ਇਸ ਤਿਉਹਾਰੀ ਮੌਸਮ ਦੌਰਾਨ, ਐਂਬੂਲੈਂਸ ਵਿਕਟੋਰੀਆ (AV) ਓਰਬੋਸਟ ਦੇ ਇੱਕ ਸਥਾਨਕ ਨਿਵਾਸੀ ਦਾ ਜਸ਼ਨ ਮਨਾ ਰਹੀ ਹੈ, ਜਿਸ ਨੇ ਪੈਰਾਮੈਡਿਕਸ ਵੱਲੋਂ ਮਿਲੀ ਦੇਖਭਾਲ ਲਈ ਆਪਣੀ ਕਦਰਦਾਨੀ ਜ਼ਾਹਰ ਕਰਦੇ ਹੋਏ ਦੋ ਸਾਲਾਂ ਵਿੱਚ ਸੰਸਥਾ ਨੂੰ ਹੈਰਾਨ ਕਰਦਿਆਂ 80,000 ਡਾਲਰ ਦਾ ਦਾਨ ਦੇ ਦਿੱਤਾ।
ਕ੍ਰਿਸਟੋਫਰ ਕਿੰਗ ਨੂੰ AV ਲਈ ਦਾਨ ਦੇਣ ਦੀ ਪ੍ਰੇਰਣਾ ਕੁਝ ਸਾਲ ਪਹਿਲਾਂ ਦਿਲ ਦਾ ਦੌਰਾ ਪੈਣ ਤੋਂ ਬਾਅਦ ਮਿਲੀ, ਜਦੋਂ ਸਥਾਨਕ ਐਡਵਾਂਸਡ ਲਾਈਫ ਸਪੋਰਟ (ALS) ਪੈਰਾਮੈਡਿਕ ਟੀਮਾਂ ਨੇ ਉਨ੍ਹਾਂ ਨੂੰ ਦੋ ਵਾਰ ਹਸਪਤਾਲ ਪਹੁੰਚਾਇਆ ਅਤੇ ਅੱਗੇ ਦੇ ਇਲਾਜ ਲਈ ਏਅਰ ਐਂਬੂਲੈਂਸ ਰਾਹੀਂ ਮੈਲਬੌਰਨ ਲਿਜਾਇਆ ਗਿਆ।
ਜਦੋਂ ਕ੍ਰਿਸਟੋਫਰ ਕਿੰਗ ਨੇ ਆਪਣੇ ਮਾਮਲੇ ਵਿੱਚ ਮੌਜੂਦ ਪੈਰਾਮੈਡਿਕਸ ਦੀ ਸੰਭਾਲ, ਦਇਆ ਅਤੇ ਕਲੀਨਿਕਲ ਮੁਹਾਰਤ ਨੂੰ ਨੇੜੇ ਤੋਂ ਦੇਖਿਆ ਤਾਂ ਉਨ੍ਹਾਂ ਨੇ ਵਾਪਸ ਕੁਝ ਦੇਣ ਦਾ ਫੈਸਲਾ ਕੀਤਾ। ਇਸੇ ਕਾਰਨ 2023 ਵਿੱਚ ਉਨ੍ਹਾਂ ਨੇ ਏਅਰ ਐਂਬੂਲੈਂਸ ਵਿਕਟੋਰੀਆ (AAV) ਨੂੰ ਸ਼ਾਨਦਾਰ 40,000 ਡਾਲਰ ਦਾ ਦਾਨ ਦਿੱਤਾ। ਇਸ ਸਬੰਧੀ ਕ੍ਰਿਸ ਦਾ ਕਹਿਣਾ ਹੈ ਕਿ, ” ਏਅਰ ਐਂਬੂਲੈਂਸ ਟੀਮ ਮੇਰੇ ਵਰਗੇ ਖੇਤਰੀ ਮਰੀਜ਼ਾਂ ਨੂੰ ਮੈਲਬੌਰਨ ਦੇ ਹਸਪਤਾਲਾਂ ਤੱਕ ਪਹੁੰਚਾਉਣ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ, ਇਸ ਲਈ ਮੈਂ ਜਹਾਜ਼ਾਂ ਨੂੰ ਚਲਦਾ ਰੱਖਣ ਵਿੱਚ ਮਦਦ ਕਰਨਾ ਚਾਹੁੰਦਾ ਸੀ। ਓਰਬੋਸਟ ਵਿੱਚ ਰਹਿੰਦੇ ਹੋਏ, ਕਾਰ ਰਾਹੀਂ ਮੈਲਬੌਰਨ ਪਹੁੰਚਣ ਵਿੱਚ ਚਾਰ ਘੰਟੇ ਲੱਗਦੇ ਹਨ, ਪਰ ਟੀਮਾਂ ਨੇ ਮੈਨੂੰ ਦੋ ਘੰਟਿਆਂ ਤੋਂ ਘੱਟ ਸਮੇਂ ਵਿੱਚ ਜਹਾਜ਼ ਵਿੱਚ ਬਿਠਾ ਕੇ ਮੈਲਬੌਰਨ ਦੇ ‘ਦਿ ਆਸਟਿਨ ਹਸਪਤਾਲ’ ਪਹੁੰਚਾ ਦਿੱਤਾ, ਜੋ ਕਾਬਿਲ-ਏ-ਤਾਰੀਫ਼ ਸੀ।”
AAV (ਏਅਰ ਐਂਬੂਲੈਂਸ ਵਿਕਟੋਰੀਆ) ਵਿੱਚ ਪੰਜ ਹੈਲੀਕਾਪਟਰ ਅਤੇ ਚਾਰ ਜਹਾਜ਼ ਸ਼ਾਮਲ ਹਨ, ਜੋ ਸੂਬੇ ਭਰ ਦੇ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਨਾਲ ਜੋੜਦੇ ਹਨ, ਤਾਂ ਜੋ ਹਰ ਕਿਸੇ ਨੂੰ ਜ਼ਰੂਰੀ ਮੈਡੀਕਲ ਦੇਖਭਾਲ ਤੁਰੰਤ ਮਿਲ ਸਕੇ। AAV ਦੀ ਉੱਚ-ਕੁਸ਼ਲ ਉਡਾਨ ਟੀਮ, ਜਿਸ ਵਿੱਚ ਮੋਬਾਈਲ ਇੰਟੈਂਸਿਵ ਕੇਅਰ ਐਂਬੂਲੈਂਸ (MICA) ਫਲਾਈਟ ਅਤੇ ALS ਪੈਰਾਮੈਡਿਕਸ ਸ਼ਾਮਲ ਹਨ, ਸਖਤ ਟ੍ਰੇਨਿੰਗ ਲੈਂਦੀ ਹੈ ਅਤੇ ਸੂਬੇ ਦੇ ਸਭ ਤੋਂ ਦੂਰ-ਦਰਾਜ਼ ਅਤੇ ਮੁਸ਼ਕਲ ਥਾਵਾਂ ਤੋਂ ਵੀ ਜ਼ਮੀਨ ਅਤੇ ਸਮੁੰਦਰ ਰਾਹੀਂ ਮਰੀਜ਼ਾਂ ਨੂੰ ਲੈਕੇ ਜਾਣ ਦੇ ਯੋਗ ਹੈ।
ਪਰ ਕ੍ਰਿਸ ਦੀ ਦਰਿਆਦਿਲੀ ਇੱਥੇ ਹੀ ਨਹੀਂ ਰੁਕੀ। ਸਥਾਨਕ ਪੈਰਾਮੈਡਿਕਸ ਲਈ ਆਪਣੀ ਕਦਰਦਾਨੀ ਦੇ ਚਲਦੇ, ਇਸ ਵਾਰ ਓਰਬੋਸਟ ਐਂਬੂਲੈਂਸ ਬ੍ਰਾਂਚ ਨੂੰ ਹੋਰ 40,000 ਡਾਲਰ ਦਾ ਦਾਨ ਦਿੱਤਾ ਤਾਂ ਜੋ ਸਥਾਨਕ ALS ਪੈਰਾਮੈਡਿਕਸ ਅਤੇ ਐਂਬੂਲੈਂਸ ਕਮਿਊਨਿਟੀ ਅਫਸਰਾਂ (ACOs) ਦੇ ਕੰਮ ਨੂੰ ਸਹਾਰਾ ਮਿਲ ਸਕੇ।
ਇਸ ਸਬੰਧੀ ਕ੍ਰਿਸ ਨੇ ਕਿਹਾ ਕਿ, “ਸਥਾਨਕ ਓਰਬੋਸਟ ਟੀਮਾਂ ਨੇ ਸਿਰਫ਼ ਮੇਰੀ ਹੀ ਮਦਦ ਨਹੀਂ ਕੀਤੀ, ਮੈਂ ਇਹ ਵੀ ਦੇਖਿਆ ਕਿ ਉਨ੍ਹਾਂ ਨੇ ਮੇਰੀ ਮਾਂ ਦੀ ਕਿਵੇਂ ਸੰਭਾਲ ਕੀਤੀ। ਹਰ ਵਾਰ ਉਹ ਪੇਸ਼ਾਵਰ ਅਤੇ ਦਇਆਲੂ ਸਨ। ਜਿੰਨੇ ਵੀ ਸਥਾਨਕ ਪੈਰਾਮੈਡਿਕ ਅਤੇ ਫਰਸਟ ਰਿਸਪਾਂਡਰ ਨੂੰ ਮੈਂ ਮਿਲਿਆ ਹਾਂ, ਉਹ ਸਾਰੇ ਬਹੁਤ ਵਧੀਆ ਹਨ। ਇਸ ਲਈ ਮੈਨੂੰ ਲੱਗਿਆ ਕਿ ਉਨ੍ਹਾਂ ਦੇ ਕੰਮ ਨੂੰ ਸਹਾਰਾ ਦੇ ਕੇ ਆਪਣਾ ਧੰਨਵਾਦ ਜ਼ਾਹਰ ਕਰਨਾ ਬਿਲਕੁਲ ਠੀਕ ਹੈ।”
AV ਵੱਲੋਂ ਦਿੱਤੀਆਂ ਸਹੂਲਤਾਂ ਤੋਂ ਇਲਾਵਾ, ਦਾਨ ਓਰਬੋਸਟ ਵਰਗੀਆਂ ਕਮਿਊਨਿਟੀਆਂ ਨੂੰ ਸਥਾਨਕ ਟੀਮਾਂ ਲਈ ਖ਼ਾਸ ਸਾਜ਼ੋ-ਸਾਮਾਨ, ਸਰੋਤ ਅਤੇ ਉੱਚ ਤਰ੍ਹਾਂ ਦੀ ਟ੍ਰੇਨਿੰਗ ਮੁਹੱਈਆ ਕਰਵਾਉਣ ਵਿੱਚ ਮਦਦ ਕਰਦੇ ਹਨ ਜਿਸ ਨਾਲ ਕਰਮਚਾਰੀ ਉੱਚ ਗੁਣਵੱਤਾ ਵਾਲੀ ਕਲੀਨਿਕਲ ਦੇਖਭਾਲ ਜਾਰੀ ਰੱਖ ਸਕਦੇ ਹਨ।
