ArticlesPunjab

ਜਾਪਾਨ-ਦੱਖਣੀ ਕੋਰੀਆ ਦੇ ਦੌਰੇ ਦੌਰਾਨ ਪੰਜਾਬ ਨੂੰ ਉਦਯੋਗ ਦੇ ਉੱਭਰਦੇ ਕੇਂਦਰ ਵਜੋਂ ਪੇਸ਼ ਕੀਤਾ : ਮੁੱਖ-ਮੰਤਰੀ ਮਾਨ

ਪੰਜਾਬ ਦੇ ਮੁੱਖ-ਮੰਤਰੀ, ਭਗਵੰਤ ਸਿੰਘ ਮਾਨ।

ਚੰਡੀਗੜ੍ਹ – ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਹਾਲ ਹੀ ਵਿੱਚ ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰੇ ਦੌਰਾਨ ਨਿਵੇਸ਼ਕਾਂ ਦਾ ਮਿਲਿਆ ਭਰਵਾਂ ਹੁੰਗਾਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ ਅਤੇ ਇਸ ਨਾਲ ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਵਜੋਂ ਉਭਾਰਨ ਵਿੱਚ ਹੋਰ ਤੇਜ਼ੀ ਆਏਗੀ।

ਜਾਪਾਨ ਅਤੇ ਦੱਖਣੀ ਕੋਰੀਆ ਦੇ ਦੌਰਿਆਂ ਦੇ ਆਪਣੇ ਤਜਰਬੇ ਸਾਂਝੇ ਕਰਦਿਆਂ ਮੁੱਖ-ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਨੂੰ ਦੁਨੀਆ ਭਰ ਵਿੱਚ ਉਦਯੋਗ ਦੇ ਉੱਭਰਦੇ ਕੇਂਦਰ ਵਜੋਂ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਉਦੇਸ਼ ਸੂਬੇ ਵਿੱਚ ਨਿਵੇਸ਼ ਨੂੰ ਉਤਸ਼ਾਹਤ ਕਰਨਾ ਅਤੇ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇ ਕੇ ਨੌਜਵਾਨਾਂ ਲਈ ਰੋਜ਼ਗਾਰ ਦੇ ਹੋਰ ਮੌਕੇ ਪੈਦਾ ਕਰਨਾ ਹੈ। ਇਹ ਇਤਿਹਾਸਕ ਦੌਰਾ ਉਦਯੋਗਿਕ ਵਿਕਾਸ ਨੂੰ ਤੇਜ਼ੀ ਵਾਲੇ ਪਾਸੇ ਲੈ ਜਾ ਕੇ ਇਸ ਨੂੰ ਜ਼ਰੂਰੀ ਹੁਲਾਰਾ ਦੇਣ ਵਿੱਚ ਸਹਾਇਕ ਹੋਵੇਗਾ।

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਜਾਪਾਨ ਦੌਰੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ,”ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕੋਆਪਰੇਸ਼ਨ (ਜੇ.ਬੀ.ਆਈ.ਸੀ.) ਦੇ ਸੀਨੀਅਰ ਮੈਨੇਜਿੰਗ ਡਾਇਰੈਕਟਰ ਓਗਾਵਾ ਕਾਜੂਨੋਰੀ ਨੇ ਪੰਜਾਬ ਦੇ ਉਦਯੋਗਿਕ ਅਤੇ ਸਾਫ਼-ਸੁਥਰੀ ਊਰਜਾ ਦੇ ਪ੍ਰਾਜੈਕਟ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਰੁਚੀ ਦਿਖਾਈ। ਆਈਸਨ ਇੰਡਸਟਰੀ ਕੰਪਨੀ ਲਿਮਟਿਡ ਦੇ ਸੀ.ਈ.ਓ. ਅਤੇ ਈ.ਵੀ.ਪੀ. ਟੋਮੋਨੋਰੀ ਕਾਈ ਅਤੇ ਟੋਰੂ ਨਕਾਨੇ ਨੇ ਭਵਿੱਖ ਦੇ ਨਿਰਮਾਣ ਜਾਂ ਖੋਜ ਅਤੇ ਵਿਕਾਸ ਮੌਕਿਆਂ ਲਈ ਪੰਜਾਬ ਦੀਆਂ ਸੰਭਾਵਨਾਵਾਂ ਪ੍ਰਤੀ ਸਕਾਰਾਤਮਕ ਦਿਲਚਸਪੀ ਦਿਖਾਈ। ਯਾਮਹਾ ਮੋਟਰ ਕੰਪਨੀ ਲਿਮਟਿਡ ਦੇ ਗਲੋਬਲ ਰਣਨੀਤੀ ਪ੍ਰਬੰਧਕ ਅਤੇ ਉਤਪਾਦ ਯੋਜਨਾ ਸਮੂਹ, ਤਨਾਕਾ ਹਿਰੋਕੀ ਅਤੇ ਸੁਜ਼ੂਕੀ ਮਾਰੀ ਨੇ ਇਲੈਕਟ੍ਰਿਕ ਵਹੀਕਲਜ਼, ਖੋਜ ਅਤੇ ਵਿਕਾਸ ਸਹਿਯੋਗ ਅਤੇ ਹੁਨਰ ਵਿਕਾਸ ਪਹਿਲਕਦਮੀਆਂ ਵਿੱਚ ਨਿਵੇਸ਼ ਬਾਰੇ ਖੁੱਲ੍ਹ ਕੇ ਗੱਲ ਕੀਤੀ। ਹੌਂਡਾ ਮੋਟਰ ਕੰਪਨੀ ਲਿਮਟਿਡ ਨਾਲ ਮੀਟਿੰਗ ਦੌਰਾਨ ਡਿਪਾਰਟਮੈਂਟ ਮੈਨੇਜਰ ਤਤਸੁਆ ਨਾਕਾਮੁਰਾ ਅਤੇ ਆਈ.ਟੀ.ਓ. ਕਿਓਸ਼ੀ ਨੇ ਪੰਜਾਬ ਵਿੱਚ ਭਾਰਤੀ ਭਾਈਵਾਲਾਂ ਰਾਹੀਂ ਕੰਪੋਨੈਂਟ ਨਿਰਮਾਣ ਦੀਆਂ ਸੰਭਾਵਨਾਵਾਂ ਤਲਾਸ਼ਣ ਦੀ ਗੱਲ ਆਖੀ। ਜਾਪਾਨ ਇੰਟਰਨੈਸ਼ਨਲ ਕੋਆਪਰੇਸ਼ਨ ਏਜੰਸੀ (ਜੇ.ਆਈ.ਸੀ.ਏ.) ਦੇ ਦੱਖਣੀ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ ਯਾਮਾਦਾ ਤਤਸੁਆ ਨੇ ਤਕਨੀਕੀ ਸਹਿਯੋਗ ਅਤੇ ਸਮਰੱਥਾ-ਨਿਰਮਾਣ ਪ੍ਰੋਗਰਾਮਾਂ ਖ਼ਾਸ ਕਰ ਕੇ ਫਸਲੀ ਵਿਭਿੰਨਤਾ ਵਿੱਚ ਪੰਜਾਬ ਦੀਆਂ ਵਿਕਾਸ ਪਹਿਲਕਦਮੀਆਂ ਦਾ ਸਮਰਥਨ ਕਰਨ ਵਿੱਚ ਦਿਲਚਸਪੀ ਦੀ ਪੁਸ਼ਟੀ ਕੀਤੀ। ਜੇ.ਆਈ.ਸੀ.ਏ. ਨਾਲ ਵਿਚਾਰ-ਵਟਾਂਦਰਾ ਸ਼ਹਿਰੀ ਬੁਨਿਆਦੀ ਢਾਂਚੇ, ਪਾਣੀ ਪ੍ਰਬੰਧਨ ਅਤੇ ਹੁਨਰ ਵਿਕਾਸ ਵਿੱਚ ਸੰਭਾਵੀ ਸਹਿਯੋਗ ‘ਤੇ ਕੇਂਦ੍ਰਿਤ ਸੀ। ਜੇ.ਆਈ.ਸੀ.ਏ. ਨੇ ਡੂੰਘੀ ਸ਼ਮੂਲੀਅਤ ਅਤੇ ਪ੍ਰਾਜੈਕਟ ਭਾਈਵਾਲੀ ਦੀ ਪੜਚੋਲ ਕਰਨ ਦੀ ਇੱਛਾ ਪ੍ਰਗਟਾਈ। ਟੋਰੇ ਇੰਡਸਟਰੀਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹਾਜੀਮੇ ਇਸ਼ੀ ਨੇ ਪੰਜਾਬ ਦੇ ਆਟੋ ਅਤੇ ਏਅਰੋਸਪੇਸ ਸੈਕਟਰਾਂ ਲਈ ਤਕਨੀਕੀ ਅਤੇ ਟੈਕਸਟਾਈਲ ਖ਼ੇਤਰ ਵਿੱਚ ਦਿਲਚਸਪੀ ਦਿਖਾਈ। ਪਾਰਲੀਮੈਂਟਰੀ ਵਾਈਸ ਮਨਿਸਟਰ ਇਕਾਨਮੀ, ਟਰੇਡ ਤੇ ਇੰਡਸਟਰੀ ਕੋਮੋਰੀ ਤਾਕੂਓ ਨੇ ਜਾਪਾਨੀ ਫਰਮਾਂ ਨੂੰ ਇਨਵੈਸਟ ਪੰਜਾਬ ਨਾਲ ਜੋੜਨ ਲਈ ਤਾਲਮੇਲ ਜਾਰੀ ਰੱਖਣ `ਤੇ ਸਹਿਮਤੀ ਪ੍ਰਗਟਾਈ। ਫੁਜਿਤਸੂ ਲਿਮਟਿਡ ਦੇ ਤਕਨਾਲੋਜੀ ਵਪਾਰ ਪ੍ਰਬੰਧਨ ਯੂਨਿਟ ਦੇ ਮੁਖੀ ਜੁੰਗੋ ਓਕਾਈ ਨੇ ਡਿਜੀਟਲ ਗਵਰਨੈਂਸ ਸਾਲਿਊਸ਼ਨਜ਼ ਵਿੱਚ ਦਿਲਚਸਪੀ ਦਿਖਾਈ ਅਤੇ ਭਰੋਸਾ ਦਿੱਤਾ ਕਿ ਉਹ ਭਾਰਤ ਵਿੱਚ ਭਵਿੱਖ ਦੇ ਪ੍ਰਾਜੈਕਟਾਂ ਲਈ ਮੋਹਾਲੀ ਦੀ ਚੋਣ ਕਰਨਗੇ। ਜਾਪਾਨ ਫੇਰੀ ਦੇ ਦੂਜੇ ਦਿਨ ਦੀ ਸ਼ੁਰੂਆਤ ਐਨ.ਈ.ਸੀ. ਕਾਰਪੋਰੇਸ਼ਨ ਨਾਲ ਮੀਟਿੰਗ ਨਾਲ ਹੋਈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗ ਵਪਾਰ ਵਿਭਾਗ ਦੇ ਡਾਇਰੈਕਟਰ ਮਕੋਟੋ ਨੋਡਾ ਅਤੇ ਮੈਨੇਜਰ ਮਿਹੋ ਹਾਰਾ ਨੇ ਪੰਜਾਬ ਦੀਆਂ ਡਿਜੀਟਲ ਪਹਿਲਕਦਮੀਆਂ ਅਤੇ ਉਦਯੋਗਿਕ ਆਟੋਮੇਸ਼ਨ ਮੌਕਿਆਂ ਵਿੱਚ ਦਿਲਚਸਪੀ ਦਿਖਾਈ ਅਤੇ ਕੰਪਨੀ ਸਹਿਯੋਗ ਲਈ ਪੰਜਾਬ ਦੇ ਆਈ.ਟੀ. ਈਕੋ-ਸਿਸਟਮ ਦਾ ਮੁਲਾਂਕਣ ਕਰਨ ਲਈ ਸਹਿਮਤ ਹੋਈ। ਡੀ.ਜੀ. ਜੈਟਰੋ ਇੰਡੀਆ ਸੁਜ਼ੂਕੀ ਤਾਕਾਸ਼ੀ ਦੀ ਮਜ਼ਬੂਤ ਸੰਸਥਾਗਤ ਭਾਗੀਦਾਰੀ, ਭਾਰਤ-ਜਾਪਾਨ ਆਰਥਿਕ ਸਬੰਧਾਂ ਲਈ ਉੱਚ ਪੱਧਰੀ ਸਮਰਥਨ ਨੂੰ ਦਰਸਾਉਂਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਹੀਰੋ ਮੋਟੋਕਾਰਪ (ਸੁਮਿਤੋਮੋ ਅਤੇ ਕਿਰੀਯੂ ਕਾਰਪੋਰੇਸ਼ਨ), ਵਰਧਮਾਨ ਸਪੈਸ਼ਲ ਸਟੀਲਜ਼ (ਆਈਚੀ ਸਟੀਲ) ਅਤੇ ਐਕਸਐਲ ਸਕਾਊਟ ਦੁਆਰਾ ਸਾਂਝੇ ਕੀਤੇ ਗਏ ਤਜਰਬਿਆਂ ਨੇ ਪੰਜਾਬ ਵਿੱਚ ਸਫ਼ਲ ਸਾਂਝੇਦਾਰੀ ਦੀ ਮਿਸਾਲ ਪੇਸ਼ ਕੀਤੀ। ਸੁਮਿਤੋਮੋ ਕਾਰਪੋਰੇਸ਼ਨ ਅਤੇ ਕਿਰੀਯੂ ਕਾਰਪੋਰੇਸ਼ਨ ਨਾਲ ਮੁਲਾਕਾਤ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਜਿਨ੍ਹਾਂ ਵਿੱਚ ਸ਼ੋਹੀ ਯੋਸ਼ੀਦਾ, ਯੋਸ਼ਿਤੋ ਮਿਆਜ਼ਾਕੀ, ਟੋਮੋ ਟੋਜ਼ਾਵਾ, ਹਿਰੋਕੀ ਯਾਸੂਕਾਵਾ ਅਤੇ ਕਿਟਾਰੂ ਸ਼ਿਮਿਜ਼ੂ ਸ਼ਾਮਲ ਸਨ, ਨੇ ਪੰਜਾਬ ਵਿੱਚ ਹੀਰੋ ਮੋਟੋਕਾਰਪ ਨਾਲ ਆਪਣੇ ਮੌਜੂਦਾ ਸਹਿਯੋਗ ਰਾਹੀਂ ਸਕਾਰਾਤਮਕ ਤਜਰਬੇ ਸਾਂਝੇ ਕੀਤੇ। ਟੋਪਨ ਹੋਲਡਿੰਗਜ਼ ਨਾਲ ਮੀਟਿੰਗ ਦੌਰਾਨ ਕੰਪਨੀ ਦੇ ਨੁਮਾਇੰਦਿਆਂ, ਜਿਨ੍ਹਾਂ ਵਿੱਚ ਸਤੋਸ਼ੀ ਓਇਆ ਪ੍ਰਧਾਨ ਅਤੇ ਮਾਸਾਹੀਕੋ ਤਾਕੇਵਾਕੀ ਪ੍ਰਬੰਧ ਕਾਰਜਕਾਰੀ ਅਧਿਕਾਰੀ ਸ਼ਾਮਲ ਸਨ ਨੇ ਰਸਮੀ ਤੌਰ `ਤੇ 300-400 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਨਾਲ ਆਪਣੀ ਪੰਜਾਬ ਸਥਿਤ ਕੰਪਨੀ ਦਾ ਵਿਸਥਾਰ ਕਰਨ ਲਈ ਦਿਲਚਸਪੀ ਦਿਖਾਈ। ਟੋਪਨ ਅਤੇ ਇਨਵੈਸਟ ਪੰਜਾਬ ਦਰਮਿਆਨ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ‘ਸਕਿੱਲੰਿਗ ਐਕਸੀਲੈਂਸ ਸੈਂਟਰ’ ਵਿਕਸਤ ਕਰਨ ਲਈ ਸਮਝੌਤਾ ਸਹੀਬੰਦ ਕੀਤਾ ਗਿਆ। ਤੀਜੇ ਦਿਨ ਆਈਚੀ ਸਟੀਲ ਦੇ ਮੁੱਖ ਦਫਤਰ ਵਿਖੇ ਮੀਟਿੰਗ ਹੋਈ ਜਿਸ ਵਿੱਚ ਚੇਅਰਮੈਨ ਫੁਜੀਓਕਾ ਤਾਕਾਹਿਰੋ ਅਤੇ ਪ੍ਰਧਾਨ ਇਟੋ ਤੋਸ਼ੀਓ ਨੇ ਸੰਮੇਲਨ ਦੇ ਸੱਦੇ ਦਾ ਸਵਾਗਤ ਕੀਤਾ ਕਰਦਿਆਂ ਮਜ਼ਬੂਤ ਰਿਸ਼ਤਿਆਂ ਅਤੇ ਵਿਆਪਕ ਨਿਵੇਸ਼ ਵਿੱਚ ਦਿਲਚਸਪੀ ਪ੍ਰਗਟਾਈ। ਆਈਚੀ ਸਟੀਲ ਅਤੇ ਵਰਧਮਾਨ ਸਪੈਸ਼ਲ ਸਟੀਲਜ਼ ਨੇ ਪੰਜਾਬ ਵਿੱਚ ਨਿਵੇਸ਼ ਕਾਰਜਾਂ ਦਾ ਸਾਂਝੇ ਤੌਰ ‘ਤੇ ਅਧਿਐਨ ਕਰਨ ਲਈ ਸਮਝੌਤਾ ਸਹੀਬੰਦ ਕੀਤਾ, ਜਿਸ ਵਿੱਚ 500 ਕਰੋੜ ਰੁਪਏ ਦੇ ਨਿਵੇਸ਼ ਲਈ ਮੁਲਾਂਕਣ ਕਰਨਾ ਸ਼ਾਮਲ ਹੈ। ਯਾਨਮਾਰ ਹੋਲਡਿੰਗਜ਼ ਕੰਪਨੀ ਲਿਮਟਿਡ ਨਾਲ ਮੀਟਿੰਗ ਦੌਰਾਨ ਸੀ.ਓ.ਓ. ਤੇਤਸੁਆ ਯਾਮੋਟੋ, ਪ੍ਰਧਾਨ ਕੇਮਲ ਸ਼ੋਸ਼ੀ ਅਤੇ ਸੀ.ਐਮ.ਡੀ. ਵਰੁਣ ਖੰਨਾ ਨੇ ਸੋਨਾਲੀਕਾ ਨਾਲ ਸਾਂਝੇਦਾਰੀ ਅਤੇ ਕਲਾਸ ਪਲਾਂਟ ਪ੍ਰਾਪਤੀ ਦਾ ਹਵਾਲਾ ਦਿੰਦੇ ਹੋਏ ਪੰਜਾਬ ਵਿੱਚ ਸਕਾਰਾਤਮਕ ਤਜਰਬੇ ਦਾ ਵਿਸ਼ੇਸ਼ ਤੌਰ ’ਤੇ ਵਰਨਣ ਕੀਤਾ। ਜਾਪਾਨ ਦੌਰੇ ਦੇ ਆਖਰੀ ਦਿਨ ਉਹ ਓਸਾਕਾ ਵਿੱਚ ਏਅਰ ਵਾਟਰ ਇੰਕ ਦੇ ਨੁਮਾਇੰਦਿਆਂ ਨਾਲ ਮਿਲੇ ਜਿਸ ਦੌਰਾਨ ਭਾਰਤ ਅਤੇ ਏਸ਼ੀਆ ਡਿਵੀਜ਼ਨ ਦੇ ਮੁਖੀ ਕੇਨ ਸ਼ਿਮਿਜ਼ੂ ਅਤੇ ਨਾਓਕੀ ਓਈ ਨੇ ਬਾਇਓ-ਮੀਥੇਨ ਅਤੇ ਵਿਸ਼ੇਸ਼ ਗੈਸਾਂ ਵਿੱਚ ਮੌਕਿਆਂ ਨੂੰ ਸਵੀਕਾਰ ਕਰਦੇ ਹੋਏ ਪੰਜਾਬ ਦੇ ਸਾਫ਼ ਊਰਜਾ ਅਤੇ ਉਦਯੋਗਿਕ ਕਲੱਸਟਰਾਂ ਵਿੱਚ ਦਿਲਚਸਪੀ ਦਿਖਾਈ। ਓਸਾਕਾ ਚੈਂਬਰ ਆਫ਼ ਕਾਮਰਸ ਨਾਲ ਮੀਟਿੰਗ ਦੌਰਾਨ ਪ੍ਰਧਾਨ ਇਉਚੀ ਸੇਤਸੁਓ, ਡਾਇਰੈਕਟਰ ਤਾਕਾਯੋਸ਼ੀ ਨੇਗੋਰੋ, ਮੈਨੇਜਰ ਇੰਟਰਨੈਸ਼ਨਲ ਡਿਵੀਜ਼ਨ ਕੈਂਟਾਰੋ ਨਾਗਾਓ ਨੇ ਪੰਜਾਬ ਦੇ ਵਫ਼ਦ ਦਾ ਸਵਾਗਤ ਕੀਤਾ ਅਤੇ ਭਾਰਤ-ਜਾਪਾਨ ਵਪਾਰਕ ਸਬੰਧਾਂ ਨੂੰ ਵਧਾਉਣ ਵਿੱਚ ਡੂੰਘੀ ਦਿਲਚਸਪੀ ਪ੍ਰਗਟਾਈ। ਓ.ਸੀ.ਸੀ.ਆਈ. ਵਿਖੇ ਭਾਰਤ ਨਾਲ ਸਬੰਧਤ ਸਰਗਰਮੀਆਂ ਲਈ ਨਾਗਾਓ ਕੇਂਦਰ ਬਿੰਦੂ ਹੋਵੇਗਾ। ਉਨ੍ਹਾਂ ਕਿਹਾ ਕਿ ਓ.ਸੀ.ਸੀ.ਆਈ. ਨੇ ਭਾਰਤ ਨਾਲ ਵਪਾਰ ਕਰਨ ਅਤੇ ਭਾਰਤੀ ਪ੍ਰਤਿਭਾ ਨੂੰ ਪ੍ਰਾਪਤ ਕਰਨ ਵਿੱਚ ਜਾਪਾਨੀ ਕੰਪਨੀਆਂ ਵਿੱਚ ਵਧ ਰਹੀ ਦਿਲਚਸਪੀ ਨੂੰ ਸਵੀਕਾਰ ਕੀਤਾ ਅਤੇ ਨਾਲ ਹੀ ਜਾਪਾਨ ਵਿੱਚ ਭਾਰਤੀ ਨਿਵੇਸ਼ ਦਾ ਸਵਾਗਤ ਵੀ ਕੀਤਾ। ਟੋਕੁਸ਼ੀਮਾ ਆਕਸ਼ਨ ਮਾਰਕੀਟ ਐਂਡ ਗਲੋਬਲ ਵੈਂਚਰ ਕੰਪਨੀ ਲਿਮਟਿਡ ਨਾਲ ਮੀਟਿੰਗ ਵਿੱਚ ਸੀ.ਈ.ਓ. ਅਤੇ ਪ੍ਰਧਾਨ ਯੋਸ਼ੀਹਿਸਾ ਅਰਾਈ ਨੇ ਖੇਤੀਬਾੜੀ ਮੰਡੀ ਦੇ ਵਿਕਾਸ ਪ੍ਰੋਜੈਕਟਾਂ ਲਈ ਪੰਜਾਬ ਵਿੱਚ ਸੰਭਾਵਨਾਵਾਂ ਤਲਾਸ਼ਣ ਵਿੱਚ ਦਿਲਚਸਪੀ ਪ੍ਰਗਟਾਈ। ਓਸਾਕਾ ਰੋਡ ਸ਼ੋਅ ਵਿੱਚ ਓਸਾਕਾ ਖੇਤਰ ਦੀਆਂ ਚੋਟੀ ਦੀਆਂ ਕੰਪਨੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਅਤੇ ਡੀ.ਜੀ. ਜੇਟਰੋ, ਓਸਾਕਾ ਪ੍ਰੀਫੈਕਚਰਲ ਗੌਰਮਿੰਟ ਅਤੇ ਐਮ.ਈ.ਟੀ.ਆਈ. ਕਾਂਸਾਈ ਤੋਂ ਮਜ਼ਬੂਤ ਸੰਸਥਾਗਤ ਭਾਈਵਾਲੀ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉਨ੍ਹਾਂ ਕਿਹਾ ਕਿ 80 ਤੋਂ ਵੱਧ ਡੈਲੀਗੇਟਾਂ ਨੇ ਰੋਡ ਸ਼ੋਅ ਵਿੱਚ ਸ਼ਿਰਕਤ ਕੀਤੀ, ਜਿਸ ਨਾਲ ਭਵਿੱਖ ਦੇ ਨਿਵੇਸ਼ ਦੀ ਸੰਭਾਵਨਾ ਮਜ਼ਬੂਤ ਹੋਈ।

ਭਗਵੰਤ ਸਿੰਘ ਮਾਨ ਨੇ ਦੱਸਿਆ ਕਿ, “ਕੋਰੀਆ ਗਣਰਾਜ ਦੀ ਯਾਤਰਾ ਸਿਓਲ ਵਿੱਚ ਭਾਰਤੀ ਦੂਤਾਵਾਸ ਦੇ ਰਾਜਦੂਤ ਗੌਰੰਗਲਾਲ ਦਾਸ ਨਾਲ ਮੁਲਾਕਾਤ ਦੌਰਾਨ ਦੱਖਣੀ ਕੋਰੀਆ ਨਾਲ ਆਰਥਿਕ ਤੇ ਤਕਨੀਕੀ ਭਾਈਵਾਲੀ ਲਈ ਪੰਜਾਬ ਦਾ ਰੋਡਮੈਪ ਸਾਂਝਾ ਕੀਤਾ। ਡਾਇਵੂ ਈ ਐਂਡ ਸੀ ਨਾਲ ਮੀਟਿੰਗ ਦੌਰਾਨ ਚੇਅਰਮੈਨ ਜੰਗ ਵੌਨ-ਜੂ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਯੂ ਯੰਗ-ਮਿਨ, ਬਿਜ਼ਨਸ ਡਿਵੈਲਪਮੈਂਟ ਮੈਨੇਜਰ ਬਾਏਕ ਇੰਸੂ, ਟੀਮ ਲੀਡਰ ਕਿਮ ਹੋ-ਜੂਨ ਅਤੇ ਬਿਜ਼ਨਸ ਡਿਵੈਲਪਮੈਂਟ ਮੈਨੇਜਰ ਕਿਮ ਡੇ-ਯੇਨ ਨੇ ਪੰਜਾਬ ਦੀਆਂ ਵਿਕਾਸ ਯੋਜਨਾਵਾਂ ਅਤੇ ਮੌਕਿਆਂ ਵਿੱਚ ਦਿਲਚਸਪੀ ਦਿਖਾਈ। ਜੀ.ਐਸ. ਈ.ਐਨ.ਸੀ. ਨਾਲ ਮੀਟਿੰਗ ਦੌਰਾਨ ਕੰਪਨੀ ਦੇ ਨੁਮਾਇੰਦਿਆਂ ਜਿਨ੍ਹਾਂ ਵਿੱਚ ਵਾਈਸ ਪ੍ਰੈਜ਼ੀਡੈਂਟ ਯੰਗ ਹਾ ਰਯੂ (ਡੈਨੀਅਲ) ਅਤੇ ਮੈਨੇਜਰ ਕਿਮ ਜਿਨ-ਵੂਕ ਸ਼ਾਮਲ ਹਨ, ਨੇ ਈ.ਪੀ.ਸੀ. ਨਵਿਆਉਣਯੋਗ ਊਰਜਾ ਅਤੇ ਭਾਰਤ ਵਿੱਚ ਚੱਲ ਰਹੇ ਪ੍ਰੋਜੈਕਟਾਂ (ਸੂਰਜੀ, ਹਵਾ, ਬੈਟਰੀ ਸਟੋਰੇਜ) ਵਿੱਚ ਮੁਹਾਰਤ ਦਿਖਾਈ। ਕਾਰੋਬਾਰ ਕਰਨ ਵਿੱਚ ਸੌਖ ਬਾਰੇ ਕਾਨੂੰਨੀ ਫਰਮਾਂ ਨਾਲ ਮੀਟਿੰਗਾਂ ਵੀ ਕੀਤੀਆਂ ਅਤੇ ਗੋਲਮੇਜ਼ ਵਿੱਚ ਦੱਖਣੀ ਕੋਰੀਆ ਦੀਆਂ ਪ੍ਰਮੁੱਖ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ 42 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ, ਜਿਨ੍ਹਾਂ ਵਿੱਚ ਚੋਟੀ ਦੀਆਂ ਕਾਨੂੰਨ ਫਰਮਾਂ ਅਤੇ ਉਦਯੋਗ ਐਸੋਸੀਏਸ਼ਨਾਂ ਸ਼ਾਮਲ ਸਨ। ਪੈਂਗਯੋ ਟੈਕਨੋ ਵੈਲੀ ਦਾ ਵੀ ਦੌਰਾ ਕੀਤਾ ਗਿਆ ਜਿੱਥੇ ਅਧਿਕਾਰੀਆਂ ਨੇ ਪੈਂਗਯੋ ਦੇ ਨਿਵੇਕਲੇ ਮਾਡਲ ਅਤੇ ਐਕਸਲੇਟਰ ਪ੍ਰੋਗਰਾਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਕੋਰੀਆ ਡਿਸਪਲੇ ਇੰਡਸਟਰੀ ਐਸੋਸੀਏਸ਼ਨ (ਕੇ.ਡੀ.ਆਈ.ਏ.) ਨਾਲ ਮੀਟਿੰਗ ਦੌਰਾਨ ਐਸੋਸੀਏਸ਼ਨ ਨੇ ਇਲੈਕਟ੍ਰਾਨਿਕਸ ਅਤੇ ਡਿਸਪਲੇ-ਟੈਕਨਾਲੋਜੀ ਈਕੋ-ਸਿਸਟਮ ਵਿਕਸਤ ਕਰਨ ਵਿੱਚ ਪੰਜਾਬ ਦੀ ਦਿਲਚਸਪੀ ਦੀ ਸ਼ਲਾਘਾ ਕੀਤੀ। ਸਿਓਲ ਵਿਖੇ ਤੀਜੇ ਦਿਨ ਪੰਜਾਬ ਨਿਵੇਸ਼ ਰੋਡ ਸ਼ੋਅ ਹੋਇਆ ਜਿਸ ਵਿੱਚ ਭਾਰਤੀ ਰਾਜਦੂਤ ਨੇ ਪੰਜਾਬ ਦੀ ਸਰਗਰਮ ਨਿਵੇਸ਼ ਪਹਿਲਕਦਮੀ ਦੀ ਸ਼ਲਾਘਾ ਕੀਤੀ ਅਤੇ ਭਾਰਤ-ਕੋਰੀਆ ਉਦਯੋਗਿਕ ਸਹਿਯੋਗ ਲਈ ਦੂਤਾਵਾਸ ਦੇ ਸਮਰਥਨ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ। ਸੁੰਜਿਨ ਦੇ ਮੈਨੇਜਿੰਗ ਡਾਇਰੈਕਟਰ ਨੇ ਮੋਹਾਲੀ ਅਤੇ ਚੰਡੀਗੜ੍ਹ ਦੀ ਸ਼ਾਨਦਾਰ ਜੀਵਨ ਜਾਚ ਲਈ ਪ੍ਰਸੰਸਾ ਕੀਤੀ ਅਤੇ ਇਨਵੈਸਟ ਪੰਜਾਬ ਦੀ ਪੇਸ਼ੇਵਰ ਪਹੁੰਚ ਦੀ ਸ਼ਲਾਘਾ ਕੀਤੀ। ਰੋਡ ਸ਼ੋਅ ਵਿੱਚ ਪ੍ਰਮੁੱਖ ਕੋਰੀਆਈ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਸੀਨੀਅਰ ਨੁਮਾਇੰਦੇ ਸ਼ਾਮਲ ਹੋਏ ਜਿਨ੍ਹਾਂ ਵਿੱਚ ਬਲੂਮਬਰਗ, ਬ੍ਰਿਕਸ ਇੰਡੀਆ ਟ੍ਰੇਡ ਪ੍ਰਾਈਵੇਟ ਲਿਮਟਿਡ, ਕਿਮ ਐਂਡ ਚਾਂਗ, ਸ਼ਿਨ ਐਂਡ ਕਿਮ ਐਲ.ਐਲ.ਸੀ. ਕੋਤਰਾ, ਡੇਯੌਂਗ ਕਾਰਪੋਰੇਸ਼ਨ, ਗਾਵੋਨ ਇੰਟਰਨੈਸ਼ਨਲ, ਟੈਗਹਾਈਵ, ਪੰਜਾਬੀ ਐਸੋਸੀਏਸ਼ਨ ਆਫ ਕੋਰੀਆ ਅਤੇ ਹੋਰ ਸ਼ਾਮਲ ਸਨ ਜੋ ਪੰਜਾਬ ਨਾਲ ਸਾਂਝ ਵਿੱਚ ਮਜ਼ਬੂਤ ਸੰਸਥਾਗਤ ਦਿਲਚਸਪੀ ਦਾ ਪ੍ਰਗਟਾਵਾ ਕਰਦੇ ਹਨ। ਸਿਓਲ ਬਿਜ਼ਨਸ ਏਜੰਸੀ (ਐਸ.ਬੀ.ਏ.) ਨਾਲ ਮੀਟਿੰਗ ਦੌਰਾਨ ਭਾਈਵਾਲਾਂ ਨੇ ਸਿਓਲ ਦੀਆਂ ਤਕਨਾਲੋਜੀ ਸ਼ਕਤੀਆਂ ਅਤੇ ਪੰਜਾਬ ਦੇ ਉੱਭਰ ਰਹੇ ਆਈ.ਟੀ., ਇਲੈਕਟ੍ਰਾਨਿਕਸ ਅਤੇ ਸਟਾਰਟਅੱਪ ਈਕੋ-ਸਿਸਟਮ ਵਿਚਕਾਰ ਮਜ਼ਬੂਤ ਪੂਰਕਤਾ ਨੂੰ ਸਵੀਕਾਰ ਕੀਤਾ। ਕੋਰੀਆ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਨੇ (ਕੇ.ਐਨ.ਐਸ.ਯੂ.) ਪੰਜਾਬ ਦੀ ਫੇਰੀ ਦੌਰਾਨ ਖੇਡਾਂ ਦੀ ਵਿਸ਼ੇਸ਼ ਸਿਖਲਾਈ ਅਤੇ ਅਕਾਦਮਿਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਲਈ ਸਮਝੌਤਿਆਂ ਵਿੱਚ ਡੂੰਘੀ ਦਿਲਚਸਪੀ ਦਿਖਾਈ। ਸਿਓਲ ਵਿੱਚ ਟੂਰਿਜ਼ਮ ਰੋਡ ਸ਼ੋਅ ਨੂੰ ਵੀ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਵੱਖ-ਵੱਖ ਟੂਰ ਆਪਰੇਟਰਾਂ ਦੇ 10 ਤੋਂ ਵੱਧ ਨੁਮਾਇੰਦਿਆਂ ਨੇ ਇਸ ਵਿੱਚ ਹਿੱਸਾ ਲਿਆ ਅਤੇ ਸੂਬੇ ਦੀ ਸੈਰ-ਸਪਾਟਾ ਸੰਭਾਵਨਾ ਤਲਾਸ਼ਣ ਵਿੱਚ ਡੂੰਘੀ ਦਿਲਚਸਪੀ ਦਿਖਾਈ। ਸੁਨਜਿਨ ਨਾਲ ਮੁਲਾਕਾਤ ਦੌਰਾਨ ਕੰਪਨੀ ਨੇ ਪੰਜਾਬ ਵਿੱਚ ਆਪਣੀ ਪਸ਼ੂ ਖੁਰਾਕ ਸਮਰੱਥਾ ਦਾ ਵਿਸਥਾਰ ਕਰਨ ਦਾ ਵੀ ਇਰਾਦਾ ਰੱਖਿਆ ਅਤੇ ਸੂਬੇ ਵਿੱਚ ਪੋਲਟਰੀ ਅਤੇ ਡੇਅਰੀ ਕਾਰੋਬਾਰ ਸਥਾਪਤ ਕਰਨ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ।”

ਭਗਵੰਤ ਸਿੰਘ ਮਾਨ ਨੇ ਕਿਹਾ ਕਿ, “ਸੂਬੇ ਦੇ ਮੁਖੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਮੀਟਿੰਗਾਂ ਅਤੇ ਇਨ੍ਹਾਂ ਵਿਚਾਰ-ਵਟਾਂਦਰੇ ਦੇ ਨਤੀਜਿਆਂ ਬਾਰੇ ਦੱਸਣ। ਜਾਪਾਨੀ ਅਤੇ ਦੱਖਣੀ ਕੋਰੀਆਈ ਲੋਕਾਂ ਕੋਲ ਉੱਚ-ਪੱਧਰੀ ਤਕਨਾਲੋਜੀ ਹੈ ਪਰ ਪੰਜਾਬ ਕੋਲ ਸਭ ਤੋਂ ਨਵੀਨਤਾਕਾਰੀ ਅਤੇ ਮਿਹਨਤੀ ਪ੍ਰਤਿਭਾ ਹੈ ਅਤੇ ਆਉਣ ਵਾਲਾ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਤਕਨਾਲੋਜੀ ਅਤੇ ਪ੍ਰਤਿਭਾ ਵਿਚਕਾਰ ਤਾਲਮੇਲ ਲਈ ਰਾਹ ਪੱਧਰਾ ਕਰੇਗਾ। ਇਸ ਦੇ ਨਤੀਜੇ ਵਜੋਂ ਪੰਜਾਬ ਦੇਸ਼ ਅਤੇ ਦੁਨੀਆ ਵਿੱਚ ਮੋਹਰੀ ਸੂਬਾ ਬਣੇਗਾ।”

ਇਸ ਮੌਕੇ ਪੰਜਾਬ ਦੇ ਮੁੱਖ-ਸਕੱਤਰ ਕੇ.ਏ.ਪੀ. ਸਿਨਹਾ, ਮੁੱਖ-ਮੰਤਰੀ ਦੇ ਪ੍ਰਮੁੱਖ ਸਕੱਤਰ ਡਾ. ਰਵੀ ਭਗਤ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

Related posts

ਲਹੂ-ਲੁਹਾਨ ਹੋਇਆ ਸਿਡਨੀ ਦਾ ਬੌਂਡੀ ਬੀਚ : ਅੱਤਵਾਦੀ ਹਮਲੇ ‘ਚ 16 ਮੌਤਾਂ ਤੇ 42 ਜ਼ਖਮੀਂ

admin

ਪਿਛਲੇ 25 ਸਾਲਾਂ ਦੌਰਾਨ ਭਾਰਤ ਵਿੱਚ ਕਈ ਏਅਰਲਾਈਨਾਂ ਬੰਦ ਹੋਣ ਦੇ ਕੀ ਕਾਰਣ ਰਹੇ ?

admin

ਪੰਜਾਬ ਦੇ ਮੁੱਖ-ਮੰਤਰੀ ਵਲੋਂ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਨਾਲ ਮੁਲਾਕਾਤ

admin