ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਅੱਜ ਆਏ ਨਤੀਜਿਆਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਉਮੀਦ ਦੇ ਨਾਲੋਂ ਵੀ ਕਿਤੇ ਵੱਧ ਜਿੱਤ ਪ੍ਰਾਪਤ ਹੋਈ ਹੈ ਅਤੇ ਉਹ ਪੰਜਾਬ ਦੇ ਵਿੱਚ ਅਗਲੀ ਸਰਕਾਰ ਬਨਾਉਣ ਜਾ ਰਹੀ ਹੈ। ਭਗਵੰਤ ਮਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਹੋਣਗੇ। ਆਪ’ ਨਾ ਸਿਰਫ਼ ਦਿੱਲੀ ਦੇ ਬਾਹਰਵਾਰ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ, ਸਗੋਂ ਬਹੁਮਤ ਲਈ ਲੋੜੀਂਦੇ 59 ਦੇ ਅੰਕੜੇ ਤੋਂ ਵੀ ਕਿਤੇ ਅੱਗੇ 92 ਸੀਟਾਂ ਜਿੱਤ ਗਈ ਹੈ। ‘ਆਪ’ ਦੇ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਵੀ 45 ਹਜ਼ਾਰ ਵੋਟਾਂ ਨਾਲ ਰਿਕਾਰਡਤੋੜ ਜਿੱਤ ਹਾਸਲ ਕੀਤੀ ਹੈ। ਆਪਣੀ ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਸੰਬੋਧਨ ਕੀਤਾ। ਉਹ ਕੱਲ੍ਹ ਸਵੇਰੇ ਅਹੁਦੇ ਦੀ ਸਹੁੰ ਚੁੱਕਣਗੇ। ਸਹੁੰ ਚੁੱਕ ਸਮਾਗਮ ਰਾਜ ਭਵਨ ਦੀ ਬਜਾਏ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਵੀ ਹੋਵੇਗਾ ਜਦਕਿ ਇਸ ਤੋਂ ਪਹਿਲਾਂ ਰਾਜ ਭਵਨ ‘ਚ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਹੁੰਦਾ ਰਿਹਾ ਹੈ। ਸਹੁੰ ਚੁੱਕਣ ਤੋਂ ਪਹਿਲਾਂ ਮਾਨ ਸ਼ਹੀਦੀ ਸਮਾਰਕ ‘ਤੇ ਜਾ ਕੇ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਜਾਣਗੇ।
ਹੁਣ ਤੱਕ ਦੇ ਆਏ ਚੋਣ ਨਤੀਜਿਆਂ ਦੀ ਸਥਿਤੀ ਇਸ ਤਰ੍ਹਾਂ ਹੈ:
ਪੰਜਾਬ ਵਿਧਾਨ ਸਭਾ ਦੀਆਂ ਕੁੱਲ ਸੀਟਾਂ – 117
ਆਮ ਆਦਮੀ ਪਾਰਟੀ – 92
ਕਾਂਗਰਸ – 18
ਭਾਜਪਾ, ਪੰਜਾਬ ਲੋਕ ਕਾਂਗਰਸ ਅਤੇ ਸੰਯੁਕਤ ਅਕਾਲੀ ਦਲ ਗਠਜੋੜ – 2
ਸ਼੍ਰੋਮਣੀ ਅਕਾਲੀਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ – 4
ਸੰਯੁਕਤ ਸਮਾਜ ਮੋਰਚਾ – 0
ਲੋਕ ਇਨਸਾਫ਼ ਪਾਰਟੀ – 0
ਆਜ਼ਾਦ ਅਤੇ ਹੋਰ – 1
ਇਹਨਾਂ ਚੋਣਾਂ ਦੇ ਵਿੱਚ ਝੁੱਲੀ ‘ਆਪ’ ਦੀ ਹਨੇਰੀ ਦੇ ਵਿੱਚ ਕਾਂਗਰਸ ਦੇ ਸੀਐਮ ਚਰਨਜੀਤ ਚੰਨੀ ਦੋਵੇਂ ਸੀਟਾਂ ਤੋਂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੋਣਾਂ ਹਾਰ ਗਏ ਹਨ ਜਦਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 13 ਹਜ਼ਾਰ ਵੋਟਾਂ ਨਾਲ ਅਤੇ ਸੁਖਬੀਰ ਸਿੰਘ ਬਾਦਲ ਵੀ 12 ਹਜ਼ਾਰ ਵੋਟਾਂ ਨਾਲ ਚੋਣ ਹਾਰ ਗਏ ਹਨ। ਸਿੱਖਿਆ ਮੰਤਰੀ ਪਰਗਟ ਸਿੰਘ ਜਲੰਧਰ ਛਾਉਣੀ ਤੋਂ ਚੋਣ ਜਿੱਤੇ ਹਨ ਜਿਹਨਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਰਿੰਦਰ ਸਿੰਘ ਸੋਢੀ ਨੂੰ ਹਰਾਇਆ ਹੈ। ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਹਾਰ ਗਏ, ‘ਆਪ’ ਦੇ ਲਖਬੀਰ ਸਿੰਘ ਰਾਏ ਜੇਤੂ ਰਹੇ। ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਚੋਣ ਜਿੱਤ ਗਏ ਹਨ। ਕੋਟਕਪੂਰਾ ਤੋਂ ਆਮ ਆਦਮੀ ਪਾਰਟੀ ਦੇ ਕੁਲਤਾਰ ਸੰਧਵਾਂ ਨੇ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ। ਪੰਜਾਬ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਪੱਛਮੀ ਤੋਂ 7440 ਵੋਟਾਂ ਨਾਲ ਹਾਰ ਗਏ, ਉਨ੍ਹਾਂ ਨੂੰ ‘ਆਪ’ ਦੇ ਗੁਰਪ੍ਰੀਤ ਗੋਗੀ ਨੇ ਹਰਾਇਆ। ਖਰੜ ਤੋਂ ਪੰਜਾਬੀ ਗਾਇਕ ਅਨਮੋਲ ਗਗਨ ਮਾਨ ਨੇ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ। ਜਲੰਧਰ ਸੈਂਟਰਲ ਤੋਂ ‘ਆਪ’ ਦੇ ਰਮਨ ਅਰੋੜਾ ਨੇ ਕਾਂਗਰਸ ਦੇ ਰਜਿੰਦਰ ਬੇਰੀ ਨੂੰ 163 ਵੋਟਾਂ ਨਾਲ ਹਰਾਇਆ ਹੈ। ਕਪੂਰਥਲਾ ਸੀਟ ਤੋਂ ਕੈਬਨਿਟ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਜਿੱਤ ਗਏ ਹਨ। ਗਿੱਦੜਬਾਹਾ ਤੋਂ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਉਮੀਦਵਾਰ ਹਰਦੀਪ ਡਿੰਪੀ ਢਿੱਲੋਂ ਨੂੰ ਸਖ਼ਤ ਮੁਕਾਬਲੇ ਵਿੱਚ ਹਰਾਇਆ ਹੈ।
ਚਾਰ ਮੁੱਖ-ਮੰਤਰੀਆਂ ਨੂੰ ਨਸੀਬ ਹੋਈ ਬੁਰੀ ਤਰ੍ਹਾਂ ਹਾਰ
ਪੰਜਾਬ ਵਿਧਾਨ ਸਭ ਚੋਣਾਂ 2022 ਚ ਇਸ ਵਾਰ 4 ਮੁੱਖ ਮੰਤਰੀਆਂ ਨੇ ਆਪਣੀ ਕਿਸ ਅਜ਼ਮਾਈ ਪਰ ਓਹਨਾ ਨੂੰ ਹਾਰ ਦਾ ਸਾਹਮਣਾ ਕਰਨ ਪਿਆ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਜੋ ਪਹਿਲਾ ਪੰਜਾਬ ਦੀ ਡੋਰ ਆਪਣੇ ਹਥ ਚ ਸੰਭਾਲ ਚੁਕੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਆਪਣੇ ਹੀ ਚੋਣ ਘਰ ਤੋਂ ਹਾਰ ਮਿਲੀ ਹੈ। ਪ੍ਰਕਾਸ਼ ਸਿੰਘ ਬਾਦਲ ਜੋ ਕਿ 1997 ਤੋਂ ਲਗਾਤਾਰ ਜਿੱਤ ਹਾਸਿਲ ਕਰ ਰਹੇ ਸਨ ਇਸ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚਰਨਜੀਤ ਸਿੰਘ ਚੰਨੀ ਇਸ ਵਾਰ ਚਮਕੌਰ ਸਾਹਿਬ ਅਤੇ ਬਰਨਾਲਾ ਭਦੌੜ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਸਨ ਪਰ ਦੋਨੋ ਹੀ ਹਲਕਿਆਂ ਤੋਂ ਸੀਐਮ ਚੰਨੀ ਨੂੰ ਹਾਰ ਮਿਲੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਤੇ ਇਸ ਵਾਰ ਉਹ ਭਾਜਪਾ ਨਾਲ ਮਿਲ ਕ ਚੋਣ ਮੈਦਾਨ ‘ਚ ਉਤਰੇ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੂੰ 13 ਹਜਾਰ ਵੋਟਾਂ ਤੋਂ ਵੱਧ ਵੋਟਾਂ ਨਾਲ ਹਾਰ ਹੱਥ ਲਗੀ ਹੈ। ਰਾਜਿੰਦਰ ਕੌਰ ਭੱਠਲ ਜੋ ਕਿ ਲਹਿਰਾ ਗਾਗਾ ਤੋਂ ਇਸ ਵਾਰ ਚੋਣ ਮੈਦਾਨ ‘ਚ ਸੀ। ਆਮ ਆਦਮੀ ਪਾਰਟੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਕ੍ਰਾਂਤੀ ਪੂਰੇ ਦੇਸ਼ ਵਿੱਚ ਫੈਲ ਜਾਵੇਗੀ – ਕੇਜਰੀਵਾਲ
‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਝਾੜੂ ਦੀ ਹੂੰਝਾ ਫੇਰ ਜਿੱਤ ਤੋਂ ਬਾਅਦ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ‘ਪੰਜਾਬ ਦੇ ਲੋਕਾਂ ਨੇ ਕਮਾਲ ਕਰ ਦਿੱਤਾ ਹੈ। ਅੱਜ ਬਾਬਾ ਸਾਹਿਬ ਅੰਬੇਦਕਰ ਅਤੇ ਭਗਤ ਸਿੰਘ ਦਾ ਸੁਪਨਾ ਸਾਕਾਰ ਹੋਇਆ ਹੈ। ਉਹਨਾਂ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਦੇਸ਼ ਨੂੰ ਲੁੱਟਣ ਦਾ ਕੰਮ 75 ਸਾਲ ਤੱਕ ਕੀਤਾ। ਮੈਂ ਇਮਾਨਦਾਰੀ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਅਤੇ ਹੁਣ ਇਹ ਕ੍ਰਾਂਤੀ ਪੂਰੇ ਦੇਸ਼ ਵਿੱਚ ਫੈਲ ਜਾਵੇਗੀ।’
ਕਿਤੇ ਖੁਸ਼ੀ ਕਿਤੇ ਗਮ ਦਾ ਸੰਨਾਟਾ
ਇਸ ਵੇਲੇ ਪੰਜਾਬ ਦੇ ਜੇਤੂ ਭਗਵੰਤ ਮਾਨ ਦੇ ਘਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਸਵੇਰ ਤੋਂ ਉਨ੍ਹਾਂ ਦੇ ਘਰ ਜਲੇਬੀਆਂ ਵੀ ਬਣਾਈਆਂ ਜਾ ਰਹੀਆਂ ਸਨ। ਦੂਜੇ ਪਾਸੇ ਚੋਣਾਂ ਹਾਰਨ ਵਾਲੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ, ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਅਤੇ ਕਈ ਹੋਰ ਦਿੱਗਜ਼ ਨੇਤਾਵਾਂ ਦੇ ਘਰਾਂ ਦੇ ਵਿੱਚ ਸੰਨਾਟਾ ਛਾ ਗਿਆ ਹੈ।