ArticlesInternationalTravel

ਜਦੋਂ, ਜਹਾਜ਼ ਵਿੱਚ ਫੈਲੀ ਬਦਬੂ ਨੇ ਏਅਰਲਾਈਨ ਨੂੰ ਵਖ਼ਤ ਪਾਈ ਰੱਖਿਆ !

ਏਅਰ ਹੋਸਟੈਸ ਨੂੰ ਜਹਾਜ਼ ਦੇ ਅੱਧ ਵਿਚਕਾਰ ਅਜੀਬ ਜਿਹੀ ਦੁਰਗੰਧ ਮਹਿਸੂਸ ਹੋਈ।
ਲੇਖਕ: ਗਿੰਨੀ ਸਾਗੂ, ਮੈਲਬੌਰਨ, ਆਸਟ੍ਰੇਲੀਆ।

ਸੁਣਿਆ ਤਾਂ ਬਹੁਤ ਵਾਰੀ ਸੀ ਕਿ ਤਕਨੀਕੀ ਕਾਰਣਾਂ ਦੇ ਨਾਲ-ਨਾਲ ਕੁੱਝ ਅਜੀਬ ਕਾਰਣਾਂ ਕਰਕੇ ਵੀ ਜਹਾਜ਼ ਦੀਆਂ ਫਲਾਈਟਾਂ ਕੈਂਸਲ ਹੋ ਜਾਂਦੀਆਂ ਪਰ ਅੱਖੀਂ ਦੇਖਣ ਵਾਲਾ ਤਜ਼ਰਬਾ ਪਹਿਲੀ ਵਾਰ ਹੋਇਆ। ਹੋਇਆ ਇਸ ਤਰ੍ਹਾਂ ਕਿ ਮੈਂ ਪੂਰੇ ਪਰਿਵਾਰ ਸਮੇਤ ਆਸਟ੍ਰੇਲੀਆ ਤੋਂ ਅਮਰੀਕਾ ਦੇ ਨਿਊਯੋਰਕ ਤੇ ਓਰਲੈਂਡੋ ਘੁੰਮਣ ਨਿਕਲਿਆ ਹੋਇਆ ਸੀ| ਸਾਰੀਆਂ ਮੁੱਖ ਫਲਾਈਟਾਂ ਮੈਂ ਆਸਟ੍ਰੇਲੀਆ ਤੋਂ ਹੀ ਬੁੱਕ ਕਰਾ ਚੁੱਕਿਆ ਸੀ|

