
ਚੀਨ ਤੋਂ ਸ਼ੁਰੂ ਹੋਇਆ ਕੋਵਿਡ-19 ਅੱਜ ਪੂਰੀ ਦੁਨੀਆਂ ਵਿੱਚ ਪੈਰ ਪਸਾਰ ਚੁੱਕਾ ਹੈ । ਇਸ ਤੋਂ ਸੁਰੱਖਿਆ ਲਈ ਸਾਡੇ ਦੇਸ਼ ਵਿੱਚ ਬਿਨ੍ਹਾਂ ਪੂਰਵ ਜਾਣਕਾਰੀ ਦੇ ਲਾਕਡਾਉਨ ਦਾ ਐਲਾਨ ਕਰ ਦਿੱਤਾ ਗਿਆ ਸੀ । ਕਿਉਂਕਿ ਇਸ ਘਾਤਕ ਬਿਮਾਰੀ ਦੀ ਲੜ੍ਹੀ ਨੂੰ ਤੋੜਨ ਦਾ ਕੇਵਲ ਇਹੋ ਸਹੀ ਤਰੀਕਾ ਸੀ। ਲਾਕਡਾਉਨ ਹੋਇਆਂ ਹੁਣ ਤੱਕ ਇੱਕ ਮਹੀਨੇ ਤੋਂ ਵੀ ਉੱਪਰ ਸਮਾਂ ਲੰਘ ਗਿਆ ਹੈ। ਜਿਸ ਨਾਲ ਲੱਗਭਗ ਹਰੇਕ ਵਰਗ ਦੇ ਲੋਕ ਪ੍ਰਭਾਵਿਤ ਹੋਏ ਹਨ । ਜਿੰਦਗੀ ਦੀ ਰਫਤਾਰ ਜਿਵੇਂ ਰੁਕ ਹੀ ਗਈ ਹੈ। ਜੇਕਰ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਨਾਂ ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਨੂੰ ਵਿਚਕਾਰ ਹੀ ਰੋਕਣਾ ਪਿਆ ਸੀ। ਯੁਨੀਵਰਸਿਟੀਆਂ ਦੀਆਂ ਤਾਂ ਅਜੇ ਕਲਾਸਾਂ ਵੀ ਰਹਿੰਦੀਆਂ ਸਨ ਅਤੇ ਪ੍ਰੀਖੀਆਵਾਂ ਵੀ ਬਾਕੀ ਹਨ। ਇਸ ਨਾਲ ਵਿਦਿਆਰਥੀਆਂ ਤੇ ਮਾਨਸਿਕ ਬੋਝ ਪਿਆ ਹੋਇਆ ਹੈ ਕਿਉਂਕਿ ਉਹ ਆਪਣੀਆਂ ਪ੍ਰੀਖਿਆਵਾਂ ਲਈ ਫਿਕਰਮੰਦ ਹਨ । ਕਈ ਵਿਦਿਆਰਥੀਆਂ ਦੇ ਨਤੀਜੇ ਤਾਂ ਆਨਲਾਈਨ ਘੋਸ਼ਿਤ ਕਰ ਦਿੱਤੇ ਗਏ ਹਨ ਪਰ ਅਗਲੀ ਜਮਾਤ ਵਿੱਚ ਦਾਖਲੇ ਲਈ ਵਿਦਿਆਰਥੀ ਅਤੇ ਮਾਪੇ ਮੁੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ । ਉਨ੍ਹਾਂ ਨੂੰ ਆਪਣੇ ਭਵਿੱਖ ਦੀ ਚਿੰਤਾ ਸਤਾਉਣ ਲੱਗ ਪਈ ਹੈ।
