ਜ਼ੀਰਕਪੁਰ– ਚੰਡੀਗੜ੍ਹ–ਅੰਬਾਲਾ ਰੋਡ ‘ਤੇ ਰੀਅਲ ਅਸਟੇਟ ਦੇ ਕਮਰਸ਼ੀਅਲ ਪ੍ਰੋਜੈਕਟ ਆਕਸਫੋਰਡ ਸਟਰੀਟ ਵੱਲੋਂ ਕਰਵਾਏ ਗਏ ਦੋ ਦਿਨੀਂ ਸਮਾਗਮ ‘ਚ ਐਤਵਾਰ ਨੂੰ ਪੰਜਾਬੀ ਸਿੰਗਰ ਗੁਰਦਾਸ ਮਾਨ ਦਾ ਸਟੇਜ ਸ਼ੋਅ ਰੱਖਿਆ ਸੀ। ਧਮਕੀਆਂ ਮਗਰੋਂ ਸੁਰੱਖਿਆ ਕਾਰਨਾਂ ਨੂੰ ਵੇਖਦੇ ਹੋਏ ਇਸ ਸ਼ੋਅ ਨੂੰ ਅਚਾਨਕ ਰੱਦ ਕਰ ਦਿੱਤਾ ਗਿਆ।
ਮਾਨ ਦੇ ਸਮਾਗਮ ‘ਚ ਗੁਰਨਾਮ ਭੁੱਲਰ, ਜੈਲੀ ਜੋਹਲ ਤੇ ਲਾਈਵ ਬੈਂਡ ਨੇ ਪੇਸ਼ਕਸ ਕੀਤੀ। ਜਦਕਿ ਪ੍ਰਬੰਧਕਾਂ ਵੱਲੋਂ ਮਾਨ ਦਾ ਸ਼ੋਅ ਕੈਂਸਲ ਕਰਨ ਦਾ ਕਾਰਨ ਸੁਰੱਖਿਆ ਪ੍ਰਬੰਧ ਕਿਹਾ ਗਿਆ। ਸ਼ੋਅ ਦੇ ਪ੍ਰਬੰਧਕ ਨਵਲ ਦਾ ਕਹਿਣਾ ਹੈ ਕਿ ਸ਼ਨੀਵਾਰ ਦੀ ਰਾਤ ਹੀ ਕੁਝ ਅਣਪਛਾਤੇ ਲੋਕਾਂ ਨੇ ਪ੍ਰੋਗਰਾਮ ਵਾਲੀ ਥਾਂ ਆ ਗੁਰਦਾਸ ਮਾਨ ਦਾ ਵਿਰੋਧ ਕੀਤਾ ਤੇ ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਸ਼ੋਅ ਕਰਵਾਇਆ ਤਾਂ ਉਹ ਵਿਰੋਧ ਕਰਨਗੇ। ਇਸ ਲਈ ਪ੍ਰੋਗਰਾਮ ਨੂੰ ਰੱਦ ਕੀਤਾ ਗਿਆ।
ਇਸ ਪ੍ਰੋਗਰਾਮ ਲਈ ਗੁਰਦਾਸ ਮਾਨ ਪਹਿਲਾਂ ਹੀ ਚੰਡੀਗੜ੍ਹ ‘ਚ ਸੀ ਤੇ ਉਨ੍ਹਾਂ ਦੀ ਟੀਮ ਵੀ ਦਿੱਲੀ ਤੋਂ ਨਿਕਲ ਚੁੱਕੀ ਸੀ ਜਿਨ੍ਹਾਂ ਨੂੰ ਈਮੇਲ ਰਾਹੀ ਸ਼ੋਅ ਦੇ ਕੈਂਸਲ ਹੋਣ ਦੀ ਸੂਚਨਾ ਦਿੱਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਦੀ ਟੀਮ ਨੇ ਪ੍ਰਬੰਧਕ ਨੂੰ ਕਿਹਾ ਕਿ ਉਹ ਸ਼ੋਅ ਕੈਂਸਲ ਨਾ ਕਰੇ ਸਗੋਂ ਉਹ ਐਸਐਸਪੀ ਵੱਲੋਂ ਵੀ ਉਨ੍ਹਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਈ ਜਾਵੇਗੀ ਪਰ ਪ੍ਰਬੰਧਕਾਂ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਮੰਨੀ।
ਦੱਸ ਦਈਏ ਕਿ ਗੁਰਦਾਸ ਮਾਨ ਦੇ ਸ਼ੋਅ ਲਈ ਰਾਜਸਥਾਨ ਤੋਂ ਆਏ ਇੱਕ ਪਰਿਵਾਰ ਨੇ ਦੋ ਹਜ਼ਾਰ ਰੁਪਏ ਦੇ ਹਿਸਾਬ ਨਾਲ 10 ਟਿਕਟਾਂ ਖਰੀਦੀਆਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਐਤਵਾਰ ਨੂੰ ਸਮਾਗਮ ਕੈਂਸਲ ਹੋਣ ਤੋਂ ਬਾਅਦ ਸਾਰਾ ਪੰਡਾਲ ਖਾਲੀ ਕੀਤਾ ਗਿਆ। ਜਿਨ੍ਹਾਂ ਲੋਕਾਂ ਨੇ ਸ਼ੋਅ ਦੀ ਟਿਕਟ ਲਈ ਸੀ, ਉਨ੍ਹਾਂ ਦੇ ਪੈਸੇ ਵੀ ਵਾਪਸ ਕੀਤੇ ਜਾ ਰਹੇ ਹਨ।