ਨਿਊਯਾਰਕ ਤੋਂ ਓਰਲੈਂਡੋ ਦੀ ਫਲਾਈਟ ਮੈਂ ਸਪਿਰਟ ਏਅਰ ਦੁਆਰਾ 15 ਦਸੰਬਰ ਨੂੰ ਸਪਿਰਿਟ ਫਸਟ ਕਲਾਸ ਦੀ ਬੁੱਕ ਕੀਤੀ ਸੀ ਕਿਉਂਕਿ ਇਸ ਵਿਚ ਸੱਤ ਕਿਲੋ ਦੇ ਨਾਲ ਬਾਈ ਕਿੱਲੋ ਚੈਕ ਇਨ ਬੈਗ ਵੀ ਮਿਲ ਰਿਹਾ ਸੀ। ਨਾਲੇ ਮੈਨਹਟਨ ‘ਚ ਮੁਕਤਸਰ ਵਾਲੇ ਦੋਸਤ ਡੈਂਟਿਸਟ ਕੰਵਰਜੀਤ ਬਰਾੜ ਦੇ ਅਪਾਰਟਮੈਂਟ ਤੋਂ ਨਿਊਯਾਰਕ ਦਾ ਲਿਬਰਟੀ ਏਅਰਪੋਰਟ ਤਕਰੀਬਨ ਇਕ ਘੰਟੇ ਦੀ ਦੂਰੀ ‘ਤੇ ਸੀ| ਇਹ ਫਲਾਈਟ ਸਵੇਰੇ ਦਸ ਵਜੇ ਚੱਲ ਕੇ ਇਕ ਵਜੇ ਓਰਲੈਂਡੋ ਪਹੁੰਚ ਰਹੀ ਸੀ| ਫਲਾਈਟ ਬੁੱਕ ਕਰਾ ਕੇ ਮੈਂ ਬਰਾੜ ਨੂੰ ਫੋਨ ਕੀਤਾ ਕਿ ਮੈਂ ਸਪਿਰਟ ‘ਚ ਟਿਕਟ ਬੁੱਕ ਕਰਾ ਤੀ ਹੈ| ਬਰਾੜ ਕਹਿੰਦਾ ਕਿ ਗਿੰਨੀ ਯਾਰ ਇਹ ਤੂੰ ਪੁੱਠਾ ਪੰਗਾ ਲੈ ਲਿਆ, ਸਪਿਰਟ ਵਾਲਿਆਂ ਦਾ ਬੁਰਾ ਹਾਲ ਹੈ ਅਤੇ ਕਈ ਵਾਰ ਇਹਨਾਂ ਦੀਆਂ ਫਲਾਈਟਾਂ ਕੈਂਸਲ ਹੋਈਆਂ ਹਨ| ਇਹ ਸੁਣ ਕੇ ਮੇਰਾ ਦਿਮਾਗ ਵੀ ਇਕ ਵਾਰ ਘੁੰਮ ਗਿਆ ਕਿ ਯਾਰ ਪੂਰਾ ਪਰਿਵਾਰ ਨਾਲ ਹੈ ਤੇ ਖੱਜਲ ਬਹੁਤ ਹੋਵਾਂਗੇ, ਜੇ ਇੱਦਾਂ ਦਾ ਕੋਈ ਪੰਗਾ ਪੈ ਗਿਆ| ਜਿਸ ਗੱਲ ਦਾ ਡਰ ਸੀ ਉਹੀ ਹੋਇਆ। ਛੇ ਅਕਤੂਬਰ ਨੂੰ ਮੈਂ ਟਿਕਟ ਬੁੱਕ ਕੀਤੀ ਸੀ ਤੇ ਦਸ ਅਕਤੂਬਰ ਨੂੰ ਮੈਨੂੰ ਸਵੇਰੇ ਈਮੇਲ ਆਈ ਪਈ ਕਿ ਕੁੱਝ ਕਾਰਣਾਂ ਕਰਕੇ ਦਸ ਵਜੇ ਵਾਲੀ ਫਲਾਈਟ ਕੈਂਸਲ ਹੋ ਗਈ ਹੈ। ਰਿਫੰਡ ਜਾਂ ਦੂਜੇ ਜਹਾਜ਼ ‘ਚ ਟਿਕਟ ਟਰਾਂਸਫਰ ਕਰਨ ਲਈ, ਹੁਣੇ ਹੀ ਸਪਿਰਟ ਨਾਲ ਸੰਪਰਕ ਕਰੋ| ਲਾਈਵ ਮੈਸਜ ਤੇ ਸੰਪਰਕ ਹੋਇਆ ਤਾਂ ਸਪਿਰਟ ਦੀ ਟੀਮ ਕਹਿੰਦੀ ਕਿ ਗਿਆਰਾਂ ਵਜੇ ਇਕ ਹੋਰ ਫਲਾਈਟ ਹੈ, ਜਿਹੜੀ ਦੋ ਵਜੇ ਓਰਲੈਂਡੋ ਪਹੁੰਚ ਰਹੀ ਹੈ| ਉਹ ਸਾਨੂੰ ਚਾਰਾਂ ਨੂੰ ਉਸ ਵਿਚ ਟਰਾਂਸਫਰ ਕਰ ਦੇਣਗੇ ਤੇ ਸਾਨੂੰ ਕੋਈ ਹੋਰ ਪੈਸੇ ਦੇਣ ਦੀ ਲੋੜ ਵੀ ਨਹੀਂ। ਸਵੇਰੇ ਦਾ ਸਮਾਂ ਹੋਣ ਕਾਰਣ ਮੇਰਾ ਦਿਮਾਗ ਅੱਧਸੁਤਾ ਹੀ ਸੀ ਅਤੇ ਮੈਂ ਇਹ ਕਹਿ ਹੀ ਨਹੀ ਸਕਿਆ ਕਿ ਮੇਰੇ ਪੂਰੇ ਪੈਸੇ ਵਾਪਸ ਕਰੋ| ਇਸ ਦੀ ਬਜਾਏ ਮੈਂ ਗਿਆਰਾਂ ਵਾਲੀ ਟਿਕਟ ਫਾਈਨਲ ਕਰ ਲਈ| ਕੁੱਝ ਸਮੇਂ ਬਾਅਦ ਮੈਂ ਨਹਾ ਕੇ ਦੁਬਾਰਾ ਧਿਆਨ ਨਾਲ ਈਮੇਲ ਪੜ੍ਹੀ ਫਿਰ ਮੈਨੂੰ ਰਿਫੰਡ ਵਾਲੀ ਗੱਲ ਦਿਮਾਗ ਵਿਚ ਜਾ ਵੱਜੀ| ਮੈਂ ਦੁਬਾਰਾ ਸਪਿਰਟ ਨਾਲ ਰਾਬਤਾ ਕੀਤਾ। ਉਹ ਕਹਿੰਦੇ ਕਿ ਹੁਣ ਉਹ ਰਿਫੰਡ ਨਹੀਂ ਦੇ ਸਕਦੇ, ਇਕੱਲਾ ਇਕ ਸਾਲ ਦਾ ਕਰੈਡਿਟ ਦੇ ਸਕਦੇ ਹਨ। ਪਰ ਮੈਂ ਆਸਟ੍ਰੇਲੀਆ ਵਿੱਚ ਰਹਿਣ ਕਾਰਣ, ਕਰੈਡਿਟ ਮੇਰੇ ਲਈ ਸਹੀ ਨਹੀਂ ਸੀ ਕਿਉਂਕਿ ਸਪਿਰਟ ਅਮਰੀਕਾ ਵਿੱਚ ਹੀ ਚੱਲਦੀ ਸੀ | ਆਪਾਂ ਫਿਰ ਇਸੇ ਜਹਾਜ਼ ‘ਤੇ ਹੀ ਸਫ਼ਰ ਰੱਖਣ ਦਾ ਫੈਸਲਾ ਕੀਤਾ|

