ਚੰਡੀਗੜ – ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਸੂਬੇ ’ਚ ਕਿਸੇ ਅਜਿਹੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਦੀ ਸਿਰਫ਼ ਅੱਠ ਸਾਲ ਪਹਿਲਾਂ ਇੱਥੋਂ ਦੀ ਸਿਆਸਤ ’ਚ ਐਂਟਰੀ ਹੋਈ ਸੀ। ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ ਅੱਜ 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ (ਨਵਾਂਸ਼ਹਿਰ) ’ਚ 12:30 ਵਜੇ ਪੰਜਾਬ ਦੇ 26ਵੇਂ ਮੁੱਖ-ਮੰਤਰੀ ਵਜੋਂ ਸਹੁੰ ਚੁੱਕਣਗੇ। ਵੈਸੇ ਭਗਵੰਤ ਮਾਨ 1966 ’ਚ ਪੰਜਾਬ ਦੇ ਪੁਨਰਗਠਨ ਦੇ ਬਾਅਦ ਸੂਬੇ ਦੇ 19ਵੇਂ ਮੁੱਖ ਮੰਤਰੀ ਹੋਣਗੇ।
ਆਮ ਆਦਮੀ ਪਾਰਟੀ ਦੀ ਪ੍ਰਚੰਡ ਜਿੱਤ ਪਿੱਛੋਂ ਭਗਵੰਤ ਮਾਨ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਦੁਪਹਿਰ 12:10 ਵਜੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਵਾਈ ਜਾਵੇਗੀ। ਇਸ ਤੋਂ ਬਾਅਦ ਸ਼ਾਮ ਨੂੰ ਭਗਵੰਤ ਮਾਨ ਮੁੱਖ ਮੰਤਰੀ ਦਾ ਕਾਰਜਭਾਰ ਸੰਭਾਲਣਗੇ। ਮਾਨ ਦੇ ਸਹੁੰ ਚੁੱਕ ਸਮਾਗਮ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਪੂਰੀ ਕੈਬਨਿਟ ਖਟਕੜ ਕਲਾਂ ‘ਚ ਪੁੱਜੇਗੀ। ਗੋਆ ਦੇ ਦੋ ਵਿਧਾਇਕ, ਉੱਤਰ ਪ੍ਰਦੇਸ਼, ਗੁਜਰਾਤ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਬਿਹਾਰ ਤੇ ਉੱਤਰਾਖੰਡ ਦੇ ‘ਆਪ’ ਆਗੂਆਂ ਸਮੇਤ ਲਗਪਗ 400 ਵੀਆਈਪੀਜ਼ ਨੂੰ ਸੱਦਿਆ ਗਿਆ ਹੈ। ਅਜੇ ਤਕ ਇਸ ਗੱਲ ਦੀ ਕੋਈ ਸੂਚਨਾ ਨਹੀਂ ਕਿ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਨੂੰ ਸੱਦਾ ਦਿੱਤਾ ਹੈ ਜਾਂ ਨਹੀਂ। ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਸਮਾਗਮ ‘ਚ ਸ਼ਾਮਲ ਹੋਣ ਬਾਰੇ ਇਕ ਸੀਨੀਅਰ ਅਧਿਾਕਰੀ ਨੇ ਕਿਹਾ ਕਿ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਫੋਨ ਕੀਤੇ ਗਏ ਹਨ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਇਲਾਵਾ ਕਿਸੇ ਹੋਰ ਮੁੱਖ ਮੰਤਰੀ ਨੇ ਇੱਥੇ ਆਉਣ ਦੀ ਪੁਸ਼ਟੀ ਨਹੀਂ ਕੀਤੀ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਦੂਜੇ ਸੂਬਿਆਂ ਤੋਂ ਆਉਣ ਵਾਲੇ ਵੀਆਈਪੀਜ਼ ਦੀ ਆਓ-ਭਗਤ ਲਈ ਪੱਬਾਂ ਭਾਰ ਹੋ ਗਏ ਹਨ ਅਤੇ ਬਕਾਇਦਾ ਵੀਆਈਪੀਜ਼ ਨਾਲ ਤਾਲਮੇਲ ਲਈ ਇਕ-ਇਕ ਅਧਿਕਾਰੀ ਤਾਇਨਾਤ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਵੱਖ-ਵੱਖ ਜ਼ਿਲਿ੍ਹਆਂ ਦੇ ਵਲੰਟਰੀਅਰਾਂ, ਅਹੁਦੇਦਾਰਾਂ ਨੂੰ ਵੱਧ ਤੋ ਵੱਧ ਵਰਕਰਾਂ ਨੂੰ ਸਹੁੰ ਚੁੱਕ ਸਮਾਗਮ ‘ਚ ਆਉਣ ਲਈ ਕਿਹਾ ਗਿਆ ਹੈ।
ਰਾਘਵ ਚੱਢਾ ਸੁਪਰ ਮੁੱਖ ਮੰਤਰੀ?
