BollywoodArticlesIndia

ਹਿੰਦੂ ਤੋਂ ਮੁਸਲਮਾਨ ਬਣੇ ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਦੇ ਬਿਆਨਾਂ ਨਾਲ ਵਿਵਾਦ ਭਖਿਆ !

ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ, ਏ.ਆਰ. ਰਹਿਮਾਨ।

ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਅਤੇ ਓਸਕਰ ਐਵਾਰਡ ਜੇਤੂ ਏ.ਆਰ. ਰਹਿਮਾਨ ਨੇ ਇੱਕ ਤਾਜ਼ਾ ਇੰਟਰਵਿਊ ਵਿੱਚ ਸੰਗੀਤ ਉਦਯੋਗ ਦੇ ਬਦਲਦੇ ਚਿਹਰੇ ਅਤੇ ਪਿਛਲੇ ਕੁੱਝ ਸਾਲਾਂ ਵਿੱਚ ਉਦਯੋਗ ਵਿੱਚ ਫਿਰਕਾਪ੍ਰਸਤੀ ਦੇ ਵਧ ਜਾਣ ਸਬੰਧੀ ਦਿੱਤੇ ਬਿਆਨਾਂ ਨਾਲ ਬਾਲੀਵੁੱਡ ਦੇ ਵਿੱਚ ਨਵੀਂ ਬਹਿਸ ਗਰਮਾ ਗਈ ਹੈ। ਬਾਲੀਵੁੱਡ ਕਲਾਕਾਰਾਂ ਦੇ ਨਾਲ-ਨਾਲ ਹਿੰਦੂ ਸੰਗਠਨ ਵੀ ਇਸ ਵਿਵਾਦ ਵਿੱਚ ਕੁੱਦ ਪਏ ਹਨ। ਲੇਖਕ ਜਾਵੇਦ ਅਖਤਰ, ਗਾਇਕ ਹਰੀਹਰਨ ਅਤੇ ਸ਼ਾਨ ਤੋਂ ਬਾਅਦ ਅਦਾਕਾਰਾ ਕੰਗਨਾ ਰਣੌਤ ਨੇ ਹੁਣ ਇਸ ਮੁੱਦੇ ‘ਤੇ ਤਿੱਖੀ ਪ੍ਰਤੀਕਿਰਿਆ ਜਾਰੀ ਕੀਤੀ ਹੈ।

ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਫਿਰਕਾਪ੍ਰਸਤੀ ‘ਤੇ ਰਹਿਮਾਨ ਦੀਆਂ ਟਿੱਪਣੀਆਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਹੈ ਕਿ, “ਪਿਆਰੇ ਰਹਿਮਾਨ ਜੀ, ਮੈਨੂੰ ਫਿਲਮ ਉਦਯੋਗ ਵਿੱਚ ਬਹੁਤ ਸਾਰੇ ਵਿਤਕਰੇ ਅਤੇ ਪੱਖਪਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਮੈਂ ਇੱਕ ਭਗਵਾ ਪਾਰਟੀ ਦਾ ਸਮਰਥਨ ਕਰਦੀ ਹਾਂ, ਫਿਰ ਵੀ ਮੈਨੂੰ ਇਹ ਕਹਿਣਾ ਪਵੇਗਾ ਕਿ ਮੈਂ ਕਦੇ ਵੀ ਤੁਹਾਡੇ ਵਰਗੇ ਪੱਖਪਾਤੀ ਅਤੇ ਨਫ਼ਰਤ ਭਰੇ ਵਿਅਕਤੀ ਨੂੰ ਨਹੀਂ ਮਿਲੀ। ਮੈਂ ਤੁਹਾਨੂੰ ਆਪਣੀ ਨਿਰਦੇਸ਼ਤ ਫਿਲਮ ‘ਐਮਰਜੈਂਸੀ’ ਦੀ ਕਹਾਣੀ ਸੁਣਾਉਣਾ ਚਾਹੁੰਦੀ ਸੀ। ਕਹਾਣੀ ਨੂੰ ਭੁੱਲ ਜਾਓ, ਤੁਸੀਂ ਤਾਂ ਮੈਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ। ਮੈਨੂੰ ਦੱਸਿਆ ਗਿਆ ਸੀ ਕਿ ਤੁਸੀਂ ਇਸ ਤਰ੍ਹਾਂ ਦੀ ਪ੍ਰਚਾਰ ਫਿਲਮ ਦਾ ਹਿੱਸਾ ਨਹੀਂ ਬਣਨਾ ਚਾਹੁੰਦੇ। ਹੈਰਾਨੀ ਇਹ ਹੈ ਕਿ ਹਰ ਆਲੋਚਕ ‘ਐਮਰਜੈਂਸੀ’ ਨੂੰ ਇੱਕ ਮਾਸਟਰਪੀਸ ਕਹਿੰਦਾ ਸੀ, ਵਿਰੋਧੀ ਪਾਰਟੀ ਦੇ ਨੇਤਾਵਾਂ ਨੇ ਵੀ ਮੇਰੀ ਫਿਲਮ ਦੀ ਪ੍ਰਸ਼ੰਸਾ ਕਰਦੇ ਹੋਏ ਪ੍ਰਸੰਸਾ ਪੱਤਰ ਭੇਜੇ, ਪਰ ਤੁਸੀਂ ਨਫ਼ਰਤ ਨਾਲ ਅੰਨ੍ਹੇ ਹੋ ਗਏ ਹੋ। ਮੈਨੂੰ ਤੁਹਾਡੇ ਲਈ ਅਫ਼ਸੋਸ ਹੈ।”