ਚੌਦਾਂ ਦਸੰਬਰ ਨੂੰ ਮੈਨੂੰ ਸਪਿਰਟ ਏਅਰ ਦੀ ਈਮੇਲ ਆ ਗਈ ਕਿ ਕੱਲ੍ਹ ਨੁੰ ਜਾਣ ਵਾਲਾ ਜਹਾਜ਼ ਕੁੱਝ ਤਕਨੀਕੀ ਕਾਰਣਾਂ ਕਰਕੇ ਬਦਲ ਦਿੱਤਾ ਗਿਆ ਹੈ। ਇਹ ਕੁੱਝ ਹਫਤੇ ਪਹਿਲਾਂ ਖਰੀਦਿਆ ਨਵਾਂ ਜਹਾਜ਼ ਹੋਣ ਕਾਰਣ ਅਸੀ ਇਸ ਵਿੱਚ ਵਾਈ ਫਾਈ ਨਹੀਂ ਵਰਤ ਸਕਾਂਗੇ ਕਿਉਂਕਿ ਇਸ ਵਿਚ ਵਾਈ ਫਾਈ ਸਿਸਟਮ ਹਜੇ ਤੱਕ ਨਹੀ ਲਗਾਇਆ ਗਿਆ| ਮੇਰਾ ਫਿਰ ਮੱਥਾ ਠਣਕਿਆ ਕਿ ਇਹ ਵਾਰ-ਵਾਰ ਗੜਬੜ ਕਿਉਂ ਹੋ ਰਹੀ ਹੈ, ਪਰ ਫਿਰ ਰੱਬ ਹੱਥ ਡੋਰ ਛੱਡ ਤੀ ਕਿ ਦੇਖੀ ਜਾਉ ਜੋ ਹੋਉਗਾ |

ਪੰਦਰਾਂ ਦਸੰਬਰ ਨੂੰ ਮਿੱਤਰ ਕੰਵਰਜੀਤ ਬਰਾੜ ਦਾ ਸ਼ੁਕਰਾਨਾ ਕਰਕੇ ਸਵੇਰੇ ਸੱਤ ਵਜੇ ਨਿਊਯਾਰਕ ਦੇ ਲਿਬਰਟੀ ਏਅਰਪੋਰਟ ਵੱਲ ਚਾਲੇ ਪਾ ਦਿੱਤੇ| ਅੱਠ ਵਜੇ ਦੇ ਕਰੀਬ ਅਸੀਂ ਏਅਰਪੋਰਟ ਜਾ ਪਹੁੰਚੇ| ਬੋਰਡਿੰਗ ਪਾਸ ਤੇ ਸਕਿਉਰਟੀ ਕਲੀਅਰ ਕਰ ਕੇ ਅਸੀਂ ਟਰਮੀਨਲ ‘ਤੇ ਜਾ ਪਹੁੰਚੇ| ਸਾਢੇ ਦਸ ਵਜੇ ਬੋਰਡਿੰਗ ਸ਼ੁਰੂ ਹੋ ਗਈ ਅਤੇ ਜਹਾਜ਼ ਪੂਰਾ ਹੀ ਬੁੱਕ ਸੀ| ਸਪਿਰਟ ਫਸਟ ਕਲਾਸ ਬੁੱਕ ਕਰਨ ਕਰਕੇ ਸਨੈਕਸ ਤੇ ਡਰਿੰਕਸ ਮੁਫ਼ਤ ਸਨ। ਏਅਰ ਹੋਸਟੈਸ ਨੇ ਸਾਡੇ ਪਰਿਵਾਰ ਦਾ ਆਰਡਰ ਪਹਿਲਾਂ ਹੀ ਨੋਟ ਕਰ ਲਿਆ ਕਿ ਜਹਾਜ਼ ਉਡਣ ਤੋਂ ਬਾਅਦ ਉਹ ਭੋਜਨ ਸਰਵ ਕਰ ਦੇਣਗੇ| ਸਹੀ ਸਮੇਂ ‘ਤੇ ਜਹਾਜ਼ ਨੇ ਟਰਮੀਨਲ ਤੋਂ ਰਨਵੇਅ ਵੱਲ ਚਾਲੇ ਪਾ ਦਿੱਤੇ| ਮੇਰਾ ਬੇਟਾ ਉਸ ਸਮੇੱ ਤੱਕ ਨੀਂਦ ਦੀ ਗੋਦੀ ‘ਚ ਜਾ ਬੈਠਾ ਸੀ| ਏਅਰ ਹੋਸਟੈਸ ਫਲਾਈਟ ਸੇਫਟੀ ਦੀ ਜਾਣਕਾਰੀ ਸਵਾਰੀਆਂ ਨਾਲ ਸਾਂਝੀ ਕਰ ਰਹੀਆਂ ਸਨ। ਸਾਡੇ ਜਹਾਜ਼ ਤੋਂ ਅੱਗੇ ਤਿੰਨ ਜਹਾਜ਼ ਹੋਰ ਉਡਾਰੀ ਭਰ ਰਹੇ ਸਨ ਕਿ ਤਦ ਹੀ ਇਕ ਏਅਰ ਹੋਸਟੈਸ ਨੂੰ ਜਹਾਜ਼ ਦੇ ਅੱਧ ਵਿਚਕਾਰ ਅਜੀਬ ਜਿਹੀ ਦੁਰਗੰਧ ਮਹਿਸੂਸ ਹੋਈ| ਦੂਜੀ ਏਅਰ ਹੋਸਟੈਸ ਨੇ ਜਾ ਕੇ ਰੂਮ ਫਰੈਸ਼ਨਰ ਦਾ ਛਿੜਕਾਅ ਕੀਤਾ ਪਰ ਕੁੱਝ ਸਕਿੰਟਾਂ ਬਾਅਦ ਦੁਰਗੰਧ ਫਿਰ ਮਹਿਸੂਸ ਹੋਣ ਲੱਗ ਗਈ। ਹੁਣ ਜਹਾਜ਼ ਬੰਦ ਸੀ ਇਸ ਲਈ ਬਦਬੂ ਅੱਗੇ ਪਿੱਛੇ ਤੱਕ ਫੈਲ ਰਹੀ ਸੀ|

