੱਖ ਖੇਤਰਾਂ ਦੇ ਵਿੱਚ ਉਨ੍ਹਾਂ ਲੋਕਾਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਪਰਿਵਾਰ ਦੇ ਪ੍ਰਭਾਵ ਤੋਂ ਲਾਭ ਪ੍ਰਾਪਤ ਕੀਤਾ।
ਬਾਲੀਵੁੱਡ ਦੇ ਵਿੱਚ ਬਹੁਤ ਸਾਰੇ ਸਟਾਰ ਕਿੱਡਜ਼ ਹਨ ਜਿਹਨਾਂ ਨੂੰ ਆਪਣੇ ਮਾਪਿਆਂ ਦੀ ਪ੍ਰਸਿੱਧੀ ਦੇ ਕਾਰਣ ਇਸ ਇੰਡਸਟਰੀ ਦੇ ਵਿੱਚ ਜਿਆਦਾ ਸੰਘਰਸ਼ ਨਹੀਂ ਕਰਨਾ ਪਿਆ ਜਦ ਕਿ ਕਈ ਅਜਿਹੇ ਵੀ ਹਨ ਜੋ ਇੰਡਸਟਰੀ ਦੇ ਕਲਾਕਾਰਾਂ, ਕੰਟੈਂਟ ਕ੍ਰੀਐਟਰਜ਼ ਅਤੇ ਹੋਰ ਕਈ ਬ੍ਰਾਂਡਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਹਨ ਅਤੇ ਕਈ ਸਮੇਂ ਦੇ ਅਨੁਕੂਲ ਹੋਰਨਾਂ ਖੇਤਰਾਂ ਵਿੱਚ ਵੀ ਆਪਣੇ-ਆਪ ਨੂੰ ਵਿਕਸਤ ਕਰ ਰਹੇ ਹਨ। ਨਵੀਂ ਪੀੜ੍ਹੀ ਦੇ ਸਟਾਰ ਬੱਚੇ ਜਾਣਦੇ ਹਨ ਕਿ ਕਦੋਂ ਬੋਲਣਾ ਹੈ ਅਤੇ ਕਦੋਂ ਚੁੱਪ ਰਹਿਣਾ ਹੈ। ਸਾਰਾ ਅਲੀ ਖਾਨ ਦੀਆਂ ਸੋਚ-ਸਮਝ ਕੇ ਮੰਦਰ ਯਾਤਰਾਵਾਂ ਅਤੇ ਜਾਹਨਵੀ ਕਪੂਰ ਦੀਆਂ ਸਵੈ-ਨਿਰਭਰ ਪੋਸਟਾਂ ਉਹਨਾਂ ਨੂੰ ਰਣਨੀਤਕ ਤੌਰ ‘ਤੇ ਪਹੁੰਚਯੋਗ ਬਣਾਉਂਦੀਆਂ ਹਨ। ਅਗਲੀ ਪੀੜ੍ਹੀ ਦੇ ਸਟਾਰ ਬੱਚੇ ਤੇਜ਼ੀ ਨਾਲ ਵਿਕਸਤ ਹੋ ਰਹੇ ਹਨ। ਬੇਸ਼ੱਕ ਮਸ਼ਹੂਰ ਮਾਪਿਆਂ ਦੇ ਘਰ ਦੇ ਵਿੱਚ ਪੈਦਾ ਹੋਣ ਦੇ ਨਾਲ ਦਰਵਾਜ਼ੇ ਖੁੱਲ੍ਹ ਸਕਦੇ ਹਨ ਪਰ ਸਥਾਪਿਤ ਹੋਣ ਦੇ ਲਈ ਸਖਤ ਮਿਹਨਤ ਸਵੈ-ਜਾਗਰੂਕਤਾ ਅਤੇ ਸਮਾਰਟ ਰਣਨੀਤੀ ਦੀ ਵੀ ਲੋੜ ਹੁੰਦੀ ਹੈ।
ਬਾਲੀਵੁੱਡ ਫਿਲਮ ਇੰਡਸਟਰੀ ਵਿੱਚ ਅਕਸਰ ਸਟਾਰ ਕਿੱਡਜ਼ ਦਾ ਜ਼ਿਕਰ ਹੁੰਦਾ ਰਹਿੰਦਾ ਹੈ। ਇੱਥੇ ਅਸੀਂ ਉਹਨਾਂ ਸਟਾਰ ਕਿੱਡਜ਼ ਦਾ ਜਿ਼ਕਰ ਕਰ ਰਹੇ ਹਾਂ ਜਿਹਨਾਂ ਨੇ ਇਸ ਸਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਨੂੰ ਦਰਸ਼ਕਾਂ ਤੋਂ ਬਹੁਤ ਪਿਆਰ ਮਿਲਿਆ ਜਾਂ ਜ਼ਿਆਦਾ ਪਿਆਰ ਨਹੀਂ ਮਿਲਿਆ ਅਤੇ ਨਿਰਾਸ਼ਾ ਦਾ ਸ੍ਹਾਮਣਾ ਕਰਨਾ ਪਿਆ। ਸਾਲ 2025 ਦੇ ਦੌਰਾਨ ਕਈ ਸਾਰੇ ਸਟਾਰ ਬੱਚਿਆਂ ਨੇ ਆਪਣਾ ਡੈਬਿਊ ਕੀਤਾ ਪਰ ਇਹਨਾਂ ਦੇ ਵਿੱਚੋਂ ਕੁੱਝ ਇੱਕ ਨੂੰ ਹੀ ਸਫ਼ਲਤਾ ਮਿਲੀ ਜਦ ਕਿ ਕਈਆਂ ਨੂੰ ਅਸਫਲਤਾ ਦਾ ਸ੍ਹਾਮਣਾ ਕਰਨਾ ਪਿਆ ਹੈ।
ਰਵੀਨਾ ਟੰਡਨ ਦੀ ਧੀ ਰਾਸ਼ਾ ਥਡਾਨੀ ਨੇ ਇਸ ਸਾਲ ਅਦਾਕਾਰੀ ਦੀ ਦੁਨੀਆਂ ਦੇ ਵਿੱਚ ਪ੍ਰਵੇਸ਼ ਕੀਤਾ। ਉਸਨੇ ਅਜੈ ਦੇਵਗਨ ਦੀ ਫਿਲਮ ‘ਆਜ਼ਾਦ’ ਨਾਲ ਆਪਣੀ ਸ਼ੁਰੂਆਤ ਕੀਤੀ। ਇਹ ਫਿਲਮ ਵੱਡੇ ਪੈਮਾਨੇ ‘ਤੇ ਬਣੀ ਸੀ ਪਰ ਕਮਜ਼ੋਰ ਕਹਾਣੀ ਕਾਰਣ ਇਹ ਬਹੁਤ ਸਫਲ ਨਹੀਂ ਹੋਈ। ਇਹ ਫਿਲਮ ਬਾਕਸ ਆਫਿਸ ‘ਤੇ ਫਲਾਪ ਰਹੀ ਅਤੇ ਉਸਦਾ ਡੈਬਿਊ ਫਲਾਪ ਰਿਹਾ। ਹਾਲਾਂਕਿ, ਰਾਸ਼ਾ ਦੇ ਇੱਕ ਗੀਤ ਨੂੰ ਦਰਸ਼ਕਾਂ ਦੇ ਵਲੋਂ ਖੂਬ ਪਿਆਰ ਮਿਲਿਆ।
ਸੈਫ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੇ ਪੁੱਤਰ ਇਬਰਾਹਿਮ ਅਲੀ ਖਾਨ ਵੀ ਇਸ ਸਾਲ ਡੈਬਿਊ ਕਰਨ ਵਾਲੇ ਸਟਾਰ ਕਿਡਜ਼ ਦੀ ਸੂਚੀ ਵਿੱਚ ਸ਼ਾਮਲ ਹੈ। ਇਬਰਾਹਿਮ ਅਲੀ ਖਾਨ ਨੇ ਫਿਲਮ “ਨਾਦਾਨੀਆਂ” ਨਾਲ ਅਦਾਕਾਰੀ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ। ਇਹ ਫਿਲਮ OTTP ਪਲੇਟਫਾਰਮ Netflix ‘ਤੇ ਰਿਲੀਜ਼ ਹੋਈ ਸੀ ਅਤੇ ਇਸ ਵਿੱਚ ਇਬਰਾਹਿਮ ਦੇ ਨਾਲ ਖੁਸ਼ੀ ਕਪੂਰ ਨੇ ਅਭਿਨੈ ਕੀਤਾ ਸੀ। ਹਾਲਾਂਕਿ, ਫਿਲਮ ਦਰਸ਼ਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਅਸਫਲ ਰਹੀ। ਲੋਕਾਂ ਨੂੰ ਉਸਦੀ ਅਦਾਕਾਰੀ ਖਾਸ ਪਸੰਦ ਨਹੀਂ ਆਈ ਅਤੇ ਇਹ ਫਿਲਮ ਫਲਾਪ ਸਾਬਤ ਹੋਈ। ਦਰਸ਼ਕਾਂ ਨੇ ਫਿਲਮ ਦੇ ਮੁੱਖ ਕਲਾਕਾਰਾਂ ਦੇ ਪ੍ਰਦਰਸ਼ਨ ਨੂੰ ਨਿਰਾਸ਼ਾਜਨਕ ਦੱਸਿਆ ਅਤੇ ਫਿਲਮ ਨੂੰ ਫਲਾਪ ਮੰਨਿਆ ਗਿਆ।
ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੇ ਵੀ ਇਸ ਸਾਲ ਫਿਲਮ ਇੰਡਸਟਰੀ ਵਿੱਚ ਪ੍ਰਵੇਸ਼ ਕੀਤਾ। ਹਾਲਾਂਕਿ, ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਅਦਾਕਾਰ ਦੀ ਬਜਾਏ ਇੱਕ ਨਿਰਦੇਸ਼ਕ ਵਜੋਂ ਕੀਤੀ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੇ ਬਾਲੀਵੁੱਡ ਵਿੱਚ ਨਿਰਦੇਸ਼ਕ ਵਜੋਂ ਡੈਬਿਊ ਕੀਤਾ। ਉਸਨੇ ਆਪਣੀ ਵੈੱਬ ਸੀਰੀਜ਼ ‘ਦ ਬੈਡਸ ਆਫ ਬਾਲੀਵੁੱਡ’ ਦਾ ਨਿਰਦੇਸ਼ਨ ਕੀਤਾ ਅਤੇ ਲੋਕਾਂ ਨੂੰ ਇਹ ਲੜੀ ਬਹੁਤ ਪਸੰਦ ਆਈ। ਆਰੀਅਨ ਖਾਨ ਨੂੰ ਦਰਸ਼ਕਾਂ ਅਤੇ ਆਲੋਚਕਾਂ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ। ਆਰੀਅਨ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਪਰਦੇ ਦੇ ਪਿੱਛੇ ਦੀ ਦੁਨੀਆ ਵਿੱਚ ਇੱਕ ਮਜ਼ਬੂਤ ਛਾਪ ਛੱਡ ਸਕਦਾ ਹੈ।
ਸੰਜੇ ਕਪੂਰ ਦੀ ਧੀ ਸ਼ਨਾਇਆ ਕਪੂਰ ਨੇ ਰੋਮਾਂਟਿਕ ਫਿਲਮ ‘ਆਂਖੋਂ ਕੀ ਗੁਸਤਾਖੀਆਂ’ ਨਾਲ ਡੈਬਿਊ ਕੀਤਾ ਸੀ। ਪਰ ਇਹ ਫਿਲਮ ਫਲਾਪ ਸਾਬਤ ਹੋਈ। ਇਹ ਫਿਲਮ ਕਮਜ਼ੋਰ ਸਕ੍ਰਿਪਟ ਅਤੇ ਕਮਜ਼ੋਰ ਪ੍ਰਦਰਸ਼ਨ ਕਾਰਣ ਬਾਕਸ ਆਫਿਸ ‘ਤੇ ਫਲਾਪ ਹੋ ਗਈ। ਇਸ ਫਿਲਮ ਨੂੰ ਸਫ਼ਲਤਾ ਦੀਆਂ ਕਾਫ਼ੀ ਉਮੀਦਾਂ ਸਨ ਪਰ ਇਹ ਸਫਲਤਾ ਪ੍ਰਾਪਤ ਕਰਨ ਵਿੱਚ ਅਸਫਲ ਰਹੀ।
ਆਹਾਨ ਪਾਂਡੇ ਚੰਕੀ ਪਾਂਡੇ ਦਾ ਭਤੀਜਾ ਹੈ। ਆਹਾਨ ਪਾਂਡੇ ਨੇ ਰੋਮਾਂਟਿਕ ਫਿਲਮ ‘ਸੈਯਾਰਾ’ ਨਾਲ ਸ਼ੁਰੂਆਤ ਕੀਤੀ ਹੈ ਅਤੇ ਉਸਦਾ ਡੈਬਿਊ ਸੁਪਰਹਿੱਟ ਰਿਹਾ ਹੈ। ਅਨਿਤ ਪੱਡਾ ਨਾਲ ਉਸਦੀ ਜੋੜੀ ਨੂੰ ਖੂਬ ਪਸੰਦ ਕੀਤਾ ਗਿਆ ਅਤੇ ਡੈਬਿਊ ਪੂਰੀ ਤਰ੍ਹਾਂ ਹਿੱਟ ਰਿਹਾ। ਫਿਲਮ ‘ਸੈਯਾਰਾ’ ਬਾਕਸ ਆਫਿਸ ‘ਤੇ ਹਿੱਟ ਸਾਬਿਤ ਹੋਈ ਹੈ।
