Health & FitnessArticlesInternational

ਮਾਪੇ ਬੇਖ਼ਬਰ, ਨੌਜਵਾਨ ਨਿਕੋਟਿਨ ਦੀ ਲਤ ਜਾਂ ਆਦਤ ਵਿੱਚ ਫਸਦੇ ਜਾ ਰਹੇ !

ਰੌਇਲ ਚਿਲਡਰਨਜ਼ ਹਸਪਤਾਲ ਦੀ ਨਵੀਂ ਰਿਸਰਚ ਦੇ ਅਨੁਸਾਰ ਆਸਟ੍ਰੇਲੀਅਨ ਨੌਜਵਾਨਾਂ ਵਿੱਚ ਨਿਕੋਟਿਨ ਦੀ ਲਤ ਬਹੁਤ ਹੀ ਤੇਜ਼ੀ ਨਾਲ ਵਧ ਰਹੀ ਹੈ, ਪਰ ਮਾਪਿਆਂ ਨੂੰ ਇਸ ਬਾਰੇ ਜਾਣਕਾਰੀ ਬਹੁਤ ਘੱਟ ਹੈ।

ਰੌਇਲ ਚਿਲਡਰਨਜ਼ ਹਸਪਤਾਲ (RCH) ਦੀ ਨਵੀਂ ਰਿਸਰਚ ਦੇ ਅਨੁਸਾਰ ਆਸਟ੍ਰੇਲੀਆ ਦੇ ਕਈ ਮਾਪੇ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਬੱਚੇ ਨਿਕੋਟਿਨ ਵਾਲੇ ਉਤਪਾਦ ਵਰਤ ਰਹੇ ਹਨ। ਇਹ ਰੀਸਰਚ ਰਿਪੋਰਟ ਦੱਸਦੀ ਹੈ ਕਿ ਨੌਜਵਾਨਾਂ ਵਿੱਚ ਨਿਕੋਟਿਨ ਦੀ ਲਤ ਬਹੁਤ ਹੀ ਤੇਜ਼ੀ ਨਾਲ ਵਧ ਰਹੀ ਹੈ, ਪਰ ਮਾਪਿਆਂ ਵਿੱਚ ਇਸ ਬਾਰੇ ਜਾਣਕਾਰੀ ਬਹੁਤ ਘੱਟ ਹੈ।

ਰੌਇਲ ਚਿਲਡਰਨਜ਼ ਹਸਪਤਾਲ ਦੇ ਵਲੋਂ ਨੈਸ਼ਨਲ ਚਾਇਲਡ ਹੈਲਥ ਪੋਲ ਦੇ 40ਵੇਂ ਐਡੀਸ਼ਨ ਦੇ ਵਿੱਚ 2,000 ਤੋਂ ਵੱਧ ਮਾਪਿਆਂ ਅਤੇ 12 ਤੋਂ 17 ਸਾਲ ਦੇ 1,400 ਬੱਚਿਆਂ ਨਾਲ ਸਰਵੇ ਕੀਤਾ ਗਿਆ ਜਿਸ ਦੇ ਮੁੱਖ ਨਤੀਜੇ ਇਹ ਦਰਸਾਉਂਦੇ ਹਨ :

  • 44% ਮਾਪਿਆਂ ਨੂੰ ਪਤਾ ਹੀ ਨਹੀਂ ਕਿ ਉਨ੍ਹਾਂ ਦੇ ਬੱਚੇ ਨਿਕੋਟਿਨ ਵਰਤ ਰਹੇ ਹਨ
  • 12% ਨੌਜਵਾਨ ਇਸ ਸਮੇਂ ਨਿਕੋਟਿਨ ਦੇ ਕਿਸੇ ਨਾ ਕਿਸੇ ਉਤਪਾਦ ਦੀ ਵਰਤੋਂ ਕਰ ਰਹੇ ਹਨ
  • 15% ਨੌਜਵਾਨ ਨਿਕੋਟਿਨ ਅਜ਼ਮਾਉਣ ਬਾਰੇ ਸੋਚ ਰਹੇ ਹਨ
  • 74% ਨੌਜਵਾਨਾਂ ਵਿੱਚ ਨਿਕੋਟਿਨ ਦੀ ਲਤ ਦੇ ਲੱਛਣ ਨਜ਼ਰ ਆ ਰਹੇ ਹਨ
  • ਫਿਰ ਵੀ 53% ਨੌਜਵਾਨ ਛੱਡਣਾ ਜਾਂ ਘਟਾਉਣਾ ਚਾਹੁੰਦੇ ਹਨ

ਰੋਇਲ ਚਿਲਡਰਨਜ਼ ਹਸਪਤਾਲ ਦੀ ਪੀਡੀਆਟ੍ਰੀਸ਼ਨ ਅਤੇ ਨੈਸ਼ਨਲ ਚਾਇਲਡ ਹੈਲਥ ਪੋਲ ਦੀ ਡਾਇਰੈਕਟਰ ਡਾ. ਐਂਥੀਆ ਰੋਡਸ ਨੇ ਇਸ ਰੀਸਰਚ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਕਈ ਨੌਜਵਾਨ ਇਹ ਨਹੀਂ ਸਮਝਦੇ ਕਿ ਨਿਕੋਟਿਨ ਕਿੰਨੀ ਜਲਦੀ ਲਤ ਜਾਂ ਆਦਤ ਬਣ ਜਾਂਦੀ ਹੈ। ਉਹ ਬਿਨਾਂ ਜਾਣੇ ਇਸ ’ਚ ਫਸ ਰਹੇ ਹਨ। ਵੇਪ, ਨਿਕੋਟਿਨ ਪਾਊਚ ਵਰਗੇ ਉਤਪਾਦ ਨੌਜਵਾਨਾਂ ਨੂੰ ਖਿੱਚਣ ਲਈ ਸੁਗੰਧ, ਰੰਗੀਨ ਪੈਕਿੰਗ ਅਤੇ ਸੋਸ਼ਲ ਮੀਡੀਆ ਰਾਹੀਂ ਪ੍ਰਚਾਰਿਤ ਕੀਤੇ ਜਾ ਰਹੇ ਹਨ। ਮਾਪਿਆਂ ਅਤੇ ਬੱਚਿਆਂ ਦੀ ਜਾਣਕਾਰੀ ਵਿੱਚ ਵੱਡਾ ਅੰਤਰ ਹੈ। ਜਦੋਂ ਮਾਪਿਆਂ ਨੂੰ ਪਤਾ ਹੀ ਨਹੀਂ ਕਿ ਬੱਚੇ ਨਿਕੋਟਿਨ ਵਰਤ ਰਹੇ ਹਨ, ਤਾਂ ਉਹ ਉਨ੍ਹਾਂ ਦੀ ਮਦਦ ਵੀ ਨਹੀਂ ਕਰ ਸਕਦੇ। ਕਈ ਮਾਪਿਆਂ ਨੂੰ ਇਹ ਵੀ ਨਹੀਂ ਪਤਾ ਕਿ ਲਤ ਜਾਂ ਆਦਤ ਦੇ ਨਿਸ਼ਾਨ ਕੀ ਹਨ।”

ਰੋਇਲ ਚਿਲਡਰਨਜ਼ ਹਸਪਤਾਲ ਦੀ ਰੈਸਪਾਇਰਟਰੀ ਅਤੇ ਸਲੀਪ ਪੀਡੀਆਟ੍ਰੀਸ਼ਨ ਡਾ. ਮੋਇਆ ਵੈਂਡਿਲਰ ਨੇ ਦੱਸਿਆ ਕਿ, “ਨਿਕੋਟਿਨ ਦੇ ਤੁਰੰਤ ਨੁਕਸਾਨ ਵੀ ਬਹੁਤ ਹੀ ਗੰਭੀਰ ਹਨ। ਨਿਕੋਟਿਨ ਸਿੱਧੇ ਦਿਮਾਗ ਨੂੰ ਉਤੇਜਿਤ ਕਰਦਾ ਹੈ, ਜਿਸ ਨਾਲ ਨੀਂਦ ਖਰਾਬ ਹੁੰਦੀ ਹੈ, ਚਿੰਤਾ ਅਤੇ ਮੂਡ ਦੀਆਂ ਸਮੱਸਿਆਵਾਂ ਵੱਧਦੀਆਂ ਹਨ। ਨੌਜਵਾਨ ਪਹਿਲਾਂ ਹੀ ਇਨ੍ਹਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਨਿਕੋਟਿਨ ਦੇ ਸਾਰੇ ਉਤਪਾਦ – ਚਾਹੇ ਧੂੰਏਂ ਵਾਲੇ ਹੋਣ ਜਾਂ ਬਿਨਾਂ ਧੂੰਏਂ ਵਾਲੇ, ਬਹੁਤ ਨੁਕਸਾਨਦਾਇਕ ਹਨ। ਨੌਜਵਾਨਾਂ ਦਾ ਦਿਮਾਗ ਵਿਕਾਸ ਅਵਸਥਾ ਵਿੱਚ ਹੁੰਦਾ ਹੈ, ਜਿਸ ਕਾਰਣ ਉਹ ਨਿਕੋਟਿਨ ਅਤੇ ਹੋਰ ਨਸ਼ਿਆਂ ਦੀ ਲਤ ਵਿੱਚ ਜਲਦੀ ਫਸ ਸਕਦੇ ਹਨ।”

ਡਾ. ਵੈਂਡਿਲਰ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ, “ਰੋਜ਼ਮਰ੍ਹਾ ਦੇ ਮੌਕੇ ਬੱਚਿਆਂ ਦੇ ਨਾਲ ਗੱਲਬਾਤ ਲਈ ਵਰਤੇ ਜਾਣ। ਜੇ ਟੀਵੀ ਜਾਂ ਅਸਲ ਜ਼ਿੰਦਗੀ ਵਿੱਚ ਕਿਸੇ ਨੂੰ ਵੇਪ ਕਰਦੇ ਦੇਖੋ ਤਾਂ ਬੱਚਿਆਂ ਨਾਲ ਸਿੱਧੀ ਗੱਲ ਕਰੋ – ਜਿਵੇਂ ‘ਕੀ ਤੁਸੀਂ ਕਦੇ ਕਿਸੇ ਨੂੰ ਇਹ ਵਰਤਦੇ ਵੇਖਿਆ ਹੈ? ਇਸ ਤਰ੍ਹਾਂ ਬੱਚਿਆਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਹੋ ਸਕਦੀ ਹੈ। ਪ੍ਰੀਵਾਰ ਦਾ ਸਹਾਰਾ ਬੱਚਿਆਂ ਲਈ ਨਸ਼ਾ ਛੱਡਣ ਵਿੱਚ ਬਹੁਤ ਹੀ ਮੱਦਦਗਾਰ ਹੁੰਦਾ ਹੈ ਅਤੇ ਮਾਪੇ ਇਸ ਸਬੰਧੀ  Royal Children’s Hospital Kids Heath Info  ਦੀ ਵੈੱਬਸਾਈਟ ਤੋਂ ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹਨ।”

ਇਹ ਸਰਵੇ ਗੁੱਡ ਫ੍ਰਾਈਡੇ ਅਪੀਲ ਦੀ ਮੱਦਦ ਨਾਲ ਕੀਤਾ ਗਿਆ।

Related posts

DM–CX–Loyalty Summit 2026 : ਹੈਦਰਾਬਾਦ ਬਣੇਗਾ ਗਲੋਬਲ ਲੀਡਰਾਂ ਦਾ ਕੇਂਦਰ

admin

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਦੂਸ਼ਣਬਾਜ਼ੀ ਅਤੇ ਮੀਡੀਆ ਫੈਸਲੇ ਨਾ ਦੇਣ ਦੇ ਆਦੇਸ਼ !

admin