ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਨੀਦਰਲੈਂਡ ਵਿੱਚ ਓਲੰਪੀਅਨ ਫਲੋਰਿਸ ਜਾਨ ਬੋਵੇਲੈਂਡਰ ਨਾਲ ਮੁਲਾਕਾਤ ਕਰਕੇ ਬਹੁਤ ਚੰਗਾ ਲੱਗਾ। ਫਲੋਰਿਸ ਜਾਨ ਬੋਵੇਲੈਂਡਰ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ। ਉਹਨਾਂ ਦਾ ਸ਼ਾਨਦਾਰ ਖੇਡ ਸਫ਼ਰ ਅਤੇ ਤਜਰਬਾ ਪੰਜਾਬ ਦੇ ਨੌਜਵਾਨ ਖਿਡਾਰੀਆਂ ਨੂੰ ਬਹੁਤ ਪ੍ਰੇਰਨਾ ਦੇਵੇਗਾ। ਮਹਾਨ ਡੱਚ ਖਿਡਾਰੀ ਹਾਕੀ ਓਲੰਪੀਅਨ ਆਉਣ ਵਾਲੇ ਅੰਤਰਰਾਸ਼ਟਰੀ ਮੁਕਾਬਲਿਆਂ ਤੋਂ ਪਹਿਲਾਂ ਪੰਜਾਬ ਦਾ ਦੌਰਾ ਕਰਨਗੇ ਅਤੇ ਨੌਜਵਾਨ ਖਿਡਾਰੀਆਂ ਨਾਲ ਗੱਲਬਾਤ ਕਰਨਗੇ। ਬੋਵੇਲੈਂਡਰ ਨੂੰ ਹਾਕੀ ਇਤਿਹਾਸ ਦੇ ਸਭ ਤੋਂ ਵਧੀਆ ਪੈਨਲਟੀ-ਕਾਰਨਰ ਮਾਹਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਨੇ 1985 ਅਤੇ 1996 ਦੇ ਵਿਚਕਾਰ ਡੱਚ ਰਾਸ਼ਟਰੀ ਟੀਮ ਦੀ ਨੁਮਾਇੰਦਗੀ ਕਰਦਿਆਂ 241 ਅੰਤਰਰਾਸ਼ਟਰੀ ਮੈਚਾਂ ਵਿੱਚ 215 ਗੋਲ ਕੀਤੇ। ਆਗਾਮੀ ਏਸ਼ੀਆ ਹਾਕੀ ਚੈਂਪੀਅਨਸ਼ਿਪ ਤੋਂ ਪਹਿਲਾਂ ਪੰਜਾਬ ਖੇਡ ਪ੍ਰਤਿਭਾ ਨੂੰ ਨਿਖਾਰਨ ਅਤੇ ਹਾਕੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਵਚਨਬੱਧ ਹੈ।”
ਵਰਨਣਯੋਗ ਹੈ ਕਿ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ, ਪੰਜਾਬ ਦੇ ਉਦਯੋਗ ਮੰਤਰੀ ਸੰਜੀਵ ਅਰੋੜਾ ਸਮੇਤ ਆਪਣੇ ਤਿੰਨ ਦਿਨਾਂ (19-21 ਅਪ੍ਰੈਲ 2026) ਦੌਰੇ ‘ਤੇ ਸ਼ਨੀਵਾਰ 19 ਅਪ੍ਰੈਲ ਨੂੰ ਐਮਸਟਰਡਮ ਪੱੁਜੇ ਸਨ। ਮੁੱਖ-ਮੰਤਰੀ ਮਾਨ ਵਲੋਂ ਨੀਦਰਲੈਂਡ ਦਾ ਦੌਰਾ ਖੇਤੀਬਾੜੀ, ਤਕਨਾਲੋਜੀ, ਫੂਡ ਪ੍ਰੋਸੈਸਿੰਗ ਅਤੇ ਲੌਜਿਸਟਿਕਸ ਵਰਗੇ ਖੇਤਰਾਂ ਵਿੱਚ ਨਿਵੇਸ਼ਾਂ ਨੂੰ ਆਕਰਸ਼ਿਤ ਕਰਨ ਲਈ ਕੀਤਾ ਜਾ ਰਿਹਾ ਹੈ।
