Articles

ਭਾਰਤ ਦੀ ਸਭ ਤੋਂ ਵੱਧ ਸੰਗਠਿਤ ਅੱਤਵਾਦੀ ਜਥੇਬੰਦੀ, ਮਾਉਵਾਦੀ (ਨਕਸਲਬਾੜੀ)

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

2 ਅਪਰੈਲ ਨੂੰ ਨਕਸਲ ਪ੍ਰਭਾਵਿਤ ਛੱਤੀਸਗੜ੍ਹ ਦੇ ਜਿਲ੍ਹਾ ਬੀਜਾਪੁਰ ਵਿੱਚ ਮਾਉਵਾਦੀਆਂ ਨੇ ਹਮਲਾ ਕਰ ਕੇ ਸੀ.ਆਰ.ਪੀ. ਦੇ 22 ਜਵਾਨ ਮਾਰ ਦਿੱਤੇ ਤੇ 34 ਜਵਾਨ ਜ਼ਖਮੀ ਕਰ ਦਿੱੱਤੇ। ਇੱਕ ਜਵਾਨ ਅਜੇ ਵੀ ਲਾਪਤਾ ਹੈ। ਹੋਰ ਛੋਟੀਆਂ ਮੋਟੀਆਂ ਘਟਨਾਵਾਂ ਨੂੰ ਛੱਡ ਦੇਈਆ ਤਾਂ 24 ਅਪਰੈਲ 2018 ਨੂੰ ਨਕਸਲੀਆਂ ਨੇ ਛੱਤੀਸਗੜ੍ਹ ਦੇ ਸੁਕਮਾ ਜਿਲ੍ਹੇ ਵਿੱਚ ਨੇ ਸੀ.ਆਰ.ਪੀ.ਐੱਫ. ਦੀ ਇੱਕ ਗਸ਼ਤ ਕਰ ਰਹੀ ਟੁਕੜੀ ‘ਤੇ ਹਮਲਾ ਕਰ ਕੇ 26 ਜਵਾਨ ਸ਼ਹੀਦ ਅਤੇ 6 ਜ਼ਖਮੀ ਕਰ ਦਿੱਤੇ ਸਨ। ਇਸ ਤੋਂ ਪਹਿਲਾਂ ਇਸੇ ਜਿਲ੍ਹੇ ਵਿੱਚ 11 ਮਾਰਚ ਨੂੰ 2017 ਨੂੰ ਸੀ.ਆਰ.ਪੀ.ਐੱਫ. ਦੇ 12 ਜਵਾਨ ਸ਼ਹੀਦ ਅਤੇ 3 ਜ਼ਖਮੀ ਕਰ ਦਿੱਤੇ ਸਨ ਅਤੇ ਉਹ 11 ਆਟੋਮੈਟਿਕ ਰਾਈਫਲਾਂ ਅਤੇ ਹੋਰ ਗੋਲੀ ਸਿੱਕਾ ਵੀ ਲੁੱਟ ਕੇ ਲੈ ਗਏ ਸਨ। 19 ਜੁਲਾਈ 1017 ਨੂੰ ਮਾਉਵਾਦੀਆਂ ਨੇ ਬਿਹਾਰ ਦੇ ਜਿਲ੍ਹਾ ਗਯਾ ਵਿੱਚ ਬਰੂਦੀ ਸੁਰੰਗ ਧਮਾਕਾ ਕਰਕੇ ਸੀ.ਆਰ.ਪੀ.ਐਫ ਦੀ ਕੋਬਰਾ ਕਮਾਂਡੋ ਯੂਨਿਟ ਦੇ 10 ਜਵਾਨਾਂ ਨੂੰ ਸ਼ਹੀਦ ਅਤੇ ਅਨੇਕਾਂ ਨੂੰ ਜ਼ਖਮੀ ਕਰ ਦਿੱਤਾ ਸੀ। ਮਾਉਵਾਦੀ ਹਿੰਸਾ ਵਿੱਚ ਹੁਣ ਤੱਕ ਭਾਰਤ ਦੀ ਕਿਸੇ ਵੀ ਹਿੰਸਕ ਲਹਿਰ ਤੋਂ ਜਿਆਦਾ ਵਿਅਕਤੀ ਮਾਰੇ ਜਾ ਚੁੱਕੇ ਹਨ। ਭਾਰਤ-ਪਾਕਿਸਤਾਨ ਦਰਮਿਆਨ 1947, 1965, 1971 ਅਤੇ ਕਾਰਗਿਲ ਯੁੱਧਾਂ ਵਿੱਚ ਕੁੱਲ 9958 ਭਾਰਤੀ ਜਵਾਨ ਵੀਰਗਤੀ ਨੂੰ ਪ੍ਰਾਪਤ ਹੋਏ ਸਨ। ਪਰ ਨਕਸਲੀਆਂ ਹੱਥੋਂ ਹੁਣ ਤੱਕ 2500 ਸੁਰੱਖਿਆ ਜਵਾਨਾਂ ਸਮੇਤ 13362 ਵਿਅਕਤੀ ਜਾਨ ਤੋਂ ਹੱਥ ਧੋ ਚੁੱਕੇ ਹਨ ਤੇ ਕਰੀਬ 60000 ਲੋਕਾਂ ਨੂੰ ਬੇਘਰ ਹੋਣਾ ਪਿਆ ਹੈ।
ਮਾਉਵਾਦੀ ਆਪਣਾ ਆਦਰਸ਼ ਚੀਨ ਦੇ ਕ੍ਰਾਂਤੀਕਾਰੀ ਨੇਤਾ ਮਾਉ ਜ਼ੇ ਤੁੰਗ ਨੂੰ ਮੰਨਦੇ ਹਨ। ਨਕਸਲਬਾੜੀ ਸ਼ਬਦ ਪੱਛਮੀ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ ਚੱਲਿਆ ਸੀ ਜਿੱਥੇ 22 ਅਪਰੈਲ 1967 ਨੂੰ ਚਾਰੂ ਮਜੂਮਦਾਰ, ਕਾਨੂੰ ਸਨਿਆਲ ਅਤੇ ਜਾਂਗਲ ਸੰਥਾਲ ਨੇ ਮਿਲ ਕੇ ਭੂਮੀਹੀਣ ਕਿਸਾਨਾਂ ਨੂੰ ਜ਼ਮੀਨ ਦੇ ਮਾਲਕੀ ਹੱਕ ਦਿਵਾਉਣ ਖਾਤਰ ਸਥਾਨਕ ਜਗੀਰਦਾਰਾਂ ਦੇ ਖਿਲਾਫ ਹਿੰਸਕ ਅੰਦੋਲਨ ਸ਼ੁਰੂ ਕੀਤਾ ਸੀ। ਇਹ ਅੰਦੋਲਨ ਉਸ ਸਮੇਂ ਭਾਰਤ ਦੇ ਵੱਡੇ ਖੇਤਰ ਵਿੱਚ ਫੈਲ ਗਿਆ ਸੀ ਤੇ ਗਰੀਬ ਜਨਤਾ ਤੋਂ ਇਲਾਵਾ ਪੜ੍ਹੇ ਲਿਖੇ ਟੀਚਰ, ਪ੍ਰੋਫੈਸਰ ਅਤੇ ਵਿਦਿਆਰਥੀ ਵੀ ਇਸ ਲਹਿਰ ਵਿੱਚ ਕੁੱਦ ਪਏ ਸਨ। ਇਸ ਲਹਿਰ ਦੌਰਾਨ ਸੈਂਕੜੇ ਨਕਸਲੀ, ਪੁਲਿਸ ਅਫਸਰ ਤੇ ਆਮ ਸਿਵਲੀਅਨ ਮਾਰੇ ਗਏ ਸਨ। ਕਾਨੂੰ ਸਨਿਆਲ ਅਤੇ ਚਾਰੂ ਮਜੂਮਦਾਰ ਦੀ ਮੌਤ ਤੋਂ ਬਾਅਦ ਇਸ ਲਹਿਰ ਨੂੂੰ ਸਖਤੀ ਨਾਲ ਦਬਾ ਦਿੱਤਾ ਗਿਆ ਸੀ ਪਰ ਛਿਟ ਪੁੱਟ ਘਟਨਾਵਾਂ ਚੱਲਦੀਆਂ ਰਹੀਆਂ। ਇਸ ਜਥੇਬੰਦੀ ਵਿੱਚ ਸਮੇਂ ਸਮੇਂ ‘ਤੇ ਫੁੱਟ ਵੀ ਪੈਂਦੀ ਰਹੀ ਹੈ ਤੇ 1980 ਤੱਕ ਨਕਸਲੀ ਗੁੱਟਾਂ ਦੀ ਗਿਣਤੀ 30 ਤੱਕ ਪਹੁੰਚ ਗਈ ਸੀ।
ਮਾਉਵਾਦੀ ਲਹਿਰ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ 22 ਅਪਰੈਲ 1980 ਨੂੰ ਆਂਧਰਾ ਪ੍ਰਦੇਸ਼ ਵਿੱਚ ਕੋਂਡਾਪੱਲੀ ਸੀਤਾਰਮੱਈਆ ਨੇ ਪੀਪਲਜ਼ ਵਾਰ ਗਰੁੱਪ ਦੀ ਸਥਾਪਨਾ ਕੀਤੀ। ਉਸ ਦੀ ਅਗਵਾਈ ਹੇਠ ਇਸ ਗਰੁੱਪ ਨੇ ਬਹੁਤ ਤੇਜੀ ਨਾਲ ਤਰੱਕੀ ਕੀਤੀ ਤੇ ਭਾਰਤ ਦੇ ਅਨੇਕਾਂ ਸੂਬਿਆਂ ਵਿੱਚ ਫੈਲ ਗਿਆ। ਬਾਅਦ ਵਿੱਚ ਉਸ ਖਿਲਾਫ ਬਗਾਵਤ ਕਰਕੇ ਮੌਜੂਦਾ ਮੁਖੀ ਮੁਪਾਲਾ ਲਕਸ਼ਮਣ ਰਾਉ ਉਰਫ ਗਣਪਤੀ ਅਤੇ ਮਾਲੋਜੁਲਾ ਕੋਟੇਸ਼ਵਰਾ ਰਾਉ ਉਰਫ ਕਿਸ਼ਨਜੀ ਨੇ ਕਮਾਂਡ ਸੰਭਾਲ ਲਈ। ਸੀਤਾਰਮੱਈਆ ਦੀ 12 ਅਪਰੈਲ 2002 ਨੂੰ ਗੁੰਮਨਾਮੀ ਦੀ ਹਾਲਤ ਵਿੱਚ ਮੌਤ ਹੋ ਗਈ। ਮਾੳਵਾਦੀ ਬਿਹਾਰ, ਝਾਰਖੰਡ, ਤੇਲੇਗਾਨਾ ਅਤੇ ਆਂਧਰਾ ਪ੍ਰਦੇਸ਼ ਦੇ ਵਧੇਰੇ ਹਿੱਸੇ ਤੋਂ ਇਲਾਵਾ ਕਰਨਾਟਕ, ਛੱਤੀਸਗੜ੍ਹ, ਉੜੀਸਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ ਸਮੇਤ 14 ਸੂਬਿਆਂ ਦੇ 132 ਜਿਲਿ੍ਹਆਂ ਵਿੱਚ ਜਬਰਦਸਤ ਪ੍ਰਭਾਵ ਰੱਖਦੇ ਹਨ। ਇਸ ਦਾ ਪੱਛਮੀ ਬੰਗਾਲ ਦੇ ਜੰਗਲਮਹਲ ਅਤੇ ਲਾਲਗੜ੍ਹ ਵਰਗੇ ਕਈ ਇਲਾਕਿਆਂ ਵਿੱਚ ਇੱਕ ਤਰਾਂ ਰਾਜ ਚੱਲਦਾ ਹੈ ਤੇ ਇਸ ਦੇ ਕਬਜ਼ੇ ਹੇਠਲੇ ਇਲਾਕੇ ਨੂੰ ਰੈੱਡ ਕਾਰੀਡੋਰ ਕਿਹਾ ਜਾਂਦਾ ਹੈ।