ਏਅਰ ਹੋਸਟੈਸ ਨੇ ਫੌਰਨ ਪਾਇਲਟ ਨੂੰ ਇਸ ਬਾਰੇ ਸੂਚਿਤ ਕੀਤਾ ਅਤੇ ਰਨਵੇਅ ‘ਤੇ ਜਾਣ ਤੋਂ ਪਹਿਲਾਂ ਹੀ ਪਾਇਲਟ ਨੇ ਅਨਾਉਂਸ ਕਰ ਦਿੱਤਾ ਕਿ ਸੁਰੱਖਿਆ ਦੇ ਮੱਦੇ ਨਜਰ ਜਹਾਜ਼ ਵਾਪਸ ਟਰਮੀਨਲ ‘ਤੇ ਜਾ ਰਿਹਾ ਹੈ। ਉਥੇ ਸਭ ਚੈੱਕ ਕਰ ਕੇ ਹੀ ਫਲਾਈਟ ਅੱਗੇ ਲਈ ਰਵਾਨਾ ਹੋਵੇਗੀ| ਸਭ ਲੋਕਾਂ ਚ ਇੱਕਦਮ ਨਿਰਾਸ਼ਾ ਫੈਲ ਗਈ ਤੇ ਜਹਾਜ਼ ਫਿਰ ਟਰਮੀਨਲ ਦੇ ਉਸੇ ਸੁਰੰਗ ਨਾਲ ਜਾ ਖਲੋਤਾ| ਸਾਰੀਆਂ ਸਵਾਰੀਆਂ ਨੂੰ ਜਹਾਜ਼ ‘ਚੋਂ ਉਤਾਰਨ ਦਾ ਕੰਮ ਸ਼ੁਰੂ ਹੋ ਗਿਆ| ਸਭ ਸਵਾਰੀਆਂ ਨੂੰ ਲੱਗ ਰਿਹਾ ਸੀ ਕਿ ਅੱਧਾ ਘੰਟਾ ਜਾਂ ਹੱਦ ਇਕ ਘੰਟੇ ‘ਚ ਬਦਬੂ ਦਾ ਕਾਰਣ ਪਤਾ ਲੱਗ ਜਾਏਗਾ ਤੇ ਜਹਾਜ਼ ਮੁੜ ਓਰਲੈਂਡੋ ਲਈ ਰਵਾਨਾ ਹੋ ਜਾਏਗਾ| ਪਰ ਜਿਵੇਂ ਹੀ ਦੋ ਘੰਟੇ ਲੰਘਣ ਨੂੰ ਹੋਏ ਸਵਾਰੀਆਂ ਨੇ ਹਾਹਾਕਾਰ ਮਚਾਉਣੀ ਸ਼ੁਰੂ ਕਰ ਦਿੱਤੀ| ਟਰਮੀਨਲ ਦੇ ਸ਼ੀਸ਼ੇ ‘ਚੋਂ ਦਿਖ ਵੀ ਰਿਹਾ ਸੀ ਕਿ ਸਟਾਫ ਜਹਾਜ਼ ਦੇ ਅੰਦਰੋਂ-ਬਾਹਰੋਂ ਬਦਬੂ ਦੇ ਕਾਰਣ ਲੱਭਣ ਦਾ ਯਤਨ ਕਰ ਰਿਹਾ ਸੀ, ਪਰ ਸਭ ਨਾਕਾਮ ਦਿੱਖ ਰਹੇ ਸੀ| ਤੀਜਾ ਘੰਟਾ ਲੰਘਿਆ ਤਾਂ ਸਪਿਰਟ ਏਅਰ ਨੇ ਅਨਾਊਂਸ ਕਰ ਦਿੱਤਾ ਕਿ ਜਿੰਨੀ ਦੇਰ ਬਦਬੂ ਦਾ ਕਾਰਣ ਪਤਾ ਨਹੀਂ ਲੱਗਦਾ, ਓਨੀ ਦੇਰ ਇਹ ਜਹਾਜ਼ ਉਡਾਰੀ ਨਹੀ ਭਰੇਗਾ। ਹਰੇਕ ਯਾਤਰੀ ਨੂੰ ਤੀਹ ਅਮਰੀਕਨ ਡਾਲਰ ਪ੍ਰਤੀ ਵਿਅਕਤੀ ਕੂਪਨ ਈਮੇਲ ਕਰ ਦਿੱਤੇ ਤਾਂ ਜੋ ਯਾਤਰੀ ਓਨੀ ਦੇਰ ਕੁੱਝ ਖਾ ਪੀ ਸਕਣ| ਹੁਣ ਟਰਮੀਨਲ ਗੇਟ ‘ਤੇ ਉਡਾਨ ਦਾ ਸਮਾਂ ਦੁਪਹਿਰ ਤਿੰਨ ਵਜੇ ਕਰ ਦਿੱਤਾ ਗਿਆ| ਕੁੱਝ ਮਿੰਟਾਂ ਬਾਅਦ ਫਿਰ ਇਹ ਸਮਾਂ ਸ਼ਾਮ ਦੇ ਸੱਤ ਵਜੇ ਕਰ ਦਿੱਤਾ ਗਿਆ ਤਾਂ ਫਿਰ ਟਰਮੀਨਲ ‘ਤੇ ਯਾਤਰੀਆਂ ਦਾ ਰੌਲਾ ਪੈਣ ਲੱਗ ਗਿਆ| ਉਸ ਸਮੇਂ ਹੀ ਨਾਲ ਦੇ ਗੇਟ ਤੋਂ ਸਪਿਰਟ ਦੀ ਇਕ ਹੋਰ ਉਡਾਣ ਨੇ ਸਾਢੇ ਚਾਰ ਵਜੇ ਇਕ ਹੋਰ ਸ਼ਹਿਰ ਨੂੰ ਜਾਣਾ ਸੀ ਪਰ ਉਸ ਦੀਆਂ ਸਵਾਰੀਆਂ ਘੱਟ ਸਨ। ਸੋ ਸਪਿਰਟ ਨੇ ਉਸ ਫਲਾਈਟ ਨੂੰ ਕੈਂਸਲ ਕਰ ਕੇ ਓਰਲੈਂਡੋ ਭੇਜਣ ਦਾ ਫੈਸਲਾ ਕੀਤਾ| ਉਹਨਾਂ ਸਵਾਰੀਆਂ ਦਾ ਕੀ ਬਣਿਆ, ਇਸ ਬਾਰੇ ਕੋਈ ਤਾਂ ਕੋਈ ਜਾਣਕਾਰੀ ਨਹੀਂ, ਪਰ ਓਰਲੈਂਡੋ ਜਾਣ ਵਾਲੀਆਂ ਸਵਾਰੀਆਂ ਨੇ ਤਾੜੀਆਂ ਮਾਰ ਕੇ ਧੰਨਵਾਦ ਕੀਤਾ| ਪੁਰਾਣੇ ਜਹਾਜ ‘ਚੋਂ ਸਾਰੇ ਸੂਟਕੇਸ ਇਸ ਨਵੇਂ ਜਹਾਜ ਵਿੱਚ ਟਰਾਂਸਫਰ ਕਰਨੇ ਸ਼ੁਰੂ ਕਰ ਦਿੱਤੇ ਗਏ|

