ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਅਗਸਤ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨੀਵਾਰ ਨੂੰ ਜੈਂਸਿਸ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਕੀਤੀ ਗਈ। ਸਭ ਤੋਂ ਪਹਿਲਾਂ ਸਕੱਤਰ ਗੁਰਦੀਸ਼ ਗਰੇਵਾਲ ਵਲੋਂ, ਸਭਾ ਵਿੱਚ ਸ਼ਾਮਲ ਨਵੇਂ ਮੈਂਬਰਾਂ- ਹਰਮਿੰਦਰ ਕੌਰ ਅਤੇ ਨੀਨੂੰ ਬੇਦੀ ਦਾ ਸੁਆਗਤ ਕਰਦਿਆਂ ਹੋਇਆਂ, ਅਗਸਤ ਮਹੀਨੇ ਵਾਪਰੀਆਂ ਘਟਨਾਵਾਂ ਅਤੇ ਤਿਉਹਾਰਾਂ ਦਾ ਜ਼ਿਕਰ ਕੀਤਾ। ਪ੍ਰਧਾਨ ਡਾ. ਬਲਵਿੰਦਰ ਕੌਰ ਬਰਾੜ ਨੇ ਸਭ ਨੂੰ ‘ਜੀ ਆਇਆਂ’ ਕਹਿੰਦਿਆਂ ਹੋਇਆਂ, ਸਭਾ ਦੇ ਮੈਂਬਰ ਜਗੀਰ ਕੌਰ ਗਰੇਵਾਲ ਦੇ ਘਰ ਦੇ ਸੜ ਜਾਣ ਦੀ ਮੰਦਭਾਗੀ ਘਟਨਾ ਤੇ ਸਭਾ ਵਲੋਂ ਦੁੱਖ ਪ੍ਰਗਟ ਕਰਦੇ ਹੋਏ ਕਿਹਾ- ਕਿ ਅਸੀਂ ਸਾਰੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੇ ਨਾਲ ਹਾਂ। ਸਕੱਤਰ ਗੁਰਦੀਸ਼ ਕੌਰ ਗਰੇਵਾਲ ਨੇ ਵੀ ਮੀਟਿੰਗ ਦੀ ਕਾਰਵਾਈ ਤੋਰਦਿਆਂ ਕਿਹਾ ਕਿ- ਇਹ ਸੰਸਥਾ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਨਾਲ ਹੀ ਉਹਨਾਂ ਘਰੇਲੂ ਹਿੰਸਾ ਤੇ ਹੋਣ ਵਾਲੇ ਸੈਮੀਨਾਰ ਲਈ, ਪੰਜਾਬੀ ਕਮਿਊਨਿਟੀ ਹੈਲਥ ਸਰਵਿਸ ਤੋਂ ਬੁਲਾਏ ਵਿਸ਼ੇਸ਼ ਮਾਹਿਰਾਂ- ਨਾਸਰਾ ਖਾਂ ਅਤੇ ਤਾਨੀਆਂ ਭੁੱਲਰ ਦਾ ਸਭਾ ਵਲੋਂ ਸਵਾਗਤ ਕਰਦੇ ਹੋਏ, ਉਹਨਾਂ ਦੀ ਜਾਣ ਪਛਾਣ ਕਰਾਉਣ ਅਤੇ ਹੋਰ ਸੂਚਨਾਵਾਂ ਸਾਂਝੀਆਂ ਕਰਨ ਲਈ, ਗੁਰਚਰਨ ਥਿੰਦ ਨੂੰ ਸੱਦਾ ਦਿੱਤਾ। ਗੁਰਚਰਨ ਥਿੰਦ ਨੇ ਦੱਸਿਆ ਕਿ- ਸਾਡੇ ਭਾਈਚਾਰੇ ਵਿੱਚ ਘਰੇਲੂ ਹਿੰਸਾ ਦੀਆਂ ਵਾਰਦਾਤਾਂ ਦਿਨੋ ਦਿਨ ਵੱਧ ਰਹੀਆਂ ਹਨ-ਜਿਹਨਾਂ ਵਿਚੋਂ ਬਹੁਤੇ ਕੇਸ ਤਾਂ ਰਜਿਸਟਰ ਹੀ ਨਹੀਂ ਹੋਏ ਹੁੰਦੇ। ਇਸੇ ਲਈ ‘ਜਨਰੇਸ਼ਨ ਗੈਪ’ ਦੀ ਲੜੀ ਨੂੰ ਅੱਗੇ ਤੋਰਦੇ ਹੋਏ, ਇਸ ਵਿਸ਼ੇ ਦੇ ਮਾਹਿਰ ਬੁਲਾਏ ਗਏ ਹਨ। ਹੋਰ ਸੂਚਨਾਵਾਂ ਵਿੱਚ ਉਹਨਾਂ ਯੋਗਾ ਕਲਾਸਜ਼ ਲਈ ਨਾਮ ਦੇਣ ਤੋਂ ਇਲਾਵਾ ਆਉਂਦੇ ਸਮੇਂ ਵਿੱਚ ਦੀਵਾਲੀ ਤੇ ਸਾਲਾਨਾ ਸਮਾਗਮ ਦੀ ਤਿਆਰੀ ਸ਼ੁਰੂ ਕਰਨ ਦਾ ਵੀ ਸੱਦਾ ਦਿੱਤਾ।
ਪਹਿਲੇ ਬੁਲਾਰੇ ਨਾਸਰਾ ਖਾਂ- ਜੋ ਕਿ ਇਸ ਵਿਸ਼ੇ ਤੇ ਪੀ.ਐਚ.ਡੀ. ਕਰ ਚੁੱਕੇ ਹਨ, ਉਹਨਾਂ ਨੇ ਘਰੇਲੂ ਹਿੰਸਾ ਨਾਲ ਪੀੜਤ ਲੋਕਾਂ ਦੇ, ਮਾਨਸਿਕ ਤੇ ਭਾਵਨਾਤਮਿਕ ਸਿਹਤ ਤੇ ਪੈਂਦੇ ਮਾੜੇ ਅਸਰ ਦਾ, ਵਿਸਥਾਰ ਸਹਿਤ ਚਾਨਣਾ ਪਾਇਆ। ਉਹਨਾਂ ਕਿਹਾ ਕਿ- ਇਸ ਦੇ ਸ਼ਿਕਾਰ ਭਾਵੇਂ ਕਈ ਵਾਰੀ ਮਰਦ ਵੀ ਹੁੰਦੇ ਹਨ ਪਰੰਤੂ ਜ਼ਿਆਦਾਤਰ ਔਰਤਾਂ ਹੀ ਹੁੰਦੀਆਂ ਹਨ। ਉਹਨਾਂ ਇਸ ਦੇ ਲੱਛਣ, ਕਾਰਨ ਆਦਿ ਦੱਸਣ ਤੋਂ ਇਲਾਵਾ- ਇਸ ਨੂੰ ਰੋਕਣ ਦੇ ਸਾਰਥਕ ਸੁਝਾਅ ਵੀ ਦਿੱਤੇ। ਮੈਂਬਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ, ਉਹਨਾਂ ਕੁੱਝ ਉਦਾਹਰਣਾਂ ਦੇ ਕੇ ਆਪਣੇ ਨੁਕਤੇ ਨੂੰ ਸਪੱਸ਼ਟ ਕੀਤਾ। ਦੂਸਰੇ ਬੁਲਾਰੇ, ਤਾਨੀਆਂ ਭੁੱਲਰ ਨੇ ਵੀ ਕਿਹਾ ਕਿ ‘ਐਲਡਰ ਐਬਿਊਜ਼’ ਨੂੰ ਰੋਕਣ ਲਈ ਦੋਹਾਂ ਧਿਰਾਂ ਨੂੰ ਬਦਲਣ ਦੀ ਲੋੜ ਹੈ- ਤੇ ਸਾਨੂੰ ਇਸ ਨੂੰ ਰੋਕਣ ਦੇ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ। ਘਰ ਦੀ ਕਸ਼ਮਕਸ਼ ਵਿੱਚ ਬੱਚੇ ਪਿਸ ਜਾਂਦੇ ਹਨ- ਜਦ ਕਿ ਉਹਨਾਂ ਨੂੰ ਗਰੈਂਡ ਪੇਰੈਂਟਸ ਦੇ ਪਿਆਰ ਦੀ ਬਹੁਤ ਲੋੜ ਹੁੰਦੀ ਹੈ। ਦੋਹਾਂ ਬੁਲਾਰਿਆਂ ਦੇ ਵਡਮੁੱਲੇ ਵਿਚਾਰਾਂ ਦਾ, ਸਭਾ ਦੇ ਮੈਂਬਰਾਂ ਵਲੋਂ ਭਰਪੂਰ ਤਾੜੀਆਂ ਨਾਲ, ਹਾਂ ਪੱਖੀ ਹੁੰਗਾਰਾ ਦਿੱਤਾ ਗਿਆ। ਸਭਾ ਵਲੋਂ ਨਾਸਰਾ ਖਾਂ ਅਤੇ ਤਾਨੀਆਂ ਭੁੱਲਰ ਦਾ ਧੰਨਵਾਦ ਕਰਨ ਉਪਰੰਤ, ਗੁਲਦਸਤੇ ਦੇ ਕੇ ਸਨਮਾਨਿਤ ਕੀਤਾ ਗਿਆ।
ਰਚਨਾਵਾਂ ਦੇ ਦੌਰ ਵਿੱਚ- ਸਰਬਜੀਤ ਉੱਪਲ ਨੇ ਭੈਣ-ਭਰਾ ਦੀ ਵਾਰਤਾਲਾਪ ਦੇ ਟੱਪੇ, ਅਮਰਜੀਤ ਸੱਗੂ ਨੇ ਰੱਖੜੀ ਦਾ ਗੀਤ, ਮਨਜੀਤ ਕੌਰ ਬਾਜਵਾ ਤੇ ਸਤਵਿੰਦਰ ਫਰਵਾਹਾ ਨੇ ਟੱਪੇ, ਗੁਰਦੀਸ਼ ਕੌਰ ਗਰੇਵਾਲ ਨੇ ਆਜ਼ਾਦੀ ਤੇ ਬੋਲੀ, ਸੁਰਿੰਦਰ ਸੰਧੂ ਨੇ ਚੁਟਕਲੇ ਤੇ ਹਰਚਰਨ ਬਾਸੀ ਨੇ ਗਿੱਧੇ ਦੀਆਂ ਬੋਲੀਆਂ ਸੁਣਾ ਕੇ ਰੰਗ ਬੰਨ੍ਹ ਦਿੱਤਾ- ਜਦ ਕਿ ਗੁਰਜੀਤ ਵੈਦਵਾਨ ਤੇ ਗੁਰਿੰਦਰ ਕੌਰ ਭੈਣਾਂ ਨੇ ਲੰਬੀ ਹੇਕ ਵਾਲਾ ਗੀਤ ਗਾ ਕੇ, ਸੁਰਾਂ ਦਾ ਜਾਦੂ ਬਿਖੇਰ ਦਿੱਤਾ। ਇਸ ਤੋਂ ਇਲਾਵਾ- ਸ਼ਾਇਰਾ ਸੁਰਿੰਦਰ ਗੀਤ, ਡਾ. ਰਾਜਵੰਤ ਮਾਨ, ਗੁਰਤੇਜ ਸਿੱਧੂ, ਰਵਿੰਦਰਜੀਤ, ਸੁਰਿੰਦਰ ਗਿੱਲ, ਬਲਜਿੰਦਰ ਗਿੱਲ ਸਮੇਤ ਬਹੁਤ ਸਾਰੀਆਂ ਭੈਣਾਂ ਨੇ ਵਧੀਆ ਸਰੋਤੇ ਹੋਣ ਦਾ ਸਬੂਤ ਦਿੱਤਾ। ਟੂਰ ਕਮੇਟੀ ਦੇ ਇੰਚਾਰਜ, ਬਲਵਿੰਦਰ ਬਰਾੜ ਨੇ ਮੈਂਬਰਾਂ ਦੀ ਮੰਗ ਤੇ, ਬੈਂਫ ਦੇ ਟੂਰ ਤੋਂ ਬਾਅਦ, ਹੁਣ ਪਿਕਨਿਕ ਮਨਾਉਣ ਲਈ, ਪਹਿਲੀ ਸਤੰਬਰ ਨੂੰ ਬਾਅਦ ਦੁਪਹਿਰ ਇੱਕ ਵਜੇ, ਪਰੇਰੀਵਿੰਡ ਪਾਰਕ ਵਿੱਚ ਪਹੁੰਚਣ ਦਾ ਸੱਦਾ ਦੇਣ ਤੋਂ ਇਲਾਵਾ- ਬਲਜੀਤ ਜਠੌਲ ਦੀ ਬੇਟੀ ਦੇ ਵਿਆਹ ਦੀ ਖੁਸ਼ੀ ਵੀ ਸਾਂਝੀ ਕੀਤੀ। ਕੁੱਝ ਭੈਣਾਂ ਨੇ ਯੋਗਾ ਸਿੱਖਣ ਲਈ ਕਾਫੀ ਉਤਸ਼ਾਹ ਜ਼ਾਹਿਰ ਕੀਤਾ ਅਤੇ ਇਸ ਦੀਆਂ ਕਲਾਸਾਂ ਲਾਉਣ ਲਈ ਆਪਣੇ ਨਾਮ ਗੁਰਚਰਨ ਥਿੰਦ ਨੂੰ ਲਿਖਵਾਏ। ਪੰਜਾਬੀ ਲਿਖਾਰੀ ਸਭਾ ਦੇ ਸਲਾਨਾ ਸਮਾਗਮ ਕਾਰਨ, ਉਸ ਵਿੱਚ ਸ਼ਾਮਲ ਹੋਣ ਲਈ, ਮੀਟਿੰਗ ਜਲਦੀ ਸਮਾਪਤ ਕਰ ਦਿੱਤੀ ਗਈ। ਅੰਤ ਵਿੱਚ ਸੀਮਾ ਚੱਠਾ ਤੇ ਹੋਰ ਵੋਲੰਟੀਅਰ ਭੈਣਾਂ ਵਲੋਂ ਪਰੋਸੇ ਗਏ ਸਮੋਸੇ- ਲੱਡੂਆਂ ਦੇ ਨਾਲ ਕੋਲਡ ਡਰਿੰਕ ਦਾ ਵੀ ਸਭ ਨੇ ਆਨੰਦ ਮਾਣਿਆਂ। ਵਧੇਰੇ ਜਾਣਕਾਰੀ ਲਈ- ਬਲਵਿੰਦਰ ਬਰਾੜ 403-590-9629, ਗੁਰਚਰਨ ਥਿੰਦ 403-402-9635 ਜਾਂ ਗੁਰਦੀਸ਼ ਕੌਰ ਗਰੇਵਾਲ 403-404-1450 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਰਿਪੋਰਟ ਕਰਤਾ-
ਗੁਰਦੀਸ਼ ਕੌਰ ਗਰੇਵਾਲ
previous post
next post