ਕੰਗਨਾ ਨੇ ਆਪਣੀ ਕਹਾਣੀ ਜਾਰੀ ਰੱਖਦਿਆਂ ਕਿਹਾ ਕਿ, “ਰਹਿਮਾਨ ਜੀ, ਹਰ ਕਿਸੇ ਦੀਆਂ ਆਪਣੀਆਂ ਲੜਾਈਆਂ ਹੁੰਦੀਆਂ ਹਨ। ਕਈ ਅਜਿਹੇ ਡਿਜ਼ਾਈਨਰ ਹਨ ਜੋ ਮੇਰੇ ਕੋਲੋਂ ਆਪਣੇ ਗਹਿਣੇ ਅਤੇ ਕੱਪੜੇ ਫ੍ਰੀ ਫੰਡ ਮੁਹਿੰਮ ਰਾਹੀਂ ਲਾਂਚ ਕਰਾਉਣਾ ਚਾਹੁੰਦੇ ਸਨ ਅਤੇ ਕਹਿੰਦੇ ਸਨ ਕਿ ਉਹ ਮੇਰੇ ਸਭ ਤੋਂ ਚੰਗੇ ਦੋਸਤ ਹਨ। ਪਰ ਉਨ੍ਹਾਂ ਨੇ ਬਾਅਦ ਵਿੱਚ ਮੇਰੇ ਨਾਲ ਗੱਲ ਕਰਨੀ ਵੀ ਬੰਦ ਕਰ ਦਿੱਤੀ ਸੀ। ਮੈਨੂੰ ਯਾਦ ਹੈ ਜਦੋਂ ਮੈਂ ਅਯੁੱਧਿਆ ਵਿੱਚ ਰਾਮ ਜਨਮਭੂਮੀ ਦੇ ਦਰਸ਼ਨ ਕਰਨ ਲਈ ਮਸ਼ਹੂਰ ਡਿਜ਼ਾਈਨਰ ਮਸਾਬਾ ਗੁਪਤਾ ਦੀ ਸਾੜੀ ਪਾਈ ਹੋਈ ਸੀ। ਮਸਾਬਾ ਨੇ ਆਪਣੇ ਸਟਾਈਲਿਸਟ ਨੂੰ ਕਿਹਾ ਕਿ ਮੈਂ ਉਸਦੀ ਡਿਜ਼ਾਈਨ ਕੀਤੀ ਸਾੜੀ ਪਾ ਕੇ ਰਾਮ ਮੰਦਰ ਨਹੀਂ ਜਾ ਸਕਦੀ। ਮੈਂ ਕਾਰ ਵਿੱਚ ਸੀ ਅਤੇ ਬਦਲਣ ਦਾ ਕੋਈ ਪ੍ਰਬੰਧ ਨਹੀਂ ਸੀ। ਉਸ ਵੇਲੇ ਮੈਂ ਖੁਦ ਨੂੰ ਬਹੁਤ ਬੇਇੱਜ਼ਤ ਅਤੇ ਨੀਵਾਂ ਮਹਿਸੂਸ ਕੀਤਾ। ਮੈਂ ਕਾਰ ਵਿੱਚ ਚੁੱਪਚਾਪ ਰੋਂਦੀ ਰਹੀ। ਬਾਅਦ ਵਿੱਚ ਮਸਾਬਾ ਨੇ ਦੂਜੇ ਡਿਜ਼ਾਈਨਰਾਂ ਵਾਂਗ ਮੈਨੂੰ ਆਪਣਾ ਜਾਂ ਆਪਣਾ ਬ੍ਰਾਂਡ ਦਾ ਨਾਮ ਨਾ ਦੱਸਣ ਲਈ ਕਿਹਾ। ਅੱਜ, ਰਹਿਮਾਨ ਜੀ ਮਗਰਮੱਛ ਦੇ ਹੰਝੂ ਵਹਾ ਰਹੇ ਹਨ, ਪਰ ਉਨ੍ਹਾਂ ਦੇ ਆਪਣੇ ਗੁੱਸੇ ਅਤੇ ਪੁਰਾਣੇ ਰਵੱਈਆਂ ਦਾ ਕੀ?”

ਬਾਲੀਵੁੱਡ ਦੇ ਮਸ਼ਹੂਰ ਸੰਗੀਤਕਾਰ ਏ.ਆਰ. ਰਹਿਮਾਨ ਨੇ ਆਪਣੀ ਇੱਕ ਤਾਜ਼ਾ ਇੰਟਰਵਿਊ ਕਿਹਾ ਹੈ ਕਿ, “ਉਹ ਹਮੇਸ਼ਾ ਮੰਨਦੇ ਸਨ ਕਿ ਉਨ੍ਹਾਂ ਨੂੰ ਪ੍ਰੋਜੈਕਟਾਂ ਦਾ ਪਿੱਛਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਦੇ ਕੰਮ ਪ੍ਰਤੀ ਸਮਰਪਣ ਹੀ ਉਨ੍ਹਾਂ ਨੂੰ ਕੰਮ ਦਿਵਾਉਣ ਲਈ ਕਾਫ਼ੀ ਹੈ। ਪਿਛਲੇ ਅੱਠ ਸਾਲਾਂ ਤੋਂ ਉਨ੍ਹਾਂ ਨੇ ਦੇਖਿਆ ਹੈ ਕਿ ਸੰਗੀਤ ਉਦਯੋਗ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਹੈ ਜੋ ਰਚਨਾਤਮਕ ਨਹੀਂ ਹਨ। ਇਹ ਮੁੱਦਾ ਧਰਮ ਨਾਲ ਸਬੰਧਤ ਹੋ ਸਕਦਾ ਹੈ, ਪਰ ਕੋਈ ਵੀ ਉਨ੍ਹਾਂ ਦੇ ਮੂੰਹ ‘ਤੇ ਇਸ ਦਾ ਜ਼ਿਕਰ ਨਹੀਂ ਕਰਦਾ ਪਰ ਇਹ ਉਨ੍ਹਾਂ ਦੀ ਪਿੱਠ ਪਿੱਛੇ ਜਾਰੀ ਹੈ।”

ਫਿਲਮ “ਛਾਵਾ” ਤੋਂ ਲੈ ਕੇ ਫਿਲਮ ਅਤੇ ਸੰਗੀਤ ਉਦਯੋਗ ਵਿੱਚ ਵਧ ਰਹੇ ਫਿਰਕੂਵਾਦ ਅਤੇ ਪ੍ਰਤਿਭਾ ਦੇ ਹਾਸ਼ੀਏ ‘ਤੇ ਜਾਣ ਬਾਰੇ ਬਿਆਨਾਂ ਨੇ ਨਵਾਂ ਵਿਵਾਦ ਛੇੜ ਦਿੱਤਾ ਹੈ। ਏ.ਆਰ. ਰਹਿਮਾਨ ਨੇ ਖੁਦ ਫਿਲਮ ‘ਛਾਵਾ’ ਲਈ ਸੰਗੀਤ ਤਿਆਰ ਕੀਤਾ ਸੀ ਪਰ ਹਾਲ ਹੀ ਵਿੱਚ ਉਸਨੇ ਇਸ ਫਿਲਮ ਨੂੰ ਵੰਡ ਪਾਉਣ ਵਾਲੀ ਫਿਲਮ ਦੱਸਦਿਆਂ ਕਿਹਾ ਕਿ, “ਪਰ ਮੈਨੂੰ ਇਹ ਵੀ ਲੱਗਦਾ ਹੈ ਕਿ ਇਸ ਫਿਲਮ ਦਾ ਉਦੇਸ਼ ਬਹਾਦਰੀ ਦਿਖਾਉਣਾ ਸੀ। ਇਹ ਇੱਕ ਮਜ਼ੇਦਾਰ ਫਿਲਮ ਹੈ, ਪਰ ਲੋਕ ਯਕੀਨੀ ਤੌਰ ‘ਤੇ ਵਧੇਰੇ ਬੁੱਧੀਮਾਨ ਹਨ। ਕੀ ਤੁਹਾਨੂੰ ਲੱਗਦਾ ਹੈ ਕਿ ਲੋਕ ਫਿਲਮਾਂ ਤੋਂ ਪ੍ਰੇਰਿਤ ਹੋਣਗੇ? ਉਨ੍ਹਾਂ ਦੀ ਆਪਣੀ ਅੰਦਰੂਨੀ ਜ਼ਮੀਰ ਹੈ; ਉਹ ਜਾਣਦੇ ਹਨ ਕਿ ਅਸਲ ਕੀ ਹੈ ਜਾਂ ਮਨਘੜਤ ਕੀ ਹੈ।”

