ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਰਹਿਨੁਮਾਈ ਵਿਚ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਦੀ ਅਗਵਾਈ ਅਧੀਨ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਅਸ਼ੋਕ ਭੌਰਾ ਦੀਆਂ ਪੁਸਤਕਾਂ ਦਾ ਲੋਕ ਅਰਪਣ ਅਤੇ ਰੂ-ਬ-ਰੂ ਸਮਾਗਮ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿਚ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਲੇਖਕ ਅਸ਼ੋਕ ਭੌਰਾ ਜੀ ਨੂੰ ਜੀ ਆਇਆਂ ਕਹਿੰਦਿਆਂ ਸਨਮਾਨ ਚਿੰਨ੍ਹ ਵਜੋਂ ਕਾਲਜ ਦੀ ਤਸਵੀਰ ਅਤੇ ਕੌਫ਼ੀ ਟੇਬਲ ਬੁੱਕ ਦੇ ਕੇ ਨਿੱਘਾ ਸਵਾਗਤ ਕੀਤਾ।
ਇਸ ਉਪਰੰਤ ਕਾਲਜ ਦੇ ਪ੍ਰਿੰਸੀਪਲ, ਸਮੂਹ ਪੰਜਾਬੀ ਵਿਭਾਗ ਅਤੇ ਇਸ ਸਮੇਂ ਉਚੇਚੇ ਤੌਰ ‘ਤੇ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖ਼ਸੀਅਤਾਂ ਦੁਆਰਾ ਪ੍ਰਸਿੱਧ ਪੱਤਰਕਾਰ ਅਤੇ ਲੇਖਕ ਅਸ਼ੋਕ ਭੌਰਾ ਦੀਆਂ ਪੁਸਤਕਾਂ ‘ਸਿਆਣੀ ਕੁੜੀ’ ਅਤੇ ‘ਮੇਰਾ ਪਿੰਡ ਮੋੜ ਦਿਓ’ ਦਾ ਲੋਕ ਅਰਪਣ ਕਰਨ ਦੀ ਰਸਮ ਅਦਾ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਅਸ਼ੋਕ ਭੌਰਾ ਜੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਸ਼ੋਕ ਭੌਰਾ ਦਾ ਜੀਵਨ ਬਾਹਰਲੇ ਮੁਲਕਾਂ ਦੀਆਂ ਯਾਤਰਾਵਾਂ ਤੇ ਤਜ਼ਰਬਿਆਂ ਨਾਲ ਜੁੜਿਆ ਹੈ। ਉਹਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਕਰਵਾਈਆਂ ਜਾ ਰਹੀਆ ਸਰਗਰਮੀਆਂ ਉਹਨਾਂ ਦੀ ਵੱਖਰੀ ਪਹਿਚਾਣ ਸਥਾਪਿਤ ਕਰਦੀਆਂ ਹਨ। ਉਹਨਾਂ ਨੂੰ ਸ਼ਬਦਾਂ ਦਾ ਜਾਦੂਗਰ ਕਹਿ ਕੇ ਸਨਮਾਨਿਆਂ ਜਾਂਦਾ ਹੈ। ਪੰਜਾਬੀ ਭਾਸ਼ਾ ਦੇ ਵਿਕਾਸ ਤੇ ਪਾਸਾਰ ਲਈ ਦੇਸ਼ਾ-ਵਿਦੇਸ਼ਾ ਵਿਚ ਕਰਵਾਈਆਂ ਜਾ ਰਹੀਆਂ ਕਾਨਫਰੰਸਾਂ ਰਾਹੀਂ ਉਹ ਪੰਜਾਬੀ ਦੇ ਵਿਕਾਸ ਲਈ ਵਿਸ਼ੇਸ਼ ਭੂਮਿਕਾ ਨਿਭਾਅ ਰਹੇ ਹਨ। ਸਿੱਖ ਇਤਿਹਾਸਿਕ ਇਮਾਰਤਾਂ ਦੀ ਪੁਨਰ-ਉਸਾਰੀ ਵਿਚ ਉਹਨਾਂ ਦੀਆਂ ਤਸਵੀਰਾਂ ਦੀ ਅਹਿਮ ਭੂਮਿਕਾ ਹੈ।
ਲੇਖਕ ਅਸ਼ੋਕ ਭੌਰਾ ਨੇ ਪੁਸਤਕਾਂ ‘ਸਿਆਣੀ ਕੁੜੀ’ ਅਤੇ ‘ਮੇਰਾ ਪਿੰਡ ਮੋੜ ਦਿਓ’ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹਨਾਂ ਪੁਸਤਕਾਂ ਦੇ ਵਿਸ਼ੇ ਸਮਾਜ ਦੇ ਸਭਿਆਚਾਰਕ ਮਹੱਤਵ ਨਾਲ ਜੁੜੇ ਹੋਏ ਹਨ। ਉਹਨਾਂ ਦੱਸਿਆ ਕਿ ਉਹ 1980 ਤੋਂ 2005 ਤੱਕ ਪੰਜਾਬੀ ਗਾਇਕੀ ਅਤੇ ਇਸਦੀ ਪੇਸ਼ਕਾਰੀ ਨਾਲ ਜੁੜੇ ਹੋਏ ਹਨ। ਪੰਜਾਬੀ ਦੀ ਪ੍ਰਮੁੱਖ ਅਖ਼ਬਾਰ ‘ਅਜੀਤ’ ਨਾਲ ਪਿਛਲੇ 50 ਸਾਲਾਂ ਤੋਂ ਜੁੜੇ ਹੋਏ ਹਨ ਜਿਸ ਸਦਕਾ ਉਹ 40 ਦੇ ਕਰੀਬ ਦੇਸ਼ਾਂ ਦੀ ਯਾਤਰਾ ਵੀ ਕਰ ਚੁੱਕੇ ਹਨ। ਉਹਨਾਂ ਅਨੁਸਾਰ ਇਕ ਵਧੀਆਂ ਸਾਹਿਤਕਾਰ ਨੂੰ ਸਾਧਾਰਨ ਪਾਠਕ ਦੀ ਸਮਝ ਵਿਚ ਆਉਣ ਵਾਲਾ ਸਾਹਿਤ ਲਿਖਣਾ ਚਾਹੀਦਾ ਹੈ। ਉਹਨਾਂ ਨੇ ਆਪਣੀਆਂ ਕਹਾਣੀਆਂ ਅਤੇ ਕਵਿਤਾਵਾਂ ਦੀਆਂ ਪੇਸ਼ਕਾਰੀ ਰਾਹੀਂ ਸਰੋਤਿਆਂ ਨੂੰ ਮੰਤਰ-ਮੁਗਧ ਕੀਤਾ।
ਸਮਾਗਮ ਦੇ ਅੰਤ ਵਿਚ ਪੰਜਾਬੀ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਨੇ ਇਸ ਸਮਾਗਮ ਵਿਚ ਉਚੇਚੇ ਤੌਰ ’ਤੇ ਸ਼ਿਰਕਤ ਕਰਨ ’ਤੇ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਲੇਖਕ ਅਸ਼ੋਕ ਭੌਰਾ, ਉਹਨਾਂ ਨਾਲ ਪਹੁੰਚੀਆਂ ਹੋਰ ਸ਼ਖ਼ਸੀਅਤਾਂ, ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਮੰਚ ਦਾ ਸੰਚਾਲਨ ਡਾ. ਹੀਰਾ ਸਿੰਘ ਨੇ ਬਾਖ਼ੂਬੀ ਨਿਭਾਇਆ। ਇਸ ਮੌਕੇ ’ਤੇ ਵਿਭਾਗ ਦੇ ਸੀਨੀਅਰ ਪ੍ਰੋਫ਼ੈਸਰ ਡਾ. ਕੁਲਦੀਪ ਸਿੰਘ, ਡਾ. ਜਸਬੀਰ ਸਿੰਘ, ਡਾ. ਗੁਰਿੰਦਰ ਕੌਰ, ਡਾ. ਪਰਮਿੰਦਰ ਜੀਤ ਕੌਰ, ਡਾ. ਮੇਜਰ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਗੁਰਸ਼ਰਨ ਸਿੰਘ, ਡਾ ਦਯਾ ਸਿੰਘ, ਡਾ. ਮਨੀਸ਼ ਕੁਮਾਰ, ਡਾ. ਅਮਾਨਤ ਮਸੀਹ, ਡਾ. ਅਮਨਦੀਪ ਕੌਰ, ਡਾ. ਯਾਦਵਿੰਦਰ ਕੌਰ, ਡਾ. ਪ੍ਰਭਜੀਤ ਸਿੰਘ, ਡਾ. ਰੁਪਿੰਦਰ ਕੌਰ, ਡਾ. ਸੰਦੀਪ ਕੌਰ, ਡਾ. ਪ੍ਰਭਜੀਤ ਕੌਰ, ਡਾ. ਸੰਦੀਪ ਕੌਰ ਮਾਹਲ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅੰਮ੍ਰਿਤਪਾਲ ਕੌਰ, ਪ੍ਰੋ. ਸਤਨਾਮ ਸਿੰਘ, ਪ੍ਰੋ. ਵਰਿੰਦਰ ਸਿੰਘ, ਪ੍ਰੋ. ਰਵਿੰਦਰ ਆਦਿ ਹਾਜ਼ਰ ਸਨ।
