ਭਾਜਪਾ ਵੱਲੋਂ ਆਪਣੀ ਸਥਾਪਨਾ ਦੇ 45 ਸਾਲ ਪੂਰੇ ਕਰਨ ਦੇ ਨਾਲ-ਨਾਲ ਪਾਰਟੀ ਨੂੰ 45 ਸਾਲ ਦਾ ਰਾਸ਼ਟਰੀ ਪ੍ਰਧਾਨ ਵੀ ਮਿਲ ਗਿਆ ਹੈ। ਨਿਤਿਨ ਨਬੀਨ ਨੇ ਭਾਰਤੀ ਜਨਤਾ ਪਾਰਟੀ ਦੇ ਨਵੇਂ ਰਾਸ਼ਟਰੀ ਪ੍ਰਧਾਨ ਵਜੋਂ ਅੱਜ ਮੰਗਲਵਾਰ ਨੂੰ ਅਹੁਦਾ ਸੰਭਾਲ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਵਿਸ਼ਵਾਸਪਾਤਰ ਮੰਨੇ ਜਾਂਦੇ ਨਿਤਿਨ ਨਬੀਨ ਨੇ ਜੇ.ਪੀ. ਨੱਡਾ ਦੀ ਜਗ੍ਹਾ ਲਈ ਹੈ ਅਤੇ ਨਬੀਨ ਭਾਜਪਾ ਦੇ ਸਭ ਤੋਂ ਘੱਟ ਉਮਰ ਦੇ ਪ੍ਰਧਾਨ ਬਣੇ ਹਨ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਈ ਸੀਨੀਅਰ ਨੇਤਾ, ਵੱਖ-ਵੱਖ ਰਾਜਾਂ ਦੇ ਮੁੱਖ-ਮੰਤਰੀ ਅਤੇ ਉੱਚ ਸੰਗਠਨਾਤਮਕ ਅਧਿਕਾਰੀ ਸ਼ਾਮਲ ਹੋਏ।
ਨਿਤਿਨ ਨਬੀਨ ਨੂੰ 14 ਦਸੰਬਰ 2025 ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਸੋਮਵਾਰ ਨੂੰ ਚੋਣ ਪ੍ਰਕਿਰਿਆ ਦੀਆਂ ਰਸਮਾਂ ਪੂਰੀਆਂ ਹੋਣ ਤੋਂ ਬਾਅਦ ਨਿਤਿਨ ਨਬੀਨ ਦੇ ਨਾਮ ਨੂੰ ਭਾਜਪਾ ਦੇ 12ਵੇਂ ਰਾਸ਼ਟਰੀ ਪ੍ਰਧਾਨ ਵਜੋਂ ਅਧਿਕਾਰਤ ਤੌਰ ‘ਤੇ ਮਨਜ਼ੂਰੀ ਦੇ ਦਿੱਤੀ ਗਈ। ਨਵੇਂ ਚੁਣੇ ਗਏ ਭਾਜਪਾ ਪ੍ਰਧਾਨ ਨਿਤਿਨ ਨਬੀਨ ਨੇ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਅਹੁਦਾ ਸੰਭਾਲਿਆ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਕੇਂਦਰੀ ਮੰਤਰੀ ਨਿਤਿਨ ਗਡਕਰੀ ਅਤੇ ਜੇਪੀ ਨੱਡਾ ਮੌਜੂਦ ਸਨ।
23 ਮਈ 1980 ਨੂੰ ਰਾਂਚੀ ਵਿੱਚ ਜਨਮੇ ਨਿਤਿਨ ਨਬੀਨ ਨੇ ਆਪਣੀ ਮੁੱਢਲੀ ਸਿੱਖਿਆ ਪਟਨਾ ਦੇ ਸੇਂਟ ਮਾਈਕਲ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਫਿਰ ਉਸਨੇ ਆਪਣੀ ਸੀਨੀਅਰ ਸੈਕੰਡਰੀ ਸਿੱਖਿਆ ਦਿੱਲੀ ਦੇ ਸੀਐਸਕੇਐਮ ਪਬਲਿਕ ਸਕੂਲ ਤੋਂ ਪੂਰੀ ਕੀਤੀ। ਨਿਤਿਨ ਨਬੀਨ ਨੂੰ ਰਾਜਨੀਤੀ ਵਿਰਾਸਤ ਵਿੱਚ ਮਿਲੀ। ਨਿਤਿਨ ਨਬੀਨ ਦੇ ਪਿਤਾ ਨਬੀਨ ਕਿਸ਼ੋਰ ਪ੍ਰਸਾਦ ਸਿਨਹਾ ਇੱਕ ਪ੍ਰਮੁੱਖ ਭਾਜਪਾ ਨੇਤਾ ਸਨ ਅਤੇ ਪਟਨਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਚਾਰ ਵਾਰ ਵਿਧਾਇਕ ਰਹੇ ਹਨ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਨਿਤਿਨ ਨਬੀਨ ਸਰਗਰਮ ਰਾਜਨੀਤੀ ਵਿੱਚ ਆਏ ਅਤੇ ਆਪਣੇ ਆਪ ਨੂੰ ਇੱਕ ਤਜਰਬੇਕਾਰ ਸੰਗਠਨਾਤਮਕ ਵਰਕਰ ਅਤੇ ਚੋਣ ਰਣਨੀਤੀਕਾਰ ਵਜੋਂ ਸਥਾਪਿਤ ਕੀਤਾ। ਆਪਣੇ ਪਿਤਾ ਦੀ ਮੌਤ ਤੋਂ ਬਾਅਦ ਨਿਤਿਨ ਨਬੀਨ ਨੇ ਪਟਨਾ ਪੱਛਮੀ ਹਲਕੇ ਤੋਂ 2006 ਦੀ ਉਪ-ਚੋਣ ਜਿੱਤੀ। ਲੋਕ ਸਭਾ ਚੋਣਾਂ ਦੀ ਹੱਦਬੰਦੀ ਤੋਂ ਬਾਅਦ ਬਾਂਕੀਪੁਰ ਹਲਕੇ ਤੋਂ ਉਹ ਪੰਜ ਵਾਰ ਵਿਧਾਇਕ ਬਣੇ ਅਤੇ 2010, 2015, 2020 ਅਤੇ 2025 ਵਿੱਚ ਲਗਾਤਾਰ ਚੋਣਾਂ ਜਿੱਤੀਆਂ। ਬਿਹਾਰ ਵਿੱਚ ਐਨਡੀਏ ਸਰਕਾਰ ਵਿੱਚ ਨਿਤਿਨ ਨਬੀਨ ਨੇ ਸੜਕ ਨਿਰਮਾਣ, ਸ਼ਹਿਰੀ ਵਿਕਾਸ, ਰਿਹਾਇਸ਼ ਅਤੇ ਕਾਨੂੰਨ ਵਰਗੇ ਮਹੱਤਵਪੂਰਨ ਵਿਭਾਗਾਂ ਦੀ ਜ਼ਿੰਮੇਵਾਰੀ ਸੰਭਾਲੀ। 2025 ਵਿੱਚ ਮੰਤਰੀ ਬਣਨ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਨੂੰ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਨਿਤਿਨ ਨਬੀਨ ਨੇ 2016 ਤੋਂ 2019 ਤੱਕ ਬਿਹਾਰ ਵਿੱਚ ਭਾਜਪਾ ਯੁਵਾ ਮੋਰਚਾ ਦੇ ਸੂਬਾ ਪ੍ਰਧਾਨ ਵਜੋਂ, ਜ਼ਮੀਨੀ ਪੱਧਰ ਦੇ ਵਰਕਰਾਂ ਦਾ ਇੱਕ ਮਜ਼ਬੂਤ ਨੈੱਟਵਰਕ ਬਣਾਇਆ ਅਤੇ ਉਹ ਭਾਜਪਾ ਯੁਵਾ ਮੋਰਚਾ ਦੇ ਰਾਸ਼ਟਰੀ ਜਨਰਲ ਸਕੱਤਰ ਬਣੇ। ਜਿਵੇਂ-ਜਿਵੇਂ ਸੰਗਠਨ ਦੇ ਅੰਦਰ ਉਨ੍ਹਾਂ ਦਾ ਪ੍ਰਭਾਵ ਵਧਦਾ ਗਿਆ ਤਾਂ ਪਾਰਟੀ ਨੇ ਉਨ੍ਹਾਂ ਨੂੰ ਬਿਹਾਰ ਤੋਂ ਬਾਹਰ ਮਹੱਤਵਪੂਰਨ ਜ਼ਿੰਮੇਵਾਰੀਆਂ ਸੌਂਪੀਆਂ। ਸਿਕਮ ਵਿੱਚ ਸੰਗਠਨ ਇੰਚਾਰਜ ਅਤੇ ਫਿਰ ਛੱਤੀਸਗੜ੍ਹ ਦੇ ਸਹਿ-ਇੰਚਾਰਜ ਵਜੋਂ ਨਿਤਿਨ ਨਬੀਨ ਨੇ ਚੋਣ ਪ੍ਰਬੰਧਨ ਦਾ ਚਾਰਜ ਵੀ ਸੰਭਾਲਿਆ।