ਇੱਕ ਹਿੰਦੂ ਪ੍ਰੀਵਾਰ ਵਿੱਚ ਜਨਮੇ ਏ.ਆਰ. ਰਹਿਮਾਨ ਨੇ ਭਰ-ਜਵਾਨੀ ਦੇ ਵਿੱਚ ਇਸਲਾਮ ਧਰਮ ਨੂੰ ਅਪਣਾ ਲਿਆ ਸੀ। ਏ.ਆਰ. ਰਹਿਮਾਨ ਦਾ ਜਨਮ 6 ਜਨਵਰੀ 1967 ਨੂੰ ਮਦਰਾਸ (ਹੁਣ ਚੇਨਈ), ਤਾਮਿਲਨਾਡੂ ਵਿੱਚ ਹੋਇਆ ਸੀ। ਇੱਕ ਹਿੰਦੂ ਪ੍ਰੀਵਾਰ ਵਿੱਚ ਜਨਮੇ ਰਹਿਮਾਨ ਦਾ ਨਾਮ ਦਿਲੀਪ ਕੁਮਾਰ ਸੀ ਪਰ 23 ਸਾਲ ਦੀ ਉਮਰ ਵਿੱਚ ਉਸਨੇ ਇਸਲਾਮ ਕਬੂਲ ਕਰ ਲਿਆ। ਉਸਦੇ ਪਿਤਾ ਆਰ.ਕੇ. ਸ਼ੇਖਰ ਇੱਕ ਮਲਿਆਲਮ ਫਿਲਮ ਸੰਗੀਤਕਾਰ ਸਨ। ਰਹਿਮਾਨ ਬਚਪਨ ਤੋਂ ਹੀ ਸੰਗੀਤ ਵੱਲ ਝੁਕਾਅ ਸੀ ਅਤੇ ਚਾਰ ਸਾਲ ਦੀ ਉਮਰ ਵਿੱਚ ਪਿਆਨੋ ਸਿੱਖਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਉਹ ਆਪਣੇ ਪਿਤਾ ਦੇ ਸਟੂਡੀਓ ਵਿੱਚ ਇੱਕ ਕੀਬੋਰਡ ਪਲੇਅਰ ਵਜੋਂ ਸ਼ਾਮਲ ਹੋ ਗਿਆ। ਹਾਲਾਂਕਿ, ਰਹਿਮਾਨ ਦੇ ਸਿਰਫ ਨੌਂ ਸਾਲ ਦੇ ਹੋਣ ‘ਤੇ ਉਸਦੇ ਪਿਤਾ ਦੀ ਕੈਂਸਰ ਨਾਲ ਮੌਤ ਹੋ ਗਈ। ਵਿੱਤੀ ਮੁਸ਼ਕਲਾਂ ਕਾਰਨ, ਰਹਿਮਾਨ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕਿਆ ਅਤੇ ਸੰਗੀਤ ਵਿੱਚ ਪੂਰੀ ਤਰ੍ਹਾਂ ਲੀਨ ਹੋ ਗਿਆ। ਏ.ਆਰ. ਰਹਿਮਾਨ ਨੇ ਇੰਟਰਵਿਊ ਵਿੱਚ ਦੱਸਿਆ ਕਿ, “ਇੱਕ ਸੂਫੀ ਰਹੱਸਵਾਦੀ ਨੇ ਉਸਦੇ ਪਿਤਾ ਦਾ ਉਸਦੇ ਆਖਰੀ ਦਿਨਾਂ ਵਿੱਚ ਇਲਾਜ ਕੀਤਾ ਸੀ। ਉਸਦੇ ਪਿਤਾ ਦੀ ਮੌਤ ਤੋਂ ਬਾਅਦ ਪ੍ਰੀਵਾਰ ਵਿੱਤੀ ਹਾਲਾਤਾਂ ਨਾਲ ਜੂਝਣ ਲੱਗਾ ਅਤੇ ਭੈਣ ਵੀ ਗੰਭੀਰ ਰੂਪ ਵਿੱਚ ਬਿਮਾਰ ਹੋ ਗਈ। ਡਾਕਟਰਾਂ ਨੇ ਕਈ ਤਰ੍ਹਾਂ ਦੇ ਇਲਾਜ ਕੀਤੇ, ਪਰ ਉਸਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਇਸ ਸਮੇਂ ਦੌਰਾਨ ਉਸਦੀ ਮਾਂ ਦੁਬਾਰਾ ਸੂਫੀ ਰਹੱਸਵਾਦੀ ਦੇ ਸੰਪਰਕ ਵਿੱਚ ਆਈ। ਰਹੱਸਵਾਦੀ ਦੀਆਂ ਪ੍ਰਾਰਥਨਾਵਾਂ ਅਤੇ ਦਵਾਈਆਂ ਨਾਲ ਰਹਿਮਾਨ ਦੀ ਭੈਣ ਦੀ ਸਿਹਤ ਵਿੱਚ ਸੁਧਾਰ ਹੋਇਆ ਅਤੇ ਘਰ ਵਿੱਚ ਸ਼ਾਂਤੀ ਵਾਪਸ ਆ ਗਈ। ਇਸਨੇ ਰਹਿਮਾਨ ਅਤੇ ਉਸਦੇ ਪ੍ਰੀਵਾਰ ਨੂੰ ਡੂੰਘਾ ਪ੍ਰਭਾਵਿਤ ਕੀਤਾ ਅਤੇ ਉਸਨੇ 1989 ਵਿੱਚ 23 ਸਾਲ ਦੀ ਉਮਰ ਵਿੱਚ ਇਸਲਾਮ ਧਰਮ ਕਬੂਲ ਲਿਆ।”