ਪਿਛਲੇ ਦਿਨਾਂ ‘ਚ ਜੇਤੂ ਉਮੀਦਵਾਰਾਂ ਵਲੋਂ ਮੰਤਰੀ ਬਣਨ ਲਈ ਕੋਸ਼ਿਸ਼ਾਂ ਦੇਖਣ ਨੂੰ ਵੀ ਮਿਲੀਆਂ। ਇਹਨਾਂ ਵਿਚੋਂ ਬਹੁਤੇ ਪੰਜਾਬ ‘ਆਪ’ ਦੇ ਸਹਿ ਇੰਚਾਰਜ ਪਰ ਅਮਲੀ ਤੌਰ ‘ਤੇ ਮੁੱਖ ਇੰਚਾਰਜ ਰਾਘਵ ਚੱਢਾ ਨਾਲ ਸੰਪਰਕ ਕਰ ਰਹੇ ਦੱਸੇ ਜਾਂਦੇ ਹਨ। ਜਦੋਂ ਕਿ ਕੁਝ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨਾਲ, ਕੁਝ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਨਾਲ ਅਤੇ ਕਈ ਦਿੱਲੀ ਦੇ ਉਪ-ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨਾਲ ਸੰਪਰਕ ਕਰਕੇ ਮੰਤਰੀ ਬਣਨ ਦੇ ਆਹਰ ਵਿੱਚ ਲੱਗੇ ਰਹੇ ਦੱਸੇ ਜਾਂਦੇ ਹਨ। ਇਹ ਚਰਚਾ ਵੀ ਬਹੁਤ ਜ਼ੋਰਾਂ ‘ਤੇ ਹੈ ਕਿ ਜੇ ‘ਆਪ’ ਦੀ ਸਰਕਾਰ ਬਣੀ ਤਾਂ ਅਸਲ ਵਿਚ ਸੁਪਰ ਮੁੱਖ-ਮੰਤਰੀ ਦੀ ਤਾਕਤ ਰਾਘਵ ਚੱਢਾ ਦੇ ਹੱਥਾਂ ਵਿਚ ਹੋਵੇਗੀ। ਪਹਿਲਾਂ ਇਹ ਚਰਚਾ ਸੀ ਕਿ ਚੱਢਾ ਨੂੰ ਮੁੱਖ ਮੰਤਰੀ ਦਾ ਪ੍ਰਮੁੱਖ ਸਲਾਹਕਾਰ ਬਣਾਇਆ ਜਾਵੇਗਾ ਪਰ ਹੁਣ ਇਕ ਨਵੀਂ ਚਰਚਾ ਸੁਣਾਈ ਦੇ ਰਹੀ ਹੈ ਕਿ ਰਾਘਵ ਚੱਢਾ ਨੂੰ ਉਪ ਮੁੱਖ-ਮੰਤਰੀ ਦਾ ਅਹੁਦਾ ਦਿੱਤਾ ਜਾ ਸਕਦਾ ਹੈ ਤੇ ਫਿਰ ਕਿਸੇ ਵਿਧਾਇਕ ਤੋਂ ਅਸਤੀਫ਼ਾ ਦਿਵਾ ਕੇ ਉਪ ਚੋਣ ਵੀ ਲੜਵਾਈ ਜਾ ਸਕਦੀ ਹੈ। ਪਰ ‘ਆਪ’ ਦੇ ਅਧਿਕਾਰਤ ਹਲਕੇ ਇਸ ਦੀ ਪੁਸ਼ਟੀ ਨਹੀਂ ਕਰਦੇ ਜਦੋਂ ਕਿ ਅਜਿਹੀ ਚਰਚਾ ਵੀ ਸੁਣਾਈ ਦੇ ਰਹੀ ਹੈ ਕਿ ਜੇਕਰ ‘ਆਪ’ ਦੀ ਸਰਕਾਰ ਬਣੀ ਤਾਂ ਵੱਖ-ਵੱਖ ਵਰਗਾਂ ਨੂੰ ਖ਼ੁਸ਼ ਕਰਨ ਲਈ ਇਕ ਤੋਂ ਵਧੇਰੇ ਉਪ ਮੁੱਖ ਮੰਤਰੀ ਵੀ ਬਣਾਏ ਜਾ ਸਕਦੇ ਹਨ ਤੇ ਪੰਜਾਬ ਵਿਚ ‘ਆਪ’ ਦਾ ਪ੍ਰਧਾਨ ਕਿਸੇ ਦਲਿਤ ਨੂੰ ਵੀ ਲਾਇਆ ਜਾ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਗਵੰਤ ਮਾਨ ਨਾਲ ਨਵੇਂ ਬਣੇ ਵਿਧਾਇਕ ਹਰਪਾਲ ਚੀਮਾ ਦਿੜਬਾ ਤੋਂ, ਅਮਨ ਅਰੋੜਾ ਸੁਨਾਮ ਤੋਂ, ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ, ਹਰਜੋਤ ਬੈਂਸ ਸ੍ਰੀ ਅਨੰਦਪੁਰ ਸਾਹਿਬ ਤੋਂ, ਨੀਨਾ ਮਿੱਤਲ ਰਾਜਪੁਰੇ ਤੋਂ ਤੇ ਜੀਵਨਜੋਤ ਕੌਰ ਅੰਮ੍ਰਿਤਸਰ ਤੋਂ ਬਤੌਰ ਕੈਬਨਿਟ ਮੰਤਰੀ ਸਹੁੰ ਚੁੱਕਣਗੇ ਅਤੇ ਇਸ ਵਾਰ ਛੋਟੀ ਕੈਬਨਿਟ ਰੱਖੀ ਜਾਵੇਗੀ। ਇਸ ਦਾ ਵਿਸਥਾਰ ਵੀ ਸੰਭਵ ਹੋ ਸਕਦਾ ਹੈ। ਭਾਵੇਂ ਕਿ ਹਾਲੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਹੈ।