ਦੁਪਹਿਰ ਤਿੰਨ ਪੰਜਤਾਲੀ ਦੇ ਕਰੀਬ ਬੋਰਡਿੰਗ ਸ਼ੁਰੂ ਹੋ ਗਈ ਅਤੇ ਲੋਕ ਜਹਾਜ਼ ਵਿੱਚ ਫਿਰ ਚੜ੍ਹਨ ਲੱਗ ਗਏ| ਤਕਰੀਬਨ ਸਾਰੇ ਲੋਕ ਸਵਾਰ ਸਨ ਅਤੇ ਇੱਕ ਆਖਰੀ ਪਰਿਵਾਰ ਜਦੋਂ ਜਹਾਜ਼ ਅੰਦਰ ਦਾਖਲ ਹੋ ਕੇ ਅੱਗੇ ਸੀਟ ਵੱਲ ਵਧਿਆ, ਤਾਂ ਓਹੀ ਪੁਰਾਣੀ ਦੁਰਗੰਧ ਨੇ ਫਿਰ ਸਵਾਰੀਆਂ ਦੇ ਨੱਕ ਵਿੱਚ ਦਮ ਕਰ ਦਿੱਤਾ। ਜਹਾਜ਼ ਦੇ ਗੇਟ ‘ਤੇ ਖੜ੍ਹੀ ਏਅਰ ਹੋਸਟਸ ਨੇ ਉਸੇ ਵੇਲੇ ਪਾਇਲਟ ਨੂੰ ਸੂਚਿਤ ਕਰਕੇ ਸਕਿਉਰਟੀ ਅਤੇ ਸੁਪਰਵਾਈਜਰ ਨੂੰ ਬਾਹਰੋਂ ਜਹਾਜ ਦੇ ਅੰਦਰ ਬੁਲਾ ਲਿਆ| ਮੈਂ ਜਹਾਜ਼ ਦੀ ਦੂਜੀ ਲਾਈਨ ਵਿਚ ਬੈਠਾ ਹੋਣ ਕਰਕੇ ਸਟਾਫ਼ ਦੀ ਗੱਲਬਾਤ ਸੁਣ ਰਿਹਾ ਸੀ। ਸਟਾਫ ਕਹਿ ਰਿਹਾ ਸੀ ਕਿ ਇਸ ਆਖਰੀ ਦਾਖਲ ਹੋਣ ਵਾਲੇ ਪਰਿਵਾਰ ਦੇ ਕੋਲ ਦੀ ਲੰਘ ਕੇ, ਇੱਕ ਵਾਰ ਫਿਰ ਇਹ ਪੱਕਾ ਕੀਤਾ ਜਾਏ ਕਿ, ਇਹ ਬਦਬੋ ਉਹਨਾਂ ਵਿੱਚੋਂ ਹੀ ਕਿਸੇ ਕੋਲੋਂ ਆ ਰਹੀ ਹੈ| ਸਾਰੇ ਸਟਾਫ ਨੇ ਗੇੜਾ ਮਾਰ ਕੇ ਉਸ ਪਰਿਵਾਰ ਨੂੰ ਬਿਨਾਂ ਪਤਾ ਲੱਗੇ, ਇਹ ਪਤਾ ਲਾ ਲਿਆ ਕਿ ਬਦਬੂ ਉਹਨਾਂ ਕੋਲੋਂ ਹੀ ਆ ਰਹੀ ਸੀ| ਫਿਰ ਫੈਸਲਾ ਹੋਇਆ ਕਿ ਇਸ ਸਾਰੇ ਪਰਿਵਾਰ ਨੂੰ ਜਹਾਜ਼ ਵਿੱਚੋਂ ਉਤਾਰਿਆ ਜਾਵੇ| ਸਟਾਫ ਨੇ ਉਹਨਾਂ ਨੂੰ ਜਾ ਕੇ ਕਿਹਾ ਕਿ ਇੱਕ ਵਾਰ ਤੁਹਾਨੂੰ ਥੱਲੇ ਉਤਰਨਾ ਪੈਣਾ ਫਿਰ ਉਹ ਇਸ ਜਗਾ ਨੂੰ ਚੈਕ ਕਰਨਗੇ। ਉਸ ਵੇਲੇ ਤੱਕ ਸ਼ਾਇਦ, ਉਹ ਪਰਿਵਾਰ ਵੀ ਜਾਣ ਗਿਆ ਸੀ ਕਿ ਉਹਨਾਂ ਵਿੱਚੋਂ ਆ ਰਹੀ ਬਦਬੂ ਦਾ ਕਾਰਣ ਉਹ ਖੁਦ ਹੀ ਹਨ। ਇਸ ਲਈ ਉਹ ਪਰਿਵਾਰ ਬਿਨਾਂ ਕਿਸੇ ਰੌਲੇ ਦੇ ਜਹਾਜ਼ ਵਿੱਚੋਂ ਉਤਰ ਗਿਆ| ਜਿਵੇਂ ਹੀ ਉਹ ਪਰਿਵਾਰ ਜਹਾਜ਼ ਵਿੱਚੋਂ ਉਤਰਨ ਲਈ ਲੋਕਾਂ ਕੋਲੋ ਲੰਘਿਆ ਓਹੀ ਬਦਬੂ ਫਿਰ ਫੈਲ ਗਈ| ਹੁਣ ਇਹ ਗੱਲ ਪੱਕੀ ਹੋ ਗਈ ਸੀ ਕਿ ਇਸ ਪਰਿਵਾਰ ਦਾ ਹੀ ਕੋਈ ਮੈਂਬਰ ਬਹੁਤ ਸਮੇਂ ਤੋਂ ਨਹਾਤਾ ਨਹੀ ਸੀ ਜਾਂ ਉਹਨਾਂ ਕੋਲ ਕੁੱਝ ਅਜੀਬ ਸਮਾਨ ਸੀ, ਜਿਸ ਨੇ ਸਾਰੇ ਜਹਾਜ਼ ਵਿੱਚ ਬਦਬੂ ਖਿਲਾਰੀ ਹੋਈ ਸੀ| ਇਸ ਅਜੀਬ ਦੁਰਗੰਧ ਨੇ ਇਕ ਸਪਿਰਟ ਏਅਰਲਾਈਨ ਦਾ ਖੂਬ ਨੁਕਸਾਨ ਕੀਤਾ| ਬਾਕੀ ਇਹ ਨਹੀਂ ਪਤਾ ਲੱਗਾ ਕਿ ਉਸ ਪਰਿਵਾਰ ਨਾਲ ਕੀ ਹੋਇਆ। ਉਸ ਪਰਿਵਾਰ ਨੂੰ ਉਤਾਰਨ ਤੋਂ ਬਾਅਦ ਜਹਾਜ਼ ਵਿੱਚੋਂ ਕੋਈ ਦੁਰਗੰਧ ਨਹੀ ਆਈ।

ਜਹਾਜ ਸ਼ਾਮ ਚਾਰ ਪੰਜਤਾਲੀ ‘ਤੇ ਓਰਲੈਂਡੋ ਵੱਲ ਉਡਾਰੀ ਮਾਰ ਗਿਆ। ਕੁੱਝ ਪਲਾਂ ਬਾਅਦ ਮੈਨੂੰ ਸਪਿਰਟ ਵੱਲੋਂ ਇਕ ਈਮੇਲ ਪ੍ਰਾਪਤ ਹੋਈ ਜਿਸ ਵਿਚ ਸਪਿਰਟ ਵੱਲੋਂ ਅੱਜ ਦੀ ਖੱਜਲ-ਖੁਆਰੀ ਲਈ ਮੁਆਫੀ ਮੰਗੀ ਗਈ ਸੀ। ਇਸਦੇ ਨਾਲ ਹੀ ਸਾਨੁੰ ਪਰ-ਪਰਸਨ ਤੀਹ ਡਾਲਰ ਦੇ ਵਾਊਚਰ ਹੋਰ ਭੇਜੇ ਗਏ, ਜਿਨਾਂ ਨੂੰ ਅਸੀਂ ਅਗਲੇ ਇਕ ਸਾਲ ਦੌਰਾਨ ਸਪਿਰਟ ਏਅਰ ਦੀ ਨਵੀਂ ਬੁਕਿੰਗ ਸਮੇਂ ਵਰਤ ਸਕਦੇ ਹਾਂ| ਸੋ ਇਸ ਵਾਰ ਕਸੂਰ ਜਹਾਜ਼ ਕੰਪਨੀ ਦੀ ਬਜਾਏ ਇੱਕ ਪਰਿਵਾਰ ਦਾ ਸੀ ਜਿੰਨ੍ਹਾਂ ਨੇ ਸੈਂਕੜੇ ਯਾਤਰੀਆਂ ਨੂੰ ਤੰਗ ਕਰਨ ਦੇ ਨਾਲ-ਨਾਲ ਇੱਕ ਏਅਰਲਾਈਨ ਦਾ ਖਾਸਾ ਮਾਲੀ ਨੁਕਸਾਨ ਵੀ ਕਰ ਦਿੱਤਾ|

Related posts

ਹਰ ਮਰਜ਼ ਦੀ ਦਵਾਈ ਨਹੀਂ ਹਨ ਜੜੀ-ਬੂਟੀਆਂ !

admin

“ਮਾਰਕ ਕਾਰਨੀ ਨੇ ਬਿਫ਼ਰੇ ਬੋਕ ਦੇ ਸਿੰਗਾਂ ਨੂੰ ਹੱਥ ਪਾਇਆ”

admin

ਲਾਟ ਸਾਹਿਬ ਦੀ ਭੂਮਿਕਾ ’ਤੇ ਉੱਠਦੇ ਸਵਾਲ

admin