ਰਹਿਮਾਨ ਨੇ ਇਸ਼ਤਿਹਾਰਾਂ ਅਤੇ ਜਿੰਗਲਾਂ ਲਈ ਸੰਗੀਤ ਲਿਖਣ ਦਾ ਆਪਣਾ ਸੰਗੀਤਕ ਕਰੀਅਰ ਸ਼ੁਰੂ ਕੀਤਾ। ਉਸਨੇ ਕਈ ਰਚਨਾਵਾਂ ਕੀਤੀਆਂ। ਫਿਰ ਉਸਨੇ ਆਪਣਾ ਸੰਗੀਤ ਸਟੂਡੀਓ ‘ਪੰਚਤਨ ਰਿਕਾਰਡ ਇਨ’ ਖੋਲ੍ਹਿਆ, ਜੋ ਉਸ ਸਮੇਂ ਤਕਨਾਲੋਜੀ ਨਾਲ ਭਰਪੂਰ ਸੀ। ਮਣੀ ਰਤਨਮ ਵੀ ਉਹ ਵਿਅਕਤੀ ਸੀ ਜੋ ਏ.ਆਰ. ਰਹਿਮਾਨ ਨੂੰ ਦੱਖਣ ਤੋਂ ਬਾਲੀਵੁੱਡ ਵਿੱਚ ਲਿਆਇਆ। ਏ.ਆਰ. ਰਹਿਮਾਨ ਨੇ 1992 ਵਿੱਚ ਨਿਰਦੇਸ਼ਕ ਮਣੀ ਰਤਨਮ ਦੀ ਤਾਮਿਲ ਫਿਲਮ ‘ਰੋਜਾ’ ਨਾਲ ਆਪਣੀ ਫਿਲਮੀ ਸ਼ੁਰੂਆਤ ਕੀਤੀ। ਫਿਰ ਉਸਨੇ ਮੋਹਨ ਲਾਲ ਦੀ ਫਿਲਮ ‘ਯੋਧਾ’ ਲਈ ਸੰਗੀਤ ਤਿਆਰ ਕੀਤਾ। ਰਹਿਮਾਨ ਨੂੰ 40ਵੇਂ ਰਾਸ਼ਟਰੀ ਫਿਲਮ ਪੁਰਸਕਾਰਾਂ ਵਿੱਚ ‘ਰੋਜਾ’ ਲਈ ਸਰਬੋਤਮ ਸੰਗੀਤ ਨਿਰਦੇਸ਼ਕ ਲਈ ਰਾਸ਼ਟਰੀ ਫਿਲਮ ਐਵਾਰਡ (ਸਿਲਵਰ ਲੋਟਸ) ਮਿਲਿਆ। ਰਹਿਮਾਨ ਅਤੇ ਮਣੀ ਰਤਨਮ ਦੀ ਜੋੜੀ ਹਿੱਟ ਹੋ ਗਈ। ਰਹਿਮਾਨ ਨੇ ਮਣੀ ਰਤਨਮ ਦੀਆਂ ਜ਼ਿਆਦਾਤਰ ਫਿਲਮਾਂ ਲਈ ਸੰਗੀਤ ਤਿਆਰ ਕੀਤਾ, ਜਿਨ੍ਹਾਂ ਵਿੱਚ ਰੋਜਾ, ਬੰਬੇ, ਦਿਲ ਸੇ, ਇਰੂਵਨ, ਕਦਲ, ਗੁਰੂ, ਰਾਵਣ ਅਤੇ ਪੋਨੀਯਿਨ ਸੇਲਵਨ ਸ਼ਾਮਲ ਹਨ। ਰਹਿਮਾਨ ਦੀਆਂ ਸਫਲ ਬਾਲੀਵੁੱਡ ਫਿਲਮਾਂ ਵਿੱਚ ਤਾਲ, ਰੰਗੀਲਾ, ਪੁਕਾਰ, ਜ਼ੁਬੈਦਾ, ਲਗਾਨ, ਨਾਇਕ, ਸਾਥੀਆ, ਯੁਵਾ, ਸਵਦੇਸ, ਰੰਗ ਦੇ ਬਸੰਤੀ, ਗੁਰੂ, ਜੋਧਾ ਅਕਬਰ, ਜਾਨੇ ਤੂ ਯਾ ਜਾਨੇ ਨਾ, ਗਜਨੀ, ਇਨ੍ਹਾਂ ਵਿੱਚ ਰੌਕਸਟਾਰ, ਦਿੱਲੀ 6 ਅਤੇ ਰਾਂਝਣਾ ਵਰਗੀਆਂ ਫਿਲਮਾਂ ਸ਼ਾਮਲ ਹਨ।

ਏ.ਆਰ. ਰਹਿਮਾਨ ਨੂੰ ਫਿਲਮ ਸਲੱਮਡੌਗ ਮਿਲੀਅਨੇਅਰ ਫਿਲਮ ਦੇ ਗੀਤ ‘ਜੈ ਹੋ’ ਲਈ ਅਕੈਡਮੀ ਐਵਾਰਡ (ਓਸਕਰ) ਮਿਲਿਆ। ਉਸਨੇ ਸਰਵੋਤਮ ਮੂਲ ਸਕੋਰ ਅਤੇ ਸਰਵੋਤਮ ਮੂਲ ਗੀਤ ਦੀਆਂ ਸ਼੍ਰੇਣੀਆਂ ਵਿੱਚ ਓਸਕਰ ਜਿੱਤੇ। ਉਸਨੂੰ ‘ਸਲੱਮਡੌਗ ਮਿਲੀਅਨੇਅਰ ਲਈ ਬਾਫਟਾ ਅਤੇ ਗ੍ਰੈਮੀ ਐਵਾਰਡ ਵੀ ਮਿਲਿਆ। ਰਹਿਮਾਨ ਕੋਲ 7 ਰਾਸ਼ਟਰੀ, 15 ਫਿਲਮਫੇਅਰ, 18 ਫਿਲਮਫੇਅਰ (ਦੱਖਣ ਫਿਲਮ) ਅਤੇ ਕਈ ਹੋਰ ਐਵਾਰਡ ਵੀ ਜਿੱਤੇ ਹਨ। ਏ.ਆਰ. ਰਹਿਮਾਨ ਨੂੰ ਭਾਰਤ ਸਰਕਾਰ ਦੁਆਰਾ ਦੇਸ਼ ਦੇ ਚੌਥੇ ਅਤੇ ਤੀਜੇ ਸਭ ਤੋਂ ਵੱਡੇ ਨਾਗਰਿਕ ਐਵਾਰਡ ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਰਹਿਮਾਨ ਨੂੰ ਤਾਮਿਲਨਾਡੂ ਸਰਕਾਰ ਤੋਂ ਕਲਾਈਮਮਨੀ ਐਵਾਰਡ, ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਅਵਧ ਸਨਮਾਨ ਅਤੇ ਮੱਧ ਪ੍ਰਦੇਸ਼ ਸਰਕਾਰ ਤੋਂ ਰਾਸ਼ਟਰੀ ਲਤਾ ਮੰਗੇਸ਼ਕਰ ਐਵਾਰਡ ਵੀ ਮਿਲਿਆ ਹੋਇਆ ਹੈ।

Related posts

45 ਸਾਲ ਪੁਰਾਣੀ ਪਾਰਟੀ ਭਾਜਪਾ ਨੂੰ ਮਿਲਿਆ 45 ਸਾਲ ਦਾ ਪ੍ਰਧਾਨ

admin

ਇਸ ਸਾਲ ਚਾਂਦੀ ਦੀ ਰਫ਼ਤਾਰ ਸੋਨੇ ਨਾਲੋਂ ਲਗਭਗ ਛੇ ਗੁਣਾ ਜਿਆਦਾ ਹੋ ਗਈ

admin

ਭਾਰਤ ‘ਚ ਜਾਤ ਅੱਜ ਵੀ ਇਸ ਦੇਸ਼ ਦਾ ਸਭ ਤੋਂ ਵੱਡਾ ਦਾਖਲਾ ਫਾਰਮ ਹੈ – ਰਾਹੁਲ ਗਾਂਧੀ

admin