FinanceArticlesAustralia & New Zealand

ਆਸਟ੍ਰੇਲੀਆ ਵਿੱਚ ਲੋਕਾਂ ਨੇ ਵਿੱਤੀ ਸ਼ਿਕਾਇਤਾਂ ਦੇ ਰਿਕਾਰਡ-ਤੋੜ ਮਾਮਲੇ ਦਰਜ ਕਰਵਾਏ !

ਡੈਬੋਰਾ ਜੈਂਕਿਨਜ਼, ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਦੀ ਚੀਫ਼ ਕਸਟਮਰ ਅਫਸਰ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਦੇ ਕੋਲ ਪਿਛਲੇ ਵਿੱਤੀ ਸਾਲ ਦੇ ਦੌਰਾਨ ਪੈਸਿਆਂ ਦੇ ਲੈਣ-ਦੇਣ ਜਾਂ ਫਾਂਇਨਾਂਸ ਸਬੰਧੀ ਸ਼ਿਕਾਇਤਾ ਕਰਨ ਵਾਲਿਆਂ ਦਾ ਹੜ੍ਹ ਆ ਗਿਆ ਅਤੇ ਪਿਛਲੇ ਵਿੱਤੀ ਸਾਲ 2025-2026 ਦੇ ਦੌਰਾਨ ਹੁਣ ਤੱਕ ਦੀਆਂ ਸਭ ਤੋਂ ਵੱਧ ਸ਼ਿਕਾਇਤਾ ਦਰਜ ਕਰਵਾਈਆਂ ਗਈਆਂ। ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਦੇ ਕੋਲ ਸਾਲ 2025-26 ਦੇ ਦੌਰਾਨ 1,19,949 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂਂ, ਜੋ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਹ ਲਗਾਤਾਰ ਤੀਜਾ ਸਾਲ ਹੈ ਜਦੋਂ ਸ਼ਿਕਾਇਤਾਂ ਕਰਨ ਵਾਲਿਆਂ ਦੀ ਗਿਣਤੀ 1 ਲੱਖ ਤੋਂ ਵੱਧ ਰਹੀ ਹੈ।

ਇਥੇ ਦੱਸ ਦੇਈਏ ਕਿ ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਇੱਕ ਗੈਰ-ਸਰਕਾਰੀ ਓਮਬਡਜ਼ਮੈਨ ਸੰਸਥਾ ਹੈ, ਜੋ ਵਿੱਤੀ ਵਿਵਾਦਾਂ ਦੇ ਨਿਪਟਾਰੇ ਲਈ ਖਪਤਕਾਰਾਂ ਅਤੇ ਛੋਟੇ ਕਾਰੋਬਾਰਾਂ ਨੂੰ ਮੁਫ਼ਤ, ਨਿਰਪੱਖ ਅਤੇ ਸੁਤੰਤਰ ਸਹਾਇਤਾ ਪ੍ਰਦਾਨ ਕਰਦੀ ਹੈ। ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਇੱਕ ‘ਵੰਨ-ਸਟੌਪ ਸਰਵਿਸ’ ਵਜੋਂ ਕੰਮ ਕਰਦੀ ਹੈ, ਜਿੱਥੇ ਬੈਂਕਿੰਗ, ਕਰਜ਼ੇ (ਕ੍ਰੈਡਿਟ), ਬੀਮਾ, ਵਿੱਤੀ ਸਲਾਹ, ਨਿਵੇਸ਼ ਜਾਂ ਸੁਪਰਐਨੂਏਸ਼ਨ ਨਾਲ ਸੰਬੰਧਿਤ ਵਿਵਾਦਾਂ ਲਈ ਖਪਤਕਾਰ ਅਤੇ ਛੋਟੇ ਕਾਰੋਬਾਰ ਆਪਣੀ ਸ਼ਿਕਾਇਤ ਦਰਜ ਕਰ ਸਕਦੇ ਹਨ। ਜੇਕਰ ਸ਼ਿਕਾਇਤਕਰਤਾ ਅਤੇ ਵਿੱਤੀ ਸੰਸਥਾ ਆਪਸੀ ਸਹਿਮਤੀ ਨਾਲ ਹੱਲ ਨਹੀਂ ਕੱਢ ਸਕਦੇ, ਤਾਂ ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਮਾਮਲੇ ‘ਤੇ ਅਜਿਹਾ ਫੈਸਲਾ ਜਾਰੀ ਕਰ ਸਕਦੀ ਹੈ, ਜਿਸ ਦੀ ਪਾਲਣਾ ਕਰਨਾ ਸੰਬੰਧਿਤ ਵਿੱਤੀ ਸੰਸਥਾ ਲਈ ਲਾਜ਼ਮੀ ਹੁੰਦਾ ਹੈ।

ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਦੀ ਚੀਫ਼ ਕਸਟਮਰ ਅਫਸਰ ਡੈਬੋਰਾ ਜੈਂਕਿਨਜ਼ ਨੇ ਇਸ ਵਾਰੇ ਕਿਹਾ ਹੈ ਕਿ ਪੈਸਿਆਂ ਦੇ ਲੈਣ-ਦੇਣ ਜਾਂ ਫਾਂਇਨਾਂਸ ਸਬੰਧੀ ਸ਼ਿਕਾਇਤਾ ਕਰਨ ਵਾਲਿਆਂ ਦੇ ਇਹ ਅੰਕੜੇ ਦੱਸਦੇ ਹਨ ਕਿ ਮਹਿੰਗਾਈ, ਵੱਧ ਰਹੀ ਜੀਵਨ-ਲਾਗਤ ਅਤੇ ਆਰਥਿਕ ਅਣਿਸ਼ਚਿਤਤਾ ਕਾਰਨ ਲੋਕਾਂ ਨੂੰ ਅਜੇ ਵੀ ਕਈ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਰ ਸ਼ਿਕਾਇਤ ਕਿਸੇ ਨਾ ਕਿਸੇ ਵਿਅਕਤੀ ਦੇ ਤਜਰਬੇ ਨੂੰ ਦਰਸਾਉਂਦੀ ਹੈ। ਜੇ ਵਿੱਤੀ ਸੰਸਥਾਵਾਂ ਇਨ੍ਹਾਂ ਸ਼ਿਕਾਇਤਾਂ ਤੋਂ ਸਿੱਖਣ ਅਤੇ ਆਪਣੀਆਂ ਸੇਵਾਵਾਂ ਵਿੱਚ ਸੁਧਾਰ ਕਰਨ ਤਾਂ ਭਵਿੱਖ ਵਿੱਚ ਅਜਿਹੀਆਂ ਸਮੱਸਿਆਵਾਂ ਨੂੰ ਘਟਾਇਆ ਜਾ ਸਕਦਾ ਹੈ।

ਸਾਲ 2025-26 ਵਿੱਚ ਸਭ ਤੋਂ ਵੱਧ ਸ਼ਿਕਾਇਤਾਂ ਹੇਠਾਂ ਦਿੱਤੇ ਵਿੱਤੀ ਉਤਪਾਦਾਂ ਬਾਰੇ ਮਿਲੀਆਂ:

  • ਨਿੱਜੀ ਬੈਂਕ ਲੈਣ-ਦੇਣ ਖਾਤੇ (ਪਰਸਨਲ ਟਰਾਂਜੈਕਸ਼ਨ ਅਕਾਉਂਟਸ)
  • ਮੋਟਰ ਗੱਡੀਆ ਦਾ ਇੰਸ਼ੋਰੈਂਸ
  • ਕ੍ਰੈਡਿਟ ਕਾਰਡ

ਸਭ ਤੋਂ ਆਮ ਸਮੱਸਿਆਵਾਂ ਇਹ ਰਹੀਆਂ:

  • ਇੰਸ਼ੋਰੈਂਸ ਦਾਅਵਿਆਂ ਦੇ ਨਿਪਟਾਰੇ ਵਿੱਚ ਦੇਰੀ
  • ਗਾਹਕ ਸੇਵਾ ਦੀ ਘੱਟ ਗੁਣਵੱਤਾ
  • ਇੰਸ਼ੋਰੈਂਸ ਦਾਅਵਿਆਂ ਨੂੰ ਰੱਦ ਕਰਨਾ
  • ਬੈਂਕਿੰਗ ਅਤੇ ਵਿੱਤੀ ਖੇਤਰ ਵਿੱਚ ਸਭ ਤੋਂ ਵੱਧ ਸ਼ਿਕਾਇਤਾਂ

ਬੈਂਕਿੰਗ ਅਤੇ ਫਾਇਨੈਂਸ ਖੇਤਰ ਵਿੱਚ ਕੁੱਲ 66,971 ਸ਼ਿਕਾਇਤਾਂ ਦਰਜ ਹੋਈਆਂ, ਜੋ ਪਿਛਲੇ ਸਾਲ ਨਾਲੋਂ 23 ਫੀਸਦੀ ਵੱਧ ਹਨ।

ਇਸ ਦੌਰਾਨ:

  • ਵਿੱਤੀ ਤੰਗੀ (ਫਾਇਨੈਂਸ਼ੀਅਲ ਹਾਰਡਸ਼ਿਪ)) ਨਾਲ ਜੁੜੀਆਂ ਸ਼ਿਕਾਇਤਾਂ ਵਿੱਚ 17 ਫੀਸਦੀ ਵਾਧਾ ਹੋਇਆ।
  • ਕ੍ਰੈਡਿਟ ਰਿਪੋਰਟਿੰਗ ਨਾਲ ਸੰਬੰਧਿਤ ਸ਼ਿਕਾਇਤਾਂ 22 ਫੀਸਦੀ ਵਧੀਆਂ।

ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਦਾ ਕਹਿਣਾ ਹੈ ਕਿ ਬੈਂਕ ਅਤੇ ਵਿੱਤੀ ਸੰਸਥਾਵਾਂ ਨੂੰ ਮੁਸ਼ਕਲ ਵਿੱਚ ਫਸੇ ਗਾਹਕਾਂ ਦੀ ਬਿਹਤਰ ਮਦਦ ਕਰਨੀ ਚਾਹੀਦੀ ਹੈ ਅਤੇ ਕ੍ਰੈਡਿਟ ਰਿਪੋਰਟਿੰਗ ਨੂੰ ਹੋਰ ਸਹੀ ਬਣਾਉਣਾ ਚਾਹੀਦਾ ਹੈ।

ਸੁਪਰਐਨੂਏਸ਼ਨ ਅਤੇ ਨਿਵੇਸ਼ ਮਾਮਲਿਆਂ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ। ਸਾਲ 2025-26 ਵਿੱਚ ਵੱਖ-ਵੱਖ ਖੇਤਰਾਂ ਵਿੱਚ ਸ਼ਿਕਾਇਤਾਂ ਦੀ ਗਿਣਤੀ ਇਸ ਤਰ੍ਹਾਂ ਰਹੀ:

  • ਬੈਂਕਿੰਗ ਅਤੇ ਫਾਇਨੈਂਸ: 66,971 (23% ਵਾਧਾ)
  • ਜਨਰਲ ਇੰਸ਼ੋਰੈਂਸ: 36,022 (5% ਵਾਧਾ)
  • ਸੁਪਰਐਨੂਏਸ਼ਨ: 8,755 (42% ਵਾਧਾ)
  • ਨਿਵੇਸ਼ ਅਤੇ ਵਿੱਤੀ ਸਲਾਹ: 6,542 (56% ਵਾਧਾ)
  • ਲਾਈਫ ਇੰਸ਼ੋਰੈਂਸ: 1,561 (3% ਵਾਧਾ)

ਨਿਵੇਸ਼ ਅਤੇ ਵਿੱਤੀ ਸਲਾਹ ਨਾਲ ਜੁੜੀਆਂ ਸ਼ਿਕਾਇਤਾਂ ਵਿੱਚ ਸਭ ਤੋਂ ਵੱਡਾ ਵਾਧਾ ਸ਼ੀਲਡ ਮਾਸਟਰ ਫੰਡ ਅਤੇ ਫਸਟ ਗਰਡੀਅਨ ਦੇ ਡਿੱਗਣ ਕਾਰਨ ਆਇਆ। ਗਾਹਕਾਂ ਦੇ ਹਿੱਤ ਵਿੱਚ ਸਹੀ ਸਲਾਹ ਨਾ ਦੇਣ ਨਾਲ ਸੰਬੰਧਿਤ ਸ਼ਿਕਾਇਤਾਂ 65 ਫੀਸਦੀ ਵਧ ਕੇ 2,083 ਤੱਕ ਪਹੁੰਚ ਗਈਆਂ।

ਡੈਬੋਰਾ ਜੈਂਕਿਨਜ਼ ਨੇ ਅੱਗੇ ਕਿਹਾ ਕਿ ਹਾਲਾਂਕਿ ਜ਼ਿਆਦਾਤਰ ਵਿੱਤੀ ਸਲਾਹਕਾਰ ਆਪਣਾ ਕੰਮ ਠੀਕ ਤਰੀਕੇ ਨਾਲ ਕਰਦੇ ਹਨ, ਪਰ ਕੁਝ ਵੱਡੇ ਵਿੱਤੀ ਘਪਲਿਆਂ ਕਾਰਨ ਹਜ਼ਾਰਾਂ ਲੋਕ ਪ੍ਰਭਾਵਿਤ ਹੋਏ ਹਨ।

ਸੁਪਰਐਨੂਏਸ਼ਨ ਨਾਲ ਸੰਬੰਧਿਤ ਸ਼ਿਕਾਇਤਾਂ ਵਿੱਚ 42 ਫੀਸਦੀ ਦਾ ਵਾਧਾ ਹੋਇਆ।

ਮੁੱਖ ਕਾਰਨ ਸਨ:

  • ਦਾਅਵਿਆਂ ਦੇ ਨਿਪਟਾਰੇ ਵਿੱਚ ਦੇਰੀ
  • ਗਾਹਕ ਸੇਵਾ ਨਾਲ ਜੁੜੀਆਂ ਸਮੱਸਿਆਵਾਂ
  • ਸੁਪਰ ਇੰਸ਼ੋਰੈਂਸ ਕਲੇਮ ਰੱਦ ਹੋਣਾ

ਕਲੇਮ ਰੱਦ ਹੋਣ ਨਾਲ ਸੰਬੰਧਿਤ ਸ਼ਿਕਾਇਤਾਂ ਵਿੱਚ 82 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਆਨਲਾਈਨ ਧੋਖਾਧੜੀ ਦੇ ਨਾਲ ਸੰਬੰਧਿਤ ਸ਼ਿਕਾਇਤਾਂ ਵੀ 12 ਫੀਸਦੀ ਵਧ ਕੇ 6,706 ਹੋ ਗਈਆਂ।

ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਦਾ ਕਹਿਣਾ ਹੈ ਕਿ ਧੋਖੇਬਾਜ਼ ਹੁਣ ਪਹਿਲਾਂ ਨਾਲੋਂ ਕਾਫ਼ੀ ਜ਼ਿਆਦਾ ਚਾਲਾਕ ਤਰੀਕੇ ਵਰਤ ਰਹੇ ਹਨ। ਵਿਵਾਦਾਂ ਦਾ ਹੱਲ ਕਰਨਾ ਜ਼ਰੂਰੀ ਹੈ, ਪਰ ਇਸ ਤੋਂ ਵੀ ਵੱਧ ਮਹੱਤਵਪੂਰਨ ਹੈ ਕਿ ਸਕੈਮ ਨੂੰ ਪਹਿਲਾਂ ਹੀ ਰੋਕਿਆ ਜਾਵੇ।

