Articles

ਬਾਹਰੀ ਪ੍ਰਧਾਨਗੀ ਤੋਂ ਪਹਿਲਾਂ ਘਰ -ਪਰਿਵਾਰ ਦਾ ਸਰਪੰਚ ਹੋਣਾ ਜਰੂਰੀ !

ਲੇਖਕ: ਸੁਖਵੀਰ ਸਿੰਘ ਕੰਗ, ਕੋਟਲਾ ਸ਼ਮਸ਼ਪੁਰ, ਸਮਰਾਲਾ

ਘਰ ਅਤੇ ਪਰਿਵਾਰ ਹਰ ਸਮਾਜ, ਕੌਮ ਅਤੇ ਦੇਸ਼ ਦੀ ਸਭ ਤੋਂ ਛੋਟੀ ਇਕਾਈ ਹੈ ਇਸ ਕਰਕੇ ਇਹ ਮਨੁੱਖੀ ਜੀਵਨ ਦੀ ਸਭ ਤੋਂ ਅਹਿਮ ਕੜੀ ਹੈ । ਦੁਨੀਆਂ ਨੂੰ ਸਵਰਗ ਬਣਾਉਣ ਲਈ ਸਭ ਤੋਂ ਪਹਿਲਾਂ ਘਰ ਅਤੇ ਪਰਿਵਾਰ ਨੂੰ ਸਵਰਗ ਬਣਾਉਣਾ ਜਰੂਰੀ ਹੈ । ਸੁਖੀ ਉਸੇ ਘਰ ਜਾਂ ਪਰਿਵਾਰ ਨੂੰ ਮੰਨਿਆਂ ਜਾ ਸਕਦਾ ਹੈ ਜਿਸਦੇ ਸਾਰੇ ਜੀਅ ਇੱਕ ਦੂਸਰੇ ਤੋਂ ਖੁਸ਼ ਅਤੇ ਸੰਤੁਸ਼ਟ ਹੋਣ । ਸੁਚੇਤ, ਸਿਹਤਮੰਦ ਅਤੇ ਸੁਖੀ ਘਰ-ਪਰਿਵਾਰ ਹੀ ਸ਼ਕਤੀਸ਼ਾਲੀ ਸਮਾਜ ਦੀ ਨੀਂਹ ਹੁੰਦੇ ਹਨ । ਕੁੱਝ ਲੋਕਾਂ ਦੇ ਸਮੂਹ ਦੇ ਇੱਟਾਂ, ਮਿੱਟੀ, ਸੀਮਿੰਟ, ਕੰਕਰੀਟ, ਲੱਕੜ, ਮਾਰਬਲ, ਲੋਹੇ ਜਾਂ ਸ਼ੀਸ਼ੇ ਅਤੇ ਹੋਰ ਕਈ ਤਰ੍ਹਾਂ ਦੀਆਂ ਮੀਨਾਕਾਰੀਆਂ ਨਾਲ ਸ਼ਿੰਗਾਰੇ ਸੁੰਦਰ ਅਤੇ ਆਰਾਮਦੇਹ ਢਾਂਚੇ ਵਿੱਚ ਇੱਕ ਥਾਂ ਇਕੱਠੇ ਰਹਿਣ ਨੂੰ ਹੀ ਘਰ ਜਾਂ ਪਰਿਵਾਰ ਨਹੀਂ ਕਿਹਾ ਜਾ ਸਕਦਾ ਬਲਕਿ ਇਹ ਤਾਂ ਇੱਕ ਦੂਸਰੇ ਨਾਲ ਸਿੱਧਾ ਖੂਨ ਦਾ, ਰੂਹਾਨੀ, ਵਫ਼ਾਦਾਰ, ਇਮਾਨਦਾਰ ਤੇ ਅਟੁੱਟ ਰਿਸ਼ਤਾ ਰੱਖਣ ਵਾਲੇ ਅਤੇ ਆਪਸ ਵਿੱਚ ਕਦਰ, ਫਿਕਰ, ਆਦਰ, ਜਿੰਮੇਵਾਰੀ ਅਤੇ ਜੁਆਬਦੇਹੀ ਵਾਲਾ ਵਤੀਰਾ ਰੱਖਣ ਵਾਲੇ ਸਾਥੀਆਂ ਦੇ ਸੁਮੇਲ ਨੂੰ ਕਿਹਾ ਜਾ ਸਕਦਾ ਹੈ ਫਿਰ ਉਹ ਭਾਵੇਂ ਕਿਸੇ ਢਾਰੇ, ਕੁੱਲੀ ਜਾਂ ਛੱਪਰੀ ਵਿਚ ਵੀ ਕਿਓਂ ਨਾ ਰਹਿ ਰਹੇ ਹੋਣ । ਘਰ ਅਤੇ ਪਰਿਵਾਰ ਦਾ ਅਧਾਰ ਪਿਆਰ, ਭਰੋਸਾ, ਸੱਚਾਈ, ਤਸੱਲੀ ਅਤੇ ਇੱਕਸੁਰਤਾ ਹੁੰਦਾ ਹੈ ਜਿਸ ਵਿੱਚੋਂ ਉਪਜੀ ਸਹਿਯੋਗ ਅਤੇ ਵਿਸ਼ਵਾਸ ਦੀ ਸੁਰ-ਤਾਲ ਨਾਲ ਹਮੇਸ਼ਾ ਖੁਸ਼ੀ ਦਾ ਸੰਗੀਤ ਗੂੰਜਦਾ ਰਹਿੰਦਾ ਹੈ, ਜਦਕਿ ਕਿ ਦਿਖਾਵਾ, ਚਮਕ-ਦਮਕ, ਕਬਜ਼ਾ, ਚੌਧਰ, ਝੂਠ, ਫ਼ਰੇਬ ਅਤੇ ਮਨਮਰਜੀ ਨਾਲ ਕੋਈ ਧਾਂਕ ਤਾਂ ਜਮਾ ਕੇ ਰੱਖ ਸਕਦਾ ਹੈ ਪਰ ਘਰ ਅਤੇ ਸਮਾਜ ਦਾ ਹਰਮਨ-ਪਿਆਰਾ ਨਹੀਂ ਬਣ ਸਕਦਾ । ਇੱਕ ਸੁਖੀ ਅਤੇ ਸੰਪੰਨ ਘਰ ਅਤੇ ਪਰਿਵਾਰ ਦਾ ਸੁਹੇਲਾ ਜੀਵਨ ਸਦਾ ਅਮੀਰੀ ਜਾਂ ਉੱਚ ਅਹੁਦਿਆਂ ਦਾ ਮੁਹਤਾਜ ਨਹੀਂ ਹੁੰਦਾ ।ਇੱਕ ਅਮੀਰ , ਉੱਚ ਅਹੁਦਿਆਂ ਵਾਲਾ ਅਤੇ ਸਾਧਨਾਂ ਨਾਲ ਭਰਿਆ ਘਰ ਅਤੇ ਪਰਿਵਾਰ ਪ੍ਰੇਸ਼ਾਨ ਹੋ ਸਕਦਾ ਹੈ ਇਸ ਦੇ ਉਲਟ ਇਕ ਸਧਾਰਨ ਅਤੇ ਸੀਮਤ ਸਾਧਨਾਂ ਵਾਲਾ ਘਰ ਅਤੇ ਪਰਿਵਾਰ ਸੁਖੀ ਹੋ ਸਕਦਾ ਹੈ , ਇਹ ਸਭ ਸੰਤੁਸ਼ਟੀ ਦੇ ਪੱਧਰ ਦੀ ਖੇਡ੍ਹ ਹੈ । ਘਰ ਅਤੇ ਪਰਿਵਾਰ ਦਾ ਮਾਹੌਲ ਸੁਖਾਵਾਂ ਬਣਾਈ ਰੱਖਣ ਲਈ ਇਸ ਦੇ ਹਰ ਮੈਂਬਰ ਨੂੰ ਆਪਣੀਆਂ ਜਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਣਾ ਚਾਹੀਦਾ ਹੈ ਅਤੇ ਵਫ਼ਾਦਾਰੀਆਂ ਪ੍ਰਤੀ ਜੁਆਬ-ਦੇਹ ਰਹਿਣਾ ਜਰੂਰੀ ਹੁੰਦਾ ਹੈ । ਹਰ ਘਰ ਅਤੇ ਪਰਿਵਾਰ ਦੇ ਮੁਖੀ ਨੂੰ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਅਤੇ ਖੁਸ਼ੀ ਨਾਲ ਅਗਵਾਈ ਦੇ ਅਧਿਕਾਰ ਮਿਲੇ ਹੋਣੇ ਚਾਹੀਦੇ ਹਨ, ਇਹ ਤਾਂ ਸੰਭਵ ਹੋ ਸਕੇਗਾ ਜਦੋਂ ਉਹ ਘਰ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਨਾਲ ਲੈ ਕੇ ਚੱਲੇਗਾ ਅਤੇ ਉਹਨਾਂ ਦੀ ਭਲਾਈ ਲਈ ਸੱਚੇ ਦਿਲੋਂ ਯਤਨਸ਼ੀਲ ਹੋਵੇਗਾ । ਪਰਿਵਾਰ ਦੇ ਸਭ ਜੀਆਂ ਨੂੰ ਆਪਣੇ ਕਾਰਜਾਂ ਅਤੇ ਵਰਤਾਓ ਨੂੰ ਇਸ ਹੱਦ ਤੱਕ ਨਿਖਾਰ ਕੇ ਰੱਖਣਾ ਚਾਹੀਦਾ ਹੈ ਕਿ ਉਹ ਸਭ ਇੱਕ ਦੂਸਰੇ ਉੱਪਰ ਗੌਰਵ ਮਹਿਸੂਸ ਕਰ ਸਕਣ ਇਹ ਵੀ ਤਾਂ ਹੀ ਹੋ ਸਕੇਗਾ ਜੇਕਰ ਸਾਰੇ ਆਪਣਾ ਆਪਣਾ ਬਣਦਾ ਕਿਰਦਾਰ ਇਮਾਨਦਾਰੀ ਨਾਲ ਨਿਭਾਉਣ । ਜਿਸ ਤਰ੍ਹਾਂ ਸੁਰ ਅਤੇ ਤਾਲ ਦੇ ਸਹੀ ਮੇਲ ਨਾਲ ਮਿੱਠਾ ਸੰਗੀਤ ਉਪਜਦਾ ਹੈ ਬਿਲਕੁਲ ਉਸੇ ਤਰ੍ਹਾਂ ਘਰ ਦੇ ਸਭ ਜੀਆਂ ਦੇ ਅਧਿਕਾਰਾਂ ਅਤੇ ਫ਼ਰਜਾਂ ਦੇ ਸੰਤੁਲਨ ਨਾਲ ਪੱਕੇ ਰਿਸ਼ਤੇ ਸਿਰਜੇ ਜਾਂਦੇ ਹਨ । ਇਹ ਤਾਂ ਹੋ ਸਕੇਗਾ ਜੇਕਰ ਸਭ ਜੀਅ ਇੱਕ ਦੂਸਰੇ ਦੇ ਅਧਿਕਾਰਾਂ ਅਤੇ ਫ਼ਰਜਾਂ ਦਾ ਬਣਦਾ ਸਨਮਾਨ ਕਰਨਗੇ । ਇੱਕ ਦੂਜੇ ਦੇ ਸਾਹ ਵਿੱਚ ਸਾਹ ਲੈਂਦਿਆਂ ਮਾਪੇ, ਭੈਣ-ਭਰਾ, ਪਤੀ-ਪਤਨੀ ਅਤੇ ਬੱਚੇ ਪਰਸਪਰ ਤੌਰ ਤੇ ਆਪਸੀ ਰਿਸ਼ਤੇ ਤੇ ਮਾਣ ਅਤੇ ਤਸੱਲੀ ਮਹਿਸੂਸ ਕਰਦੇ ਹੋਣੇ ਚਾਹੀਦੇ ਹਨ । ਕਿਸੇ ਇੱਕ ਦੇ ਕੰਡਾ ਲੱਗੇ ਤਾਂ ਸਾਰੇ ਤੜਫ਼ ਜਾਣ । ਕਿਸੇ ਇੱਕ ਨੂੰ ਦੁੱਖ ਜਾਂ ਭੀੜ ਪੈ ਜਾਣ ਤੇ ਦੂਸਰੇ ਦੀ ਹਾਜਰੀ ਬੇਫਿ਼ਕਰੀ ਦਾ ਅਹਿਸਾਸ ਦੇਣ ਵਾਲੀ ਹੋਵੇ ।

ਘਰ ਅਤੇ ਪਰਿਵਾਰ ਜਿੱਥੇ ਸਮਾਜ ਦਾ ਮੁੱਢਲਾ ਖਾਕਾ ਹੁੰਦਾ ਹੈ ਉੱਥੇ ਮਨੁੱਖ ਦੇ ਵਿਅਕਤੀਗਤ ਜੀਵਨ ਨੂੰ ਵੀ ਮੁੱਖ ਢਾਂਚਾ ਪ੍ਰਦਾਨ ਕਰਦਾ ਹੈ ਅਤੇ ਕਿਸੇ ਵੀ ਖੇਤਰ ਦੀ ਬੌਧਿਕ ਸਮਰੱਥਾ, ਸਮਾਜਿਕ ਬਣਤਰ ਤੇ ਜੀਵਨ ਪੱਧਰ ਦੀ ਸਿਰਜਣਾ ਦਾ ਅਧਾਰ ਹੈ । ਘਰ ਅਤੇ ਪਰਿਵਾਰ ਸਾਡੇ ਨਿੱਜੀ ਜੀਵਨ ਦਾ ਮੁੱਖ ਕਾਰਕ ਅਤੇ ਨਿਰਧਾਰਕ ਹੋਣ ਕਰਕੇ ਸਾਡੀ ਬੁੱਧੀ ਤੇ ਵਿਚਾਰਾਂ ਦਾ ਸਿਰਜਕ ਹੁੰਦਾ ਹੈ । ਇਹ ਸਾਡੇ ਆਰਥਿਕ ਤੇ ਸਮਾਜਿਕ ਅਧਾਰ ਦੀ ਨੀਂਹ ਅਤੇ ਪਛਾਣ ਦਾ ਅਕਸ ਤੇ ਪ੍ਰਛਾਵਾਂ ਹੁੰਦਾ ਹੈ ।ਇਹ ਹੀ ਸਾਡੇ ਭਵਿੱਖ ਦੀ ਆਸ ਤੇ ਉਮੀਦ ਹੁੰਦਾ ਹੈ । ਇਸ ਕਰਕੇ ਸਾਨੂੰ ਆਪਣੀ ਹਰ ਗਤੀਵਿਧੀ, ਕਾਰਜ ਅਤੇ ਮਕਸਦ ਲਈ ਅੱਗੇ ਵਧਦਿਆਂ ਘਰ ਅਤੇ ਪਰਿਵਾਰ ਨੂੰ ਕੇਂਦਰ ਵਿੱਚ ਰੱਖ ਕੇ ਫੈਸਲੇ ਲੈਣੇ ਚਾਹੀਦੇ ਹਨ । ਸਾਨੂੰ ਉਸ ਰਸਤੇ ਨੂੰ ਹੀ ਅਖਤਿਆਰ ਕਰਨਾ ਚਾਹੀਦਾ ਹੈ ਜਿਸ ਨਾਲ ਪਰਿਵਾਰ ਦੀ ਸਾਖ਼, ਭਵਿੱਖ ਅਤੇ ਸੁਰੱਖਿਆ ਨੂੰ ਹਾਨੀ ਨਾ ਪਹੁੰਚੇ । ਜੇਕਰ ਸਾਡੇ ਕਿਸੇ ਕੰਮ ਨਾਲ ਇਹਨਾਂ ਨੂੰ ਠੇਸ ਪਹੁੰਚਦੀ ਹੈ ਤਾਂ ਉਸ ਤੋਂ ਤੌਬਾ ਕਰ ਕੇ ਹੋਏ ਨੁਕਸਾਨ ਦੀ ਪੂਰਤੀ ਅਤੇ ਭਰਪਾਈ ਕਰਨ ਲਈ ਕੋਸ਼ਿਸ਼ ਕਰਨਾ ਆਪਣਾ ਮੁੱਢਲਾ ਫ਼ਰਜ ਸਮਝਣਾ ਚਾਹੀਦਾ ਹੈ । ਆਪਣੇ ਵਡੇਰਿਆਂ ਅਤੇ ਬਜ਼ੁਰਗਾਂ ਦੇ ਕੀਤੇ ਸ਼ੁਭ ਕਾਰਜਾਂ ਨੂੰ ਆਪਣੇ ਜੀਵਨ ਵਿੱਚ ਸੰਜੋਅ ਕੇ ਰੱਖਣਾ ਚਾਹੀਦਾ ਹੈ । ਆਪਣੇ ਖਾਨਦਾਨ ਅਤੇ ਘਰਾਣੇ ਦੇ ਪਾਏ ਸਮਾਜਿਕ, ਨੈਤਿਕ ਤੇ ਧਾਰਮਿਕ ਤੌਰ ਤੇ ਪਾਏ ਸ਼ੁਭ ਅਤੇ ਸਾਕਾਰਾਤਮਕ ਪੂਰਨਿਆਂ ਵਾਲੀਆਂ ਯਾਦਗਾਰਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ । ਆਪਣੇ ਘਰੇਲੂ ਅਤੇ ਪਰਿਵਾਰਕ ਅਕਸ ਨੂੰ ਨਿਖਾਰ ਕੇ ਵਿਰਸੇ ਨੂੰ ਹੋਰ ਸੰਵਾਰਨ ਅਤੇ ਲਿਸ਼ਕਾਉਣ ਲਈ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ ।

ਹਰ ਇਨਸਾਨ ਨੂੰ ਆਪਣੀ ਘਰੇਲੂ ਅਤੇ ਬਾਹਰ ਦੀ ਜਿੰਦਗੀ ਵਿੱਚ ਇੱਕ ਸੰਤੁਲਨ ਬਣਾ ਕੇ ਰੱਖਣਾ ਚਾਹੀਦਾ ਹੈ ਇਹਨਾਂ ਦੋਵਾਂ ਭੁਮਿਕਾਵਾਂ ਦਾ ਇੱਕ ਦੂਸਰੇ ਤੇ ਪ੍ਰਭਾਵ ਜਾਂ ਪ੍ਰਛਾਵਾਂ ਬੇਸ਼ਕ ਹੋਵੇ ਪਰ ਦਖਲ-ਅੰਦਾਜੀ ਜਾਂ ਵਿਘਨ ਹਰਗਿਜ਼ ਨਹੀਂ ਹੋਣਾ ਚਾਹੀਦਾ । ਜਿਸ ਤਰ੍ਹਾਂ ਗੁਰਬਾਣੀ ਵੀ ਸਾਨੂੰ ਬਾਹਰ ਦੀ ਦੁਨੀਆਂ ਦੇ ਗੁਣ ਅਤੇ ਔਗੁਣ ਪਰਖਣ ਤੋਂ ਪਹਿਲਾਂ ਆਪਣੇ ਅੰਦਰ ਨੂੰ ਫ਼ਰੋਲਣ ਲਈ ਸੁਚੇਤ ਕਰਦੀ ਹੈ ਅਤੇ ਰੱਬ ਨੂੰ ਆਪਣੇ ਅੰਦਰ ਤੋਂ ਲੱਭਣ ਦਾ ਰਾਹ ਵਿਖਾਉਂਦੀ ਹੈ ਉਸੇ ਤਰ੍ਹਾਂ ਜੇਕਰ ਅਸੀਂ ਘਰ ਅੰਦਰ ਦੇ ਆਪਣੇ ਫਰਜਾਂ ਅਤੇ ਜਿੰਮੇਵਾਰੀਆਂ ਨੂੰ ਤਲਾਸ਼ ਲਈਏ ਤਾਂ ਸਾਨੂੰ ਬਹੁਤ ਸਾਰੀਆਂ ਖੁਸ਼ੀਆਂ ਆਪਣੇ ਘਰ ਅੰਦਰੋਂ ਮਿਲ ਸਕਦੀਆਂ ਹਨ । ਜੇਕਰ ਘਰ ਅਤੇ ਪਰਿਵਾਰ ਅੰਦਰ ਖੁਸ਼ੀਆਂ ਪੈਦਾ ਕਰ ਲਈਆਂ ਜਾਣ ਤਾਂ ਬਾਹਰੀ ਹਉਮੈ, ਚੌਧਰ ਅਤੇ ਹੈਂਕੜ ਦੀ ਭੁੱਖ ਹੀ ਨਹੀਂ ਰਹਿੰਦੀ । ਘਰ ਤੋਂ ਬਾਹਰ ਦੀ ਚੌਧਰ ਸਾਡੀ ਹਉਮੈ ਦੀ ਭੁੱਖ ਤਾਂ ਮਿਟਾ ਸਕਦੀ ਹੈ ਪਰ ਘਰ ਤੇ ਪਰਿਵਾਰ ਤੋਂ ਮਿਲਣ ਵਾਲੇ ਸੁੱਖ ਵਾਂਗ ਤ੍ਰਿਪਤੀ ਨਹੀਂ ਦੇ ਸਕਦੀ । ਸਾਡੀ ਬਾਹਰ ਦੀ ਸਰਪੰਚੀ ਵੀ ਤਾਂ ਹੀ ਸੋਂਹਦੀ ਹੈ ਜੇਕਰ ਪਹਿਲਾਂ ਘਰ ਅਤੇ ਪਰਿਵਾਰ ਦੇ ਜੀਆਂ ਦੀਆਂ ਸਾਰੀਆਂ ਵੋਟਾਂ ਸਾਡੇ ਹੱਕ ਵਿੱਚ ਹੋਣ ਅਤੇ ਅਸੀਂ ਹਰਮਨ-ਪਿਆਰੇ ਸਾਥੀ ਅਤੇ ਸਰਵ-ਪ੍ਰਵਾਨਿਤ ਮੁਖੀ ਬਣਨ ਵਿੱਚ ਸਫ਼ਲ ਹੋ ਗਏ ਹੋਈਏ । ਘਰ ਉਹ ਹੀ ਅੱਗੇ ਵਧ ਸਕਦੇ ਹਨ ਜਿਹਨਾਂ ਦੇ ਲਾਣੇਦਾਰ ਚੰਗੇ ਹੋਣ । ਬਾਹਰੀ ਗਿਆਨ ਅਤੇ ਦਖ਼ਲ-ਅੰਦਾਜੀ ਤੋਂ ਪਹਿਲਾਂ ਇਹ ਘਰੇਲੂ ਲਾਣੇਦਾਰੀ ਦੇ ਗੁਰ ਸਿੱਖਣੇ ਬਹੁਤ ਜਰੂਰੀ ਹਨ ।

ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਵਿਚਾਰ, ਖੁਸ਼ੀ ਅਤੇ ਜਿੰਦਗੀ ਦਾ ਮੁੱਖ ਆਧਾਰ ਹੋਣ ਕਾਰਨ ਸਾਨੂੰ ਬਹੁ-ਸੰਮਤੀ ਨਾਲ ਨਹੀਂ ਬਲਕਿ ਸਰਬ-ਸੰਮਤੀ ਨਾਲ ਘਰ ਅਤੇ ਪਰਿਵਾਰ ਦਾ ਸਰਪੰਚ ਹੋਣਾ ਚਾਹੀਦਾ ਹੈ । ਅਸੀਂ ਕਮਾਈ ਚਾਹੇ ਚਾਰ ਪੈਸੇ ਘੱਟ ਕਰ ਲਈਏ ਜਾਂ ਘਰ ਅਤੇ ਪਰਿਵਾਰ ਨੂੰ ਸਾਧਨ ਜੁਟਾਉਣ ਵਿੱਚ ਚਾਹੇ ਖੁੰਝ ਜਾਈਏ ਪਰ ਸਾਰੇ ਜੀਆਂ ਨੂੰ ਆਪਸ ਵਿੱਚ ਬੰਨ੍ਹ ਕੇ ਰੱਖਣ ਵਿੱਚ ਪੂਰਾ ਜੋਰ ਲਗਾ ਕੇ ਰੱਖਣਾ ਚਾਹੀਦਾ ਹੈ । ਅਸੀਂ ਪਿੰਡ ਦੀ ਸਰਪੰਚੀ ਤੋਂ ਚਾਹੇ ਖੁੰਝ ਜਾਈਏ ਪਰ ਘਰ ਅਤੇ ਪਰਿਵਾਰ ਪ੍ਰਤੀ ਫ਼ਰਜਾਂ ਅਤੇ ਜਿੰਮੇਵਾਰੀਆਂ ਨੂੰ ਪਿੱਠ ਕਦੇ ਨਹੀਂ ਦਿਖਾਉਣੀ ਚਾਹੀਦੀ ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin