ਪਿਛਲੇ ਕੁਝ ਸਾਲਾਂ ਨੇ ਸਾਡੇ ਰਾਸ਼ਟਰ ਨੂੰ ਚੁਣੌਤੀ ਦਿੱਤੀ ਹੈ।
ਸਾਡੇ ਭਾਰਤੀ-ਆਸਟ੍ਰੇਲੀਆ ਭਾਈਚਾਰੇ ਨੂੰ ਇਸ ਗੱਲ ‘ਤੇ ਸੱਚਮੁੱਚ ਮਾਣ ਹੋ ਸਕਦਾ ਹੈ ਕਿ ਉਹਨਾਂ ਨੇ ਇਸ ਇਮਤਿਹਾਨ ਨੂੰ ਕਿਵੇਂ ਪਾਸ ਕੀਤਾ ਹੈ।
ਘਰ ਬੈਠ ਕੇ ਸਕੂਲੀ ਪੜ੍ਹਾਈ ਤੋਂ ਲੈ ਕੇ, ਤੁਹਾਡੇ ਰਵਾਇਤੀ ਇਕੱਠਾਂ ਵਿੱਚ ਰੁਕਾਵਟਾਂ ਤੱਕ ਅਤੇ ਪਰਿਵਾਰਕ ਵਿਛੋੜਿਆਂ ਤੱਕ, ਤੁਸੀਂ ਇਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ।
ਮੈਂ ਤੁਹਾਡੀ ਅਗਵਾਈ, ਲਚਕੀਲੇਪਣ ਅਤੇ ਇਕ ਦੂਜੇ ਨੂੰ ਸੁਰੱਖਿਅਤ ਰੱਖਣ ਲਈ ਧੰਨਵਾਦੀ ਹਾਂ।
ਹਰ ਭਾਈਚਾਰੇ ਨੂੰ ਆਪਣੇ ਪੁਰਾਣੇ ਦੇਸ਼ ਤੋਂ ਪਤਾ ਲੱਗੇਗਾ ਕਿ ਇਸ ਮਹਾਂਮਾਰੀ ਦੌਰਾਨ ਆਸਟ੍ਰੇਲੀਆ ਨੇ ਕਿੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ।
ਅਸੀਂ 40,000 ਤੋਂ ਵੱਧ ਲੋਕਾਂ ਦੀਆਂ ਜਾਨਾਂ ਬਚਾਈਆਂ ਹਨ।
ਸਾਡੀਆਂ ਟੀਕਾਕਰਨ ਦੀਆਂ ਦਰਾਂ ਵਿਸ਼ਵ-ਮੋਹਰੀ ਹਨ ਅਤੇ ਅਸੀਂ ਕੋਵਿਡ ਦੀਆਂ ਮੌਤ ਦਰਾਂ ਵਾਲੇ ਸਭ ਤੋਂ ਘੱਟ ਦੇਸ਼ਾਂ ਵਿੱਚੋਂ ਇਕ ਹਾਂ।
ਸਾਡੀ ਆਰਥਿਕ ਮੁੜ-ਬਹਾਲੀ ਅਮਰੀਕਾ, ਬਰਤਾਨੀਆ, ਕੈਨੇਡਾ, ਫਰਾਂਸ, ਜਰਮਨੀ, ਇਟਲੀ ਅਤੇ ਜਪਾਨ ਨਾਲੋਂ ਵਧੇਰੇ ਮਜ਼ਬੂਤ ਹੈ।
ਪਰ ਕਰਨ ਲਈ ਹੋਰ ਵੀ ਬਹੁਤ ਕੁਝ ਹੈ।
2022-23 ਦੇ ਬਜਟ ਵਿੱਚ ਸਾਡੀ ਮੁੜ-ਬਹਾਲੀ ਦੇ ਅਗਲੇ ਪੜਾਅ ਦੀ ਰੂਪ-ਰੇਖਾ ਉਲੀਕੀ ਗਈ ਹੈ।
