ਸ਼ਹੀਦ ਭਾਈ ਤਾਰੂ ਸਿੰਘ ਜੀ ( 1720- 1745) ਸਿੱਖ ਧਰਮ ਵਿੱਚ ਸ਼ਹੀਦੀਆਂ ਦੀ ਪਰੰਪਰਾ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਹੋ ਜਾਂਦੀ ਹੈ। ਅਠਾਰਵੀ ਸਦੀ ਦੇ ਇਤਹਾਸ ਵਿੱਚ ਇੱਕ ਸ਼ਹੀਦ ਸਿੱਖ ਦਾ ਨਾਂ ਆਉਦਾਂ ਹੈ ਭਾਈ ਤਾਰੂ ਸਿੰਘ ਜਿਸ ਨੇ ਧਰਮ ਪਰਿਵਰਤਨ ਦੀ ਜਗਾ ਸਿੱਖੀ ਕੇਸਾਂ ਸਿਵਾਸਾਂ ਨਾਲ ਨਿਭਾਉਣ ਲਈ ਆਪਣੀ ਖੋਪਰੀ ਉਤਰਵਾ ਲਈ, ਧਰਮ ਨਹੀਂ ਹਾਰਿਆ। ਇਸ ਮਹਾਨ ਸ਼ਹੀਦ ਦਾ ਜਨਮ ਪਿੱਡ ਪੂਹਲਾ ਜਿਲਾ ਅੰਮ੍ਰਿਤਸਰ ਵਿਖੇ 1720 ਨੂੰ ਹੋਇਆ। 1716 ਨੂੰ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀਆਂ ਦੀ ਸ਼ਹੀਦੀ ਤੋਂ ਬਾਅਦ ਮੁਗਲਾਂ ਨੇ ਸਿੱਖਾਂ ਤੇ ਘੋਰ ਜੁਰਮ ਕਰਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਸਿੰਘਾਂ ਨੂੰ ਜੰਗਲ਼ਾ ਦਾ ਸਹਾਰਾ ਲੈਣਾ ਪਿਆ। ਭਾਈ ਤਾਰੂ ਸਿੰਘ ਸਿੱਖਾਂ ਦੀ ਲੰਗਰ ਤੇ ਹੋਰ ਜ਼ਰੂਰੀ ਵਸਤਾਂ ਨਾਲ ਸੇਵਾ ਕਰਦੇ ਸਨ। ਇਸ ਗੱਲ ਦੀ ਮੁਖ਼ਬਰੀ ਉਸ ਵੇਲੇ ਦੇ ਮੁਗਲ ਗਵਰਨਰ ਜਕਰੀਆਂ ਖਾਨ ਨੂੰ ਮਿਲੀ ਤਾਂ ਤੁਰੰਤ ਉਸ ਨੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਣ ਦਾ ਹੁਕਮ ਦਿੱਤਾ ਜਿੰਨ੍ਹਾਂ ਨੂੰ ਬੰਦੀ ਬਣਾ ਅਨੇਕਾਂ ਤਸੀਹੇ ਦਿੱਤੇ ਤੇ ਮੁਸਲਮਾਨ ਧਰਮ ਕਬੂਲ ਕਰਣ ਲਈ ਕਿਹਾ, ਪਰ ਭਾਈ ਜੀ ਨੇ ਈਨ ਨਹੀਂ ਮੰਨੀ ਤਾਂ ਕਤਲ ਕਰਣ ਦਾ ਹੁਕਮ ਦਿੱਤਾ, ਫਿਰ ਉਹਨਾਂ ਦੀ ਖੋਪਰੀ ਜੱਲਾਦ ਦੁਆਰਾ ਰੰਬੀ ਨਾਲ ਉਤਾਰ ਦਿੱਤੀ ਗਈ। ਉਹਨਾਂ ਨੇ ਆਪਣੀ ਸਿੱਖੀ ਨੂੰ ਕੇਸਾਂ ਸਿਵਾਵਾ ਨਾਲ ਨਿਭਾਅ ਕੇ ਸ਼ਹੀਦੀ ਦੀ ਅਨੋਖੀ ਮਿਸਾਲ ਪੈਦਾ ਕੀਤੀ। ਇਤਹਾਸ ਗਵਾਹ ਹੈ ਉਹ ਖੋਪਰੀ ਉਤਾਰਨ ਤੋਂ ਬਾਅਦ ਵੀ 22 ਦਿਨ ਜ਼ੀਵਤ ਰਹੇ ਤੇ 1745 ਨੂੰ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਘਰਾਂ ਦੀ ਅਰਦਾਸ ਵਿੱਚ ਰੋਜਾਨਾਂ ਉਹਨਾਂ ਦਾ ਨਾਂ ਆਉਦਾ ਹੈ। ਜਿੰਨਾ ਸਿੰਘਾਂ ਸਿੰਘਣੀਆਂ ਨੇ ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆ ਦੀ ਸੇਵਾ ਲਈ ਕੁਰਬਾਨੀਆ ਕੀਤੀਆਂ , ਸਿੱਖੀ ਸਿਦਕ ਨਹੀਂ ਹਾਰਿਆ।ਉਹਨਾ ਸਿੰਘਾਂ ਸਿੰਘਣੀਆਂ ਦੀ ਕੁਰ ਬਾਨੀ ਦਾ ਧਿਆਨ ਕਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ।
ਇਤਹਾਸ ਗਵਾਹ ਹੈ ਜਿਸ ਵੇਲੇ ਭਾਈ ਤਾਰੂ ਜੀ ਦੀ ਖੋਪਰੀ ਉਤਾਰੀ ਜਾ ਰਹੀ ਸੀ ਜਕਰੀਆਂ ਖਾਨ ਦੇ ਢਿੱਡ ਵਿੱਚ ਪੀੜ੍ਹ ਉੱਠੀ ਉਸ ਦਾ ਪਿਸ਼ਾਬ ਬੰਦ ਹੋ ਗਿਆ ਤੇ ਬੰਨ ਪੈ ਗਿਆ ਜੋ ਕਾਫ਼ੀ ਪੀੜ੍ਹਾ ਵਿੱਚ ਸੀ ਤੜਫ ਰਿਹਾ ਸੀ ਸਿੱਖ ਪੰਥ ਨੂੰ ਉਸ ਨੂੰ ਮਾਫ ਕਰਣ ਦਾ ਪੈਗ਼ਾਮ ਭੇਜਿਆ ਪਰ ਪਰਵਾਨ ਨਾ ਹੋਇਆ।ਅਖੀਰ ਭਾਈ ਤਾਰੂ ਪਾਸ ਬੇਨਤੀ ਪਹੁੰਚੀ ਜਿੰਨ੍ਹਾਂ ਆਪਣਾ ਛਿੱਤਰ ਭੇਜਿਆ ਤੇ ਉਸ ਦੇ ਸਿਰ ਉੱਪਰ ਮਾਰਨ ਲਈ ਕਿਹਾ ਜਦੋਂ ਜਦੋਂ ਸਿਰ ਵਿੱਚ ਛਿੱਤਰ ਵਜਦੇ ਸਨ ਉਸ ਦਾ ਪਿਸ਼ਾਬ ਨਿਕਲਦਾ ਸੀ।ਛਿੱਤਰ ਖਾਂਦੇ ਖਾਂਦੇ ਇਸ ਰੋਗ ਨਾਲ ਉਸ ਦੀ ਮੌਤ ਹੋ ਗਈ।
ਜੋ ਸਾਡੀ ਨੋਜਵਾਨ ਪੀੜ੍ਹੀ ਸਿੱਖ ਇਤਹਾਸ ਤੇ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆ ਤੋਂ ਅਨਜਾਨ ਨਸ਼ੇ ਦੀ ਦਲਦਲ ਤੇ ਮੁਬਾਇਲ ਵਿੱਚ ਗਵਾਚ ਮਨੋਰੋਗੀ ਹੋ ਗਈ ਹੈ। ਸਰਕਾਰ ਨੂੰ ਪ੍ਰਾਇਮਰੀ ਲੈਵਲ ਤੇ ਸਕੂਲਾਂ ਵਿੱਚ ਬੱਚਿਆਂ ਨੂੰ ਇਹਨਾਂ ਮਹਾਨ ਯੋਧਿਆਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ, ਖ਼ਾਸ ਕਰ ਸਿੱਖਾਂ ਦੀ ਸਰਵਉਚ ਸੰਸ਼ਥਾ ਸ਼ਰੋਮਨੀ ਗੁਰਦੁਆਰਾ ਪਰਬੰਧਕ ਕਮੇਟੀ ਨੂੰ ਅੱਗੇ ਆ ਸਰੋਮਣੀ ਕਮੇਟੀ ਦੇ ਅਧੀਨ ਸਕੂਲ , ਕਾਲਜਾਂ ਵਿੱਚ ਜਾਣਕਾਰੀ ਦੇ ਕੇ ਬੱਚਿਆ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਸ਼ਹੀਦਾਂ ਦਾ ਸ਼ਹੀਦੀ ਦਿਵਸ ਮਨਾ ਨਵੀਂ ਪੀੜੀ ਨੂੰ ਇੰਨਾ ਮਹਾਨ ਯੋਧਿਆ ਦੀਆ ਕੁਰਬਾਨੀਆ ਦੇ ਕਿੱਸੇ ਸੁਨਾਉਣੇ ਚਾਹੀਦੇ ਹਨ। ਉਹ ਕੋਮਾ ਸਦਾ ਜ਼ਿੰਦਾ ਰਹਿੰਦੀਆ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਹਨ। ਸਾਨੂੰ ਭਾਈ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ ਤੇ ਨਸ਼ਿਆ ਦਾ ਤਿਆਗ ਕਰਣਾ ਚਾਹੀਦਾ ਹੈ।ਇਹ ਹੀ ਭਾਈ ਤਾਰੂ ਸਿੰਘ ਜੀ ਨੂੰ ਸੱਚੀ ਸ਼ਰਦਾਜਲੀ ਹੈ।ਉਹਨਾਂ ਨੂੰ ਯਾਦ ਕਰ ਕੋਰੋਨਾ ਨੂੰ ਭਜਾਉਣ ਲਈ ਅਰਦਾਸ ਕਰ ਸ਼ਹੀਦੀ ਦਿਵਸ ਮਨਾਉਣਾ ਚਾਹੀਦਾ ਹੈ।
– ਗੁਰਮੀਤ ਸਿੰਘ ਵੇਰਕਾ, ਐਮ ਏ ਪੁਲਿਸ ਐਡਮਨਿਸਟਰੇਸ਼ਨ ਸੇਵਾ ਮੁੱਕਤ ਇੰਸਪੈਕਟਰ