ਮਾਉਵਾਦੀਆਂ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ 25 ਮਈ 2013 ਦੇ ਦਰਬਾ ਘਾਟੀ (ਛੱਤੀਸਗੜ੍ਹ) ਦੇ ਹਮਲੇ ਕਾਰਨ ਮਿਲੀ। 250 ਮਾਉਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿੱਚ ਛੱਤੀਸਗੜ੍ਹ ਦੇ ਸਾਬਕਾ ਮੰਤਰੀ ਮਹਿੰਦਰ ਕਰਮਾ, ਸੂਬਾ ਪ੍ਰਧਾਨ ਨੰਦ ਕੁਮਾਰ ਪਟੇਲ ਅਤੇ ਸਾਬਕਾ ਕੇਂਦਰੀ ਮੰਤਰੀ ਵਿਦਿਆਚਰਨ ਸ਼ੁਕਲਾ ਸਮੇਤ 24 ਕਾਂਗਰਸੀ ਲੀਡਰ ਅਤੇ 8 ਪੁਲਸ ਵਾਲੇ ਮਾਰੇ ਗਏ। ਅਕਤੂਬਰ 2003 ਨੂੰ ਮਾਉਵਾਦੀਆਂ ਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ ਦੀ ਕਾਰ ਇੱਕ ਬਾਰੂਦੀ ਸੁਰੰਗ ਧਮਾਕੇ ਨਾਲ ਉਡਾ ਦਿੱਤੀ। ਨਾਇਡੂ ਤਾਂ ਜ਼ਖਮੀ ਹੋ ਕੇ ਵਾਲ ਵਾਲ ਬਚ ਗਿਆ ਪਰ ਕਈ ਜਵਾਨ ਮਾਰੇ ਗਏ ਸਨ। 2004 ਵਿੱਚ ਇਕ ਦਲੇਰਾਨਾ ਹਮਲੇ ਵਿੱਚ 1000 ਮਾਉਵਾਦੀਆਂ ਨੇ ਉੜੀਸਾ ਦੇ ਜਿਲ੍ਹਾ ਹੈੱਡਕਵਾਟਰ ਕੋਰਾਪੁਟ ‘ਤੇ ਹਮਲਾ ਕਰ ਕੇ ਪੰਜ ਪੁਲਿਸ ਸਟੇਸ਼ਨ, ਕੋਰਾਪੁੱਟ ਜੇਲ੍ਹ, ਉੜੀਸਾ ਆਰਮਡ ਪੁਲਿਸ ਦੀ ਇੱਕ ਬਟਾਲੀਅਨ ਅਤੇ ਐਸ.ਐਸ.ਪੀ ਦਫਤਰ ਸਮੇਤ ਪੁਲਿਸ ਦਾ ਸਾਰਾ ਅਸਲ੍ਹਾ ਖਾਨਾ ਲੁੱਟ ਲਿਆ। ਉਹ ਆਪਣੇ ਸਾਥੀ ਕੈਦੀਆਂ ਨੂੰ ਛੁਡਾਉਣ ਸਮੇਤ 50 ਕਰੋੜ ਮੁੱਲ ਦੇ ਅਤਿ ਆਧੁਨਿਕ ਹਥਿਆਰ ਵੀ ਲੁੱਟ ਕੇ ਲੈ ਗਏ। 13 ਨਵੰਬਰ 2005 ਨੂੰ ਬਿਹਾਰ ਦੇ ਜਹਾਨਾਬਾਦ ਸ਼ਹਿਰ ਨੂੰ ਘੇਰਾ ਪਾ ਕੇ ਜੇਲ੍ਹ ਵਿੱਚੋਂ 130 ਮਾਉਵਾਦੀਆਂ ਸਮੇਤ 375 ਕੈਦੀ ਛੁਡਾ ਲਏ ਗਏ। 7 ਘੰਟੇ ਚੱਲੇ ਇਸ ਉਪਰੇਸ਼ਨ ਦੌਰਾਨ ਰਣਵੀਰ ਸੈਨਾ ਦੇ ਕਾਰਕੁੰਨ ਅਤੇ ਹਿੱਟ ਲਿਸਟ ਵਾਲੇ ਪੁਲਿਸ ਅਫਸਰ ਚੁਣ ਚੁਣ ਕੇ ਮਾਰੇ ਗਏ ਤੇ 185 ਰਾਈਫਲਾਂ ਸਮੇਤ 10000 ਰੌਂਦ ਲੁੱਟ ਲਏ ਗਏ। 2007 ਵਿੱਚ ਝਾਰਖੰਡ ਮੁਕਤੀ ਮੋਰਚੇ ਦਾ ਐਮ.ਪੀ. ਸੁਨੀਲ ਕੁਮਾਰ ਮਹਤੋ ਕਤਲ ਕਰ ਦਿੱਤਾ ਗਿਆ। 2007 ਵਿੱਚ ਹੀ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਬਾਬੂ ਲਾਲ ਮਰਾਂਡੀ ਦੇ ਲੜਕੇ ਨੂੰ 17 ਸਾਥੀਆਂ ਸਮੇਤ ਗਿਰਡੀਹ ਜਿਲ੍ਹੇ ਦੇ ਪਿੰਡ ਚਿਲਖਡੀਆ ਵਿੱਚ ਮਾਰ ਦਿੱਤਾ ਗਿਆ। 6 ਅਪਰੈਲ 2010 ਨੂੰ ਭਾਰਤ ਦੇ ਇਤਿਹਾਸ ਵਿੱਚ ਇੱਕੋ ਦਿਨ ਸਭ ਤੋਂ ਵੱਧ ਸੁਰੱਖਿਆ ਦਸਤੇ ਅੱਤਵਾਦ ਦੀ ਭੇਂਟ ਚੜ੍ਹ ਗਏ ਜਦੋਂ ਦਾਂਤੇਵਾੜਾ, ਛੱਤੀਸਗੜ੍ਹ ਵਿੱਚ 74 ਜਵਾਨ ਮਾਉਵਾਦੀਆਂ ਦੇ ਵੱਖ ਵੱਖ ਹਮਲਿਆਂ ਵਿੱਚ ਮਾਰੇ ਗਏ। ਅਪਰੈਲ 2012 ਵਿੱਚ ਛੱਤੀਸਗੜ੍ਹ ਦੇ ਜਿਲ੍ਹਾ ਸੁਕਮਾ ਦੇ ਡੀ.ਸੀ. ਅਲੈਕਸਪਾਲ ਨੂੰ ਅਗਵਾ ਕਰਕੇ ਕਈ ਮਹੀਨੇ ਹਿਰਾਸਤ ਵਿੱਚ ਰੱਖਿਆ ਗਿਆ। ਅਖੀਰ ਕਈ ਮੰਗਾਂ ਮੰਨਵਾ ਕੇ ਹੀ ਉਸ ਦੀ ਰਿਹਾਈ ਹੋਈ।
ਇਸ ਸੰਗਠਨ ਦਾ ਪੂਰਾ ਨਾਮ ਕਮਿਊਨਿਸਟ ਪਾਰਟੀ ਆਫ ਇੰਡੀਆ (ਮਾਉਵਾਦੀ) ਹੈ। ਇਸ ਦਾ ਮੁਖੀ (ਜਨਰਲ ਸੈਕਟਰੀ) ਇਸ ਵੇਲੇ ਮੁਪੱਲਾ ਲਕਸ਼ਮੀ ਰਾਉ ਉਰਫ ਗਣਪਤੀ ਹੈ। ਇਸ ਦਾ ਜਨਮ 16 ਜੂਨ 1949 ਨੂੰ ਤੇਲਾਂਗਾਨਾ ਦੇ ਜਿਲ੍ਹਾ ਕਰੀਮਨਗਰ ਦੇ ਪਿੰਡ ਸਾਰੰਗਪੁਰ ਵਿੱਚ ਹੋਇਆ ਸੀ। ਇਸ ਲਹਿਰ ਵਿੱਚ ਕੁੱਦਣ ਤੋਂ ਪਹਿਲਾਂ ਉਹ ਸਰਕਾਰੀ ਟੀਚਰ ਸੀ ਤੇ ਸੀਤਾਰਮੱਈਆ ਸਮੇਤ ਇਸ ਜਥੇਬੰਦੀ ਦਾ ਮੋਢੀ ਮੈਂਬਰ ਹੈ। ਮਾਉਵਾਦ ਨੂੰ ਇਸ ਉਚਾਈ ਦੀ ਪਹੁੰਚਾਉਣ ਵਿੱਚ ਉਸ ਦਾ ਹੀ ਹੱਥ ਹੈ। ਬਾਅਦ ਵਿੱਚ ਮੱਤਭੇਦਾਂ ਦੇ ਚੱਲਦੇ ਉਹ ਸੀਤਾਰਮੱਈਆਂ ਨੂੰ ਲਾਹ ਕੇ ਖੁਦ ਮੁਖੀ ਬਣ ਗਿਆ। ਉਸ ਦੇ ਯਤਨਾਂ ਨਾਲ ਹੀ 2004 ਵਿੱਚ ਪੀਪਲਜ਼ ਵਾਰ ਗਰੁੱਪ ਅਤੇ ਮਾਉਇਸਟ ਕਮਿਊਨਿਸਟ ਸੈਂਟਰ ਦਾ ਰਲੇਵਾਂ ਹੋਇਆ ਤੇ ਇਸ ਗਰੁੱਪ ਦੀ ਮਾਰਕ ਤਾਕਤ ਸਿਖਰ ‘ਤੇ ਪਹੁੰਚ ਗਈ। ਸੰਗਠਨ ਦੀਆਂ ਪਾਲਸੀਆਂ ਤਿਆਰ ਕਰਨ ਲਈ 15 ਮੈਂਬਰਾਂ ਦੀ ਪੋਲਿਟ ਬਿਊਰੋ ਹੈ। ਪ੍ਰਸ਼ਾਂਤ ਬੋਸ ਉਰਫ ਕਿਸ਼ਨ ਦਾ ਅਤੇ ਕਾਤਾਕਮ ਸੁਦਰਸ਼ਨ ਉਰਫ ਆਨੰਦ ਇਸ ਦੇ ਪ੍ਰਮੁੱਖ ਮੈਂਬਰ ਹਨ। 24 ਨਵੰਬਰ 2011 ਨੂੰ ਪੱਛਮੀ ਬੰਗਾਲ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਗਿਆ ਮਾਲੋਜੁਲਾ ਕੋਟੇਸ਼ਵਰ ਰਾਉ ਉਰਫ ਕਿਸ਼ਨ ਜੀ ਵੀ ਪੋਲਿਟ ਬਿਊਰੋ ਮੈਂਬਰ ਸੀ। ਉਹ ਸਭ ਤੋਂ ਵੱਡੇ ਹਮਲਿਆਂ ਦੀ ਖੁਦ ਅਗਵਾਈ ਕਰਦਾ ਸੀ। ਇਸ ਤੋਂ ਬਾਅਦ 32 ਮੈਂਬਰੀ ਸੈਂਟਰਲ ਕਮੇਟੀ, ਰੀਜਨਲ ਕਮੇਟੀਆਂ, ਸਟੇਟ ਕਮੇਟੀਆਂ, ਜਿਲ੍ਹਾ ਕਮੇਟੀਆਂ ਅਤੇ ਅਖੀਰ ਵਿੱਚ ਹਥਿਆਰਬੰਦ ਟੁਕੜੀਆਂ ਹਨ। ਵੱਡਾ ਐਕਸ਼ਨ ਕਰਨ ਵੇਲੇ ਪੋਲਿਟ ਬਿਊਰੋ ਮੈਂਬਰ ਖੁਦ ਹਾਜ਼ਰ ਰਹਿੰਦੇ ਹਨ। ਇਸ ਦੀ ਹਥਿਆਰਬੰਦ ਸ਼ਾਖਾ ਦਾ ਨਾਮ ਸੈਂਟਰਲ ਮਿਲਟਰੀ ਕਮਿਸ਼ਨ ਹੈ। ਇਸ ਦਾ ਇੰਚਾਰਜ ਨਾਂਬਲ ਕੇਸ਼ਵ ਰਾਉ ਉਰਫ ਬਾਸਵਰਾਜ ਹੈ ਅਤੇ ਆਨੰਦ, ਅਰਵਿੰਦ ਜੀ, ਅਨੁਜ ਠਾਕਰ, ਕਿਸ਼ਨ ਜੀ ਅਤੇ ਚੰਦਰਮੌਲੀ ਇਸ ਦੇ ਮੈਂਬਰ ਸਨ। ਸੰਗਠਨ ਦੀ ਆਪਣੀ ਅਖਬਾਰ ਅਤੇ ਪ੍ਰਚਾਰ ਦੇ ਹੋਰ ਸਾਧਨ ਹਨ।
ਇਸ ਦੀ ਪੀਪਲਜ਼ ਲਿਬਰੇਸ਼ਨ ਗੁਰੀਲਾ ਆਰਮੀ ਵਿੱਚ ਅਧੁਨਿਕ ਹਥਿਆਰਾ ਨਾਲ ਲੈਸ ਕਰੀਬ 10000 ਕੁੱਲਵਕਤੀ ਮੈਂਬਰ ਹਨ। ਇਸ ਤੋਂ ਇਲਾਵਾ ਇਨ੍ਹਾਂ ਦੀ ਮਦਦ ਲਈ ਰਵਾਇਤੀ ਹਥਿਆਰਾਂ ਨਾਲ ਲੈਸ ਗੁਪਤ ਤੌਰ ‘ਤੇ ਪੀਪਲਜ਼ ਮਿਲਸ਼ੀਆ ਨਾਮਕ ਜਥੇਬੰਦੀ ਦੇ 40000 ਵਰਕਰ ਹਨ। ਇਨ੍ਹਾ ਨੂੰ ਘਾਤ ਲਾ ਕੇ ਹਮਲਾ ਕਰਨ ਵਿੱਚ ਮੁਹਾਰਤ ਹਾਸਲ ਹੈ ਤੇ ਵੱਡੇ ਹਮਲੇ ਸਮੇਂ ਆਸ ਪਾਸ ਦੇ ਸੂਬਿਆਂ ਤੋਂ 1000 ਤੱਕ ਵੀ ਬੰਦੇ ਇਕੱਠੇ ਕੀਤੇ ਜਾਂਦੇ ਹਨ। ਹਮਲਿਆਂ ਵਾਸਤੇ ਵਰਤੇ ਜਾਣ ਵਾਲੇ ਹਥਿਆਰ ਜਾਂ ਤਾਂ ਸੁਰੱਖਿਆਂ ਦਸਤਿਆਂ ਤੋਂ ਖੋਹੇ ਹੁੰਦੇ ਹਨ ਜਾਂ ਚੀਨ, ਬਰਮਾ, ਬੰਗਲਾ ਦੇਸ਼ ਅਤੇ ਨੇਪਾਲ ਆਦਿ ਦੀਆਂ ਹਮਖਿਆਲ ਖੱਬੇ ਪੱਖੀ ਜਥੇਬੰਦੀਆਂ ਤੋਂ ਖਰੀਦੇ ਜਾਂਦੇ ਹਨ। ਇਹ ਆਪਣੇ ਕੇਡਰ ਦੀ ਟਰੇਨਿੰਗ ‘ਤੇ ਵਿਸ਼ੇਸ਼ ਧਿਆਨ ਦੇਂਦੇ ਹਨ। ਇਹ ਭਾਰਤ ਦੀ ਪਹਿਲੀ ਗੈਰ ਕਾਨੂੰਨੀ ਜਥੇਬੰਦੀ ਹੈ ਜਿਸ ਦੇ ਕੇਡਰ ਵਿੱਚ ਔਰਤਾਂ ਪੂਰੀ ਤਰਾਂ ਸਰਗਰਮ ਹਨ। ਇਸ ਦੀ ਕੁੱਲ ਲੜਾਕੂ ਫੋਰਸ ਵਿੱਚੋਂ 40% ਔਰਤਾਂ ਹਨ ਤੇ 27 ਡਵੀਜ਼ਨਾਂ ਵਿੱਚੋਂ 20 ਦੀ ਕਮਾਂਡ ਔਰਤਾਂ ਦੇ ਹੱਥ ਹੈ। ਇਸ ਦੀ ਆਪਣੀ ਮੈਡੀਕਲ ਯੂਨਿਟ ਹੈ ਜਿਸ ਵਿੱਚ ਔਰਤਾਂ ਮੁੱਖ ਤੌਰ ‘ਤੇ ਕੰਮ ਕਰਦੀਆਂ ਹਨ। ਇਸ ਦੇ ਡਾਕਟਰ ਜ਼ਖਮੀਆਂ ਦਾ ਆਪ ਹੀ ਇਲਾਜ ਕਰਦੇ ਹਨ। ਇਸ ਤੋਂ ਇਲਾਵਾ ਆਪਣੇ ਕੰਟਰੋਲ ਹੇਠਲੇ ਇਲਾਕੇ ਵਿੱਚ ਲੋਕਾਂ ਨਾਲ ਜੁੜਨ ਲਈ ਮੋਬਾਇਲ ਮੈਡੀਕਲ ਯੂਨਿਟਾਂ ਹਨ ਜੋ ਗਰੀਬਾਂ ਦਾ ਮੁਫਤ ਇਲਾਜ ਕਰਦੀਆਂ ਹਨ।
ਇਸ ਦੀ ਸਲਾਨਾ ਆਮਦਨ 1500 ਕਰੋੜ ਰੁਪਏ ਤੋਂ ਜਿਆਦਾ ਹੈ। ਸਭ ਤੋਂ ਜਿਆਦਾ ਫੰਡ ਖਣਿਜ ਪਦਾਰਥਾਂ ਨਾਲ ਭਰਪੂਰ ਸੂਬਿਆਂ ਬਿਹਾਰ, ਛੱਤੀਸਗੜ੍ਹ, ਆਂਧਰਾ ਪ੍ਰਦੇਸ਼, ਤੇਲੇਗਾਨਾ ਅਤੇ ਝਾਰਖੰਡ ਤੋਂ ਆਉਂਦੇ ਹਨ। ਆਮਦਨ ਦਾ ਮੁੱਖ ਸਾਧਨ ਅਗਵਾ ਅਤੇ ਫਿਰੌਤੀ ਤੋਂ ਇਲਾਵਾ ਠੇਕੇਦਾਰਾਂ-ਉਦਯੋਗਤੀਆਂ, ਸਥਾਨਕ ਸਿਆਸਤਦਾਨਾਂ ਅਤੇ ਕੋਲੇ ਦੀਆਂ ਖਾਨਾਂ ਦੁਆਰਾ ਦਿੱਤਾ ਜਾ ਰਿਹਾ ਟੈਕਸ ਹੈ। 2007 ਵਿੱਚ ਮਾਉਵਾਦੀ ਲੀਡਰ ਮਿਸ਼ਰ ਬੇਸਰਾ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਮਾਉਵਾਦੀਆਂ ਨੇ 2005-07 ਲਈ ਹਥਿਆਰਾਂ ਵਾਸਤੇ 60 ਕਰੋੜ ਦਾ ਬਜ਼ਟ ਰੱਖਿਆ ਸੀ ਜੋ ਹੁਣ ਵੱਧ ਕੇ 200 ਕਰੋੜ ਤੱਕ ਪਹੁੰਚ ਗਿਆ ਹੈ।
ਫਿਲਹਾਲ ਇਹ ਭਾਰਤ ਦੀ ਸਭ ਤੋਂ ਵੱਡੀ ਅਤੇ ਸੰਗਠਿਤ ਅੱਤਵਾਦੀ ਜਥੇਬੰਦੀ ਹੈ। ਇਸ ਦੇ ਖਿਲਾਫ ਹਜ਼ਾਰਾਂ ਸਟੇਟ ਪੁਲਿਸ ਅਤੇ ਅਰਧ ਸੈਨਿਕ ਬਲ ਜੁਟੇ ਹੋਏ ਹਨ। ਪਰ ਫਿਰ ਵੀ 50 ਸਾਲ ਤੋਂ ਚੱਲ ਰਹੀ ਇਸ ਜਥੇਬੰਦੀ ਨੂੰ ਖਤਮ ਹੋਣ ਵਿੱਚ ਅਜੇ ਕੁਝ ਹੋਰ ਸਮਾਂ ਲੱਗ ਜਾਵੇਗਾ।

Related posts

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin

Sydney Opera House Glows Gold for Diwali

admin