Articles

ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਤਿਉਹਾਰ

ਲੇਖਕ: ਗੁਰਦੀਸ਼ ਕੌਰ ਗਰੇਵਾਲ, ਕੈਨੇਡਾ

ਦੀਵਾਲੀ ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਜਾਣਿਆਂ ਜਾਂਦਾ ਹੈ। ਜਿੱਥੇ ਹਿੰਦੂ ਭਾਈਚਾਰਾ ਇਸ ਨੂੰ ‘ਲਕਸ਼ਮੀ ਪੂਜਾ’ ਕਹਿ ਕੇ ਮਨਾਉਂਦਾ ਹੈ- ਉੱਥੇ ਸਿੱਖ ਇਸ ਨੂੰ ‘ਬੰਦੀ ਛੋੜ ਦਿਵਸ’ ਸਮਝ ਕੇ ਮਨਾਉਂਦੇ ਹਨ। ਭਾਵੇਂ ਸਿੱਖ ਇਤਿਹਾਸ ਨੂੰ ਘੋਖਿਆਂ, ਇਹ ਪਤਾ ਲਗਦਾ ਹੈ ਕਿ- ਬੰਦੀ ਛੋੜ ਦਿਵਸ ਦਾ ਸਮਾਂ ਦੀਵਾਲੀ ਦੇ ਤਿਉਹਾਰ ਨਾਲ ਮੇਲ ਨਹੀਂ ਖਾਂਦਾ। ਪਰ ਸਾਡੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ, ਦੀਵਾਲੀ ਤੇ ਵਿਸਾਖੀ ਦੇ ਮੌਕੇ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜ ਕੇ ਬੁਲਾਇਆ ਜਾਂਦਾ ਤੇ ਅਹਿਮ ਫੈਸਲੇ ਸੰਗਤ ਨਾਲ ਸਾਂਝੇ ਕੀਤੇ ਜਾਂਦੇ। ਸੋ ਮੇਰਾ ਖਿਆਲ ਹੈ ਕਿ- ਜੇ ਇਸ ਤਿਉਹਾਰ ਨੂੰ ਭਾਈਚਾਰਕ ਸਾਂਝ ਦੇ ਤੌਰ ਤੇ, ਇਕੱਠਾ ਵੀ ਮਨਾ ਲਿਆ ਜਾਵੇ ਤਾਂ ਕੋਈ ਹਰਜ਼ ਨਹੀਂ। ਵੈਸੇ ਸਾਡੀ ਕੌਮ ਦੀ ਤ੍ਰਾਸਦੀ ਇਹ ਵੀ ਹੈ ਕਿ- ਅਸੀਂ ਅਜੇ ਤੱਕ ਆਪਣੇ ਗੁਰਪੁਰਬਾਂ ਦੀਆਂ ਪੱਕੀਆਂ ਤਿਥੀਆਂ ਮਿੱਥ ਹੀ ਨਹੀਂ ਸਕੇ!
ਬੰਦੀ ਛੋੜ ਦਿਵਸ ਵਾਲੇ ਦਿਨ, ਛੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿਚੋਂ ਰਿਹਾ ਹੋ ਕੇ ਆਏ ਸਨ। ਗੁਰੂ ਸਾਹਿਬ ਤੋਂ ਪਹਿਲਾਂ, ਉਥੇ ਬਗਾਵਤ ਕਰਨ ਦੇ ਇਲਜ਼ਾਮ ਵਿੱਚ 52 ਰਾਜੇ ਵੀ ਕੈਦ ਭੁਗਤ ਰਹੇ ਸਨ- ਜਿਹਨਾਂ ਨੂੰ ਗੁਰੂ ਸਾਹਿਬ ਹਰ ਰੋਜ਼ ਗੁਰਬਾਣੀ ਤੇ ਚੜ੍ਹਦੀ ਕਲਾ ਦਾ ਉਪਦੇਸ਼ ਦਿੰਦੇ- ਜਿਸ ਨਾਲ ਉਹਨਾਂ ਦੇ ਜੀਵਨ ਵਿੱਚ ਅਨੋਖੀ ਤਬਦੀਲੀ ਆ ਗਈ। ਪਰ ਇੱਕ ਸਾਲ 8 ਮਹੀਨੇ ਬਾਅਦ, ਜਦੋਂ ਜਹਾਂਗੀਰ ਨੇ ਆਪਣੀ ਗਲਤੀ ਸਵੀਕਾਰ ਕਰਕੇ, ਗੁਰੂ ਸਾਹਿਬ ਨੂੰ ਰਿਹਾਈ ਦਾ ਹੁਕਮ ਸੁਣਾਇਆ, ਤਾਂ ਉਹ 52 ਰਾਜੇ ਰੋ ਕੇ ਕਹਿਣ ਲੱਗੇ-‘ਹੁਣ ਸਾਡਾ ਕੀ ਬਣੇਗਾ?’ ਗੁਰੂ ਸਾਹਿਬ ਨੇ ਰਾਜਿਆਂ ਦੀ ਰਿਹਾਈ ਤੋਂ ਬਿਨਾਂ, ਆਪ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ। ਜਹਾਂਗੀਰ ਨੇ ਗੁਰੂ ਸਾਹਿਬ ਨੂੰ ਸਮਝਾਉਣ ਦੀ ਬੜੀ ਕੋਸ਼ਿਸ਼ ਕੀਤੀ- ਪਰ ਸਭ ਵਿਅਰਥ। ਉਸ ਹਾਰ ਕੇ ਕਹਿ ਦਿੱਤਾ-‘ਜੋ ਤੁਹਾਡਾ ਦਾਮਨ ਪਕੜ ਕੇ ਜਾ ਸਕਦਾ ਹੈ ਚਲਾ ਜਾਵੇ!’ ਇਸ ਤੇ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੁਨੇਹਾ ਭੇਜ ਕੇ, ਇੱਕ ੫੨ ਕਲੀਆਂ ਵਾਲਾ ਚੋਲ਼ਾ ਬਣਵਾਇਆ- ਜਿਸ ਦੀਆਂ ਕੰਨੀਆਂ ਪਕੜ ਕੇ ਸਾਰੇ ਰਾਜੇ ਬਾਹਰ ਆ ਗਏ। ਇਤਿਹਾਸਕਾਰਾਂ ਅਨੁਸਾਰ ਰਿਹਾਈ ਦਾ ਸਮਾਂ ਅਗਸਤ, ੧੬੧੩ ਮੰਨਿਆਂ ਗਿਆ ਹੈ। ਸੋ ਇਸ ਸਾਲ ਦੀ ਦਿਵਾਲੀ, ਗੁਰੂ ਸਾਹਿਬ ਨੇ ਸੰਗਤਾਂ ਨਾਲ ਮਿਲ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਨਾਈ ਤੇ ਦੂਰ ਦੂਰ ਤੋਂ ਸੰਗਤਾਂ ਗੁਰੂ ਸਾਹਿਬ ਦੇ ਦਰਸ਼ਨਾਂ ਨੂੰ ਆਈਆਂ। ਉਸ ਦਿਨ ਸਮੂਹ ਸਿੱਖਾਂ ਨੇ ਆਪੋ ਆਪਣੇ ਘਰਾਂ ਵਿੱਚ ਵੀ ਘਿਓ ਤੇਲ ਦੇ ਦੀਵੇ ਜਗਾਏ। ਉਸ ਦਿਨ ਤੋਂ ਇਹ ਤਿਉਹਾਰ ਦੋਹਾਂ ਕੌਮਾਂ ਵਿੱਚ ਹੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।
ਇਸ ਤਿਉਹਾਰ ਦੇ ਕਈ ਚੰਗੇ ਪੱਖ ਹਨ। ਇਹ ਸਾਨੂੰ- ਸਰਬੱਤ ਦੇ ਭਲੇ ਦਾ ਸੰਦੇਸ਼ ਦੇਣ ਤੋਂ ਇਲਾਵਾ ਲੋੜਵੰਦਾਂ, ਨਿਮਾਣਿਆਂ, ਨਿਤਾਣਿਆਂ ਦੀ ਮਦਦ ਕਰਨ ਦੀ ਪ੍ਰੇਰਨਾ ਵੀ ਦਿੰਦਾ ਹੈ। ਮੌਸਮ ਦੇ ਲਿਹਾਜ ਤੋਂ ਵੀ ਜੇ ਦੇਖਿਆ ਜਾਵੇ, ਤਾਂ ਇਸ ਸਮੇਂ ਤੋਂ ਸਰਦੀ ਦੇ ਮੌਸਮ ਦੀ ਸ਼ੁਰੂਆਤ ਮੰਨੀ ਜਾਂਦੀ ਹੈ ਤੇ ਇਸੇ ਬਹਾਨੇ ਘਰਾਂ ਦੀ ਸਾਫ ਸਫਾਈ ਹੋ ਜਾਂਦੀ ਹੈ- ਰੰਗ ਰੋਗਨ ਕਰਾਏ ਜਾਂਦੇ ਹਨ- ਫਾਲਤੂ ਤੇ ਪੁਰਾਣਾ ਸਮਾਨ ਲੋੜਵੰਦਾਂ ਨੂੰ ਦੇ ਦਿੱਤਾ ਜਾਂਦਾ ਹੈ ਤੇ ਕੁੱਝ ਨਵਾਂ ਖਰੀਦਿਆ ਜਾਂਦਾ ਹੈ- ਤੇ ਉਸ ਵਿੱਚ ਵੱਸਣ ਵਾਲਿਆਂ ਦੇ ਮਨ ਤਰੋਤਾਜ਼ਾ ਹੋ ਕੇ ਨਵੀਂ ਊਰਜਾ ਮਹਿਸੂਸ ਕਰਦੇ ਹਨ। ਸੱਜਣਾਂ ਮਿੱਤਰਾਂ ਤੇ ਰਿਸ਼ਤੇਦਾਰਾਂ ਨੂੰ ਸ਼ੁਭ ਇੱਛਾਵਾਂ ਭੇਜੀਆਂ ਜਾਂਦੀਆਂ ਹਨ- ਜਿਸ ਨਾਲ ਪਿਆਰ ਦੀਆਂ ਗੰਢਾਂ ਪੀਢੀਆਂ ਹੁੰਦੀਆਂ ਹਨ। ਇਸ ਰਾਤ ਜਿੱਥੇ ਘਰਾਂ ਨੂੰ ਰੌਸ਼ਨੀਆਂ ਨਾਲ ਰੁਸ਼ਨਾਇਆ ਜਾਂਦਾ ਹੈ, ਉਥੇ ਗੁਰਦੁਆਰੇ ਤੇ ਮੰਦਰਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਜਾਂਦੀ ਹੈ।
ਸਮੇਂ ਦੇ ਨਾਲ ਨਾਲ, ਇਸ ਤਿਉਹਾਰ ਦੇ ਮਨਾਉਣ ਦੇ ਰੰਗ ਢੰਗ ਵੀ ਬਦਲ ਗਏ ਹਨ। ਅਸੀਂ ਲੋਕ ਇਸ ਦਿਨ ਪਟਾਖਿਆਂ ਤੇ ਹੀ ਲੱਖਾਂ ਕਰੋੜਾਂ ਰੁਪਏ ਫੂਕ ਦਿੰਦੇ ਹਾਂ- ਜਿਸ ਨਾਲ ਹਜ਼ਾਰਾਂ ਗਰੀਬਾਂ ਤੇ ਭੁੱਖਿਆਂ ਦੇ ਪੇਟ ਭਰੇ ਜਾ ਸਕਦੇ ਹਨ। ਦੂਜਾ ਇਸ ਨਾਲ ਪ੍ਰਦੂਸ਼ਣ ਕਿੰਨਾ ਵਧਦਾ ਹੈ- ਸੋਚਿਆ ਕਦੇ? ਸਾਡੇ ਗੁਰੂ ਸਾਹਿਬ ਨੇ ਤਾਂ ਸਾਨੂੰ- ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥ (ਜਪੁਜੀ ਸਾਹਿਬ)॥ ਦਾ ਸੰਦੇਸ਼ ਦਿੱਤਾ ਹੈ- ਪਰ ਅਸੀਂ ਉਸ ਸ਼ੁਧ ਹਵਾ ਨੂੰ ਇੰਨੀ ਕੁ ਗੰਧਲੀ ਕਰ ਦਿੰਦੇ ਹਾਂ ਕਿ ਸਾਹ ਲੈਣਾ ਵੀ ਔਖਾ ਹੋ ਜਾਂਦਾ। ਹੋਰ ਤਾਂ ਹੋਰ ਸਾਡੇ ਗੁਰੂ ਘਰਾਂ ‘ਚ ਵੀ ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਕਈ ਲੋਕ ਦੇਖਾ ਦੇਖੀ ਔਖੇ ਹੋ ਕੇ ਮਹਿੰਗੇ ਗਿਫਟ ਇੱਕ ਦੂਜੇ ਨੂੰ ਦਿੰਦੇ ਹਨ। ਮੇਰਾ ਖਿਆਲ ਹੈ ਕਿ- ਸਾਡੇ ਮੋਹ ਭਿੱਜੇ ਬੋਲ, ਗਿਫਟ ਨਾਲੋਂ ਕਿਤੇ ਵੱਧ ਕੀਮਤੀ ਹੁੰਦੇ ਹਨ। ਸਰਮਾਏਦਾਰਾਂ ਨੇ ਤਾਂ ਇਸ ਦਿਨ ਕਮਾਈ ਕਰਨ ਲਈ, ਤਰ੍ਹਾਂ ਤਰ੍ਹਾਂ ਦੇ ਬਾਜ਼ਾਰ ਲਾਉਣੇ ਹੁੰਦੇ ਹਨ- ਪਰ ਸਾਨੂੰ ਆਪਣੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਰੀਸੋ ਰੀਸੀ ਝੁੱਗਾ ਚੌੜ ਕਰਾ ਲੈਣਾ- ਭਲਾ ਕਿੱਥੋਂ ਦੀ ਸਿਆਣਪ ਹੈ? ਕੁੱਝ ਲੋਕ ਇਸ ਦਿਨ ਸ਼ਰਾਬਾਂ ਪੀਂਦੇ, ਜੂਆ ਖੇਡਦੇ ਤੇ ਹੋਰ ਵੀ ਕਈ ਤਰ੍ਹਾਂ ਦੇ ਨਸ਼ੇ ਕਰਦੇ ਹਨ। ਭਾਈ- ਇਹ ਦਿਨ ਤਾਂ ਸਗੋਂ ਵਿਸ਼ੇ ਵਿਕਾਰ ਛੱਡਣ ਅਤੇ ਹੱਕ ਸੱਚ, ਧਰਮ, ਨਿਆਂ, ਪਰਉਪਕਾਰ ਤੇ ਭਲਾਈ ਕਰਨ ਦਾ ਅਹਿਦ ਲੈਣ ਲਈ ਹੁੰਦਾ ਹੈ।
ਇਸ ਸਾਲ ਦੇ ਹਾਲਾਤ ਪਿਛਲੇ ਸਾਲਾਂ ਤੋਂ ਵੱਖਰੇ ਹਨ। ਕਰੋਨਾ ਦੀ ਮਹਾਂਮਾਰੀ ਕਾਰਨ, ਸਾਨੂੰ ਪੂਰੀ ਸਾਵਧਾਨੀ ਵਰਤਣ ਦੀ ਲੋੜ ਹੈ। ਪਟਾਕਿਆਂ ਦੇ ਚਲਾਉਣ ਤੇ ਪੁਰੀ ਪਾਬੰਦੀ ਲਗਣੀ ਚਾਹੀਦੀ ਹੈ ਹਮੇਸ਼ਾ ਲਈ ਹੀ। ਫਿਰ ਇਸ ਵਾਰ ਤਾਂ ਮਾਸਕ ਪਹਿਨ ਕੇ ਪਹਿਲਾਂ ਹੀ ਸਾਹ ਲੈਣਾ ਔਖਾ ਹੋਇਆ ਪਿਆ ਹੈ- ਉਤੋਂ ਪ੍ਰਦੂਸ਼ਣ ਹੋਰ ਵਧਾਉਣਾ, ਭਲਾ ਕਿੱਥੋਂ ਦੀ ਸਿਆਣਪ ਹੈ? ਇਹ ਸਾਨੂੰ ਆਪ ਹੀ ਸੋਚ ਲੈਣਾ ਚਾਹੀਦਾ। ਦੂਜਾ- ਅਰਥ ਵਿਵਸਥਾ ਦੇ ਡਾਊਨ ਜਾਣ ਨਾਲ ਬਹੁਤੇ ਲੋਕ ਕੰਮਾਂ ਤੋਂ ਹੱਥ ਧੋ ਬੈਠੇ ਹਨ- ਜਿਹਨਾਂ ਦੀ ਸਗੋਂ ਮਦਦ ਕਰਨ ਦੀ ਲੋੜ ਹੈ। ਬਜ਼ਾਰੀ ਮਿਠਾਈਆਂ ਦੇ ਤਾਂ ਮੈਂ ਪਹਿਲਾਂ ਹੀ ਬਰਖਿਲਾਫ ਹਾਂ। ਸਾਡੇ ਘਰ ਵਿੱਚ ਬਹੁਤ ਸਾਲਾਂ ਤੋਂ ਕਦੇ ਵੀ ਕਿਸੇ ਤਿਉਹਾਰ ਤੇ ਮਿਠਾਈ ਨਹੀਂ ਖਰੀਦੀ ਗਈ- ਘਰ ਹੀ ਕੋਈ ਮਿੱਠੀ ਚੀਜ਼ ਬਣਾ ਲਈਦੀ ਹੈ। ਨਕਲੀ ਦੁੱਧ ਤੋਂ ਖੋਆ ਤਿਆਰ ਕਰਕੇ ਬਣਾਈਆਂ ਮਿਠਾਈਆਂ- ਸਾਡੀ ਸਿਹਤ ਦਾ ਕੀ ਹਾਲ ਕਰਨਗੀਆਂ- ਸੋਚਿਆ ਕਦੇ? ਹੁਣ ਤਾਂ ਪਿਛਲੇ 8 ਮਹੀਨਿਆਂ ਤੋਂ ਅਸੀਂ ਬਾਹਰਲੇ ਖਾਣੇ ਤੋਂ ਵੀ ਪੂਰਾ ਪਰਹੇਜ਼ ਰੱਖਿਆ ਹੋਇਆ ਹੈ। ਇਸ ਬੀਮਾਰੀ ਦਾ ਹੁਣ ਦੂਸਰਾ ਦੌਰ ਹੋ ਰਿਹਾ ਹੈ- ਸਾਡੇ ਕੈਨੇਡਾ ਵਿੱਚ ਵੀ ਕੇਸ ਕਾਫੀ ਵਧ ਗਏ ਹਨ। ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ੧੫ ਤੋਂ ਵੱਧ ਬੰਦੇ ਇਕੱਠੇ ਹੋਣ ਤੇ ਮਨਾਹੀ ਹੈ। ਸੋ ਹਾਲਾਤ ਨੂੰ ਦੇਖਦੇ ਹੋਏ, ਸਾਨੂੰ ਆਪੋ ਆਪਣੇ ਘਰਾਂ ਵਿੱਚ ਹੀ, ਆਪਣੀ ਆਸਥਾ ਅਨੁਸਾਰ ਪੂਜਾ ਪਾਠ ਕਰ ਲੈਣਾ, ਬੇਹਤਰ ਰਹੇਗਾ। ਬਾਕੀ ਸ਼ੁਭ ਇੱਛਾਵਾਂ ਤਾਂ ਫੋਨ ਰਾਹੀਂ, ਵਟਸਐਪ ਜਾਂ ਫੇਸਬੁੱਕ ਤੇ ਵੀ ਦਿੱਤੀਆਂ ਜਾ ਸਕਦੀਆਂ ਹਨ- ਕਿਸੇ ਦੇ ਘਰ ਜਾਣ ਦੀ ਲੋੜ ਨਹੀ
ਇਸ ਸਾਲ ਕਾਲੇ ਕਨੂੰਨਾਂ ਦੇ ਪਾਸ ਹੋਣ ਕਾਰਨ, ਕਿਸਾਨੀ ਅੰਦੋਲਨ ਵੀ ਚਲ ਰਿਹਾ ਹੈ। ਸਾਰੀ ਦੁਨੀਆਂ ਦਾ ਢਿੱਡ ਭਰਨ ਵਾਲਾ, ਅੱਜ ਆਪਣੀ ਹੋਂਦ ਲਈ ਜੂਝ ਰਿਹਾ ਹੈ। ਸਾਨੂੰ ਸਭ ਨੂੰ ਉਸ ਦਾ ਸਾਥ ਦੇਣ ਦੀ ਜਰੂਰਤ ਹੈ। ਇਹਨਾਂ ਦੇ ਲਾਗੂ ਹੋਣ ਨਾਲ ਕਿਸਾਨ ਹੀ ਨਹੀਂ ਸਗੋਂ ਹਰ ਵਰਗ ਦਾ ਆਮ ਨਾਗਰਿਕ ਪ੍ਰਭਾਵਤ ਹੋਏਗਾ। ਇਸ ਵਿੱਚ ਲਾਭ ਕੇਵਲ ਪੂੰਜੀਪਤੀਆਂ ਤੇ ਸਰਮਾਏਦਾਰਾਂ ਨੂੰ ਹੀ ਹੋਣਾ ਹੈ। ਇਸੇ ਕਾਰਨ ਕਿਸਾਨ ਤੇ ਕਿਰਤੀ ਜਥੇਬੰਦੀਆਂ ਵਲੋਂ ਕਾਲੀ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ ਹੈ। ਕਾਸ਼! ਇਹ ਕਾਲੇ ਕਨੂੰਨ ਬਨਾਉਣ ਵਾਲਿਆਂ ਨੂੰ ਕਿਤੇ ਸੋਝੀ ਆ ਜਾਏ- ਤੇ ਸਾਡੇ ਕਿਸਾਨ ਤੇ ਆਮ ਲੋਕਾਂ ਦੇ ਘਰ ਵੀ ਖੁਸ਼ਹਾਲੀ ਦੇ ਦੀਪਕ ਜਗਣ ਤੇ ਉਹ ਚੜ੍ਹਦੀ ਕਲਾ ‘ਚ ਰਹਿ ਕੇ ਦੇਸ਼ ਦੀ ਤਰੱਕੀ ‘ਚ ਸਹਾਈ ਹੋ ਸਕਣ!
ਸੋ ਅੱਜ ਦੇ ਦਿਨ, ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੋਈ, ਆਪ ਸਭ ਨੂੰ ਆਪੋ ਆਪਣੇ ਘਰਾਂ ‘ਚ ਬੈਠ ਕੇ, ਪ੍ਰਦੂਸ਼ਣ ਰਹਿਤ ਹਰੀ ਦੀਵਾਲੀ, ਮਨਾਉਣ ਦੀ ਅਪੀਲ ਕਰਦੀ ਹਾਂ। ਸਾਥੀਓ- ਇਸ ਦਿਨ ਆਪਣੇ ਘਰਾਂ ਨੂੰ ਸਜਾਉਣ ਨਾਲੋਂ, ਕਿਤੇ ਵੱਧ ਲੋੜ ਹੈ ਆਪਣੇ ਮਨਾਂ ਨੂੰ ਰੁਸ਼ਨਾਉਣ ਦੀ! ਆਓ ਆਪਣੇ ਮਨਾਂ ਵਿਚੋਂ ਅਗਿਆਨਤਾ ਦੇ ਹਨ੍ਹੇਰੇ ਨੂੰ ਦੂਰ ਕਰਕੇ, ਗੁਰਬਾਣੀ ਅਨੁਸਾਰ- ਆਪਣੇ ਅੰਦਰ ਗਿਆਨ ਦਾ ਪ੍ਰਕਾਸ਼ ਕਰਨ ਦੀ ਕੋਸ਼ਿਸ਼ ਕਰੀਏ- ਸ਼ਬਦ ਗੁਰੂ ਅਤੇ ਸ਼ਬਦਾਂ ਰਾਹੀਂ ਚਾਨਣ ਕਰਨ ਵਾਲੀਆਂ ਪੁਸਤਕਾਂ ਨਾਲ ਸਾਂਝ ਪਾਈਏ-
ਦੀਵਾ ਬਲੈ ਅੰਧੇਰਾ ਜਾਇ॥ ਬੇਦ ਪਾਠ ਮਤਿ ਪਾਪਾ ਖਾਇ॥
ਉਗਵੈ ਸੂਰੁ ਨ ਜਾਪੈ ਚੰਦੁ॥ ਜਹ ਗਿਆਨ ਪਰਗਾਸੁ ਅਗਿਆਨੁ ਮਿਟੰਤੁ॥ (ਅੰਗ ੭੯੧)॥

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin