ਦੋਸਤੀ
ਹੁਣ ਮਤਲਬ ਦੀਆਂ ਯਾਰੀਆਂ ਰਹਿ ਗਈਆਂ ,
ਰਿਹਾ ਕੋਈ ਨਾਂ ਵਿੱਚ ਪਿਆਰ ਜਾਨੀ ।
ਗਰਜਾਂ ਪੂਰੀਆਂ ਆਪਣੀਆਂ ਕਰਨ ਖ਼ਾਤਰ ,
ਬਣ ਜਾਂਦੇ ਨੇ ਲੋਕ ਹੁਣ ਯਾਰ ਜਾਨੀ ।
ਤੱਕੀਂ ਕ੍ਰਿਸ਼ਨ ਸੁਦਾਮੇ ਦਾ ਪ੍ਰੇਮ ਸੱਜਣਾ ,
ਤੈਨੂੰ ਯਾਰੀ ਦੀ ਸਮਝ ਜ਼ਰਾ ਪੈ ਜਾਵੇ ।
ਜਿਹੜਾ ਵਿੱਚ ਹੰਕਾਰ ਦੇ ਲੱਦਿਆ ਤੂੰ ,
ਗੁਮਾਨ ਵਾਲ਼ਾ ਤਖ਼ਤ ਤੇਰਾ ਢਹਿ ਜਾਵੇ ।
ਜਦੋਂ ਨਿਰਧਨ ਸੁਦਾਮਾ ਚੱਲਿਆ ਸੀ ,
ਯਾਰ ਕ੍ਰਿਸ਼ਨ ਦਾ ਦਰਸ਼ਨ ਪਾਉਣ ਦੇ ਲਈ ।
ਬ੍ਰਾਹਮਣੀ ਆਖ ਕੇ ਤੋਰਿਆ ਗੱਲ ਇਹੋ ,
ਮੰਗ ਕੇ ਯਾਰ ਤੋਂ ਕੁੱਝ ਲਿਆਉਣ ਦੇ ਲਈ ।
ਗਿਣਤੀਆਂ ਕਰਦਾ ਗਿਆ ਸਭ ਰਾਹ ਅੰਦਰ ,
ਉੱਥੇ ਕੌਣ ਮਿਲਾਪ ਕਰਾਏ ਮੇਰਾ ।
ਹੋਵੇ ਯਾਰ ਨਾਂ ਮੈਨੂੰ ਕਿਤੇ ਭੁੱਲ ਬੈਠਾ ,
ਇਹ ਸੋਚ ਕੇ ਚਿੱਤ ਘਬਰਾਏ ਮੇਰਾ ।
ਸੁਦਾਮਾ ਨਗਰ ਦੁਆਰਕਾ ਜਾ ਪੁੱਜਾ ,
ਰਾਜ ਦੁਆਰ ਦੇ ਕੋਲ ਜਾਂ ਆਇਆ ਏ ।
ਸ੍ਰੀ ਕ੍ਰਿਸ਼ਨ ਨੇ ਛੱਡ ਕੇ ਤਖ਼ਤ ਆਪਣਾ ,
ਜਾ ਸੁਦਾਮੇ ਨੂੰ ਸੀਸ ਨਿਵਾਇਆ ਏ ।
ਪ੍ਰਦੱਖਣਾ ਕਰਕੇ ਪੈਰਾਂ ਨੂੰ ਹੱਥ ਲਾ ਕੇ ,
ਫਿਰ ਯਾਰ ਨੂੰ ਗਲ਼ ਨਾਲ ਲਾਉਣ ਲੱਗੇ ।
ਹੱਥੀਂ ਧੋ ਕੇ ਚਰਨ ਯਾਰ ਆਪਣੇ ਦੇ ,
ਫਿਰ ਸਿੰਘਾਸਣ ਦੇ ਉੱਤੇ ਬਿਠਾਉਣ ਲੱਗੇ ।
ਸੁਦਾਮਾ ਗਰੀਬੀ ਦਾ ਕਰੀ ਅਹਿਸਾਸ ਜਾਂਦਾ ,
ਪੱਲੇ ਬੱਧੇ ਹੋਏ ਚੌਲ਼ ਲੁਕਾ ਰਿਹਾ ਸੀ ।
ਕਿਉਂ ਪਿਆ ਲੁਕਾਂਵਦਾ ਚੌਲ਼ ਜਾਨੀ ,
ਮੰਗ ਕ੍ਰਿਸ਼ਨ ਪਿਆ ਚੌਲ਼ ਖਾ ਰਿਹਾ ਸੀ ।
ਰਹੀ ਸੁਦਾਮੇ ਨੂੰ ਥੋੜ੍ਹ ਕਿਸੇ ਗੱਲ ਦੀ ਨਾਂ ,
ਕ੍ਰਿਸ਼ਨ ਮਿੱਤਰ ਦੇ ਉੱਤੇ ਮਿਹਰਬਾਨ ਹੋਏ ।
