ਭਾਰਤ ਵਿੱਚ ਦਿੱਲੀ ਪੁਲਿਸ ਦੇ ਪੱਛਮੀ ਜ਼ਿਲ੍ਹੇ ਦੀ ਜ਼ਿਲ੍ਹਾ ਜਾਂਚ ਇਕਾਈ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਪਿਛਲੇ ਦਿਨ ਇੱਕ ਗੈਰ-ਕਾਨੂੰਨੀ ਕੱਪੜਾ ਨਿਰਮਾਣ ਅਤੇ ਸਟੋਰੇਜ ਯੂਨਿਟ ਦਾ ਪਰਦਾਫਾਸ਼ ਕੀਤਾ ਹੈ ਜਿਸ ਉਪਰ ਦੁਨੀਆਂ ਦੇ ਕਈ ਮਸ਼ਹੂਰ ਕੱਪੜਿਆਂ ਦੇ ਨਕਲੀ ਬ੍ਰਾਂਡਾਂ ਦੇ ਕਾਰੋਬਾਰ ਵਿੱਚ ਸ਼ਾਮਿਲ ਹੋਣ ਦਾ ਦੋਸ਼ ਹੈ। ਅੰਤਰਰਾਸ਼ਟਰੀ ਬ੍ਰਾਂਡਾਂ ਦੀ ਨਕਲ ਕਰਦੇ ਹੋਏ 1,919 ਨਕਲੀ ਤਿਆਰ ਕੀਤੇ ਗਏ ਕੱਪੜੇ ਵੀ ਪੁਲਿਸ ਨੇ ਜ਼ਬਤ ਕੀਤੇ ਗਏ ਹਨ। ਪੁਲਿਸ ਦਾ ਮੰਨਣਾ ਹੈ ਕਿ ਜ਼ਬਤ ਕੀਤੇ ਕੱਪੜਿਆਂ ਵਿੱਚ ਇੰਟਰਨੈਸ਼ਨਲ ਪੱਧਰ ਦੇ ਕਈ ਮਸ਼ਹੂਰ ਬ੍ਰਾਂਡਾਂ ਦੇ ਨਕਲੀ ਉਤਪਾਦ ਸ਼ਾਮਲ ਹਨ।
ਦਿੱਲੀ ਪੁਲਿਸ ਦੁਆਰਾ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ਇਹ ਕਾਰਵਾਈ ਦਿੱਲੀ ਦੇ ਟੋਡਾਪੁਰ ਵਿੱਚ ਇੱਕ ਇਮਾਰਤ ਵਿੱਚ ਕੀਤੀ ਗਈ ਸੀ, ਜਿੱਥੇ ਵੱਡੇ ਪੱਧਰ ‘ਤੇ ਨਕਲੀ ਬ੍ਰਾਂਡ ਵਾਲੇ ਕੱਪੜੇ ਤਿਆਰ ਅਤੇ ਸਟੋਰ ਕੀਤੇ ਜਾ ਰਹੇ ਸਨ। ਪੁਲਿਸ ਨੇ ਦੋਸ਼ੀ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕੀਤਾ ਜਿਸਦੀ ਪਛਾਣ ਰਾਜੀਵ ਨਾਗਪਾਲ (45) ਵਜੋਂ ਹੋਈ ਹੈ।
ਅੰਤਰਰਾਸ਼ਟਰੀ ਪ੍ਰਸਿੱਧ ਬ੍ਰਾਂਡਾਂ ਦੇ ਅਧਿਕਾਰਤ ਪ੍ਰਤੀਨਿਧੀਆਂ ਦੁਆਰਾ ਦਰਜ ਕੀਤੀ ਗਈ ਇੱਕ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਪੱਛਮੀ ਦਿੱਲੀ ਵਿੱਚ ਵੱਡੇ ਪੱਧਰ ‘ਤੇ ਨਕਲੀ ਕੱਪੜੇ ਬਣਾਏ ਅਤੇ ਵੇਚੇ ਜਾ ਰਹੇ ਸਨ। ਸ਼ਿਕਾਇਤ ਦੀ ਪੂਰੀ ਜਾਂਚ, ਟ੍ਰੇਡਮਾਰਕ ਅਤੇ ਕਾਪੀਰਾਈਟ ਦਸਤਾਵੇਜ਼ਾਂ ਦੀ ਤਸਦੀਕ ਅਤੇ ਟ੍ਰੇਡ ਮਾਰਕ ਐਕਟ 1999 ਦੀ ਧਾਰਾ 115(4) ਦੇ ਤਹਿਤ ਰਜਿਸਟਰਾਰ ਆਫ਼ ਟ੍ਰੇਡ ਮਾਰਕਸ ਤੋਂ ਲਾਜ਼ਮੀ ਰਾਇ ਪ੍ਰਾਪਤ ਕਰਨ ਤੋਂ ਬਾਅਦ, ਡੀਆਈਯੂ ਵੈਸਟ ਡਿਸਟ੍ਰਿਕਟ ਨੇ ਛਾਪੇਮਾਰੀ ਦੀ ਯੋਜਨਾ ਬਣਾਈ। ੀੲਸ ਛਾਪੇਮਾਰੀ ਦੀ ਅਗਵਾਈ ਐਸਆਈ ਵੰਦਨਾ ਨੇ ਕੀਤੀ ਅਤੇ ਟੀਮ ਵਿੱਚ ਐਸਆਈ ਉਦੈਵੀਰ ਸਿੰਘ ਅਤੇ ਹੈੱਡ ਕਾਂਸਟੇਬਲ ਰਿਸ਼ੀਰਾਜ ਵੀ ਸ਼ਾਮਲ ਸਨ। ਇਹ ਸਾਰੀ ਕਾਰਵਾਈ ਇੰਸਪੈਕਟਰ ਡੀਆਈਯੂ/ਵੈਸਟ, ਏਸੀਪੀ/ਡੀਆਈਯੂ ਵਿਜੇ ਸਿੰਘ ਦੀ ਨਿਗਰਾਨੀ ਹੇਠ ਅਤੇ ਸੀਨੀਅਰ ਅਧਿਕਾਰੀਆਂ ਦੀ ਸਮੁੱਚੀ ਨਿਗਰਾਨੀ ਹੇਠ ਕੀਤੀ ਗਈ। ਛਾਪੇਮਾਰੀ ਦੌਰਾਨ ਸ਼ਿਕਾਇਤਕਰਤਾ ਕੰਪਨੀਆਂ ਦੇ ਅਧਿਕਾਰਤ ਪ੍ਰਤੀਨਿਧੀ ਵੀ ਮੌਜੂਦ ਸਨ ਅਤੇ ਪੂਰੀ ਪ੍ਰਕਿਰਿਆ ਕਾਨੂੰਨੀ ਨਿਯਮਾਂ ਅਨੁਸਾਰ ਕੀਤੀ ਗਈ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਸਾਈਟ ਤੋਂ ਵੱਡੀ ਮਾਤਰਾ ਵਿੱਚ ਨਕਲੀ ਬ੍ਰਾਂਡ ਵਾਲੇ ਕੱਪੜੇ ਬਰਾਮਦ ਕੀਤੇ। ਇਨ੍ਹਾਂ ਵਿੱਚ 1,050 ਨਕਲੀ ‘ਜ਼ਾਰਾ’ ਬ੍ਰਾਂਡ ਦੀਆਂ ਸ਼ਰਟਾਂ, 650 ਨਕਲੀ ‘ਯੂਐਸਪੀਏ’ ਸ਼ਰਟਾਂ ਅਤੇ 213 ਨਕਲੀ ‘ਲੇਵੀ ਸਟ੍ਰਾਸ ਐਂਡ ਕੰਪਨੀ’ ਸ਼ਰਟਾਂ ਸ਼ਾਮਲ ਸਨ। ਇਸ ਤੋਂ ਇਲਾਵਾ, ਜ਼ਾਰਾ, ਯੂਐਸਪੀਏ ਅਤੇ ਲੇਵੀ ਦੀਆਂ ਦੋ-ਦੋ ਕਮੀਜ਼ਾਂ ਨਮੂਨੇ ਵਜੋਂ ਜ਼ਬਤ ਕੀਤੀਆਂ ਗਈਆਂ। ਕੁੱਲ 1,919 ਨਕਲੀ ਕੱਪੜੇ ਜ਼ਬਤ ਕੀਤੇ ਗਏ। ਇਸ ਮਾਮਲੇ ਵਿੱਚ 7 ਜਨਵਰੀ, 2026 ਨੂੰ ਦਿੱਲੀ ਦੇ ਇੰਦਰਪੁਰੀ ਪੁਲਿਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ। ਦੋਸ਼ੀ ਖਿਲਾਫ਼ ਟ੍ਰੇਡਮਾਰਕ ਐਕਟ 1999 ਦੀ ਧਾਰਾ 103/104 ਅਤੇ ਕਾਪੀਰਾਈਟ ਐਕਟ 1957 ਦੀ ਧਾਰਾ 63/65 ਦੇ ਤਹਿਤ ਕੇਸ ਦਰਜ ਕਰਕੇ ਅਗਲੇਰੀ ਜਾਂਚ ਜਾਰੀ ਹੈ।
