Articles

ਸਰਹਿੰਦ ਫਤਿਹ ਕਰਨ ਵਿੱਚ ਵੱਡਾ ਯੋਗਦਾਨ ਪਹੂਵਿੰਡੀਆਂ ਦਾ !

ਪਹਿਲੀ ਵਾਰ ਜਦੋਂ 1710 ਵਿੱਚ ਬਾਬਾ ਦੀਪ ਸਿੰਘ ਜੀ ਅਤੇ ਦੂਜੀ ਵਾਰ 1764 ਸਰਦਾਰ ਕਰਮ ਸਿੰਘ ਜੰਗ ਵਿੱਚ ਸ਼ਾਮਲ ਹੋਏ ਸਨ । ਦੋਵੇਂ ਪਿੰਡ ਪਹੂਵਿੰਡ ਸਾਹਿਬ ਦੇ ਜੰਮਪਲ ਸਨ।

ਸਰਵਨ ਸਿੰਘ ਪਹੂਵਿੰਡੀਆਂ

ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ)ਸੂਬੇਦਾਰ ਸਰਹਿੰਦ ਵਜੀਰ ਖਾਂਨ ਦੇ ਹੁਕਮ ਨਾਲ ਕੰਧਾਂ ਦੀਆਂ ਨੀਹਾਂ ਵਿੱਚ ਖਲਿਆਰ ਕੇ ਸ਼ਹੀਦ ਕਰ ਦਿੱਤਾ ਗਿਆ । ਇਸ ਅਤ ਘਣਾਉਣੇ ਸਾਕੇ ਨੂੰ ਵੇਖ ਸੁਣਕੇ ਸਰਹਿੰਦ ਉਸ ਦਿਨ ਤੋਂ ਹੀ ਦੁਰਕਾਰੀ ਗਈ ਸੀ । ਨਵਾਬ, ਆਹਿਲਕਾਰ ਤਾਂ ਸਰਹਿੰਦ ਸ਼ਹਿਰ ਵੀ ਲੋਕ ਮਨਾਂ ਵਿੱਚ ਨਫਰਤ ਦੀ ਪਾਤਰ ਬਣੀ ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਨਦੇੜ ਤੋਂ ਬਾਬਾ ਬੰਦਾ ਸਿੰਘ ਬਹਾਦਰ ਕੁਝ ਚੋਣਵੇਂ ਸਿੰਘ ਨਾਲ ਦੇ ਕੇ ਪੰਜਾਬ ਵਲੇ ਤੋਰਿਆ ਸੀ । ਗੁਰੂ ਸਾਹਿਬ ਨੇ ਇਧਰ ਵਸਦੇ ਸਿੱਖਾਂ ਲਈ ਵੀ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥ ਹੁਕਮਨਾਮੇ ਜਾਰੀ ਕਰਕੇ ਭੇਜੇ ਸਨ ।ਜਿਹੜੇ ਉਸਨੇ ਪੰਜਾਬ ਪਹੁੰਚਦੇ ਹੀ ਸਿੰਘਾਂ ਵੱਲ ਭੇਜ ਦਿੱਤੇ ਸਨ।
ਆਖਰ ਬਾਬਾ ਬੰਦਾ ਸਿੰਘ ਬਹਾਦਰ ਕਈ ਜੁਲਮੀਂ ਹਾਕਮਾਂ ਨੂੰ ਸੋਧਣ ਤੋਂ ਬਾਅਦ ਸਰਹਿੰਦ ਆ ਗਰਜਿਆ ਸੀ। ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਲਿਖਤ ਹੁਕਮਨਾਮੇ ਸਿੱਖ ਸਰਦਾਰਾਂ ਨੇ  ਪੜੇ ਤਾਂ ਉਹ ਬਾਬਾ ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਸਰਹਿੰਦ ਵੱਲ ਚਲ ਪਏ ਸਨ । ਬਾਬਾ ਦੀਪ ਸਿੰਘ ਜੀ ਸ਼ਹੀਦ ਵੀ ਆਪਣੇ ਜੱਥੇ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਮਿਲੇ । 22 ਮਈ 1710 ਈਸਵੀ ਵਾਲੇ ਦਿਨ ਚਪੜ ਚਿੜੀ ਦੇ ਮੈਦਾਨ ਵਿੱਚ ਘਮਸਾਨ ਦਾ ਜੰਗ ਹੋਇਆ । ਜਿਸ ਵਿੱਚ ਸੂਬੇਦਾਰ ਸਰਹਿੰਦ ਵਜੀਰ ਖਾਂਨ ਕਈ ਫੌਜੀ ਅਤੇ ਜਰਨੈਲਾ ਸਮੇਤ ਮਾਰਿਆ ਗਿਆ ਸੀ । ਸਿੰਘਾਂ ਨੇ ਫਤਿਹ ਕੀਤੀ ਸਰਹਿੰਦ ਦਾ ਕਿਲ੍ਹਾ ਢਾਹਿਆ ਜਿਥੇ 1704 ਈਸਵੀ  ਵਿੱਚ ਜੁਲਮੀਂ ਹਕੂਮਤ ਨੇ ਗੁਰੂ ਸਾਹਿਬ ਦੇ ਲਾਲਾਂ ਨੂੰ ਸ਼ਹੀਦ ਕੀਤਾ ਗਿਆ ਸੀ ।

ਨੋਟ
ਮਹਾਨ ਕੋਸ਼ ਅਨੁਸਾਰ, ਲਿਖਤ ਭਾਈ ਕਾਨ੍ਹ ਸਿੰਘ ਨਾਭਾ,
ਪੰਨਾ ਨੰਬਰ, 638 ।
ਬਾਬਾ ਦੀਪ ਸਿੰਘ ਜੀ ਪਿੰਡ ਪਹੂਵਿੰਡ ਸਾਹਿਬ ਦੇ ਜੱਟ ਪਰਿਵਾਰ ਭਾਈ ਭਗਤਾ ਜੀ ਪੁੱਤਰ ਸਨ ਅਤੇ ਉਹਨਾਂ ਦੀ ਮਾਤਾ ਦਾ ਨਾਂ ਜਿਊਣੀ ਜੀ ਸੀ।
ਉਪਰੋਕਤ ਹਵਾਲੇ ਪਾਂਡਾ ,, ਕਿਰਪਾ ਰਾਮ ਪ੍ਰਭਾਕਰ ਦੇ ਵਹੀ ਖਾਤਾ, ਹਰਿਦੁਆਰ ਤੋਂ ਵੀ ਮਿਲਦੇ ਹਨ ।

ਸਰਹਿੰਦ ਫਤਿਹ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਇਸ ਸ਼ਹਿਰ ਦਾ ਨਾਮ ਛੋਟੇ ਸ਼ਹਿਬਜ਼ਾਦੇ ਬਾਬਾ ਫਤਹਿ ਸਿੰਘ ਦੇ ਨਾਮ ਉੱਤੇ ਫਤਿਹ ਗੜ੍ਹ ਰੱਖਿਆ ਅਤੇ ਇਥੋਂ  ਹੀ ਖਾਲਸਾ ਰਾਜ ਦੀ ਸਥਾਪਨਾ ਕੀਤੀ ਗਈ । ਪਰ ਕੁਝ ਚਿਰ ਬਾਅਦ ਹੀ ਸਿੰਘਾਂ ਦੀ ਗਿਣਤੀ ਘੱਟ ਹੋਣ ਕਰਕੇ ਉਸਨੂੰ ਇਹ ਇਲਾਕੇ ਛੱਡਣ ਲਈ ਮਜ਼ਬੂਰ ਹੋਣਾ ਪਿਆ ।ਅਗੇ ਜਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਗੜੀ ਵਿੱਚੋਂ  ਗ੍ਰਿਫਤਾਰ ਕੀਤਾ ਗਿਆ ।ਹਕੂਮਤ ਦੇ ਕਹਿਣ ਤੇ ਪਹਿਲਾਂ ਉਸਨੂੰ ਲਾਹੌਰ ਲਿਆਂਦਾ ਗਿਆ, ਅਤੇ ਫਿਰ ਦਿੱਲੀ ਲਿਜਾਇਆ ਗਿਆ, ਅਤੇ ਹੋਰ ਸਿੰਘਾਂ ਸਮੇਤ ਸ਼ਹੀਦ ਕੀਤਾ ਗਿਆ । ਇਸੇ ਤਰ੍ਹਾਂ ਸਰਹਿੰਦ ਮੁੜ ਮੁਗਲ ਰਾਜ ਦੇ ਕਬਜ਼ੇ ਵਿੱਚ ਚਲੀ ਗਈ ।
ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ, ਬਾਦਸ਼ਾਹ ਵਿਹੂਣੀ ਹੋਈ ਸਿੱਖ ਕੌਮ ਕੁਝ ਚਿਰ ਚੁੱਪ ਰਹਿਣ ਪਿੱਛੋਂ ਮੁੜ ਹੌਸਲੇ ਨਾਲ ਅਗੇ  ਤੁਰੀ ਅਤੇ ਆਪਦੀ ਮੰਜਲ ਵਲੇ ਵੱਧਣ ਲੱਗੀ । ਉਧਰ ਦਿੱਲੀ ਸਰਕਾਰ ਦਾ ਹੱਥ ਠੋਕਾ ਬਣਕੇ ਲਾਹੌਰ ਦਰਬਾਰ ਨੇ ਵੀ ਸਾਡੇ ਉਪਰ ਬਹੁਤ ਕਹਿਰ ਢਾਹਿਆ ਸੀ।ਸਾਡੀਆਂ ਖੋਪੜੀਆਂ ਵੀ ਲੱਥੀਆਂ ਅਤੇ ਬੰਦ ਬੰਦ ਵੀ ਕੱਟੇ ਗਏ ।ਪਰ ਸਿੰਘਾਂ ਨੂੰ ਰਾਜ ਕਰੇਗਾ ਖਾਲਸਾ ਦੇ ਨਿਸ਼ਾਨੇ ਤੋਂ ਕੋਈ ਵੀ ਜ਼ਾਲਮ ਜਾਂ ਜੁਲਮ ਮੋੜ ਨਾ ਸਕਿਆ ।ਜਿਉਂ ਜਿਉਂ ਮਾਰੂ ਸੱਟਾਂ ਪੈਂਦੀਆਂ ਗਈਆਂ ਤਿਉਂ ਤਿਉਂ ਕੌਂਮ ਜਵਾਂਨ ਹੁੰਦੀ ਗਈ ।ਅਤੇ ਅਖੀਰ ਹਕੂਮਤ ਨੂੰ ਅੱਖਾਂ ਵਿਖਾਉਣ ਲੱਗ ਪਈ । ਇਸ ਗੱਲ ਉੱਪਰ ਮਾਣ ਹੈ ਮੇਰੇ ਇਲਾਕੇ ਨੂੰ ਕਿ ਅਸੀਂ ਲਾਹੌਰ ਦਰਬਾਰ ਦੀ ਅੱਖ ਹੇਠਾਂ ਪਲਕੇ ਜਵਾਂਨ ਹੋਏ, ਅਤੇ ਸਦਾ ਹਕੂਮਤ ਨਾਲ ਆਢਾ ਲਾਈ ਰਖਿਆ । ਮੱਸੇ ਰੰਘੜ ਦਾ ਸਿਰ ਵੀ ਅਸੀਂ ਵੱਡਿਆ ਤੇ ਖੋਪੜ ਵੀ ਸਾਡੇ ਮਝੈਲਾਂ ਦੇ ਲੱਥੇ ਅਤੇ ਫਿਰ ਵੀ ਸਾਨੂੰ ਮਝੈਲਾਂ ਨੂੰ ਬਦਾਵੀਏ ਆਖਿਆ ,ਗਿਆ ਹੱਦ ਹੋ ਗਈ। ਮਤਲਬੀ ਲੋਕਾਂ ਨੇ ਮਝੈਲਾਂ ਨੂੰ ਭੰਡਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ । ਕੀ ਭੁੱਖ ਸ਼ਿਰਫ ਮਝੈਲਾਂ ਨੂੰ ਹੀ ਲੱਗੀ ਸੀ ।
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀਆਂ ਜੜ੍ਹਾਂ ਆਪਦੇ ਪਰਿਵਾਰ ਦਾ ਖੂਨ ਪਾ ਕੇ ਸਿਜੀਂਆਂ ਸਨ।ਇਸ ਕਰਕੇ ਇੱਕ ਨਹੀਂ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਵੀ ਪੰਥ, ਰਾਜ ਕਰੇਗਾ ਖਾਲ ਸਾ,ਦੇ ਦੋਹਰੇ ਗਾਉਂਦਾ ਰਿਹਾ । ਕੁਝ ਸਾਲਾਂ ਵਿੱਚ ਹੀ ਉਤਰਾਵਾਂ, ਚੜਾਵਾਂ ਵਿੱਚੋਂ ਲੰਘਦੀ ਕੌਂਮ ਗੱਭਰੂ ਜਵਾਂਨ ਹੋ ਗਈ । ਸੰਨ 1748 ਈਸਵੀ ਵਿੱਚ ਸਿੱਖ ਫੌਜਾਂ ਦੀ ਗਿਣਤੀ ਚੋਖੀ ਵਧ ਗਈ ਤਾਂ ਇਸਨੂੰ ਬਾਰਾਂ ਹਿਸਿਆਂ ਵਿੱਚ ਵੰਡਿਆ ਗਿਆ, ਅਤੇ ਬਾਰਾਂ ਮਿਸਾਲਾਂ ਦਾ ਨਾਮ ਦਿੱਤਾ ਗਿਆ । ਇਹਨਾਂ ਦਿਨਾਂ ਵਿੱਚ ਸਿੰਘ ਹੀ ਆਪਣੇ ਆਪ ਨੂੰ ਪੰਜਾਬ ਦੇ ਅਸਲੀ ਹੱਕਦਾਰ ਮੰਨਦੇ ਸਨ ।ਪਰ ਉਧਰੋਂ ਵਿਦੇਸ਼ੀ ਹਮਲਾਵਰ ਅਹਿਮਦ ਸ਼ਾਹ ਅਬਦਾਲੀ ਵੀ ਹਰ ਸਾਲ ਜਾਂ ਦੋ ਸਾਲ ਬਾਅਦ ਇਸ ਦੇਸ਼ ਨੂੰ ਲੁੱਟ ਮਾਰ ਕਰਕੇ ਉਜਾੜਨ ਆ ਜਾਂਦਾ ਸੀ । ਉਹ ਜਦੋਂ ਵੀ ਭਾਰਤ ਉਤੇ ਹਮਲਾਵਰ ਬਣਕੇ ਆਉਂਦਾ ਦਿੱਲੀ, ਮਥੁਰਾ ਤੱਕ ਲੁੱਟ ਮਾਰ ਕਰਦਾ, ਦੌਲਤ ਲੁੱਟਕੇ, ਅਤੇ ਹੁਸਨ ਬੰਧਕ ਬਣਾ ਕੇ ਵਾਪਿਸ ਮੁੜਦਾ, ਤਾਂ ਸਿੰਘ ਉਸਦਾ ਰਾਹ ਰੋਕ ਲੈਂਦੇ ਸਨ।। ਲੁੱਟ ਦਾ ਮਾਲ ਆਪਣੇ ਹਿੱਸੇ ਆਇਆ ਖੋਹ ਲੈਦੇ ।ਅਤੇ ਬੰਧਕ ਬਣਾਈਆਂ ਅਬਲਾਵਾਂ ਉਹਨਾ ਨੂੰ ਵਿਦੇਸ਼ੀ ਹਮਲਾਵਰਾਂ ਤੋਂ ਛੁਡਵਾਕੇ ਘਰੋ ਘਰੀ ਮਾਪਿਆਂ ਕੋਲ ਪੁਚਾਇਆ ਜਾਂਦਾ ਸੀ । ਆਪਿਸ ਵਿੱਚ  ਗੁੱਤਾਂ ਬੰਨਕੇ ਬੈਠਾਈਆਂ ਕੁੜੀਆਂ ਰੋਂਦੀਆਂ ਕੁਰਲਾਉਦੀਆਂ ਸਿੰਘਾਂ ਦੇ ਜੱਥੇ ਦੀ ਉਡੀਕ ਕਰਦੀਆਂ, ਇੱਕ ਦੂਜੀ ਨੂੰ ਦਿਲਾਸਾ ਦੇਦੀਂਆ, ਕਿ ਸਿੰਘ ਸੂਰਮੇ ਆਪਣੇ ਮਿਥੇ ਵੇਲੇ ਬਾਰਾਂ ਵਜੇ ਆ ਪਹੁੰਚਣਗੇ । ਅਤੇ ਅੱਜ ਸਾਨੂੰ ਬਾਰਾਂ ਵਜੇ ਦਾ ਮਜ਼ਾਕ ਕੀਤਾ ਜਾਂਦਾ ਹੈ । ਕਿਉਂਕਿ ਭੇਡਾਂ ਦੇ ਲੇਲਿਆਂ ਤੇ ਜਵਾਂਨੀ ਜੂ ਆ ਗਈ ਹੈ ।
ਪੰਜ ਫਰਵਰੀ 1762 ਨੂੰ ਕੌਂਮ ਉਤੇ ਬਹੁਤ ਵਡਾ ਦੁਖਾਂਤ ਵਾਪਰਿਆ, ਹਦੋਂ ਵਧਕੇ ਸਾਡੀ ਵਡਾ ਟੁੱਟੀ ਹੋਈ, ਪਰ ਕੌਮ ਦੇ ਹੌਸਲੇ ਬੁਲੰਦ ਹੋ ਗਏ ਸਨ । ਇਸ ਦੁਖਾਂਤ ਨੂੰ ਅਸੀਂ ਵੱਡੇ ਘੱਲੂਘਾਰੇ ਦੇ ਨਾਂ ਨਾਲ ਜਾਣਦੇ ਹਾਂ ।

ਬੜੇ ਔਖੇ ਵੇਲੇ ਵੀ ਕੌਮ ਉਤੇ ਆਏ ਪਰ ਕੌਮ ਵਲੋਂ ਸਾਲ ਵਿੱਚ ਦੋ ਵਾਰ ਸਰਬੱਤ ਖਾਲਸਾ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ ਇਕੱਤਰ ਹੁੰਦਾ ਸੀ । ਇਕ ਦਿਵਾਲੀ ਉਤੇ ਅਤੇ ਦੂਜੀ ਵਾਰ ਵਿਸਾਖੀ ਉਤੇ ਸਿੰਘ ਫੌਜਾਂ ਇਕੱਠੀਆਂ ਹੁੰਦੀਆਂ ਗੁਰਮਤੇ ਕਰਦੀਆਂ, ਅਤੇ ਆਉਣ ਵਾਲੇ ਦਿਨਾਂ ਦੀ ਰੂਪ ਰੇਖਾ ਤਿਆਰ ਕਰਦੀਆਂ ।
1763 ਈਸਵੀ ਨੂੰ ਫੌਜਾਂ ਵਿਸਾਖੀ ਦਾ ਜੋੜ ਮੇਲਾ ਮਨਾਂ ਕੇ ਘਟੀਆਂ ਸਨ ਕਿ ਸ਼ਹਿਰ ਕਸੂਰ ਦੇ ਇਕ ਮਜਲੂਮ ਨੇ ਆ ਦਸਿਆ ਕਿ ਉਸਦੀ ਘਰਵਾਲੀ ਸ਼ਹਿਰ ਦੇ ਹਾਕਮ ਨੇ ਧੱਕੇ ਨਾਲ ਖੋਹ ਲਈ ਹੈ । ਦੁੱਖੀ ਦੀ ਫਰਿਆਦ ਮਨ ਕੇ ਸਿੰਘਾਂ ਕਸੂਰ ਉਪਰ ਝੜਾਈ ਕੀਤੀ ਗਰੀਬ ਨੂੰ ਉਸਦੀ ਘਰਵਾਲੀ ਵਾਪਿਸ ਦਵਾਈ ਅਤੇ ਕਸੂਰ ਸ਼ਹਿਰ ਫੌਜਾਂ ਨੇ ਦਿਲ ਖੋਲ੍ਹਕੇ ਲੁੱਟਿਆ । ਸਿੱਖ ਫੌਜਾਂ ਦੀ ਮਾਲੀ ਹਾਲਤ ਮਜਬੂਤ ਹੋ ਗਈ । ਅਗੇ ਦਿਵਾਲੀ ਮਨਾਉਣ ਸਿੰਘ ਅਮ੍ਰਿਤਸਰ ਇਕਠੇ ਹੋਏ ਤਾਂ  ਮੁੜ ਸੁਲਤਾਨ ਉਲ ਕੌਂਮ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਂਡ ਹੇਠ ਸਰਹਿੰਦ ਨੂੰ ਸੋਧਣ ਦਾ ਫੈਸਲਾ ਕੀਤਾ ਗਿਆ । ਸਮੁੱਚੀ ਸਿੱਖ ਫੌਜ ਇਸ ਹਮਲੇ ਵਿੱਚ ਸ਼ਾਮਲ ਹੋਈ।
ਜਦ ਸਿੰਘ ਨੇ ਕਸੂਰ ਫਤਿਹ ਕੀਤਾ ਸੀ, ਤਾਂ ਚੋਖਾ ਮਾਲ,ਹੀਰੇ, ਜਵਾਹਰਾਤ ਸਿੰਘਾਂ ਦੇ ਹੱਥ ਆਏ ਸਨ ।ਇਸੇ ਸ਼ਹਿਰ ਦਾ ਵਸਨੀਕ ,ਦਿਲੇ ਰਾਮ ,ਕਦੇ ਦਿੱਲੀ ਦੇ ਬਾਦਸ਼ਾਹ ਸ਼ਾਹਜਹਾਨ ਦੀ ਬੇਗਮ ਦਾ ਦੀਵਾਨ ਰਿਹਾ ਸੀ ।ਉਸਨੇ ਬੜੇ ਕੀਮਤੀ ਜੇਵਰਾਤ ਚੋਰੀ ਕਰਕੇ ਆਪਣੇ ਘਰ ਲਿਆਂਦੇ ਸਨ ।ਉਹ ਆਪ ਤਾਂ ਮਰ ਗਿਆ ਸੀ, ਪਰ ਉਸਦੇ ਪਰਿਵਾਰ ਨੇ ਇਕ ਗਹਿਣਿਆਂ ਭਰੀ ਸੰਦੂਕੜੀ ਸਿੰਘਾਂ ਨੂੰ ਦਿਤੀ ਸੀ । ਗੱਲ ਕੀ ਸਿੰਘ ਮਾਲੋ,ਮਾਲ ਹੋ ਗਏ ਸਨ ।ਉਹਨਾਂ ਦੀ ਮਾਲੀ ਹਾਲਤ ਇਸ ਵਕਤ ਪੂਰੀ ਮਜਬੂਤ ਹੋ ਗਈ ਸੀ ।
ਸੰਨ 1763 ਈਸਵੀ ਦੀ ਦਿਵਾਲੀ ਮਨਾਉਣ ਲਈ ਸਿੰਘ ਅਮ੍ਰਿਤਸਰ ਆ ਇਕੱਠੇ ਹੋਏ ਸਨ ।17 ਨਵੰਬਰ ਨੂੰ ਇਹ ਦਿਵਾਲੀ ਸੀ  । ਸਿੰਘਾਂ ਨੇ ਅਬਦਾਲੀ ਵਲੋਂ ਨੁਕਸਾਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਅਤੇ ਫਿਰ ਗੁਰਮਤਾ ਕਰਕੇ ਜੱਸਾ ਸਿੰਘ ਆਹਲੂਵਾਲੀਆ ਦੀ ਜਥੇਦਾਰੀ ਹੇਠ ਸਰਹਿੰਦ ਨੂੰ ਸੋਧਣ ਵਲ ਹੋ ਤੁਰੇ । ਰਸਤੇ ਵਿੱਚ ਕਈ ਹਾਕਮਾਂ ਨੂੰ ਸੋਧਣ ਤੋਂ ਬਾਅਦ ਸਿੰਘ ਮੁਰਿੰਡੇ ਨੂੰ ਵੀ ਸੋਧਿਆ ਅਤੇ ਫਿਰ ਸਰਹਿੰਦ ਉਤੇ ਪਏ । 14  ਜਨਵਰੀ  1764 ਈਸਵੀ ਨੂੰ ਸਰਹਿੰਦ ਦਾ ਨਵਾਬ ਜੈਨ ਖਾਂ ਸਿੰਘਾਂ ਹੱਥੋਂ ਮਾਰਿਆ ਗਿਆ ਸੀ । 160  ਮੀਲ ਚੌੜੀ ਅਤੇ 220 ਮੀਲ ਲੰਮੀ ਸਰਹਿੰਦ ਦੇ ਇਲਾਕੇ ਸਿੰਘ ਸਰਦਾਰਾਂ ਨੇ ਜਦੋਂ ਆਪਸ ਵਿੱਚ ਵੰਡੇ ਤਾਂ, ਸੁਲਤਾਨ ਉਲ ਕੌਂਮ, ਜੱਸਾ ਸਿੰਘ ਆਹਲੂਵਾਲੀਆ ਦੇ ਫੈਂਸਲੇ ਮੁਤਾਬਿਕ ਅੱਠ ਮਿਸਲਾਂ ਸਰਹਿੰਦ ਦੇ ਇਲਾਕੇ ਵਿੱਚ ਰਹੀਆਂ ਸਨ, ਅਤੇ ਬਾਕੀ ਚਾਰ ਮਿਸਲਾਂ ਨੇ ਮਾਝੇ ਵਿੱਚ ਉਹ ਇਲਾਕੇ ਮੱਲੇ ਜਿਹੜੇ ਪਹਿਲਾਂ ਵੱਖ ਵੱਖ ਸਰਦਾਰਾਂ ਦੇ ਕਬਜ਼ੇ ਵਿੱਚ ਸਨ । ਸੋ ਜੱਸਾ ਸਿੰਘ ਆਹਲੂਵਾਲੀਆ ਦੇ ਇਸ ਫੈਸਲੇ ਮੁਤਾਬਿਕ ਸਰਦਾਰ ਕਰਮ ਸਿੰਘ ਪਹੂਵਿੰਡੀਆਂ ਵੀ ਮਾਝੇ ਵਿੱਚ ਆ ਗਿਆ, ਅਤੇ ਅੱਠ ਹਜਾਰ ਸਲਾਨਾ ਆਮਦਨ ਦਾ ਇਲਾਕਾ ਰਿਆੜਕੀ ਆਦਿ ਮੱਲਿਆ ਸੀ। ਇਹ ਇਲਾਕੇ ਮੱਲਕੇ ਕਰਮ ਸਿੰਘ ਨੇ  ਇਸ ਇਲਾਕੇ ਵਿੱਚ ਆਪਦੀ ਰਿਹਾਇਸ਼ ਪੱਕੀ ਕੀਤੀ ।ਉਹ ਆਪਦੀ ਉਮਰ ਭੋਗ ਕੇ ਸੁਰਗਵਾਸ ਹੋ ਗਿਆ, ਤਾਂ ਉਸਦਾ ਪੁੱਤਰ ਗੁਲਾਬ ਸਿੰਘ ਇਸ ਇਲਾਕੇ ਵਿੱਚ ਹਾਕਮ ਬਣਿਆ ।ਏਨੇ ਚਿਰ ਨੂੰ ਲਾਹੌਰ ਉਪਰ , ਸਿੱਖ ਰਾਜ ਸਥਾਪਿਤ ਹੋ ਚੁੱਕਾ ਸੀ ।ਅਤੇ ਰਣਜੀਤ ਸਿੰਘ  ਮਹਾਰਾਜਾ ਬਣਿਆ  ਸੀ ।
ਜਦੋਂ ਉਸਨੇ ਛੋਟੇ ਛੋਟੇ ਸਰਦਾਰਾਂ ਦੇ ਇਲਾਕੇ ਸਿੱਖ ਰਾਜ ਵਿੱਚ ਮਿਲਾਉਣੇ ਸ਼ੁਰੂ ਕੀਤੇ, ਸਰਦਾਰ ਗੁਲਾਬ ਸਿੰਘ ਦੇ ਇਲਾਕੇ ਵੀ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਚਲੇ ਗਏ ਅਤੇ ਉਸਨੇ ਸਰਦਾਰ ਗੁਲਾਬ ਸਿੰਘ ਨੂੰ ਆਪਣੀ ਫੌਜ ਵਿੱਚ ਉੱਚੇ  ਆਹੁਦੇ ਤੇ ਭਰਤੀ ਕਰ ਲਿਆ ।
ਸਰਦਾਰ ਹਰੀ ਸਿੰਘ ਨਲੂਆ ਪਿਛਾਵਰ ਪਹਿਲਾ ਗਵਰਨਰ ਜਨਰਲ ਸੀ ਅਤੇ ਉਸਦੀ ਸ਼ਹੀਦੀ ਤੋਂ ਬਾਅਦ ਕੰਵਰ ਨੌਨਿਹਾਲ ਸਿੰਘ ਗਵਰਨਰ  ਬਣਿਆ ਸੀ ਅਤੇ ਗੁਲਾਬ ਸਿੰਘ ਪਹੂਵਿੰਡੀਆ ਉਸਦਾ ਮਾਤਿਹਤ ਸੀ। ਇਤਿਹਾਸਕ ਗੁਵਾਹੀ ਮੁਤਾਬਕ ,ਜਦੋਂ ਡੋਗਰੇ ਕੰਵਰ ਨੌਨਿਹਾਲ ਸਿੰਘ ਨੂੰ ਮਹਾਰਾਜਾ ਬਣਾਉਣ ਲਈ ਲਾਹੌਰ ਲੈ ਆਏ ਤਾਂ, ਸਰਦਾਰ ਗੁਲਾਬ ਸਿੰਘ ਕੁਝ ਚਿਰ ਆਨਰੇਰੀ ਰਹਿਣ ਤੋਂ ਬਾਅਦ ਫਿਰ ਪੱਕੇ ਤੌਰ ਤੇ ਪਿਛਾਵਰ ਦੇ ਇੰਚਾਰਜ ਰਹੇ ਸਨ ।ਅਤੇ ਉਸਦਾ  ਪੁੱਤਰ ਸਰਦਾਰ ਆਲਾ ਸਿੰਘ ਵੀ ਸਿੱਖ ਫੌਜਾਂ ਵਿੱਚ ਕਰਨੈਲ ਆਹੁਦੇ ਤੇ ਭਰਤੀ ਸਨ । ਸਰਦਾਰ ਗੁਲਾਬ ਸਿੰਘ ਦੀ ਤਿੰਨ ਮੰਜਲਾਂ ਉੱਚੀ ਹਵੇਲੀ ਅਜਕਲ ਵੀ ਪਿੰਡ ਪਹੂਵਿੰਡ ਸਾਹਿਬ ਵਿਖੇ ਮੌਜੂਦ ਹੈ ।ਸਰਦਾਰ ਕਰਨਲ ਸੰਧੂ, ਅਜਕਲ ਇਸੇ ਪਰਿਵਾਰ ਵਿੱਚੋਂ  ਸਿਰਕਰਦਾ ਹਨ ਅਤੇ ਬਾਕੀ ਪਰਿਵਾਰ ਬਹੁਤ ਵੱਡਾ ਹੈ ,ਅਤੇ ਦੂਰ ਦੁਰਾਡੇ ਸ਼ਹਿਰਾਂਵਿੱਚ ਰਹੇ ਰਿਹਾ ਹੈ ।
ਬਾਬਾ ਦੀਪ ਸਿੰਘ ਜੀ ਸ਼ਹੀਦ ,ਉਹਨਾਂ ਦੇ  ਜਨਮ ਅਸਥਾਨ ਉਪਰ ਪਿੰਡ ਪਹੂਵਿੰਡ ਸਾਹਿਬ ਵਿਖੇ ਬਹੁਤ ਸ਼ਾਨਦਾਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਥੇ ਹਰ ਰੋਜ਼ ਸੰਗਤਾਂ ਹਾਜਰੀ ਭਰਦੀਆਂ ਹਨ । 26 ਜਨਵਰੀ ਨੂੰ ਹਰ ਸਾਲ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਚਾਰ ਰੋਜਾ ਜੋੜ ਮੇਲਾ ਮਨਾਇਆ ਜਾਂਦਾ ਹੈ ਅਤੇ 13 ਨਵੰਬਰ ਨੂੰ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ । ਜਿਥੇ ਲੱਖਾਂ ਸਰਧਾਲੂਆਂ ਦੀ ਆਵਾਜਾਈ ਬਣੀ ਰਹਿੰਦੀ ਹੈ । ਹਰ ਐਤਵਾਰ ਵੀ ਬਹੁਤ ਸੰਗਤ ਹਾਜਰੀ ਭਰਦੀ ਹੈ ।
ਪਿੰਡ ਪਹੂਵਿੰਡ ਸਾਹਿਬ ,ਜਿਲ੍ਹਾ ਤਰਨਤਾਰਨ ਵਿੱਚ ਹੈ । ਹਰੀਕੇ ਹੈੱਡ ਵਰਕਸ ਤੋਂ 32  ਕਿਲੋਮੀਟਰ ਲਹਿੰਦੇ ਪਾਸੇ, ਅਤੇ ਅਮ੍ਰਿਤਸਰ ਤੋਂ 40  ਕਿਲੋਮੀਟਰ ਦੱਖਣ ਵਾਲੇ ਪਾਸੇ ਹੈ ।
– ਸਰਵਨ ਸਿੰਘ, ਪਹੂਵਿੰਡੀਆਂ

Related posts

ਵਿਗਿਆਨ ਅਤੇ ਤਕਨਾਲੋਜੀ ਸੰਸਥਾਵਾਂ ‘ਤੇ ਉੱਠ ਰਹੇ ਸਵਾਲ !

admin

ਸਿਆਸਤਦਾਨ ਅਕਸਰ ਆਪਣੇ ਏਜੰਡੇ ਦੇ ਅਨੁਸਾਰ ਆਪਣੀ ਵਫ਼ਾਦਾਰੀ ਕਿਉਂ ਬਦਲਦੇ ਹਨ?

admin

ਪ੍ਰਕਾਸ਼ ਸਿੰਘ ਬਾਦਲ ਕੋਲੋਂ ਵਾਪਸ ਲਿਆ ਜਾ ਰਿਹਾ ਫਖ਼ਰ-ਏ-ਕੌਮ ਖ਼ਿਤਾਬ ਕੀ ਹੈ ?

editor