ਕ੍ਰਿਸ਼ਨ ਸੁਦਾਮੇ ਦੀ ਦੋਸਤੀ ਤੱਕ ਦੁਨੀਆਂ ,
‘ ਅਰਸ਼ ‘ ਅੱਜ ਵੀ ਬੜ੍ਹੀ ਹੈਰਾਨ ਹੋਏ ।
———————00000———————
ਗੁਰੂ ਗੋਬਿੰਦ ਸਿੰਘ ਜੀ
ਕੱਚੀ ਗੜ੍ਹੀ ਦੇ ਅੰਦਰ ਭਾਵੇਂ ਆਪ ਰਹਿ ਕੇ ,
ਲੱਖਾਂ ਤਨ ਤੇ ਦੁੱਖ ਸਹਾਰ ਲਏ ਤੂੰ ।
ਅੱਜ ਤਾਹੀਓਂ ਨੇ ਪੱਕੇ ਮਕਾਨ ਸਾਡੇ ,
ਜੰਡਾਂ ਥੱਲੇ ਵੀ ਦਿਨ ਗੁਜ਼ਾਰ ਲਏ ਤੂੰ ।
ਜੇ ਨਾਂ ਸਿੰਘ ਬਹਾਦਰੀ ਨਾਲ ਲੜ੍ਹਦੇ ,
ਤੇਰਾ ਖਾਲਸਾ ਰਹਿਣਾ ਦਾਤਾਰ ਨਹੀਂ ਸੀ ।
ਹੁੰਦੀ ਪੱਗ ਨਾਂ ਸਾਡੇ ਅੱਜ ਸੀਸ ਉੱਤੇ ,
ਕਹਿਣਾ ਕਿਸੇ ਨੇ ਸਾਨੂੰ ਸਰਦਾਰ ਨਹੀਂ ਸੀ।
ਤੇਰੇ ਪੁੱਤ ਨੇ ਨੀਹਾਂ ਵਿੱਚ ਖੜ੍ਹੇ ਹੋ ਕੇ ,
ਨੀਹਾਂ ਸਿੱਖੀ ਦੀਆਂ ਪੱਕੀਆਂ ਕਰਨ ਵਾਲ਼ੇ।
ਤੇਰੇ ਲਾਲਾਂ ਦੇ ਡੁੱਲ੍ਹੇ ਖ਼ੂਨ ਸਦਕਾ ,
ਸਿੱਖ ਤੇਰੇ ਨਾਂ ਕਿਸੇ ਤੋਂ ਡਰਨ ਵਾਲ਼ੇ ।
ਅਜੀਤ ਵਾਂਗ ਸ਼ਹੀਦ ਹੋ ਜਾਣ ਭਾਵੇਂ ,
ਪਰ ਹਾਰ ਕੇ ਨਹੀਂ ਕਦੇ ਆਉਣ ਵਾਲ਼ੇ ।
ਲੈ ਕੇ ਸਿੱਖਿਆ ਇਹ ਤੇਰੇ ਜੁਝਾਰ ਪਾਸੋਂ ,
ਕਦੇ ਪੈਰ ਨਹੀਂ ਪਿੱਛੇ ਹਟਾਉਣ ਵਾਲ਼ੇ ।
ਤੇਰੇ ਚਰਨਾਂ ‘ਚ ਚੁਭੇ ਸਨ ਜੋ ਕੰਡੇ ,
ਚੀਸ ਅੱਜ ਵੀ ਸੀਨੇ ਵਿੱਚ ਪਾਂਵਦੇ ਨੇ।
ਹੱਥੀਂ ਪਾਲ਼ ਕੇ ਪੁੱਤਰ ਕਿੰਝ ਤੋਰ ਦਿੱਤੇ ,
ਇਹ ਸਵਾਲ ਸਦਾ ਮਨ ਵਿੱਚ ਆਂਵਦੇ ਨੇ।
ਪੰਡਤ ਲੈ ਕੇ ਸੀ ਜਦੋਂ ਫਰਿਆਦ ਆਏ ,
ਲਾ ਕੇ ਗਲ਼ ਨਾਲ ਤੂੰ ਪਿਆਰ ਦਿੱਤਾ ।
ਉਦੋਂ ਉਮਰ ਈ ਤੇਰੀ ਸੀ ਕੀ ਬਾਪੂ ,
ਜਦੋਂ ਪਿਤਾ ਨੂੰ ਦਿੱਲੀ ਵਿੱਚ ਵਾਰ ਦਿੱਤਾ ।
ਕਲਗੀ ਵਾਲਿਆ ਪਿਤਾ ਦਸ਼ਮੇਸ਼ ਦਾਤਾ ,
ਤੇਰਾ ਕਰਜ਼ ਨਹੀਂ ਸਿਰਾਂ ਤੋਂ ਲਹਿ ਸਕਦਾ ।
ਜੋ ਜੋ ਕੌਮ ਤੇ ਤੂੰ ਉਪਕਾਰ ਕੀਤੇ ,
‘ਅਰਸ਼’ ਤੇਰੇ ਉਪਕਾਰ ਨਹੀਂ ਕਹਿ ਸਕਦਾ।
———————00000———————
ਅੰਮ੍ਰਿਤ ਪੈਂਤੀ
ਊੜਾ ਉੱਚ ਇਰਾਦਾ ਹੋਇ ,
ਐੜਾ ਅਵਗੁਣ ਕਢੇ ਧੋਇ।
ਈੜੀ ਇੱਕ ਨਾਲ ਪ੍ਰੀਤ ਲਗਾਵੇ ,
ਸਸਾ ਸੋ ਸਾਹਿਬ ਮਨ ਭਾਵੇ।
ਹਾਹਾ ਹਉਂਮੈ ਜੋ ਤਿਆਗੇ ,
ਕਕਾ ਕਾਮ, ਕ੍ਰੋਧ ਤੇ ਭਾਗੇ।
ਖਖਾ ਖੇਲ ਜਾਣੇ ਕਰ ਨਿਆਰਾ ,
ਗਗਾ ਗੁਰੂ ਦਾ ਉਹ ਪਿਆਰਾ।
ਘਘਾ ਘਟ ਘਟ ਵਿੱਚ ਹੈ ਅੱਲ੍ਹਾ,
ਙੰਙਾ ਙਿਆਨ ਗੁਰੂ ਲੈ ਚੱਲਾ।
ਚਚਾ ਚਉਥਾ ਪਦ ਜਿਸ ਪਾਇਆ,
ਛਛਾ ਛੱਡੀ ਉਸਨੇ ਮਾਇਆ।
ਜਜਾ ਜਿੱਤ ਬਾਜ਼ੀ ਗਾਵਾਰਾ,
ਝਝਾ ਝੂਰਨ ਮਿਟੈ ਤੁਮਾਰਾ।
ਞੰਞਾ ਞਾਣ ਇਹ ਸੱਚ ਬਿਆਨ ,
ਟੈਂਕਾ ਟਾਲ ਨਾਂ ਵਕਤ ਮਹਾਨ।
ਠਠਾ ਠੱਗਣ ਪੰਜ ਵਿਕਾਰ ,
ਡਡਾ ਡਿਠੇ ਗੁਰੂ ਵੀਚਾਰ।
ਢਢਾ ਢਹਿ ਪਹਿ ਗੁਰੂ ਦੁਆਰੇ,
ਣਾਣਾ ਣਾਮ ਮਿਲੈ ਤੁਧ ਪਿਆਰੇ।
ਤਤਾ ਤੁਰਨਾ ਇੱਕ ਦਿਨ ਪੈਣਾ,
ਥਥਾ ਥਿਰ ਕਿਸੇ ਨਾਂ ਰਹਿਣਾ।
ਦਦਾ ਦਇਆ ਲੈ ਮਨ ਵਿੱਚ ਪਾਲ ,
ਧਧਾ ਧੀਰਜ ਸੰਗ ਤੂੰ ਚਾਲ।
ਨਨਾ ਨਿਮਰ ਸੁਭਾਅ ਜੇ ਹੋਇ,
ਪਪਾ ਪ੍ਰੀਤਮ ਮਿਲੈ ਤਿਸ ਸੋਇ।
ਫਫਾ ਫੇਰ ਕਿਉਂ ਕਰੇਂ ਕੁਵੇਲਾ,
ਬਬਾ ਬੰਦਨਾ ਦਾ ਇਹ ਵੇਲ਼ਾ।
ਭਭਾ ਭਲਾ ਦਿਵਸ ਸੰਜੋਗ ,
ਮਮਾ ਮਿਟਣਗੇ ਸਭ ਵਿਯੋਗ ।
ਯਯਾ ਯਾਤਰਾ ਸਫ਼ਲ ਕਰ ਪ੍ਰਾਣੀ,
ਰਾਰਾ ਰਜ਼ਾ ‘ਚ ਰਹਿ ਪੜ੍ਹ ਬਾਣੀ ।
ਲਲਾ ਲੋਹਾ ਕੰਚਨ ਕੀਤਾ ,
ਵਾਵਾ ਵਾਹ ਗੁਰੂ ਮੇਰੇ ਮੀਤਾ।
ੜਾੜਾ ੜਾੜ ਮਿਟੀ ਗੁਰ ਮੇਰੇ ,
ਮੋਹਿ ਨਿਰਗੁਣ ਸਭ ਗੁਣ ਤੇਰੇ।
———————00000———————