ਦੋ ਵਾਰ ਜਿੱਤਣ ਵਾਲਿਆਂ ਨੂੰ ਮੰਤਰੀ ਮੰਡਲ ਵਿੱਚ ਥਾਂ ਮਿਲੇਗੀ
ਪਤਾ ਲੱਗਾ ਹੈ ਕਿ ਭਗਵੰਤ ਮਾਨ ਅਤੇ ਕੇਜਰੀਵਾਲ ਨੇ ਕੈਬਨਿਟ ਗਠਨ ਲਈ ਸੰਭਾਵਿਤ ਨਾਵਾਂ ‘ਤੇ ਚਰਚਾ ਕੀਤੀ ਸੀ। ਸੂਤਰਾਂ ਨੇ ਦੱਸਿਆ ਕਿ ਮੰਤਰੀ ਮੰਡਲ ਵਿੱਚ ਸੀਨੀਅਰ ਵਿਧਾਇਕਾਂ ਨੂੰ ਤਰਜੀਹ ਦਿੱਤੀ ਗਈ ਹੈ, ਭਾਵ ਦੋ ਵਾਰ ਜਿੱਤਣ ਵਾਲੇ ਵਿਧਾਇਕਾਂ ਨੂੰ ਅਤੇ ਕੁੱਝ ਨਵੇਂ ਨਾਵਾਂ ਦੀ ਵੀ ਚਰਚਾ ਹੋਈ ਹੈ। ਹਾਲਾਂਕਿ ਮੰਤਰਾਲੇ ਨੂੰ ਲੈ ਕੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ ਹੈ ਪਰ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਮੀਤ ਹੇਅਰ, ਪ੍ਰਿੰਸੀਪਲ ਬੁੱਧ ਰਾਮ, ਪ੍ਰੋਫੈਸਰ ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮੰਤਰੀ ਬਣਾਇਆ ਜਾਣਾ ਤੈਅ ਹੈ।
ਚੰਡੀਗੜ ਤੋਂ ਨਹੀਂ, ਵਿਧਾਇਕਾਂ ਦੇ ਹਲਕਿਆਂ ਤੋਂ ਚੱਲੇਗੀ ਸਰਕਾਰ – ਮਾਨ
ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਆਪਣੀ ਜਿੱਤ ਤੋਂ ਵਿਧਾਇਕਾਂ ਨੂੰ ਚੰਡੀਗੜ੍ਹ ਦੇ ਵਿੱਚ ਸੰਬੋਧਨ ਕਰਦਿਆਂ ਕਿਹਾ ਸੀ ਕਿ ਹੁਣ ਸਰਕਾਰ ਚੰਡੀਗੜ ਤੋਂ ਨਹੀਂ ਸਗੋਂ ਉਥੋਂ ਉੱਥੋਂ ਚੱਲੇਗੀ, ਜਿੱਥੋਂ ਲੋਕਾਂ ਨੇ ਸਾਨੂੰ ਚੁਣ ਕੇ ਭੇਜਿਆ ਹੈ ਤੇ ਅਸੀਂ ਵੋਟਾਂ ਮੰਗੀਆਂ ਸਨ। ਹਰ ਮੰਗਲਵਾਰ ਤੇ ਬੁੱਧਵਾਰ ਨੂੰ ਆਪਣੇ ਆਪਣੇ ਹਲਕਿਆਂ ਵਿਚ ਅਫ਼ਸਰਾਂ ਨੂੰ ਲੈ ਕੇ ਜਾਓ ਤੇ ਲੋਕਾਂ ਦੇ ਕੰਮ ਮੌਕੇ ਤੋਂ ਕਰਵਾਓ। ਇਸ ਲਈ ਯੋਜਨਾ ਬਣਾਉਣੀ ਪਵੇਗੀ। ਅਸੀਂ ਜੋ ਵਾਅਦੇ ਲੋਕਾਂ ਨਾਲ ਕੀਤੇ ਹਨ, ਉਸ ਤੋਂ ਵੱਧ ਕਰਨਾ ਹੈ। ਮਾਨ ਨੇ ਕਿਹਾ ਕਿ ਅਸੀਂ ਪਰਚਾ ਕਲਚਰ (ਬਦਲਾਖ਼ੋਰੀ ਲਈ ਕੇਸ ਦਰਜ ਕਰਵਾਉਣਾ) ਨਹੀਂ ਚਲਾਉਣਾ ਹੈ। ਸਭ ਦੀਆਂ ਗ਼ਲਤੀਆਂ ਮਾਫ਼ ਕਰ ਦਿਓ। ਮੁੱਖ ਮੰਤਰੀ ਸਮੇਤ 17 ਮੰਤਰੀ ਹੁੰਦੇ ਹਨ, ਜੋ ਮੰਤਰੀ ਬਣਨਗੇ, ਉਹ ਕਿਸੇ ਗੱਲ ਦਾ ਮਲਾਲ ਨਾ ਰੱਖਣ ਕਿਉਂਕਿ ਸਾਰੇ ਮੰਤਰੀ ਨਹੀਂ ਬਣ ਸਕਣਗੇ। ਕੰਮ ’ਤੇ ਦਸਤਖ਼ਤ ਮੰਤਰੀ ਨੇ ਕਰਨੇ ਹੁੰਦੇ ਹਨ ਪਰ ਕੰਮ ਉਨ੍ਹਾਂ (ਵਿਧਾਇਕਾਂ) ਤੇ ਲੋਕਾਂ ਦੇ ਹੋਣਗੇ। ਸਰਕਾਰ ਵਾਰਡਾਂ, ਮੁਹੱਲਿਆਂ ਤੋਂ ਚੱਲੇਗੀ। ਲੋਕਾਂ ਦੇ ਨਾਲ ਬੈਠ ਕੇ, ਉਨ੍ਹਾਂ ਨਾਲ ਚਾਹ ਪੀ ਕੇ ਕੰਮ ਕਰੋ।
ਲੋਕ ਜਦੋਂ ਚਾਹੁਣ, ਅਰਸ਼ ਤੋਂ ਫ਼ਰਸ਼ ’ਤੇ ਲਿਆ ਸਕਦੇ ਹਨ
ਭਗਵੰਤ ਮਾਨ ਨੇ ਵਿਧਾਇਕਾਂ ਨੂੰ ਕਿਹਾ ਕਿ ਆਉਂਦੇ ਪੰਜ ਵਰਿ੍ਹਆਂ ਦੌਰਾਨ ਇਤਿਹਾਸ ਸਿਰਜਣਾ ਹੈ। ਇੱਥੇ ਕੋਈ ਵਿਧਾਇਕ ਵੱਡੇ ਫ਼ਰਕ ਨਾਲ ਤੇ ਕੋਈ ਘੱਟ ਫ਼ਰਕ ਨਾਲ ਜਿੱਤ ਕੇ ਆਇਆ ਹੋਵੇਗਾ ਪਰ ਵੱਡੀ ਗੱਲ ਇਹ ਹੈ ਕਿ ਅਸੀਂ ਜਿੱਤੇ ਹਾਂ। ਲੋਕ ਜਦੋਂ ਚਾਹੁਣ ਅਰਸ਼ ਤੋਂ ਫ਼ਰਸ਼ ’ਤੇ ਲਿਆ ਸਕਦੇ ਹਨ। ਮਾਨ ਨੇ ਅਕਾਲੀ ਦਲ ਤੇ ਕਾਂਗਰਸ ਦੇ ਹਾਰੇ ਹੋਏ ਸਿਆਸੀ ਘਾਗਾਂ ਦੇ ਨਾਂ ਗਿਣਾਉਂਦੇ ਹੋਏ ਰੌਸ਼ਨੀ ਪਾਈ ਕਿ ਇੰਨੇ ਸਿਆਸਤਦਾਨਾਂ ਦੇ ਨਾਂ ਨਹੀਂ ਲਏ ਜਾ ਸਕਦੇ, ਸੂਚੀ ਲੰਮੀ ਹੋ ਜਾਵੇਗੀ। ਜਿਨ੍ਹਾਂ ਨੇ ਸਾਨੂੰ ਵੋਟ ਨਹੀਂ ਪਾਈ, ਅਸੀਂ ਉਨ੍ਹਾਂ ਦੇ ਵੀ ਐੱਮਐੱਲਏ ਹਾਂ। ਪੰਜਾਬੀਆਂ ਨੇ ਸਾਨੂੰ ਵਿਧਾਇਕ ਬਣਾਇਆ ਹੈ। ਸਨਅਤਾਂ, ਸਕੂਲ, ਸਿਹਤ, ਸਿੱਖਿਆ, ਰੁਜ਼ਗਾਰ ਸਾਰੇ ਖੇਤਰਾਂ ਵਿਚ ਕੰਮ ਕਰਨਾ ਹੈ।ਮਾਨ ਨੇ ਕਿਹਾ ਕਿ ਲੋਕਾਂ ਨੂੰ ਸਾਥੋਂ ਉਮੀਦਾਂ ਹਨ। ਜਿੱਥੋਂ ਵੀ ਸੁਝਾਅ ਜਾਂ ਗਾਈਡਲਾਈਨਜ਼ ਆਉਣਗੀਆਂ, ਅਪਣਾਵਾਂਗੇ। ਸੁਝਾਅ ਕਿਸੇ ਵੀ ਸੂਬੇ ਵਿੱਚੋਂ ਆਉਣ, ਜੇ ਚੰਗੇ ਹੋਏ ਤਾਂ ਮੰਨਾਂਗੇ। ਲੋਕਾਂ ਤੋਂ ਸੁਝਾਅ ਲਏ ਜਾ ਸਕਦੇ ਹਨ। ਨੇਤਾਜੀ ਸੁਭਾਸ਼ ਚੰਦਰ ਬੋਸ, ਸ਼ਹੀਦ ਭਗਤ ਸਿੰਘ ਦਾ ਜ਼ਿਕਰ ਕਰਦਿਆਂ ਮਾਨ ਨੇ ਕਿਹਾ ਕਿ ਹਰ ਕੋਈ ਵੱਖਰੇ ਵੱਖਰੇ ਸੂਬੇ ਤੋਂ ਸੀ ਪਰ ਸਭ ਦਾ ਮਕਸਦ ਦੇਸ਼ ਹਿਤ ਸੀ। ਜਿੱਥੋਂ ਖਰੀ ਚੀਜ਼ ਮਿਲੀ, ਅਪਣਵਾਂਗੇ।
ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮ
ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਨੂੰ ਲੈ ਕੇ ਪੰਜਾਬ ਤੇ ਪੰਜਾਬ ਤੋਂ ਬਾਹਰ ਪੂਰੀ ਦੁਨੀਆ ਵਿੱਚ ਵਸਦੇ ਪੰਜਾਬੀਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਆਪ ਦੀ ਲੀਡਰਸ਼ਿਪ ਨੂੰ ਦੋ ਲੱਖ ਤੋਂ ਵੱਧ ਵਰਕਰਾਂ ਦੇ ਆਉਣ ਦੀ ਉਮੀਦ ਹੈ। 17 ਮਾਰਚ ਨੂੰ ਵਿਧਾਨ ਸਭਾ ਸੈਸ਼ਨ ਦੌਰਾਨ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਇਸ ਤੋਂ ਬਾਅਦ 19 ਮਾਰਚ ਨੂੰ ਰਾਜ ਭਵਨ ‘ਚ ਨਵੇਂ ਬਣੇ ਗੁਰੂ ਨਾਨਕ ਆਡੀਟੋਰੀਅਮ ‘ਚ ਕੈਬਨਿਟ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਮੰਤਰੀਆਂ ਨੂੰ ਸਹੁੰ ਚੁਕਾਉਣ ਲਈ ਭਾਵੇਂ ਅਜੇ ਸਮਾਂ ਨਿਰਧਾਰਤ ਨਹੀਂ ਹੋ ਸਕਿਆ ਪਰ ਇਸ ਸਬੰਧੀ ਰਾਜ ਭਵਨ ਨੂੰ ਜ਼ੁਬਾਨੀ ਤੌਰ ‘ਤੇ ਸੂਚਿਤ ਕਰ ਦਿੱਤਾ ਗਿਆ ਹੈ। ਗੁਰੂ ਨਾਨਕ ਆਡੀਟੋਰੀਅਮ ‘ਚ ਹੋਣ ਵਾਲਾ ਇਹ ਪਹਿਲਾ ਸਮਾਗਮ ਹੈ ਜਿਸ ਦਾ ਹਾਲ ਹੀ ‘ਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਉਦਘਾਟਨ ਕੀਤਾ ਸੀ।
ਸਿਰਫ਼ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਲਈ ਹੋਣ ਵਾਲੇ ਇਸ ਸਮਾਗਮ ‘ਤੇ ਸਰਕਾਰੀ ਤੇ ਗ਼ੈਰ-ਸਰਕਾਰੀ ਖ਼ਰਚੇ ਵਜੋਂ ਕਈ ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ ਹੈ। ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਵੱਖਰੇ ਤੌਰ ‘ਤੇ 19 ਮਾਰਚ ਨੂੰ ਹੋਣਾ ਹੈ। ਸਿਵਲ ਤੇ ਪੁਲਿਸ ਪ੍ਰਸ਼ਾਸਨ ਤਿੰਨ ਦਿਨਾਂ ਤੋਂ ਸਮਾਗਮ ਦੇ ਪ੍ਰਬੰਧਾਂ ਲਈ ਪੱਬਾਂ ਭਾਰ ਹੋਇਆ ਵਿਖਾਈ ਦੇ ਰਿਹਾ ਹੈ। ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮ ਹੋਵੇਗਾ। ਮੋਟੇ ਤੌਰ ‘ਤੇ ਦੇਖਿਆ ਜਾਵੇ ਤਾਂ ਇਸ ਸਮਾਰੋਹ ‘ਤੇ ਸਰਕਾਰੀ ਅਤੇ ਗੈਰ-ਸਰਕਾਰੀ ਖਰਚੇ ਦੇ ਰੂਪ ‘ਚ 10 ਕਰੋੜ ਰੁਪਏ ਤੱਕ ਖਰਚ ਕੀਤੇ ਜਾ ਸਕਦੇ ਹਨ। ਹੁਣ ਤੱਕ ਮੁੱਖ ਮੰਤਰੀ ਅਤੇ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਾਗਮ ਜ਼ਿਆਦਾਤਰ ਰਾਜ ਭਵਨ ‘ਚ ਹੀ ਹੋਏ ਹਨ, ਜਿੱਥੇ ਕਾਫੀ ਘੱਟ ਖਰਚ ਵੀ ਆਉਂਦਾ ਹੈ। ਉੱਥੇ ਹੀ ਵਾਧੂ ਦੇ ਖਰਚਿਆਂ ਨੂੰ ਰੋਕਣ ਦੇ ਆਧਾਰ ਉੱਪਰ ਬਣੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਸ ਕਦਮ ‘ਤੇ ਪੰਜਾਬ ਦੇ ਲੋਕ ਹੈਰਾਨ ਹੋ ਰਹੇ ਹਨ।
ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਦਾ ਇਹ ਸਮਾਗਮ ਪੰਜਾਬ ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਸਹੁੰ ਚੁੱਕ ਸਮਾਗਮ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਲ 2017 ‘ਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਹੁੰ ਚੁੱਕੀ ਸੀ ਪਰ ਉਨ੍ਹਾਂ ਨੇ ਇਹ ਕਹਿ ਕੇ ਸਮਾਗਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਪੰਜਾਬ ‘ਤੇ ਵੱਡਾ ਕਰਜ਼ਾ ਹੈ, ਇਸ ਲਈ ਵੱਡੇ ਸਮਾਗਮ ਕਰਵਾਉਣੇ ਠੀਕ ਨਹੀਂ। ਇਸੇ ਲਈ ਉਨ੍ਹਾਂ ਨੇ ਰਾਜ ਭਵਨ ਵਿੱਚ ਹੀ ਮਾਮੂਲੀ ਖਰਚ ‘ਤੇ ਸਹੁੰ ਚੁੱਕ ਸਮਾਗਮ ਕਰਵਾਇਆ। ਜੇਕਰ ਪਿਛਲੇ ਸਮੇਂ ਵਿੱਚ ਪੰਜਾਬ ਵਿੱਚ ਹੋਏ ਸਹੁੰ ਚੁੱਕ ਸਮਾਗਮ ‘ਤੇ ਨਜ਼ਰ ਮਾਰੀਏ ਤਾਂ ਫਰਵਰੀ 1997 ਵਿੱਚ ਪਹਿਲਾ ਸਹੁੰ ਚੁੱਕ ਸਮਾਗਮ ਕ੍ਰਿਕਟ ਸਟੇਡੀਅਮ ਮੁਹਾਲੀ ਵਿੱਚ ਹੋਇਆ ਸੀ, ਜਿਸ ‘ਤੇ ਚਾਹ, ਪਾਣੀ ਅਤੇ ਸਨੈਕਸ ‘ਤੇ ਇੱਕ ਲੱਖ ਤੋਂ ਵੱਧ ਖਰਚ ਕੀਤਾ ਗਿਆ ਸੀ। ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ। ਵੀਆਈਪੀਜ਼ ਅਤੇ ਆਮ ਲੋਕਾਂ ਦੇ ਦਾਖ਼ਲੇ ਲਈ 12 ਗੇਟ ਤਿਆਰ ਕੀਤੇ ਗਏ ਹਨ। ਸਮਾਗਮ ਵਿੱਚ ਦਿੱਲੀ ਸਮੇਤ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਵੱਡੇ ਆਗੂਆਂ ਦੇ ਹੈਲੀਕਾਪਟਰਾਂ ਲਈ ਚਾਰ ਹੈਲੀਪੈਡ ਬਣਾਏ ਗਏ ਹਨ। ਤਿੰਨ ਦਿਨਾਂ ਤੋਂ ਦਿਨ-ਰਾਤ ਲਾਉਣ ਤੋਂ ਬਾਅਦ ਖਟਕੜ ਕਲਾ ਮਾਰਗ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਪੈਚ ਵਰਕ ਮੁਕੰਮਲ ਕਰ ਲਿਆ ਗਿਆ ਹੈ। ਸਮਾਗਮ ਅਤੇ ਪਾਰਕਿੰਗ ਲਈ 150 ਏਕੜ ਜ਼ਮੀਨ ਲਈ ਗਈ ਹੈ, ਜਿਸ ਦੇ ਚੱਲਦੇ ਕਣਕ, ਸਰ੍ਹੋਂ, ਆਲੂ ਆਦਿ ਫ਼ਸਲਾਂ ਦੀ ਕਟਾਈ ਕੀਤੀ ਗਈ ਹੈ। ਪ੍ਰਸ਼ਾਸਨ ਦਾ ਦਾਅਵਾ ਹੈ ਕਿ ਜਿੰਨ੍ਹਾਂ ਕਿਸਾਨਾਂ ਦੀ ਜ਼ਮੀਨ ਲਈ ਗਈ ਹੈ, ਉਨ੍ਹਾਂ ਨੂੰ ਮਾਲ ਵਿਭਾਗ ਦੇ ਨਿਯਮਾਂ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ।
ਅਕਾਲੀ ਭਾਜਪਾ ਸਰਕਾਰ ਵੇਲੇ ਕਿੰਨ੍ਹਾ ਖਰਚ ਹੋਇਆ ?
ਸਾਲ 2007 ਵਿੱਚ ਜਦੋਂ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਬਣੀ ਸੀ ਅਤੇ ਮਾਰਚ 2007 ਵਿੱਚ ਮੁਹਾਲੀ ਦੇ ਕ੍ਰਿਕਟ ਸਟੇਡੀਅਮ ਵਿੱਚ ਸਹੁੰ ਚੁੱਕ ਸਮਾਗਮ ਹੋਇਆ ਸੀ, ਤਾਂ ਇਸ ‘ਤੇ 26 ਲੱਖ ਤੋਂ ਕੁਝ ਵੱਧ ਖਰਚ ਆਇਆ ਸੀ। ਬਾਅਦ ਵਿੱਚ ਜਦੋਂ ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਬਣੇ ਤਾਂ ਜਨਵਰੀ 2009 ਵਿੱਚ ਅੰਮ੍ਰਿਤਸਰ ਵਿੱਚ ਕਰਵਾਏ ਸਮਾਗਮ ਵਿੱਚ ਖਰਚਾ 70 ਲੱਖ ਤੋਂ ਵੱਧ ਆਇਆ। ਇਸ ਤੋਂ ਬਾਅਦ ਵਿੱਚ ਸਾਲ 2012 ਵਿੱਚ ਮੁੜ ਅਕਾਲੀ ਦਲ ਭਾਜਪਾ ਦੀ ਸਰਕਾਰ ਬਣੀ ਅਤੇ ਮਾਰਚ 2012 ਵਿੱਚ ਚੱਪੜਚਿੜੀ ਵਿੱਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਇਸ ਸਮਾਗਮ ‘ਤੇ 91 ਲੱਖ ਤੋਂ ਵੱਧ ਖਰਚ ਕੀਤੇ ਗਏ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਜਦੋਂ ਚਰਨਜੀਤ ਸਿੰਘ ਚੰਨੀ ਨੇ ਰਾਜ ਭਵਨ ਵਿਖੇ ਸਹੁੰ ਚੁੱਕੀ ਤਾਂ ਉਸ ਸਮਾਰੋਹ ‘ਤੇ 18 ਲੱਖ ਰੁਪਏ ਖਰਚ ਕੀਤੇ ਗਏ ਸਨ। ਖਾਸ ਗੱਲ ਇਹ ਹੈ ਕਿ ਕਾਂਗਰਸ ਸਰਕਾਰ ਬਣਨ ਤੋਂ ਬਾਅਦ ਜ਼ਿਆਦਾਤਰ ਸਹੁੰ ਚੁੱਕ ਸਮਾਗਮ ਚੰਡੀਗੜ੍ਹ ਦੇ ਰਾਜ ਭਵਨ ‘ਚ ਹੀ ਹੋਏ ਹਨ।
ਕਿਉਂ ਉੱਠੀਆਂ ਆਪ ਤੇ ਉੱਗਲਾਂ ?
ਇੱਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਸੀਨੀਅਰ ਅਧਿਕਾਰੀਆਂ ਦੀ ਮੀਟਿੰਗ ਹੋਈ ਸੀ, ਜਿਸ ਵਿੱਚ ਸਹੁੰ ਚੁੱਕ ਸਮਾਗਮ ਲਈ 2 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਚੋਣਾਂ ਜਿੱਤਣ ਤੋਂ ਬਾਅਦ ਜੇਕਰ ਅੰਮ੍ਰਿਤਸਰ ਵਿੱਚ ਰੋਡ ਸ਼ੋਅ ਅਤੇ ਹੋਰ ਸਮਾਗਮਾਂ ‘ਤੇ ਕੀਤੇ ਗਏ ਖਰਚ ਨੂੰ ਦੇਖੀਏ ਤਾਂ ਇਹ ਰਕਮ ਕਾਫੀ ਵੱਧ ਜਾਂਦੀ ਹੈ। ਇਸ ਸਮਾਗਮ ਵਿੱਚ ਸਰਕਾਰੀ ਖਰਚੇ ਤੋਂ ਇਲਾਵਾ ਸੂਬੇ ਭਰ ਤੋਂ ਲੋਕ ਨਿੱਜੀ ਖਰਚੇ ਵਿੱਚ ਸ਼ਾਮਲ ਹੋਣ ਲਈ ਆ ਰਹੇ ਹਨ, ਜਿਸ ਵਿੱਚ ਵਾਹਨਾਂ ਦਾ ਖਰਚਾ ਅਤੇ ਹੋਰ ਖਰਚਾ ਵੱਖਰੇ ਤੌਰ ‘ਤੇ ਹੋਵੇਗਾ। 16 ਮਾਰਚ ਦੇ ਸਮਾਗਮ ਲਈ ਮੀਡੀਆ ਵਿੱਚ ਕੀਤੀ ਗਈ ਅਪੀਲ ਤੇ 85 ਲੱਖ ਰੁਪਏ ਦੇ ਇਸ਼ਤਿਹਾਰ ਦਿੱਤੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਦੀ ਜਿੱਤ ਤੋਂ ਬਾਅਦ ਵਿਧਾਇਕਾਂ ਦੀ ਪਹਿਲੀ ਮੀਟਿੰਗ ਮੁਹਾਲੀ ਦੇ ਇੱਕ ਪੰਜ ਤਾਰਾ ਹੋਟਲ ਵਿੱਚ ਹੋਈ ਸੀ, ਉਦੋਂ ਹੀ ਲੋਕਾਂ ਦੀਆਂ ਉੱਗਲਾਂ ਆਮ ਆਦਮੀ ਪਾਰਟੀ ਵੱਲ ਉੱਠਣ ਲੱਗੀਆਂ ਸਨ।
ਪੁਲਿਸ ਛਾਉਣੀ ‘ਚ ਤਬੀਦਲ ਖਟਕੜ ਕਲਾਂ
ਸਮਾਗਮ ਦਾ ਆਲਾ ਦੁਆਲੇ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਸਮਾਗਮ ਦੇ ਨੇੜੇ ਵੱਡੇ ਪਰਦੇ ਲਾਏ ਗਏ ਹਨ ਅਤੇ ਖਟਕੜ ਕਲਾਂ ਨੂੰ ਜਾਣ ਵਾਲੇ ਸਾਰੇ ਰਸਤਿਆਂ ‘ਤੇ ਬੈਰੀਕੇਡ ਲਾਏ ਗਏ ਹਨ। ਸਿਵਲ ਤੇ ਪੁਲਿਸ ਦੇ ਉੱਚ ਅਫਸਰ ਲਗਾਤਾਰ ਪ੍ਰਬੰਧਾਂ ਦਾ ਜਾਇਜ਼ਾ ਲੈ-ਰਹੇ ਹਨ। ਜਾਣਕਾਰੀ ਅਨੁਸਾਰ ਸਮਾਗਮ ਲਈ 30 ਐਂਬੂਲੈਂਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਹੁੰ ਚੁੱਕ ਸਮਾਗਮ ਲਈ ਤਿੰਨ ਮੰਚ ਤਿਆਰ ਕੀਤੇ ਗਏ ਹਨ। ਜਿਸ ਦੇ ਚੱਲਦੇ ਇੱਕ ਮੰਚ ਉੱਪਰ ਸਹੁੰ ਚੁੱਕ ਸਮਾਗਮ ਹੋਵੇਗਾ।
ਮਹਿਮਾਨਾਂ ਲਈ ਕੀਤੇ ਖਾਸ ਪ੍ਰਬੰਧ
ਦੂਜੇ ਮੰਚ ‘ਤੇ ਬਾਹਰੋਂ ਜਾਂ ਦਿੱਲੀ ਤੋਂ ਆਉਣ ਵਾਲੇ ਮਹਿਮਾਨਾਂ ਦੇ ਬੈਠਣ ਦੀ ਜਗ੍ਹਾ ਹੋਵੇਗੀ ਇਸਦੇ ਨਾਲ ਹੀ ਪੰਜਾਬ ਦੇ ਵਿਧਾਇਕ ਲਈ ਅਲੱਗ ਤੋਂ ਸਟੇਜਾਂ ਬਣਾਇਆ ਗਿਆ ਹੈ। ਸਮਾਗਮ ਵਿੱਚ ਦੋ ਲੱਖ ਤੋਂ ਵੱਧ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਭਗਵੰਤ ਮਾਨ ਨੇ ਪੰਜਾਬ ਵਾਸੀਆਂ ਨੂੰ ਬਸੰਤੀ ਦਸਤਾਰ ਅਤੇ ਬਸੰਤੀ ਦੁਪੱਟਾ ਪਾ ਕੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਪੰਜਾਬ ਦੇ ਸਾਰੇ ਛੋਟੇ-ਵੱਡੇ ਅਖਬਾਰਾਂ ਵਿੱਚ ਵੱਡੇ-ਵੱਡੇ ਇਸ਼ਤਿਹਾਰ ਦੇ ਕੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ ਅਤੇ ਸਾਰੇ ਟੀਵੀ ਚੈਨਲਾਂ ‘ਤੇ ਲਗਾਤਾਰ ਲੋਕਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ।