ਭਾਰਤ ਦੀ ਜੰਗੇ ਅਜ਼ਾਦੀ ਦੀ ਲੜਾਈ ਦੇ ਵਿੱਚ ਫਾਂਸੀ ਦਾ ਰੱਸਾ ਆਪਣੇ ਗਲ ਵਿੱਚ ਪਾਉਣ ਵਾਲੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਸ਼ਹੀਦ ਭਗਤ ਸਿੰਘ ਦੀ ਜਨਮ ਦਿਨ ਅੱਜ ਪੂਰੀ ਦੁਨੀਂਆਂ ਦੇ ਵਿੱਚ ਮਨਾਇਆ ਜਾ ਰਿਹਾ ਹੈ। ਸ਼ਹੀਦ ਭਗਤ ਸਿੰਘ ਦਾ ਜਨਮ 1907 ਵਿੱਚ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਤਹਿਸੀਲ ਜਰਨਵਾਲਾ ਦੇ ਬੰਗਾ ਚੱਕ 105 ਜੀ ਵਿੱਚ ਹੋਇਆ ਸੀ। ਅੱਜ ਵੀ ਇਸ ਇਲਾਕੇ ਦੇ ਵੱਡੇ-ਵਡੇਰੇ ਆਪਣੇ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੀਆਂ ਕਹਾਣੀਆਂ ਸੁਣਾਉਂਦੇ ਹਨ। ਲਾਹੌਰ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਲ ਸਬੰਧਤ ਥਾਵਾਂ ‘ਤੇ ਉਹਨਾਂ ਦੀ 114ਵੀਂ ਜਨਮ ਸ਼ਤਾਬਦੀ ਮਨਾਈ ਜਾ ਰਹੀ ਹੈ। ਲਾਹੌਰ ਉਹ ਜਗ੍ਹਾ ਹੈ ਜਿੱਥੇ ਭਗਤ ਸਿੰਘ ਨੇ ਪੜ੍ਹਾਈ ਕੀਤੀ ਅਤੇ ਭਾਰਤ ਦੀ ਆਜ਼ਾਦੀ ਲਈ ਫਾਂਸੀ ਦਾ ਰੱਸਾ ਚੁੰਮਿਆ। ਇੱਥੋਂ ਦਾ ਮਾਹੌਲ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੈ ਅਤੇ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਨਿਆਂ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਨੀ ਸਿਖਾਈ ਹੈ।
ਲਾਹੌਰ ਦਾ ਬ੍ਰੇਡਲੋਫ ਹਾਲ, ਇਸਲਾਮੀਆ ਕਾਲਜ, ਫਵਾਰਾ ਚੌਕ ਅਤੇ ਕੇਂਦਰੀ ਜੇਲ੍ਹ ਸਮੇਤ ਇਥੋਂ ਦੀਆਂ ਇਮਾਰਤਾਂ, ਕਿਤਾਬਾਂ, ਦਸਤਾਵੇਜ਼ਾਂ ਅਤੇ ਇੱਥੋਂ ਦੇ ਲੋਕਾਂ ਦੇ ਦਿਲਾਂ ਵਿੱਚ ਸ਼ਹੀਦ ਭਗਤ ਸਿੰਘ ਦੀਆਂ ਯਾਦਾਂ ਉੱਕਰੀਆਂ ਹੋਈਆਂ ਹਨ। ਲਾਹੌਰ ਉਹ ਸ਼ਹਿਰ ਹੈ ਜਿਸ ਦੇ ਵਿੱਚ ਹੀ ਭਗਤ ਸਿੰਘ ਨੇ ਬ੍ਰਿਟਿਸ਼ ਅਧਿਕਾਰੀ ਜੌਹਨ ਸੈਂਡਰਸ ‘ਤੇ ਗੋਲੀ ਚਲਾਈ ਸੀ। ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੂੰ ਕੇਂਦਰੀ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ। ਜੇਲ੍ਹ ਦੀ ਜਗ੍ਹਾ ਸ਼ਾਦਮਾਨ ਚੌਕ ਨੇ ਲੈ ਲਈ ਹੈ ਜਿਸ ਨੂੰ ਭਗਤ ਸਿੰਘ ਚੌਕ ਵੀ ਕਿਹਾ ਜਾਂਦਾ ਹੈ। ਭਗਤ ਸਿੰਘ ਅਤੇ ਉਸਦੇ ਦੋਸਤਾਂ ਨੇ ਕਸ਼ਮੀਰ ਬਿਲਡਿੰਗ ਕੰਪਲੈਕਸ ਦੇ ਕਮਰਾ ਨੰਬਰ 69 ਵਿੱਚ ਸ਼ਹਿਰ ਦੀ ਪਹਿਲੀ ਬੰਬ ਫੈਕਟਰੀ ਬਣਾਈ ਸੀ। ਬਾਅਦ ਵਿੱਚ ਇਸ ਇਮਾਰਤ ਨੂੰ ਹੋਟਲ ਵਿੱਚ ਬਦਲ ਦਿੱਤਾ ਗਿਆ। 1988 ਵਿੱਚ ਇਸ ਜਗ੍ਹਾ ‘ਤੇ ਇੱਕ ਸ਼ਾਪਿੰਗ ਪਲਾਜ਼ਾ ਬਣਾ ਦਿੱਤਾ ਗਿਆ ਸੀ।
ਭਗਤ ਸਿੰਘ ਨਾਲ ਸਬੰਧਤ ਕਿਤਾਬਾਂ ਅਤੇ ਪੱਤਰ ਇਥੋਂ ਦੇ ਪੁਰਾਤਨ ਲੇਖ ਵਿਭਾਗ ਵਿੱਚ ਅੱਜ ਵੀ ਸੁਰੱਖਿਅਤ ਹਨ। ਇੱਥੇ 1919 ਵਿੱਚ ਭਗਤ ਸਿੰਘ ਉੱਤੇ ਦਰਜ ਐਫ ਆਈ ਆਰ, ਪੋਸਟ ਮਾਰਟਮ ਰਿਪੋਰਟ ਦੇ ਕਾਗਜ਼ ਅਤੇ ਉਨ੍ਹਾਂ ਦੁਆਰਾ ਲਿਖੇ ਪੱਤਰ ਮੌਜੂਦ ਹਨ। ਇੱਕ ਚਿੱਠੀ ਹੈ ਜਿਸ ਵਿੱਚ ਭਗਤ ਸਿੰਘ ਨੇ ਜੇਲਰ ਤੋਂ ਮੀਆਂਵਾਲੀ ਨੂੰ ਲਾਹੌਰ ਜੇਲ੍ਹ ਭੇਜਣ ਦੀ ਮੰਗ ਕੀਤੀ ਸੀ। ਕੱਝ ਕਿਤਾਬਾਂ ਜਿਵੇਂ ‘ਬੇਜ਼ੁਬਾਨ ਦੋਸਤ’, ‘ਗੰਗਾ ਦਾਸ ਡਾਕੂ’ ਵੀ ਹਨ ਜਿਹਨਾਂ ਨੂੰ ਭਗਤ ਸਿੰਘ ਜੇਲ੍ਹ ਵਿੱਚ ਪੜ੍ਹਦਾ ਹੁੰਦਾ ਸੀ। ਭਗਤ ਸਿੰਘ ਵੱਲੋਂ ਜੇਲ੍ਹ ਤੋਂ ਆਪਣੇ ਭਰਾ ਨੂੰ ਲਿਖੇ ਆਖ਼ਰੀ ਪੱਤਰ ਦੀਆਂ ਇਹ ਸਤਰਾਂ ਅੱਜ ਵੀ ਉਥੇ ਮੌਜੂਦ ਹਨ:
“ਹਵਾ ਮੇਂ ਰਹੇਗੀ ਮੇਰੇ ਖਿਆਲ ਕੀ ਬਿਜਲੀ,
ਯੇ ਮੁਸ਼ਤੇ-ਖਾਕ ਹੈ ਫਾਨੀ ਰਹੇ ਨਾ ਰਹੇ . . . ।
ਯਾਨੀ ਇਹ ਜ਼ਿੰਦਗੀ ਖ਼ਤਮ ਹੋ ਜਾਵੇਗੀ, ਪਰ ਮੇਰੇ ਵਿਚਾਰ ਜ਼ਿਦਾ ਰਹਿਣਗੇ।
ਪੁਰਾਤਨ ਲੇਖ ਵਿਭਾਗ ਦੇ ਸਕੱਤਰ ਤਾਹਿਰ ਯੂਸੁਫ਼ ਕਹਿੰਦੇ ਹਨ, “ਭਗਤ ਸਿੰਘ ਉਨ੍ਹਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੇ ਕਾਰਨ ਅਸੀਂ ਖੁੱਲ੍ਹੇ ਅਸਮਾਨ ਵਿੱਚ ਸਾਹ ਲੈ ਰਹੇ ਹਾਂ।