AV ਦੇ ਕਾਰਜਕਾਰੀ ਓਰਬੋਸਟ ਟੀਮ ਮੈਨੇਜਰ ਨੇਥਨ ਲੂਬੀ ਨੇ ਕਿਹਾ ਕਿ, “ਇੰਨੇ ਵੱਡੇ ਦਾਨ ਲਈ ਧੰਨਵਾਦ ਜ਼ਾਹਰ ਕਰਨ ਲਈ ਸ਼ਬਦ ਘੱਟ ਪੈਂਦੇ ਹਨ।ਇਹ ਜਾਣ ਕੇ ਕਿ ਕਮਿਊਨਿਟੀ ਦਾ ਇੱਕ ਮੈਂਬਰ ਸਾਡੀਆਂ ਟੀਮਾਂ ਵੱਲੋਂ ਮਿਲੀ ਦੇਖਭਾਲ ਨਾਲ ਇੰਨਾ ਪ੍ਰਭਾਵਿਤ ਹੋਇਆ ਕਿ ਉਸ ਨੇ ਇੰਨਾ ਵੱਡਾ ਦਾਨ ਕੀਤਾ, ਇਹ ਸਭ ਤੋਂ ਵਧੀਆ ਅਹਿਸਾਸਾਂ ਵਿੱਚੋਂ ਇੱਕ ਹੈ। ਹਰ ਰੋਜ਼ ਸਾਡੇ ਪੈਰਾਮੈਡਿਕਸ ਅਤੇ ACOs ਕਮਿਊਨਿਟੀ ਵਿੱਚ ਜਾ ਕੇ ਉਹਨਾਂ ਲੋਕਾਂ ਦੀ ਮਦਦ ਕਰਦੇ ਹਨ ਜੋ ਕਈ ਵਾਰ ਆਪਣੀ ਜ਼ਿੰਦਗੀ ਦੇ ਸਭ ਤੋਂ ਮੁਸ਼ਕਲ ਦਿਨ ਦਾ ਸਾਹਮਣਾ ਕਰ ਰਹੇ ਹੁੰਦੇ ਹਨ। ਕਈ ਵਾਰ ਅਸੀਂ ਆਪਣੇ ਪ੍ਰਭਾਵ ਨੂੰ ਭੁੱਲ ਜਾਂਦੇ ਹਾਂ, ਪਰ ਇਸ ਤਰ੍ਹਾਂ ਦੇ ਮਾਮਲੇ ਸਾਰਾ ਕੁਝ ਮੁੜ ਯਾਦ ਕਰਵਾ ਦਿੰਦੇ ਹਨ।”
AAV ਦੇ ਏਅਰ ਓਪਰੇਸ਼ਨਜ਼ ਮੈਨੇਜਰ ਬ੍ਰੈਡ ਮਾਰਟਿਨ ਨੇ ਵੀ ਸਹਿਮਤੀ ਜ਼ਾਹਰ ਕੀਤੀ ਕਿ, “ਕ੍ਰਿਸ ਦਾ ਦਾਨ ਨਿਸ਼ਚਿਤ ਤੌਰ ’ਤੇ ਜਾਨਾਂ ਬਚਾਉਣ ਵਿੱਚ ਸਹਾਇਕ ਹੋਵੇਗਾ। ਹਰ ਸਾਲ AAV ਲਗਭਗ 6,000 ਮਰੀਜ਼ਾਂ ਨੂੰ ਮੈਡੀਕਲ ਇਲਾਜ ਪ੍ਰਦਾਨ ਕਰਦੀ ਹੈ ਅਤੇ ਉਨ੍ਹਾਂ ਨੂੰ ਢੁਕਵੇਂ ਮੈਡੀਕਲ ਸੈਂਟਰਾਂ ਤੱਕ ਲਿਜਾਂਦੀ ਹੈ—ਜਿਨ੍ਹਾਂ ਵਿੱਚ ਕ੍ਰਿਸ ਵਰਗੇ ਬਹੁਤ ਸਾਰੇ ਮਰੀਜ਼ ਸ਼ਾਮਲ ਹੁੰਦੇ ਹਨ। ਕ੍ਰਿਸ ਵਰਗੇ ਦਾਨ ਸਾਨੂੰ ਆਪਣੇ ਸਾਜ਼ੋ-ਸਾਮਾਨ ਅਤੇ ਸਰੋਤਾਂ ਨੂੰ ਹੋਰ ਅੱਪਗ੍ਰੇਡ ਕਰਨ ਵਿੱਚ ਮਦਦ ਕਰਦੇ ਹਨ, ਜਿਸ ਨਾਲ ਅਸੀਂ ਮਰੀਜ਼ਾਂ ਅਤੇ ਆਪਣੇ ਫਲਾਈਟ ਪੈਰਾਮੈਡਿਕਸ ਲਈ ਸਭ ਤੋਂ ਉੱਚ ਪੱਧਰ ਦੀ ਦੇਖਭਾਲ, ਸੁਰੱਖਿਆ ਅਤੇ ਆਰਾਮ ਮੁਹੱਈਆ ਕਰ ਸਕਦੇ ਹਾਂ।”
AV ਨੂੰ 2 ਡਾਲਰ ਤੋਂ ਵੱਧ ਦੇ ਦਾਨ ਪੂਰੀ ਤਰ੍ਹਾਂ ਟੈਕਸ ਕਟੌਤੀਯੋਗ ਹਨ ਅਤੇ ਇਹ ਵਿਕਟੋਰੀਆ ਦੀ ਭਵਿੱਖ ਦੀ ਪ੍ਰੀ-ਹਸਪਤਾਲ ਐਮਰਜੈਂਸੀ ਸਿਹਤ ਸੇਵਾ ਵਿੱਚ ਕਮਿਊਨਿਟੀ ਦੀ ਨਿਵੇਸ਼ ਨੂੰ ਦਰਸਾਉਂਦੇ ਹਨ।
ਜਨਤਕ ਦਾਨ AV ਨੂੰ ਸਰਕਾਰੀ ਫੰਡਿੰਗ ਤੋਂ ਅੱਗੇ ਵੱਧ ਕੇ ਹਰ ਵਿਕਟੋਰੀਆਈ ਲਈ ਸਭ ਤੋਂ ਵਧੀਆ ਸੰਭਵ ਦੇਖਭਾਲ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ।
ਕ੍ਰਿਸ ਨੇ ਕਿਹਾ ਕਿ, “ਮੈਨੂੰ ਪਤਾ ਹੈ ਕਿ ਹਰ ਛੋਟੀ ਮਦਦ ਵੀ ਮਹੱਤਵਪੂਰਣ ਹੁੰਦੀ ਹੈ ਅਤੇ ਮੈਂ ਸੱਚਮੁੱਚ ਉਸ ਸੰਸਥਾ ਦੀ ਮਦਦ ਕਰਨੀ ਚਾਹੁੰਦਾ ਸੀ ਜੋ ਮੇਰੇ ਲਈ ਉਸ ਵੇਲੇ ਖੜੀ ਸੀ ਜਦੋਂ ਮੈਨੂੰ ਸਭ ਤੋਂ ਜ਼ਿਆਦਾ ਲੋੜ ਸੀ, “ਉਨ੍ਹਾਂ ਦੀ ਮਦਦ ਤੋਂ ਬਿਨਾਂ ਸ਼ਾਇਦ ਮੈਂ ਅੱਜ ਇੱਥੇ ਨਾ ਹੁੰਦਾ।”
ਜੋ ਵੀ ਇਸ ਤਿਉਹਾਰੀ ਮੌਸਮ ਦੌਰਾਨ ਦਾਨ ਦੇਣ ਦੀ ਸਥਿਤੀ ਵਿੱਚ ਹਨ, ਉਹ AV ਨੂੰ www.ambulance.vic.gov.au/donations ’ਤੇ ਦਾਨ ਕਰ ਸਕਦੇ ਹਨ।
