ਕਹਾਣੀਕਾਰ ਕਲਵੰਤ ਸਿੰਘ ਵਿਰਕ ਦਾ ਜਨਮ ਪਿਤਾ ਆਸਾ ਸਿੰਘ ਵਿਰਕ ਅਤੇ ਮਾਤਾ ਈਸਰ ਕੌਰ ਚੱਠਾ ਦੇ ਘਰ 20 ਮਈ 1921 ਨੂੰ ਪਿੰਡ ਫੁੱਲਰਵਨ ਜ਼ਿਲਾ ਸੇਖ਼ੂਪੁਰਾ ਅਣਵੰਡੇ ਪੰਜਾਬ ਹੁਣ ਪਾਕਿਸਤਾਨ ਵਿਚ ਹੋਇਆ । ਇਸ ਇਲਾਕੇ ਨੂੰ ਸਾਂਦਲ ਬਾਰ ਦੇ ਇਲਾਕੇ ਨਾਲ ਯਾਦ ਕੀਤਾ ਜਾਂਦਾ ਹੈ।
ਕੁਲਵੰਤ ਸਿੰਘ ਵਿਰਕ ਨੇ ਪਿੰਡ ਦੇ ਸਕੂਲ ਤੋਂ ਚਾਰ ਜਮਾਤਾਂ ਪਾਸ ਕਰਕੇ ਖਾਲਸਾ ਹਾਈ ਸਕੂਲ ਨਨਕਾਣਾ ਸਾਹਿਬ ਦਾਖਲ ਹੋ ਗਏ।1936 ਵਿੱਚ ਉਹਨਾਂ ਨੇ ਦਸਵੀਂ ਜਮਾਤ ਸ਼ੇਖ਼ੂਪੁਰੇ ਤੋਂ ਪਾਸ ਕੀਤੀ। ਫਿਰ ਬੀ. ਏ ਅਤੇ ਐਮ.ਏ ਅੰਗਰੇਜ਼ੀ ਕਰਨ ਉਪਰੰਤ ਲਾਅ ਕਾਲਜ ਲਾਹੌਰ ਤੋਂ ਐਲ ਐਲ ਬੀ ਕੀਤੀ।
1942 ਈਃ ਨੂੰ ਫੌਜ਼ ਵਿੱਚ ਲੈਫਟੀਨੈਂਟ ਅਫ਼ਸਰ ਲੱਗ ਗਏ ਪਰ ਇਹ ਦੂਜੇ ਮਹਾਂਯੁਧ ਦਾ ਸਮਾਂ ਸੀ। ਯੁੱਧ ਖਤਮ ਹੁੰਦਿਆ ਹੀ ਭਾਰਤੀ ਫੌਜ਼ੀ ਹਟਾ ਦਿੱਤੇ ਗਏ।
1947 ਈਃ ਵਿਚ ਦੇਸ਼ ਆਜ਼ਾਦ ਹੋ ਗਿਆ। ਜਿਹੜੇ ਪਰੀਵਾਰ ਪਾਕਿਸਤਾਨ ਵਿਚ ਰਹਿ ਗਏ ਸਨ ਉਹਨਾਂ ਨੂੰ ਇਧਰ ਲਿਆਉਣ ਖ਼ਾਤਰ ਕੁਲਵੰਤ ਸਿੰਘ ਵਿਰਕ ਨੂੰ 1947 ਵਿਚ ਮੁੜ ਵਸਾਊ ਵਿਭਾਗ ਵਿਚ ਲੈਯਾਨ ਅਫ਼ਸਰ ਦੀ ਨੌਕਰੀ ਮਿਲ ਗਈ। 1949 ਵਿਚ ਕੁਲਵੰਤ ਸਿੰਘ ਵਿਰਕ ਦਾ ਵਿਆਹ ਹਰਬੰਸ ਕੌਰ ਨਾਲ ਹੋਇਆ ਜੋ ਡਾਃ ਕਰਮ ਸਿੰਘ ਗਰੇਵਾਲ (ਹੱਡੀਆ ਦੇ ਮਾਹਿਰ ਅੰਮਿ੍ਤਸਰ) ਦੀ ਲੜਕੀ ਸੀ। ਇਹਨਾਂ ਦੇ ਘਰ ਦੋ ਬੇਟੇ ਅਤੇ ਤਿੰਨ ਬੇਟੀਆ ਨੇ ਜਨਮ ਲਿਆ ।
1949 ਤੋਂ 1951 ਤੱਕ ਲੋਕ ਸੰਪਰਕ ਵਿਭਾਗ ਵਿਚ ਅਧਿਕਾਰੀ ਰਹੇ। ਇਕ ਸਾਲ ਜਾਗਿ੍ਤੀ ਅਤੇ ਐਂਡਵਾਂਸ (ਅੰਗਰੇਜ਼ੀ) ਦੇ ਸੰਪਾਦਕ ਰਹੇ।
ਸਹਾਇਕ ਸੂਚਨਾਂ ਅਧਿਕਾਰੀ ਜਲੰਧਰ 1956 ਤੋਂ1964 ਤੱਕ ਅਤੇ ਸੂਚਨਾਂ ਅਧਿਕਾਰੀ ਭਾਰਤ ਸਰਕਾਰ ਦਿੱਲੀ ਅਤੇ ਚੰਡੀਗ੍ਹੜ 1964 ਤੋਂ1970 ਤੱਕ ਰਹੇ। ਜਾਇਟ ਡਾਇਰੈਟਰ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ 1970 ਤੋਂ 1983 ਤੱਕ ਰਹੇ ਇਸ ਦੌਰਾਨ ਹੀ ਡੈਪੂਟੇਸ਼ਨ ਤੇ ਪੰਜਾਬ ਦੇ ਮੁੱਖ ਮੰਤਰੀ ਪ੍ਕਾਸ਼ ਸਿੰਘ ਬਾਦਲ ਦੇ ਪੈ੍ਸ ਸਕੱਤਰ ਰਹੇ।
ਕੁਲਵੰਤ ਸਿੰਘ ਵਿਰਕ ਨੇ ਇਕ ਹੀ ਵਿਧਾ ਕਹਾਣੀਆ ਉਪਰ ਲਿਖਿਆ ਅਤੇ ਸਾਹਿਤਕਾਰਾਂ ਵਿੱਚ ਵਧੀਆ ਨਾਮ ਸਥਾਪਤ ਕੀਤਾ। ਉਹਨਾਂ ਬਹੁਤ ਸਾਰੇ ਕਹਾਣੀ ਸੰਗ੍ਰਹਿ ਲਿਖੇ ਸ਼ਾਹ ਵੇਲਾ (1950),
ਧਰਤੀ ਤੇ ਅਕਾਸ਼ (1951), ਤੁੜੀ ਦੀ ਪੰਡ (1954) , ਏਕਸ ਕੇ ਹਮ ਬਾਰਿਕ (1955), ਦੁੱਧ ਦਾ ਛੱਪੜ (1958), ਗੋਲ੍ਹਾਂ (1961), ਵਿਰਕ ਦੀਆ ਕਹਾਣੀਆ (1966), ਨਵੇ ਲੋਕ (1967), ਦੁਆਦਸ਼ੀ ਅਤੇ ਅਸਤਬਾਜੀ (1984)
ਮੇਰੀਆ ਸਾਰੀਆ ਕਹਾਣੀਆ (1986) ਵਿਚ ਛਪੀਆ ਸਨ। ਉਸ ਦੀਆ ਕਹਾਣੀਆ ਦੇ ਅੰਗਰੇਜ਼ੀ, ਹਿੰਦੀ, ਉਰਦੂ, ਰੂਸੀ ਅਤੇ ਜਪਾਨੀ ਭਾਸ਼ਾ ਵਿਚ ਵੀ ਅਨੁਵਾਦ ਛੱਪ ਚੁੱਕੇ ਹਨ। ਧਰਤੀ ਹੇਠਲਾ ਬਲਦ ਦੇ ਨਾਮ ਹੇਠ ਇਕ ਪੁਸਤਕ ਰੂਸ ਚ ਪ੍ਕਾਸ਼ਤ ਹੋਈ ਹੈ। ਵਿਰਕ ਦੀਆ ਕਈ ਕਹਾਣੀਆ ਜਿਵੇ ਦੁੱਧ ਦਾ ਛੱਪੜ, ਧਰਤੀ ਹੇਠਲਾ ਬਲਦ, ਖੱਬਲ ਆਦਿ ਨਾਟਕ ਰੂਪ ਵਿਚ ਟੈਲੀਵੀਜਨ ਤੇ ਪੇਸ਼ ਕੀਤੀਆ ਗਈਆ।
ਕੁਲਵੰਤ ਸਿੰਘ ਵਿਰਕ ਛੋਟੇ ਲੇਖਕਾਂ ਨੂੰ ਬਹੁਤ ਪਿਆਰ ਕਰਦਾ ਸੀ ਉਹਨਾਂ ਨੂੰ ਲਿਖਣ ਬਾਰੇ ਵੀ ਉਤਸ਼ਾਹਿਤ ਕਰਦਾ ਰਹਿੰਦਾ ਸੀ। ਦੇਸ਼ ਦੀ ਆਜ਼ਾਦੀ ਵੇਲੇ ਵਿਰਕ ਛੱਬੀ ਕੁ ਸਾਲ ਦਾ ਸੀ ਆਜ਼ਾਦੀ ਦੀ ਹੋ ਰਹੀ ਹੱਲਜੁਲ ਵਿਚ ਫੌਜ਼ੀ ਨੌਕਰੀ ਕਰਨ ਦੇ ਨਾਲ ਨਾਲ ਆ ਜ਼ਾਦੀ ਵੇਲੇ ਦਾ ਸੰਤਾਪ ਪਿੰਡੇ ਤੇ ਉਸ ਟਾਇਮ ਭੋਗਣਾ ਪਿਆ ਜਦ ਫੁੱਲਰਵਨ ਪਿੰਡ ਛੱਡ ਕੇ ਕਰਨਾਲ ਆ ਵਸੇ। ਉਸ ਨੇ ਦੇਸ਼ ਦੀ ਆਜ਼ਾਦੀ ਵਿਚ ਲੋਕਾਂ ਦੇ ਭੋਗੇ ਸੰਤਾਪ ਨੂੰ ਵੀ ਕਹਾਣੀਆ ਵਿਚ ਬਿਆਨ ਕੀਤਾ। ਓੁਪਰੀ ਧਰਤੀ, ਮੈਨੂੰ ਜਾਣਨੈ, ਖੱਬਲ ਅਤੇ ਮੁਰਦੇ ਦੀ ਤਾਕਤ ਆਦਿ। ਖੱਬਲ ਕਹਾਣੀ ਵਿਚਲੀ ਔਰਤ ਦੀ ਬਿਆਨ ਕੀਤੀ ਤਸਵੀਰ ਅਤੇ ਔਰਤ ਵਲੋਂ ਆਪਣੀ ਨਨਾਣ ਨੂੰ ਲੱਭ ਕੇ ਲਿਆਉਣ ਦੀ ਪੁਕਾਰ ਇਸ ਤਰਾਂ ਲੱਗ ਰਹੀ ਹੈ ਜਿਸ ਤਰਾਂ ਡਿਊਟੀ ਦੌਰਾਨ ਵਿਰਕ ਨਾਲ ਹੀ ਵਾਢਢਪਰੀ ਹੋਵੇ। ਵਿਰਕ ਨੇ ਚਾਹੇ ਬਹੁਤ ਉੱਚੇ ਆਹੁਦਿਆ ਤੇ ਕੰਮ ਕੀਤਾ ਅਤੇ ਬਹੁਤ ਸਮਾਂ ਸ਼ਹਿਰੀ ਜੀਵਨ ਗੁਜਾਰਨਾਂ ਪਿਆ ਪਰ ਉਸ ਦਾ ਮਨ ਪਿੰਡਾ ਵਿੱਚ ਹੀ ਰਹਿੰਦਾ ਸੀ। ਉਸ ਦੀਆ ਕਹਾਣੀਆ ਵਿਚ ਪਿੰਡਾਂ ਦੇ ਪਾਤਰ ਅਤੇ ਪਿੰਡਾ ਦਾ ਦਿ੍ਸ਼ ਚਿਤਰਣ ਹੈ।
ਵਿਰਕ ਨੂੰ ਭਾਸ਼ਾ ਵਿਭਾਗ ਪੰਜਾਬ ਨੇ 1959 ਵਿਚ ਸਨਮਾਨਿਤ ਕੀਤਾ। ਸਾਹਿਤ ਅਕਾਦਮੀ ਵਲੋਂ 1969 ਵਿਚ, ਭਾਸ਼ਾ ਵਿਭਾਗ ਪੰਜਾਬ ਵਲੋਂ ਸ਼ੋ੍ਮਣੀ ਸਹਿਤ ਐਵਾਰਡ 1985 ਵਿਚ ਮਿਲਿਆ ।
ਲੇਖਕ ਕਰਤਾਰ ਸਿੰਘ ਦੁੱਗਲ , ਸੰਤ ਸਿੰਘ ਸੇਂਖੋ, ਅਜੀਤ ਕੌਰ ਉਹਨਾਂ ਦੇ ਸਤਕਾਰਿਤ ਹੋਣ ਕਰਕੇ ਬਹੁਤ ਨੇੜੇ ਸਨ। ਸੰਤ ਸਿੰਘ ਸੇਖੋਂ, ਵਿਰਕ ਤੋਂ ਵੱਡੇ ਸਨ ਅਤੇ ਪਹਿਲਾਂ ਦੇ ਲਿਖਦੇ ਸਨ ਪਰ ਸੇਖੋਂ ਆਪ ਇਸ ਗੱਲ ਨੂੰ ਮੰਨਦੇ ਸਨ ਕਿ ਪਤਾ ਹੀ ਨਹੀ ਲੱਗਿਆ ਕਿਸ ਟਾਇਮ ਇਕੱਲੀਆ ਕਹਾਣੀਆ ਲਿਖਦਾ ਲਿਖਦਾ ਵਿਰਕ ਮੇਰੇ ਨਾਲੋਂ ਅੱਗੇ ਲੰਘ ਗਿਆ । ਅਜੀਤ ਕੌਰ ਤਾਂ ਉਸ ਨੂੰ ਪੰਜਾਬੀ ਕਹਾਣੀ ਦਾ ਵਾਰਿਸ਼ ਕਹਿੰਦੀ ਹੈ। ਲੇਖਕ ਪੋ੍ਫ਼ੈਸਰ ਮੋਹਣ ਸਿੰਘ, ਜੀਵਨ ਸਿੰਘ, ਗੁਲਜਾਰ ਸਿੰਘ ਸੰਧੂ ਵੀ ਉਸ ਦੇ ਬਹੁਤ ਨੇੜੇ ਸਨ ਇਹਨਾਂ ਨਾਲ ਉਹ ਦਿਲ ਦੀ ਗੱਲ ਵੀ ਕਰ ਲੈਂਦੇ ਸਨ।
ਹਸਦੇ ਵਸਦੇ ਪਰੀਵਾਰ ਵਿਚ ਅਤੇ ਮਹਿਫ਼ਲਾਂ ਵਿਚ ਸਮਾਂ ਗੁਜਾਰਦੇ ਕੁਲਵੰਤ ਸਿੰਘ ਵਿਰਕ ਤੇ 20 ਮਾਰਚ 1986 ਨੂੰ ਅਜਿਹਾ ਮਾੜਾ ਸਮਾਂ ਆਇਆ ਉਹ ਅਧਰੰਗ ਦੇ ਮਰੀਜ ਬਣ ਗਏ। ਅਧਰੰਗ ਦੇ ਦੌਰੇ ਨਾਲ ਉਹਨਾਂ ਦਾ ਸੱਜਾ ਪਾਸਾ ਖੜ੍ਹ ਗਿਆ ਸੀ। ਜਬਾਨ ਬੰਦ ਹੋ ਗਈ ਸੀ
ਨਾਂ ਤਾਂ ਉਹ ਚੱਲ ਫਿਰ ਸਕਦੇ ਸਨ ਨਾਂ ਉਹ ਬੋਲ ਸਕਦੇ ਸਨ ਘਰ ਵਿਚ ਪਏ ਰਹਿਣਾ।
ਪਰੀਵਾਰ ਵਾਲੇ ਉਹਨਾਂ ਨੂੰ ਕਨੇਡਾ ਉਸ ਦੇ ਛੋਟੇ ਬੇਟੇ ਕੋਲ ਲੈ ਗਏ ਤਾਂ ਕੇ ਉਥੋਂ ਇਲਾਜ ਕਰਵਾਇਆ ਜਾ ਸਕੇ। ਪਰ ਸਫਲਤਾ ਨਾ ਮਿਲ ਸਕੀ। ਇਹ ਟਰਾਂਟੋ ਡਫਰਿਨ ਦੇ ਇਲਾਕੇ ਵਿਚ ਵਿਲਸਨ ਐਵਨਿਊ ਵਿਚ ਆਪਣੇ ਛੋਟੇ ਪੁੱਤਰ ਰਾਜੂ ਦੇ ਘਰ ਪਏ ਰਹਿੰਦੇ। ਉਹਨਾਂ ਨੂੰ ਸੁਣਦਾ ਜਰੂਰ ਸੀ ਨਜ਼ਰ ਵੀ ਪੂਰੀ ਸੀ ਪਰ ਕਿਸੇ ਗੱਲ ਦਾ ਜਵਾਬ ਨਹੀ ਦੇ ਸਕਦੇ ਸਨ। ਉਹਨਾਂ ਦੀ ਸੱਜੀ ਲੱਤ ਤੇ ਬਾਂਹ ਬੂਰੀ ਤਰਾਂ ਸੁੱਕ ਚੁੱਕੇ ਸਨ।
ਉਘੇ ਲੇਖਕ ਬਲਬੀਰ ਮੋਮੀ ਹੋਰਾਂ ਵਲੋਂ ਕੁਲਵੰਤ ਸਿਘ ਵਿਰਕ ਦਾ ਸਨਮਾਨ ‘ਪਰਦੇਸੀ ਪੰਜਾਬੀ ਸਾਹਿਤ ਸਭਾ’ ਵਲੋਂ ਕਨੇਡਾ ਵਿਖੇ 21ਨਵੰਬਰ 1987 ਨੂੰ ਕੀਤਾ ਗਿਆ ਪਰ ਇਸ ਤੋਂ ਮਹੀਨੇ ਕੁ ਬਾਅਦ ਹੀ ਤਰਸ ਭਰੀ ਜਿੰਦਗੀ ਗੁਜਾਰਦੇ 24 ਦਸੰਬਰ 1987 ਵਾਲੇ ਦਿਨ ਟਰਾਂਟੋ ਵਿਖੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।