ਇਹ ਰਹਿਣ-ਸਹਿਣ ਦੀ ਲਾਗਤ ਤੋਂ ਹੁਣ ਰਾਹਤ ਪ੍ਰਦਾਨ ਕਰਦੀ ਹੈ – ਅਤੇ ਲੰਬੀ-ਮਿਆਦ ਦੀ ਆਰਥਿਕ ਯੋਜਨਾ ਜੋ ਵਧੇਰੇ ਨੌਕਰੀਆਂ ਦੀ ਸਿਰਜਣਾ ਕਰਦੀ ਹੈ। ਇਨ੍ਹਾਂ ਅਨਿਸ਼ਚਿਤ ਸਮਿਆਂ ਵਿੱਚ ਮਜ਼ਬੂਤ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਅਤੇ ਜ਼ਰੂਰੀ ਸੇਵਾਵਾਂ ਵਿੱਚ ਰਿਕਾਰਡ ਨਿਵੇਸ਼ ਦੇ ਨਾਲ।
ਆਸਟ੍ਰੇਲੀਆ ਸੰਸਾਰ ਦਾ ਸਭ ਤੋਂ ਵੱਧ ਸਫਲ ਬਹੁ-ਸੱਭਿਆਚਾਰਕ ਦੇਸ਼ ਹੈ।
ਇਸ ਲਈ ਬਹੁਤ ਸਾਰੇ ਲੋਕਾਂ ਦੀ ਖੁੱਲ੍ਹ ਅਤੇ ਆਜ਼ਾਦੀ ਦੀ ਰੱਖਿਆ ਅਤੇ ਸੁਰੱਖਿਆ ਕਰਨਾ ਬਹੁਤ ਮਹੱਤਵਪੂਰਣ ਹੈ ਜੋ ਆਪਣੇ ਕਾਰੋਬਾਰਾਂ ਦਾ ਨਿਰਮਾਣ ਕਰਨ ਅਤੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਨ ਲਈ ਬਸੇਰਾ ਬਨਾਉਣ ਅਤੇ ਯੋਗਦਾਨ ਪਾਉਣ ਲਈ ਇੱਥੇ ਆਏ ਹਨ।
ਵਿਦੇਸ਼ਾਂ ਵਿੱਚ ਹੋਣ ਵਾਲੀਆਂ ਘਟਨਾਵਾਂ ਰਹਿਣ-ਸਹਿਣ ਦੀ ਲਾਗਤ ਨੂੰ ਵਧਾ ਰਹੀਆਂ ਹਨ। ਸਾਡੇ ਅਸਥਾਈ, ਸੇਧਿਤ ਅਤੇ ਜਿੰਮੇਵਾਰ ਰਹਿਣ-ਸਹਿਣ ਦੇ ਪੈਕੇਜ ਨਾਲ ਮਦਦ ਮਿਲੇਗੀ। ਅਗਲੇ ਛੇ ਮਹੀਨਿਆਂ ਲਈ, ਈਂਧਨ ਦੇ ਆਬਕਾਰੀ ਕਰ ਨੂੰ ਅੱਧਾ ਕਰ ਦਿੱਤਾ ਜਾਵੇਗਾ, ਜਿਸ ਨਾਲ ਆਸਟ੍ਰੇਲੀਆ ਦੇ ਲੋਕਾਂ ਨੂੰ 22 ਸੈਂਟ ਪ੍ਰਤੀ ਲੀਟਰ ਦੀ ਬੱਚਤ ਹੋਵੇਗੀ।
ਇੱਕੋ ਵਾਰ ਮਿਲਣ ਵਾਲੀ 420 ਡਾਲਰ ਦੀ ਰਹਿਣ-ਸਹਿਣ ਦੀ ਲਾਗਤ ਵਾਲੀ ਟੈਕਸ ਰਿਆਇਤ 10 ਮਿਲੀਅਨ ਤੋਂ ਵੱਧ, ਘੱਟ-ਅਤੇ-ਦਰਮਿਆਨੀ ਆਮਦਨ ਕਮਾਉਣ ਵਾਲਿਆਂ ਦੀ ਮਦਦ ਕਰੇਗੀ।
ਅਤੇ ਪੈਨਸ਼ਨ ਲੈਣ ਵਾਲਿਆਂ ਅਤੇ ਹੋਰ ਰਿਆਇਤੀ ਕਾਰਡ ਧਾਰਕਾਂ ਨੂੰ ਇੱਕੋ ਵਾਰ 250 ਡਾਲਰ ਦੀ ਰਹਿਣ-ਸਹਿਣ ਦੀ ਲਾਗਤ ਵਾਲਾ ਭੁਗਤਾਨ ਮਿਲੇਗਾ।
ਇਸ ਦੇ ਨਾਲ ਹੀ, ਅਸੀਂ 70 ਸਾਲਾਂ ਤੋਂ ਵੀ ਵੱਧ ਸਮੇਂ ਵਿੱਚ ਬਜਟ ਦੇ ਹੇਠਲੇ ਪੱਧਰ ‘ਤੇ ਸਭ ਤੋਂ ਵੱਡਾ ਸੁਧਾਰ ਕੀਤਾ ਹੈ।
ਪੰਜ ਸਾਲਾਂ ਵਿੱਚ, ਬਜਟ 103 ਬਿਲੀਅਨ ਡਾਲਰ ਤੋਂ ਵੱਧ ਬਿਹਤਰ ਹੋਵੇਗਾ (ਪਿਛਲੇ ਸਾਲ ਦੇ ਮੱਧ-ਸਾਲ ਦੇ ਅਨੁਮਾਨਾਂ ਦੀ ਤੁਲਨਾ ਵਿੱਚ)।
ਇਸ ਬਜਟ ਨਾਲ ਸਾਡੀ ਅਰਥ-ਵਿਵਸਥਾ ਮਜ਼ਬੂਤ ਹੋਵੇਗੀ।
ਮਜ਼ਬੂਤ ਆਰਥਿਕਤਾ ਉਹ ਚੀਜ਼ ਹੈ ਜੋ ਸਾਡੀ ਪੈਨਸ਼ਨ ਸਕੀਮ, ਮੈਡੀਕੇਅਰ ਅਤੇ ਸਾਡੀ ਪ੍ਰਵਾਸੀ ਸਹਾਇਤਾ ਅਤੇ ਵੱਸਣ ਵਿੱਚ ਮਦਦ ਕਰਨ ਵਾਲੀਆਂ ਸੇਵਾਵਾਂ ਦਾ ਉਹਨਾਂ ਲੋਕਾਂ ਵਾਸਤੇ ਸਮਰਥਨ ਕਰਦੀ ਹੈ ਜਿੰਨ੍ਹਾਂ ਦਾ ਅਸੀਂ ਸਭ ਤੋਂ ਵੱਧ ਮੁਸ਼ਕਿਲ ਹਾਲਾਤਾਂ ਤੋਂ ਸਵਾਗਤ ਕੀਤਾ ਹੈ।
ਯੂਕਰੇਨ ਦੇ ਨਾਗਰਿਕਾਂ ਜਿੰਨ੍ਹਾਂ ਨੂੰ ਭੱਜਣ ਲਈ ਮਜਬੂਰ ਹੋਣਾ ਪਿਆ, ਉਹਨਾਂ ਦੀ ਸਹਾਇਤਾ ਕਰਨ ਲਈ, ਅਸੀਂ 5,700 ਤੋਂ ਵੱਧ ਵੀਜ਼ੇ ਜਾਰੀ ਕੀਤੇ ਹਨ – ਹੋਰਾਂ ਉਪਰ ਕਾਰਵਾਈ ਜਾਰੀ ਹੈ।
1,400 ਤੋਂ ਵੱਧ ਯੂਕਰੇਨੀ ਲੋਕ ਪਹਿਲਾਂ ਹੀ ਆਸਟ੍ਰੇਲੀਆ ਪਹੁੰਚ ਚੁੱਕੇ ਹਨ।
ਬਜਟ ਸਕੂਲਾਂ, ਹਸਪਤਾਲਾਂ, ਮੈਡੀਕੇਅਰ, ਮਾਨਸਿਕ ਸਿਹਤ, ਬਜ਼ੁਰਗਾਂ ਲਈ ਸੰਭਾਲ, ਔਰਤਾਂ ਦੀ ਸੁਰੱਖਿਆ ਅਤੇ ਅਪੰਗਤਾ ਸਹਾਇਤਾ ਵਾਸਤੇ ਰਿਕਾਰਡ ਫ਼ੰਡ ਸਹਾਇਤਾ ਦੀ ਅਦਾਇਗੀ ਕਰਕੇ ਵੀ ਆਸਟ੍ਰੇਲੀਆ ਦੇ ਲੋਕਾਂ ਦੀ ਸਹਾਇਤਾ ਕਰੇਗਾ।
ਅਤੇ ਇਹ ਛੋਟੇ ਕਾਰੋਬਾਰਾਂ ਦੀ ਸਹਾਇਤਾ ਕਰੇਗਾ, ਕਾਰਜ ਸਿਖਲਾਈਆਂ ਵਿੱਚ ਵਾਧਾ ਕਰੇਗਾ ਅਤੇ ਨਿਰਮਾਣ ਅਤੇ ਬੁਨਿਆਦੀ ਢਾਂਚੇ ਵਿੱਚ ਮਜ਼ਬੂਤੀ ਨਾਲ ਨਿਵੇਸ਼ ਕਰੇਗਾ।
ਸਾਡੇ ਪ੍ਰਵਾਸੀ ਭਾਈਚਾਰਿਆਂ ਦਾ ਕਈ ਪੀੜ੍ਹੀਆਂ ਤੋਂ ਨਵੇਂ ਕਾਰੋਬਾਰ ਖੋਲ੍ਹਣ ਦਾ ਬਹੁਤ ਵੱਡਾ ਰਿਕਾਰਡ ਹੈ।
ਅਸੀਂ ਬਜਟ ਵਿੱਚ ਇਸ ਦਾ ਬਹੁਤ ਜ਼ੋਰਦਾਰ ਸਮਰਥਨ ਕਰ ਰਹੇ ਹਾਂ।
ਸਾਡੀ ਸਰਕਾਰ ਨੇ 50 ਸਾਲਾਂ ਵਿੱਚ ਸਭ ਤੋਂ ਘੱਟ ਟੈਕਸ ਦਰਾਂ (30% ਤੋਂ ਘਟਾ ਕੇ 25%) ਨਾਲ ਛੋਟੇ ਕਾਰੋਬਾਰਾਂ ਅਤੇ ਨਿਵੇਸ਼ ਪ੍ਰੋਤਸਾਹਨਾਂ, ਜਿਵੇਂ ਕਿ ਸੰਪਤੀ ਦਾ ਤਤਕਾਲ ਵੱਟੇ-ਖਾਤੇ ਪਾਉਣ (ਰਾਈਟ-ਆਫ) ਦਾ ਸਮਰਥਨ ਕੀਤਾ ਹੈ।
ਛੋਟੇ ਕਾਰੋਬਾਰਾਂ ਨੂੰ ਉਤਸ਼ਾਹਤ ਕਰਨ ਲਈ, ਇਹ ਬਜਟ ਕਰਮਚਾਰੀਆਂ ਨੂੰ ਸਿਖਲਾਈ ਦੇਣ, ਜਾਂ ਡਿਜ਼ਿਟਲ ਤਕਨਾਲੋਜੀਆਂ ‘ਤੇ ਖ਼ਰਚ ਕੀਤੇ ਹਰੇਕ 100 ਡਾਲਰ ਵਾਸਤੇ 120 ਡਾਲਰ ਦੀ ਕਟੌਤੀ ਪ੍ਰਦਾਨ ਕਰਦਾ ਹੈ।
ਹੁਣ 220,000 ਕਾਰੀਗਰ ਸਿਖਿਆਰਥੀ (ਟਰੇਡ ਅਪਰੈਂਟਿਸ) ਹਨ – ਜੋ ਰਿਕਾਰਡ ‘ਤੇ ਸਭ ਤੋਂ ਵੱਧ ਗਿਣਤੀ ਹੈ।
ਵਧੇਰੇ ਸਿਖਿਆਰਥੀਆਂ ਨੂੰ ਉਤਸ਼ਾਹਤ ਕਰਨ ਲਈ, ਅਸੀਂ ਨਵੇਂ ਸਿਖਿਆਰਥੀਆਂ ਨੂੰ 5,000 ਡਾਲਰ ਦੀਆਂ ਅਦਾਇਗੀਆਂ ਅਤੇ ਰੁਜ਼ਗਾਰਦਾਤਿਆਂ ਵਾਸਤੇ ਤਨਖਾਹ ਵਿੱਚ ਸਬਸਿਡੀਆਂ ਦੇ ਰੂਪ ਵਿੱਚ 15,000 ਡਾਲਰ ਤੱਕ ਦੀਆਂ ਅਦਾਇਗੀਆਂ ਪ੍ਰਦਾਨ ਕਰਵਾਵਾਂਗੇ।
ਆਸਟ੍ਰੇਲੀਆ ਦੀਆਂ ਚੁਣੌਤੀਆਂ ਦੇ ਬਾਵਜੂਦ, ਸਾਡੀ ਆਰਥਿਕ ਮੁੜ-ਬਹਾਲੀ ਵਿਸ਼ਵ ਦੀ ਅਗਵਾਈ ਕਰ ਰਹੀ ਹੈ।
ਅਸੀਂ ਇਹ ਸਭ ਇਕੱਠੇ ਕੰਮ ਕਰਕੇ ਕੀਤਾ ਹੈ।
ਦੇਸ਼ ਭਰ ਵਿੱਚ ਭਾਰਤੀ-ਆਸਟ੍ਰੇਲੀਆ ਭਾਈਚਾਰੇ ਨੇ ਬਹੁਤ ਸ਼ਾਨਦਾਰ ਕੰਮ ਕੀਤਾ ਹੈ।
ਇਸ ਵੇਲੇ ਰਸਤਾ ਬਦਲਣ ਦਾ ਸਮਾਂ ਨਹੀਂ ਹੈ।
ਇਹ ਸਮਾਂ ਸਾਡੀ ਯੋਜਨਾ ‘ਤੇ ਕਾਇਮ ਰਹਿਣ ਦਾ ਹੈ, ਜਿਸ ਵਿੱਚ ਰਹਿਣ-ਸਹਿਣ ਦੀ ਲਾਗਤ ਤੋਂ ਰਾਹਤ, ਮਜ਼ਬੂਤ ਆਰਥਿਕਤਾ ਅਤੇ ਮਜ਼ਬੂਤ ਭਵਿੱਖ ਸ਼ਾਮਲ ਹੈ।
– ਸਕੌਟ ਮੌਰਿਸਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਹਨ ।