
ਪ੍ਰਾਚੀਨ ਕਾਲ ਤੋਂ ਹੀ ਭਾਰਤ ਤਿਉਹਾਰਾਂ ਦਾ ਦੇਸ਼ ਮੰਨਿਆ ਜਾਂਦਾ ਹੈ। ਤਿਉਹਾਰ ਸਾਡੀ ਭਾਰਤੀ ਸੰਸਕ੍ਰਿਤੀ ਦਾ ਅੰਗ ਹਨ। ਅਗਸਤ ਮਹੀਨੇ ਵਿੱਚ ਰੱਖੜੀ ਤੋਂ ਤਿਉਹਾਰ ਸ਼ੁਰੂ ਹੋ ਜਾਂਦੇ ਹਨ, ਜੋ ਕਿ ਅਪ੍ਰੈਲ ਮਹੀਨੇ ਤੱਕ ਚਲਦੇ ਹਨ। ਫਿਰ ਚੜ੍ਹਦੇ ਸਿਆਲ ਹੀ ਨਵਰਾਤਰੇ, ਦੁਸਹਿਰਾ, ਦੀਵਾਲੀ ਆਦਿ ਤਿਉਹਾਰਾਂ ਦਾ ਸੀਜ਼ਨ ਚੱਲ ਪੈਂਦਾ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਮਹਿੰਗਾਈ ਵੀ ਚਰਮ ਸੀਮਾ ਤੇ ਪਹੁੰਚ ਜਾਂਦੀ ਹੈ। ਮਹਿੰਗਾਈ ਦੀ ਮਾਰ ਮੱਧ ਸ਼੍ਰੇਣੀ ਤੋਂ ਲੈ ਕੇ ਗ਼ਰੀਬੀ ਦੀ ਰੇਖਾ ਤੋਂ ਨੀਚੇ ਰਹਿ ਰਹੇ ਲੋਕਾਂ ਨੂੰ ਝੱਲਣੀ ਪੈਂਦੀ ਹੈ, ਜਿਸ ਨਾਲ ਆਮ ਆਦਮੀ ਦਾ ਬਜਟ ਹਿੱਲ ਜਾਂਦਾ ਹੈ। ਹੁਣ ਵੀ ਜਿਵੇਂ ਦੀਵਾਲੀ ਦਾ ਤਿਉਹਾਰ ਨੇੜੇ ਆ ਰਿਹਾ ਹੈ। ਵਕਤ ਬਦਲਣ ਨਾਲ ਤਿਉਹਾਰਾਂ ਨੂੰ ਮਨਾਉਣ ਦੇ ਤੌਰ ਤਰੀਕੇ ਵੀ ਬਦਲ ਚੁੱਕੇ ਹਨ। ਅਜੋਕੇ ਤਿਉਹਾਰਾਂ ਤੇ ਬਜ਼ਾਰ ਭਾਰੂ ਹੋ ਰਿਹਾ ਹੈ। ਤਿਉਹਾਰਾਂ ਦਾ ਵਜੂਦ ਬਾਜ਼ਾਰਾਂ ਦੀ ਚਕਾਚੌਂਧ ਵਿੱਚ ਸਿਮਟ ਕੇ ਰਹਿ ਗਿਆ ਹੈ। ਤਿਉਹਾਰਾਂ ਚੋਂ ਰੌਣਕ ਤੇ ਸਾਦਗੀ,ਸਹਿਜ ਗਾਇਬ ਹੈ ਇਹ ਇੱਕ ਵਿਖਾਵਾ ਬਣ ਕੇ ਰਹਿ ਗਏ ਹਨ। ਖਪਤਕਾਰਾਂ ਨੇ ਇਸ ਨੂੰ ਕਰੋੜਾਂ ਦਾ ਧੰਦਾ ਬਣਾ ਲਿਆ ਹੈ। ਮਿਲਾਵਟਖੋਰ ਵੀ ਪੱਬਾਂ ਭਾਰ ਹੋਏ ਬੈਠੇ ਹਨ। ਰੈਡੀਮੇਡ ਤੇ ਮਹਿੰਗੇ ਭਾਅ ਵਿਕਣ ਵਾਲੀਆਂ ਵਸਤਾਂ ਦਾ ਬੋਲਬਾਲਾ ਹੈ। ਸਾਡੀ ਸੱਭਿਅਤਾ ਬਾਜ਼ਾਰ ਦੇ ਗਲਬੇ ਹੇਠ ਦੱਬੀ ਜਾ ਰਹੀ ਹੈ। ਮਹਿੰਗੇ ਤੋਂ ਮਹਿੰਗੇ ਤੋਹਫ਼ਿਆਂ ਦਾ ਲੈਣ ਦੇਣ ਹੁੰਦਾ ਹੈ। ਤਰ੍ਹਾਂ ਤਰ੍ਹਾਂ ਦੇ ਗਿਫ਼ਟ ਪੈਕ ਬਾਜ਼ਾਰ ਵਿੱਚ ਮਿਲਦੇ ਹਨ ਜੋ ਸਾਡੀ ਸਿਹਤ ਲਈ ਵੀ ਹਾਨੀਕਾਰਕ ਹਨ।