ਚੰਡੀਗੜ੍ਹ – ਪੰਜਾਬ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਖ-ਮੰਤਰੀ ਦੀ ਕੁਰਸੀ ਸੰਭਾਲ ਲਈ ਹੈ। ਉਹ ਖਟਕੜ ਕਲਾਂ ਵਿਖੇ ਸਹੁੰ ਚੁੱਕਣ ਤੋਂ ਕੁੱਝ ਘੰਟੇ ਬਾਅਦ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਪੁੱਜੇ। ਇੱਥੇ ਪੰਜਾਬ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਪੁਲੀਸ ਦੀ ਟੁਕੜੀ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ। ਇਸ ਦੌਰਾਨ ਅੰਮ੍ਰਿਤਸਰ ਦੱਖਣੀ ਤੋਂ ‘ਆਪ’ ਵਿਧਾਇਕ ਡਾ: ਇੰਦਰਬੀਰ ਸਿੰਘ ਨਿੱਝਰ ਨੂੰ ਆਰਜ਼ੀ ਸਪੀਕਰ ਬਣਾਇਆ ਗਿਆ ਹੈ ਰਾਜਭਵਨ ਦੇ ਵਿੱਚ ਰਾਜਪਾਲ ਦੇ ਵਲੋਂ ਉਹਨਾਂ ਨੂੰ ਸਹੁੰ ਚੁਕਾਈ ਗਈ।
ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੈਸ਼ਨ ਦੇ ਪਹਿਲੇ ਦਿਨ 117 ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਸੈਸ਼ਨ ਕਾਰਨ ਪੰਜਾਬ ਦੇ ਸਾਰੇ ਸੀਨੀਅਰ ਅਧਿਕਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਅਧਿਕਾਰੀਆਂ ਨੂੰ ਕਿਸੇ ਵੀ ਕੀਮਤ ‘ਤੇ ਹਾਜ਼ਰ ਰਹਿਣ ਲਈ ਕਿਹਾ ਗਿਆ ਹੈ ਤਾਂ ਜੋ ਲੋੜ ਪੈਣ ‘ਤੇ ਕੰਮ ‘ਤੇ ਤੁਰੰਤ ਹਾਜ਼ਰ ਹੋ ਸਕਣ। ਸਰਕਾਰ ਨੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਹੈ ਕਿ ਜੇਕਰ ਕਿਸੇ ਨੂੰ ਐਮਰਜੈਂਸੀ ਦੀ ਸਥਿਤੀ ਵਿੱਚ ਛੁੱਟੀ ‘ਤੇ ਜਾਣਾ ਪੈਂਦਾ ਹੈ, ਤਾਂ ਉਸ ਦੇ ਸਥਾਨ ‘ਤੇ ਕੰਮ ਲਈ ਯੋਗ ਪ੍ਰਬੰਧ ਕੀਤੇ ਜਾਣ। ਪੰਜਾਬ ਵਿਧਾਨ ਸਭਾ ਦਾ ਸੈਸ਼ਨ 3 ਦਿਨ ਚੱਲੇਗਾ। ਅੱਜ ਸਹੁੰ ਚੁੱਕਣ ਤੋਂ ਬਾਅਦ ਅਗਲੇ 3 ਦਿਨ ਛੁੱਟੀ ਰਹੇਗੀ। ਇਸ ਤੋਂ ਬਾਅਦ 21 ਮਾਰਚ ਨੂੰ ਸਪੀਕਰ ਦੀ ਚੋਣ ਹੋਵੇਗੀ। ਰਾਜਪਾਲ ਬੀਐਲ ਪੁਰੋਹਿਤ ਉਸੇ ਦਿਨ ਸੰਬੋਧਨ ਕਰਨਗੇ। 22 ਮਾਰਚ ਨੂੰ ਰਾਜਪਾਲ ਦੇ ਭਾਸ਼ਣ ‘ਤੇ ਬਹਿਸ ਦਾ ਪ੍ਰਸਤਾਵ ਹੋਵੇਗਾ। ਇਸ ਦਿਨ ਮਾਨ ਸਰਕਾਰ ਦੇ ਵਿੱਤ ਮੰਤਰੀ 3 ਮਹੀਨਿਆਂ ਲਈ ਵੋਟ ਆਨ ਅਕਾਊਂਟ ਪੇਸ਼ ਕਰਨਗੇ।
ਪਹਿਲੀ ਵਾਰ ਮਹਿਲਾ ਸਪੀਕਰ ਸੰਭਵ
ਪੰਜਾਬ ਵਿਧਾਨ ਸਭਾ ਨੂੰ ਮਿਲ ਸਕਦੀ ਹੈ ਪਹਿਲੀ ਮਹਿਲਾ ਸਪੀਕਰ ਇਸ ਦੇ ਲਈ ਜਗਰਾਉਂ ਤੋਂ ਦੂਜੀ ਵਾਰ ਵਿਧਾਇਕ ਚੁਣੀ ਗਈ ਸਰਵਜੀਤ ਕੌਰ ਮਾਣੂੰਕੇ ਦਾ ਨਾਂ ਸਭ ਤੋਂ ਅੱਗੇ ਹੈ। ਉਨ੍ਹਾਂ ਤੋਂ ਇਲਾਵਾ ਤਲਵੰਡੀ ਸਾਬੋ ਤੋਂ ਦੂਜੀ ਵਾਰ ਵਿਧਾਇਕ ਬਣੇ ਪ੍ਰੋ. ਬਲਜਿੰਦਰ ਕੌਰ ਦਾ ਨਾਂ ਵੀ ਇਸ ਦੌੜ ਵਿੱਚ ਸ਼ਾਮਲ ਹੈ। ਇਸ ਸਮੇਂ ਸਹੁੰ ਚੁੱਕਣ ਲਈ ਸੀਨੀਅਰ ਵਿਧਾਇਕ ਡਾ: ਇੰਦਰਬੀਰ ਨਿੱਝਰ ਨੂੰ ਪ੍ਰੋ-ਟੈਮ ਸਪੀਕਰ ਬਣਾਇਆ ਗਿਆ ਹੈ।
ਭਾਜਪਾ ਵਿਰੋਧੀਆਂ ਨੂੰ ਨਹੀਂ ਬੁਲਾਇਆ
ਦੇਸ਼ ਦੀ ਕੌਮੀ ਰਾਜਨੀਤੀ ਵਿੱਚ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਆਮ ਆਦਮੀ ਪਾਰਟੀ (ਆਪ) ਭਾਜਪਾ ਵਿਰੋਧੀ ਪਾਰਟੀਆਂ ਨੂੰ ਬੈਸਾਖੀਆਂ ਨਹੀਂ ਬਣਾਏਗੀ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਣਨੀਤੀ ਭਾਜਪਾ ਅਤੇ ਕਾਂਗਰਸ ਨੂੰ ਟੱਕਰ ਦੇਣ ਲਈ ਛੋਟੀਆਂ ਪਾਰਟੀਆਂ ਦਾ ਤੀਜਾ ਮੋਰਚਾ ਬਣਾਉਣ ਦੇ ਹੱਕ ਵਿੱਚ ਨਹੀਂ ਹੈ। ਕੇਜਰੀਵਾਲ ਨੇ ਪੰਜਾਬ ਦੀ ਧਰਤੀ ਤੋਂ ਸਪੱਸ਼ਟ ਕੀਤਾ ਕਿ ਉਹ ‘ਇਕੱਲਾ ਚੱਲੋ’ ਦੀ ਰਣਨੀਤੀ ‘ਤੇ ਚੱਲਦਿਆਂ 2024 ਦੀਆਂ ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਟੱਕਰ ਦੇਣਾ ਚਾਹੁੰਦੇ ਹਨ। ਦਿੱਲੀ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਵੀ ਆਪਣੇ ਦਮ ‘ਤੇ ਪੂਰੇ ਬਹੁਮਤ ਨਾਲ ਸਰਕਾਰ ਬਣਾਈ ਹੈ। ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਚਰਚਾ ਸੀ ਕਿ ਅਰਵਿੰਦ ਕੇਜਰੀਵਾਲ ਇਸ ਪ੍ਰੋਗਰਾਮ ਵਿੱਚ ਭਾਜਪਾ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਬੁਲਾ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰ ਸਕਦੇ ਹਨ। ਪੱਛਮੀ ਬੰਗਾਲ ਦੀ ਸੀਐਮ ਮਮਤਾ ਬੈਨਰਜੀ ਦੇ ਆਉਣ ਦੀ ਵੀ ਚਰਚਾ ਸੀ ਪਰ ਅਜਿਹਾ ਕੁਝ ਨਹੀਂ ਹੋਇਆ। ਅਸਲ ਵਿੱਚ ‘ਆਪ’ ਨੇ ਇਸ ਪ੍ਰੋਗਰਾਮ ਲਈ ਕਿਸੇ ਹੋਰ ਪਾਰਟੀ ਜਾਂ ਆਗੂ ਨੂੰ ਸੱਦਾ ਨਹੀਂ ਦਿੱਤਾ ਸੀ।
ਦੋਵੇਂ ਬੱਚੇ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ
ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਦਾ ਹੌਸਲਾ ਵਧਾਉਣ ਲਈ ਬੁੱਧਵਾਰ ਨੂੰ ਉਨ੍ਹਾਂ ਦੇ ਦੋਵੇਂ ਬੱਚੇ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ। ਭਗਵੰਤ ਦਾ ਬੇਟਾ ਦਿਲਸ਼ਾਨ ਅਤੇ ਬੇਟੀ ਸੀਰਤ ਕੌਰ ਆਪਣੀ ਮਾਂ ਇੰਦਰਪ੍ਰੀਤ ਕੌਰ ਨਾਲ ਅਮਰੀਕਾ ਵਿੱਚ ਰਹਿੰਦੇ ਹਨ। ਇਸ ਵਾਰ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਹੀ ਨਜ਼ਰ ਆਈਆਂ। ਧੂਰੀ ਵਿੱਚ ਭਗਵੰਤ ਮਾਨ ਦੇ ਪ੍ਰਚਾਰ ਦੀ ਕਮਾਨ ਇੱਕ ਤਰ੍ਹਾਂ ਨਾਲ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਨੇ ਸੰਭਾਲੀ ਹੋਈ ਸੀ।
ਭਗਵੰਤ ਮਾਨ, ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਨੌਜਵਾਨ ਮੁੱਖ-ਮੰਤਰੀ ਬਣੇ
ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ। ਪੰਜਾਬ ਚ ਪੂਰਨ ਬਹੁਮਤ ਹਾਸਿਲ ਕਰਣ ਵਾਲੀ ਆਮ ਆਦਮੀ ਪਾਰਟੀ ਨੇ ਨਵੇਂ ਰਿਕਾਰਡ ਕਾਇਮ ਕੀਤੇ ਹਨ ਇਸ ਦੇ ਨਾਲ ਹੀ ਪੰਜਾਬ ਦੇ ਸੀਐੱਮ ਵੀ ਇਸ ਰਿਕਾਰਡ ਸੂਚੀ ‘ਚ ਸ਼ਾਮਿਲ ਹਨ। ਅੱਜ ਤੋਂ ਪੰਜਾਬ ਦੀ ਜਿੰਮੇਵਾਰੀ ਪੰਜਾਬ ਦੇ 19ਵੇਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੀ ਹੈ। ਕਾਰਜਕਾਲ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਭਗਵੰਤ ਮਾਨ ਪੰਜਾਬ ਦੇ 26ਵੇ ਮੁੱਖਮੰਤਰੀ ਹਨ।
ਭਗਵੰਤ ਮਾਨ ਪੰਜਾਬ ਦੇ ਦੂਜੇ ਸਭ ਤੋਂ ਯੁਵਾ ਮੁੱਖ ਮੰਤਰੀ ਬਣੇ ਹਨ। ਆਮ ਆਦਮੀ ਪਾਰਟੀ (ਆਪ) ਦੇ ਆਗੂ ਭਗਵੰਤ ਮਾਨ 49 ਸਾਲ ਦੀ ਉਮਰ ‘ਚ ਸੀਐੱਮ ਬਣੇ ਹਨ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਕਾਸ਼ ਸਿੰਘ ਬਾਦਲ 1970 ਵਿੱਚ 43 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਬਣੇ ਸਨ। ਸਾਬਕਾ ਮੁੱਖ ਮੰਤਰੀ ਵਜੋਂ 2 ਸੀਟਾਂ ਤੋਂ ਚੋਣ ਹਾਰਨ ਵਾਲੇ ਚਰਨਜੀਤ ਚੰਨੀ 58 ਸਾਲ ਦੀ ਉਮਰ ਵਿੱਚ ਮੁੱਖ ਮੰਤਰੀ ਬਣੇ ਸਨ । ਇਸ ਦੇ ਨਾਲ ਹੀ 2002 ‘ਚ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਦੀ ਉਮਰ 60 ਸਾਲ ਸੀ।
ਪ੍ਰਕਾਸ਼ ਸਿੰਘ ਬਾਦਲ ਸਭ ਤੋਂ ਲੰਬਾ ਸਮਾਂ ਪੰਜਾਬ ਦੇ ਮੁੱਖ ਮੰਤਰੀ ਰਹੇ ਹਨ। ਬਾਦਲ 18 ਸਾਲ ਮੁੱਖ ਮੰਤਰੀ ਰਹੇ। ਬਾਦਲ 5 ਵਾਰ ਮੁੱਖ ਮੰਤਰੀ ਬਣੇ। ਕੈਪਟਨ ਅਮਰਿੰਦਰ ਸਿੰਘ ਸਭ ਤੋਂ ਲੰਬੇ ਸਮੇਂ ਤੱਕ ਮੁੱਖ ਮੰਤਰੀ ਰਹਿਣ ਵਾਲੇ ਦੂਜੇ ਨੰਬਰ ‘ਤੇ ਹਨ। ਉਹ ਕੁੱਲ 9 ਸਾਲ 200 ਦਿਨ ਮੁੱਖ ਮੰਤਰੀ ਦੇ ਅਹੁਦੇ ‘ਤੇ ਰਹੇ। 2002 ਤੋਂ 2005 ਤੱਕ ਉਹ 5 ਸਾਲ 14 ਦਿਨ ਅਤੇ ਦੂਜੀ ਵਾਰ 2017 ਵਿੱਚ 4 ਸਾਲ 186 ਦਿਨ ਸਰਕਾਰ ਆਉਣ ‘ਤੇ ਮੁੱਖ ਮੰਤਰੀ ਦੀ ਕੁਰਸੀ ‘ਤੇ ਰਹੇ।
ਭਗਵੰਤ ਮਾਨ ਵਲੋਂ ਨਿਮਰ ਰਹਿਣ ਦੀ ਅਪੀਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਨਿਮਰ ਰਹਿਣ ਦੀ ਅਪੀਲ ਕੀਤੀ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਪੰਜਾਬ ਦੇ ਹਰੇਕ ਨਾਗਰਿਕ ਦੀ ਸਰਕਾਰ ਹੈ ਅਤੇ ਮੁੱਖ ਮੰਤਰੀ ਹਮੇਸ਼ਾ ਸਾਰਿਆਂ ਦਾ ਹੁੰਦਾ ਹੈ। ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਇੱਥੇ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਅਜਾਇਬ ਘਰ ਤੇ ਯਾਦਗਾਰ ਵਿਖੇ ਮਹਾਨ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਗਏ ਇਸ ਵੱਡੇ ਫਤਵੇ ਤੋਂ ਬਹੁਤ ਖੁਸ਼ ਹਨ। ਉਹਨਾਂ ਕਿਹਾ ਕਿ ਸਾਨੂੰ ਹੁਣ ਵਧੇਰੇ ਜ਼ਿੰਮੇਵਾਰ ਬਣਨਾ ਚਾਹੀਦਾ ਹੈ ਅਤੇ ਹੰਕਾਰੀ ਨਹੀਂ ਹੋਣਾ ਚਾਹੀਦਾ ਕਿਉਂਕਿ ‘ਹੰਕਾਰ ਦਾ ਸਿਰ ਹਮੇਸ਼ਾ ਨੀਵਾਂ ਹੁੰਦਾ ਹੈ’। ਉਨਾਂ ਕਿਹਾ ਕਿ ਪਹਿਲੀ ਵਾਰ ਕੋਈ ਮੁੱਖ ਮੰਤਰੀ ਸ਼ਹੀਦਾਂ ਦੀ ਧਰਤੀ ਤੋਂ ਸਹੁੰ ਚੁੱਕ ਰਿਹਾ ਹੈ ਕਿਉਂਕਿ ਪਹਿਲਾਂ ਸਟੇਡੀਅਮ ਅਤੇ ਮਹਿਲਾਂ ਤੋਂ ਹਲਫ ਸਮਾਰੋਹ ਹੁੰਦੇ ਸਨ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਲੋਕਾਂ ਨੇ ਬਿਨਾਂ ਕਿਸੇ ਸਵਾਰਥ ਜਾਂ ਲਾਲਚ ਦੇ ਨਿਡਰ ਹੋ ਕੇ ‘ਆਪ‘ ਨੂੰ ਵੋਟ ਦਿੱਤੀ ਹੈ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਸਾਨੂੰ ਹੁਣ ਸੱਚਮੁੱਚ ਆਜਾਦੀ ਮਿਲ ਗਈ ਹੈ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਬੀਤੇ 70 ਸਾਲਾਂ ਦੌਰਾਨ ਸ਼ਹੀਦ-ਏ-ਆਜਮ ਭਗਤ ਸਿੰਘ ਵਰਗੇ ਸਾਡੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਅੱਖੋਂ ਪਰੋਖੇ ਕੀਤਾ। ਉਨਾਂ ਕਿਹਾ ਕਿ 20 ਫਰਵਰੀ, 2022 ਦਾ ਦਿਨ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਲੋਕਾਂ ਨੇ ਬਿਨਾਂ ਕਿਸੇ ਪ੍ਰਭਾਵ ਅਤੇ ਜਬਰ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ, ਜਿਸ ਦਾ ਨਤੀਜਾ 10 ਮਾਰਚ, 2022 ਨੂੰ ਐਲਾਨਿਆ ਗਿਆ ਅਤੇ ਇਸ ਤਰਾਂ ਮਹਾਨ ਸ਼ਹੀਦ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਦਾ ਰਾਹ ਪੱਧਰਾ ਹੋਇਆ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਨਾਂ ਦੀ ਸਰਕਾਰ ਅੱਜ ਤੋਂ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗੀ ਅਤੇ ਇੱਕ ਵੀ ਦਿਨ ਬਰਬਾਦ ਨਹੀਂ ਹੋਵੇਗਾ ਕਿਉਂਕਿ ਪੰਜਾਬ ਵਿੱਚ ਤਬਦੀਲੀ ਲਿਆਉਣ ਲਈ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਿੱਚ ਪਹਿਲਾਂ ਹੀ ਬਹੁਤ ਦੇਰ ਹੋ ਚੁੱਕੀ ਹੈ। ਉਨਾਂ ਕਿਹਾ ਕਿ ‘ਆਪ’ ਸਰਕਾਰ ਅਤਿ-ਆਧੁਨਿਕ ਸਕੂਲ ਅਤੇ ਹਸਪਤਾਲ ਸਥਾਪਤ ਕਰਕੇ ਵਧੀਆ ਸਿੱਖਿਆ ਅਤੇ ਸਿਹਤ ਸੰਭਾਲ ਬੁਨਿਆਦੀ ਢਾਂਚਾ ਮੁਹੱਈਆ ਕਰਵਾਏਗੀ, ਜਿਸ ਦੀ ਸਾਰਿਆਂ ਵੱਲੋਂ ਸ਼ਲਾਘਾ ਕੀਤੀ ਜਾਵੇਗੀ। ਭਗਵੰਤ ਮਾਨ ਨੇ ਕਿਹਾ, “ਇਹ ਸੱਚਮੁੱਚ ਬਹੁਤ ਤਰਸਯੋਗ ਹੈ ਕਿ ਪੰਜਾਬ ਵਰਗੇ ਅਗਾਂਹਵਧੂ ਸੂਬੇ ਦੇ ਨੌਜਵਾਨ ਰੋਜ਼ੀ ਰੋਟੀ ਦੀ ਭਾਲ ਵਿੱਚ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ। ਸਾਡੀ ਸਰਕਾਰ ਸਾਫ-ਸੁਥਰਾ, ਪਾਰਦਰਸ਼ੀ ਅਤੇ ਵਧੀਆ ਸ਼ਾਸਨ ਪ੍ਰਦਾਨ ਕਰਨ ਲਈ ਭ੍ਰਿਸ਼ਟਾਚਾਰ ਅਤੇ ਹੋਰ ਕੁਰੀਤੀਆਂ ਦੇ ਖਾਤਮੇ ਦੇ ਨਾਲ-ਨਾਲ ਰੋਜ਼ਗਾਰ ਦੇ ਵਧੀਆ ਮੌਕੇ ਪ੍ਰਦਾਨ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ।” ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਅਜਿਹੀਆਂ ਲੋਕ ਪੱਖੀ ਪਹਿਲਕਦਮੀਆਂ ਨਵੀਂ ਚੁਣੀ ਗਈ ਸਰਕਾਰ ਪ੍ਰਤੀ ਲੋਕਾਂ ਵਿੱਚ ਵਿਸ਼ਵਾਸ ਅਤੇ ਭਰੋਸਾ ਪੈਦਾ ਕਰਨਗੀਆਂ। ਉਹਨਾਂ ਕਿਹਾ ਕਿ ਸੂਬੇ ਵਿਚ ਤਾਣੀ ਬਹੁਤ ਉਲਝੀ ਹੋਈ ਸੀ ਪਰ ਇਸ ਨੂੰ ਸੂਬੇ ਦੇ ਵਡੇਰੇ ਹਿੱਤ ਵਿੱਚ ਲੋਕਾਂ ਦੇ ਪੂਰਨ ਸਹਿਯੋਗ ਨਾਲ ਜਲਦੀ ਹੀ ਹੱਲ ਕਰ ਲਿਆ ਜਾਵੇਗਾ।
ਕੇਜਰੀਵਾਲ ਦੀ ਸ਼ਲਾਘਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਰਵਾਇਤੀ ਪਾਰਟੀਆਂ ਤੋਂ ਬਿਲਕੁਲ ਵੱਖਰੀ ਪਾਰਟੀ ਬਣਾਉਣ ਦੇ ਸ਼ਾਨਦਾਰ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੇ (ਕੇਜਰੀਵਾਲ) ਭਾਰਤ ਦੀ ਰਾਜਨੀਤੀ ਵਿੱਚ ਵਿਆਪਕ ਸੁਧਾਰ ਲਿਆਉਣ ਦੇ ਇੱਕੋ-ਇੱਕ ਮਿਸ਼ਨ ਨਾਲ 20 ਦਿਨ ਅੰਨ ਪਾਣੀ ਵੀ ਤਿਆਗਿਆ। ਉਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਆਮ ਆਦਮੀ ਪਾਰਟੀ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਖਟਕੜ ਕਲਾਂ ਵਿਖੇ ਆਇਆ ਲੋਕਾਂ ਦਾ ਹੜ
ਪੰਜਾਬ ਦੇ ਹਰ ਕੋਨੇ ਤੋਂ ਲੱਖਾਂ ਲੋਕ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਜੱਦੀ ਪਿੰਡ ਵਿਖੇ ਨਵੇਂ ਚੁਣੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਹੁੰਮ-ਹੁੰਮਾ ਕੇ ਪਹੁੰਚੇ। ਖਟਕੜ ਕਲਾਂ ਦੀ ਪਵਿੱਤਰ ਧਰਤੀ ਉੱਤੇ ਬਸੰਤੀ ਪੱਗਾਂ ਅਤੇ ਦੁਪੱਟੇ ਸਜਾ ਕੇ ਪਹੁੰਚੇ ਪੰਜਾਬੀਆਂ ਨਾਲ ਮੁੱਖ ਪੰਡਾਲ ਅਤੇ ਸਮੁੱਚੀ ਫਿਜਾ ਬਸੰਤੀ ਰੰਗ ਵਿਚ ਰੰਗੀ ਗਈ। ਜੋਸ਼, ਉਤਸ਼ਾਹ ਅਤੇ ਦੇਸ਼ ਭਗਤੀ ਦੇ ਜਜਬੇ ਨਾਲ ਲਬਰੇਜ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਸਮੇਤ ਪੰਡਾਲ ਵਿਚ ਹਾਜਰ ਲੋਕ ਇਨਕਲਾਬ ਜ਼ਿੰਦਾਬਾਦ, ਬੋਲੇ ਸੋ ਨਿਹਾਲ, ਆਮ ਆਦਮੀ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਸਨ।
ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਪਹੁੰਚੇ ਕਲਾਕਾਰ
ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਗਾਇਕ ਤੇ ਅਦਾਕਾਰ ਵੀ ਸ਼ਾਮਲ ਹੋਣ ਪਹੁੰਚੇ ਹਨ। ਜਿਹਨਾਂ ਵਿੱਚ ਗਾਇਕ ਤੇ ਅਦਾਕਾਰ ਗੁਰਦਾਸ ਮਾਨ, ਗਾਇਕ ਤੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਅਦਾਕਾਰ ਬੀਨੂ ਢਿੱਲੋਂ, ਗਾਇਕ ਹਰਜੀਤ ਹਰਮਨ, ਗੀਤਕਾਰ ਬਾਬੂ ਸਿੰਘ ਮਾਨ, ਗਾਇਕਾ ਅਮਰ ਨੂਰੀ ਤੇ ਹੋਰ ਕਈ ਕਲਾਕਾਰ ਵੀ ਪਹੁੰਚੇ ਹੋਏ ਸਨ।
ਨਵੇਂ ਮੁੱਖ-ਮੰਤਰੀ ਭਗਵੰਤ ਮਾਨ ਦੇ ਨਾਲ ਆਪ ਦੇ 91 ਜੇਤੂ ਉਮੀਦਵਾਰਾਂ ਨੇ ਸ਼ਿਰਕਤ ਕੀਤੀ
ਸ਼ਹੀਦ-ਏ-ਆਜਮ ਸ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਕਰਵਾਏ ਗਏ ਇਤਿਹਾਸਕ ਸਹੁੰ ਚੁੱਕ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਨੇ ਮਾਣਯੋਗ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੀ ਅਗਵਾਈ ਹੇਠ ਸਹੁੰ ਚੁੱਕੀ। ਇਸ ਸਮਾਗਮ ਵਿਚ ਸ਼ਿਰਕਤ ਕਰਨ ਲਈ ਨਵੇਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਰੇ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਨੂੰ ਸ਼ਿਰਕਤ ਕਰਨ ਦੀ ਅਪੀਲ ਕੀਤੀ ਗਈ ਸੀ। ਇਸੇ ਅਪੀਲ ਤਹਿਤ ਪਿੰਡ ਖਟਕੜ ਕਲਾਂ ਵਿਖੇ ਕਰਵਾਏ ਸਮਾਗਮ ਵਿਚ 117 ਵਿਧਾਨ ਸਭਾ ਹਲਕਿਆਂ ਵਿਚੋਂ 91 ਵਿਧਾਨ ਸਭਾ ਹਲਕਿਆਂ ’ਚੋਂ ਆਪ ਦੇ ਜੇਤੂ ਉਮੀਦਵਾਰ ਸ਼ੈਰੀ ਕਲਸੀ-ਬਟਾਲਾ, ਅਮਰ ਪਾਲ ਸਿੰਘ ਕਿਸ਼ਨਕੋਟ-ਸ੍ਰੀ ਹਰਗੋਬਿੰਦਪੁਰ, ਕੁਲਦੀਪ ਸਿੰਘ ਧਾਲੀਵਾਲ-ਅਜਨਾਲਾ, ਹਰਭਜਨ ਸਿੰਘ ਈਟੀਓ-ਜੰਡਿਆਲਾ, ਕੁੰਵਰ ਵਿਜੇ ਪ੍ਰਤਾਪ ਸਿੰਘ-ਅੰਮ੍ਰਿਤਸਰ ਉਤਰੀ, ਡਾ. ਜਸਵੀਰ ਸਿੰਘ ਸੰਧੂ-ਅੰਮ੍ਰਿਸਤਰ ਪੱਛਮੀ, ਡਾ. ਅਜੈ ਗੁਪਤਾ-ਅੰਮ੍ਰਿਤਸਰ ਕੇਂਦਰੀ, ਜੀਵਨ ਜੋਤ ਕੌਰ-ਅੰਮ੍ਰਿਤਸਰ ਪੂਰਬੀ, ਡਾ. ਇੰਦਰਜੀਤ ਨਿੱਜਰ-ਅੰਮ੍ਰਿਤਸਰ ਦੱਖਣੀ, ਏਡੀਸੀ ਜਸਵਿੰਦਰ ਸਿੰਘ-ਅਟਾਰੀ, ਡਾ. ਕਸ਼ਮੀਰ ਸਿੰਘ ਸੋਹਲ-ਤਰਨਤਾਰਨ, ਸਰਵਣ ਸਿੰਘ ਧੁੰਨ-ਖੇਮਕਰਨ, ਲਾਲਜੀਤ ਸਿੰਘ ਭੁੱਲਰ-ਪੱਟੀ, ਮਨਜਿੰਦਰ ਸਿੰਘ ਲਾਲਪੁਰਾ-ਖਡੂਰ ਸਾਹਿਬ, ਦਲਵੀਰ ਸਿੰਘ ਟੌਂਗ-ਬਾਬਾ ਬਕਾਲਾ, ਇੰਦਰਜੀਤ ਕੌਰ ਮਾਨ-ਨਕੋਦਰ, ਬਲਕਾਰ ਸਿੰਘ-ਕਰਤਾਰਪੁਰ, ਸ਼ੀਤਲ ਅੰਗੂਰਾਲ-ਜਲੰਧਰ ਪੱਛਮੀ, ਅਮਨ ਅਰੋੜਾ- ਜਲੰਧਰ ਕੇਂਦਰੀ, ਕਰਮਜੀਤ ਸਿੰਘ ਘੁੰਮਣ-ਦਸੂਹਾ, ਜਸਵੀਰ ਸਿੰਘ ਰਾਜਾ ਗਿੱਲ-ਉੜਮੁੜ, ਡਾ. ਰਵਜੋਤ ਸਿੰਘ-ਸ਼ਾਮ ਚੁਰਾਸੀ, ਬ੍ਰਹਮ ਸ਼ੰਕਰ ਜਿੰਪਾ-ਹੁਸ਼ਿਆਰਪੁਰ, ਕਿਸ਼ਨ ਸਿੰਘ ਰੌੜੀ-ਗੜ੍ਹਸ਼ੰਕਰ, ਸੰਤੋਸ਼ ਕਟਾਰੀਆ-ਬਲਾਚੌਰ, ਐਡਵੋਕੇਟ ਹਰਜੋਤ ਸਿੰਘ ਬੈਂਸ-ਸ੍ਰੀ ਆਨੰਦਪੁਰ ਸਾਹਿਬ, ਦਿਨੇਸ਼ ਚੱਢਾ-ਰੂਪਨਗਰ, ਡਾ. ਚਰਨਜੀਤ ਸਿੰਘ-ਚਮਕੌਰ ਸਾਹਿਬ, ਅਨਮੋਲ ਰਤਨ ਮਾਨ-ਖਰੜ, ਕੁਲਵੰਤ ਸਿੰਘ-ਐੱਸਏ ਨਗਰ, ਰੁਪਿੰਦਰ ਸਿੰਘ ਹੈਪੀ-ਬੱਸੀ ਪਠਾਣਾ, ਲਖਵੀਰ ਸਿੰਘ ਰਾਏ-ਫਤਿਹਗੜ੍ਹ ਸਾਹਿਬ, ਗੁਰਵਿੰਦਰ ਸਿੰਘ ਗੈਰੀ ਵੜਿੰਗ-ਅਮਲੋਹ, ਤਰਨਪ੍ਰੀਤ ਸਿੰਘ ਸੋਂਧ-ਖੰਨਾ, ਜਗਤਾਰ ਸਿੰਘ ਦਿਆਲਪੁਰਾ-ਸਮਰਾਲਾ, ਹਰਦੀਪ ਸਿੰਘ ਮੰਡੀਆਂ-ਸਾਹਨੇਵਾਲ, ਦਲਜੀਤ ਸਿੰਘ ਭੋਲਾ ਗਰੇਵਾਲ-ਲੁਧਿਆਣਾ ਪੂਰਵੀ, ਰਜਿੰਦਰ ਪਾਲ ਕੌਰ ਛੀਨਾ-ਲੁਧਿਆਣਾ ਦੱਖਣੀ, ਕੁਲਵੰਤ ਸਿੰਘ ਸਿੱਧੂ-ਆਤਮ ਨਗਰ, ਅਸ਼ੋਕ ਪਰਾਸ਼ਰ-ਲੁਧਿਆਣਾ ਕੇਂਦਰੀ, ਗੁਰਪ੍ਰੀਤ ਸਿੰਘ ਗੋਗੀ-ਲੁਧਿਆਣਾ ਪੱਛਮੀ, ਮਦਨ ਲਾਲ ਬੱਗਾ-ਲੁਧਿਆਣਾ ਉੱਤਰੀ, ਜੀਵਨ ਸਿੰਘ ਸਗੋਵਾਲ-ਗਿੱਲ, ਮਨਵਿੰਦਰ ਸਿੰਘ-ਪਾਇਲ, ਠੇਕੇਦਾਰ ਹਾਕਮ ਸਿੰਘ-ਰਾਏਕੋਟ, ਸਰਬਜੀਤ ਕੌਰ ਮਾਣੂੰਕੇ-ਜਗਰਾਓ, ਮਨਜੀਤ ਸਿੰਘ ਬਿਲਾਸਪੁਰ-ਨਿਹਾਲ ਸਿੰਘ ਵਾਲਾ, ਅੰਮ੍ਰਿਤਪਾਲ ਸਿੰਘ-ਬਾਘਾ ਪੁਰਾਣਾ, ਡਾ. ਅਮਨਦੀਪ ਕੌਰ ਅਰੋੜਾ-ਮੋਗਾ, ਦਵਿੰਦਰ ਸਿੰਘ ਲਾਡੀ ਢੋਸ-ਧਰਮਕੋਟ, ਰਣਬੀਰ ਸਿੰਘ ਭੁੱਲਰ-ਫਿਰੋਜਪੁਰ ਸਿਟੀ, ਰਜਨੀਸ਼ ਦਹੀਆ-ਫਿਰੋਜਪੁਰ ਦਿਹਾਤ, ਫੌਜਾ ਸਿੰਘ ਸਰਾਰੀ-ਗੁਰਹਰਿ ਸਹਾਏ, ਜਗਦੀਪ ਗੋਲਡੀ ਕੰਬੋਜ-ਜਲਾਲਾਬਾਦ, ਨਰਿੰਦਰ ਪਾਲ ਸਿੰਘ ਸਵਨਾ- ਫਾਜਿਲਕਾ,ਅਮਨਦੀਪ ਸਿੰਘ ਗੋਲਡੀ-ਬੱਲੂਆਣਾ, ਗੁਰਮੀਤ ਸਿੰਘ ਖੁੱਡੀਆਂ-ਲੰਬੀ, ਡਾ. ਬਲਜੀਤ ਕੌਰ-ਮਲੋਟ, ਜਗਦੀਪ ਸਿੰਘ ਕਾਕਾ ਬਰਾੜ-ਮੁਕਤਸਰ, ਗੁਰਦਿੱਲ ਸਿੰਘ ਸੇਖੋਂ-ਫਰੀਦਕੋਟ, ਕੁਲਤਾਰ ਸਿੰਘ ਸੰਧਵਾ-ਕੋਟ ਕਪੂਰਾ, ਅਮੋਲਕ ਸਿੰਘ-ਜੈਤੋਂ, ਬਲਕਾਰ ਸਿੰਘ ਸਿੱਧੂ-ਰਾਮਪੁਰਾ ਫੁੱਲ, ਮਾਸਟਰ ਜਗਸੀਰ ਸਿੰਘ-ਭੁੱਚੋਮੰਡੀ, ਜਗਰੂਪ ਸਿੰਘ ਗਿੱਲ-ਬਠਿੰਡਾ, ਅਮਿਤ ਰਤਨ ਕੋਟ ਫੱਤਾ-ਬਠਿੰਡਾ ਦਿਹਾਤ, ਬਲਜਿੰਦਰ ਕੌਰ-ਤਲਵੰਡੀ ਸਾਬੋ, ਸੁਖਵੀਰ ਮਾਈਸਰ ਖਾਨਾ-ਮੌੜ, ਡਾ. ਵਿਜੈ ਸਿੰਗਲਾ-ਮਾਨਸਾ, ਗੁਰਪ੍ਰੀਤ ਸਿੰਘ ਬਣਾਂਵਾਲੀ-ਸਰਦੂਲਗੜ੍ਹ, ਪ੍ਰਿੰ. ਬੁੱਧ ਰਾਮ-ਬੁੱਡਲਾਡਾ, ਬਰਿੰਦਰ ਕੁਮਾਰ ਗੋਇਲ-ਲਹਿਰਾ, ਹਰਪਾਲ ਸਿੰਘ ਚੀਮਾ-ਦਿੜਬਾ, ਅਮਨ ਅਰੋੜਾ-ਸੁਨਾਮ, ਲਾਭ ਸਿੰਘ ਉਗੋਕੇ-ਭਦੌੜ, ਗੁਰਮੀਤ ਸਿੰਘ ਮੀਤ ਹੇਅਰ-ਬਰਨਾਲਾ, ਕੁਲਵੰਤ ਸਿੰਘ ਪੰਡੋਰੀ-ਮਹਿਲ ਕਲਾਂ, ਡਾ. ਮੁਹੰਮਦ ਜ਼ਮੀਲ ਉਰ ਰਹਿਮਾਨ-ਮਲੇਰਕੋਟਲਾ, ਜਸਵੰਤ ਸਿੰਘ ਗੱਜਣਮਾਜਰਾ-ਅਮਰਗੜ੍ਹ, ਨਰਿੰਦਰ ਕੌਰ ਭਰਾਜ-ਸੰਗਰੂਰ, ਗੁਰਦੇਵ ਸਿੰਘ ਦੇਵਮਾਨ-ਨਾਭਾ, ਡਾ. ਬਲਵੀਰ ਸਿੰਘ-ਪਟਿਆਲਾ ਦਿਹਾਤ, ਨੀਨਾ ਮਿੱਤਲ-ਰਾਜਪੁਰਾ, ਕੁਲਜੀਤ ਸਿੰਘ ਰੰਧਾਵਾ-ਡੇਰਾ ਬੱਸੀ, ਗੁਰਲਾਲ ਘਨੌਰ-ਘਨੌਰ, ਹਰਮੀਤ ਸਿੰਘ ਪਠਾਣ ਮਾਜਰਾ-ਸਨੌਰ, ਅਜੀਤ ਪਾਲ ਸਿੰਘ ਕੋਹਲੀ-ਪਟਿਆਲਾ, ਚੇਤਨ ਸਿੰਘ ਜੋੜਮਜਾਰਾ-ਸਮਾਣਾ, ਕੁਲਵੰਤ ਸਿੰਘ ਬਾਜ਼ੀਗਰ-ਸੁਤਰਾਣਾ ਆਦਿ ਹਾਜ਼ਰ ਸਨ।