ਜਨਰਲ ਇੰਸ਼ੋਰੈਂਸ ਨਾਲ ਸੰਬੰਧਿਤ ਸ਼ਿਕਾਇਤਾਂ ਦੀ ਗਿਣਤੀ ਵੀ ਬਹੁਤ ਜਿਆਦਾ ਰਹੀ। ਸਭ ਤੋਂ ਵੱਧ ਸ਼ਿਕਾਇਤਾਂ ਮੋਟਰ ਵਾਹਨ ਇੰਸ਼ੋਰੈਂਸ ਵਾਰੇ ਮਿਲੀਆਂ। ਇੰਸ਼ੋਰੈਂਸ ਕਲੇਮ ਰੱਦ ਹੋਣ ਨਾਲ ਸੰਬੰਧਿਤ ਸ਼ਿਕਾਇਤਾਂ ਵਿੱਚ ਇਸ ਸਾਲ 47 ਫੀਸਦੀ ਦਾ ਵਾਧਾ ਹੋਇਆ। ਹਾਲਾਂਕਿ ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਨੇ ਦੱਸਿਆ ਕਿ ਕੁੱਲ 43 ਫੀਸਦੀ ਸ਼ਿਕਾਇਤਾਂ ਦਾ ਹੱਲ ਰਸਮੀ ਫੈਸਲੇ ਤੋਂ ਪਹਿਲਾਂ ਹੀ ਕਰ ਲਿਆ ਗਿਆ। ਸਾਲ 2018 ਤੋਂ ਕੰਮ ਸ਼ੁਰੂ ਕਰਨ ਤੋਂ ਬਾਅਦ ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਨੂੰ ਹੁਣ ਤੱਕ ਲਗਭਗ 6.9 ਲੱਖ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਇਨ੍ਹਾਂ ਮਾਮਲਿਆਂ ਰਾਹੀਂ ਖਪਤਕਾਰਾਂ ਅਤੇ ਛੋਟੇ ਕਾਰੋਬਾਰਾਂ ਨੂੰ 2.6 ਬਿਲੀਅਨ ਡਾਲਰ ਤੋਂ ਵੱਧ ਮੁਆਵਜ਼ਾ ਜਾਂ ਰਿਫੰਡ ਮਿਲਿਆ। ਵੱਡੇ ਪੱਧਰ ਦੀਆਂ ਪ੍ਰਣਾਲੀਕ ਸਮੱਸਿਆਵਾਂ ਦੀ ਪਛਾਣ ਕਰਕੇ 60 ਲੱਖ ਲੋਕਾਂ ਨੂੰ 398 ਮਿਲੀਅਨ ਡਾਲਰ ਤੋਂ ਵੱਧ ਦਾ ਲਾਭ ਮਿਲਿਆ।

ਡੈਬੋਰਾ ਜੈਂਕਿਨਜ਼ ਨੇ ਕਿਹਾ ਕਿ ਸ਼ਿਕਾਇਤਾਂ ਦਾ ਡਾਟਾ ਵਿੱਤੀ ਸੰਸਥਾਵਾਂ ਲਈ ਸਭ ਤੋਂ ਵੱਡਾ ਸੰਕੇਤ ਹੁੰਦਾ ਹੈ ਕਿ ਗਾਹਕ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਜੇ ਸੰਸਥਾਵਾਂ ਇਨ੍ਹਾਂ ਤੋਂ ਸਿੱਖ ਕੇ ਸੁਧਾਰ ਕਰਨ, ਤਾਂ ਭਵਿੱਖ ਵਿੱਚ ਕਈ ਵਿਵਾਦਾਂ ਨੂੰ ਰੋਕਿਆ ਜਾ ਸਕਦਾ ਹੈ।

ਆਸਟ੍ਰੇਲੀਅਨ ਫਾਇਨੈਂਸ਼ੀਅਲ ਕੰਪਲੇਂਟ ਅਥੋਰਟੀ ਨੇ ਇਹ ਵੀ ਦੱਸਿਆ ਕਿ ਸਾਲਾਨਾ ਵਿਸਥਾਰਪੂਰਕ ਰਿਪੋਰਟ ਇਸ ਸਾਲ ਦੇ ਅੰਤ ਵਿੱਚ ਜਾਰੀ ਕੀਤੀ ਜਾਵੇਗੀ। ਮੌਜੂਦਾ ਅੰਕੜੇ ਸ਼ੁਰੂਆਤੀ ਹਨ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਇਨ੍ਹਾਂ ਵਿੱਚ ਕੁੱਝ ਤਬਦੀਲੀਆਂ ਹੋ ਸਕਦੀਆਂ ਹਨ।

Related posts

ਪ੍ਰਵਾਸ ਦੀ ਆਸ ਚ ਪੰਜਾਬੀਆਂ ਨੂੰ ਹਲੂਣਾ !

admin

ਮਹਾਂਬਲੀ ਜਾਂਬਾਜ ਸਿੱਖ ਜਰਨੈਲ ਭਾਈ ਉਦੈ ਸਿੰਘ ਜੀ ਸ਼ਹੀਦ !

admin

Opposition Leader Sussan Ley Joins Diwali Celebrations

admin