ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ
ਪੌਡਾਂ ਦਾ ਹਿਸਾਬ ਕਰ ਮੁੱਕ ਗਈਆਂ ਸਧਰਾਂ।
ਡਾਲਰਾਂ ਨੇ ਰਹਿੰਦੀਆਂ ਵੀ ਲੁੱਟ ਲਈਆਂ ਸੱਧਰਾਂ।
ਬਣ ਗਏ ਮਸ਼ੀਨਾਂ ਬੰਦੇ ਜਾ ਕੇ ਪਰਦੇਸ,
ਰੁਲ ਗਏ ਨੇ ਚਾਅ ਨਾਲੇ ਸੱਧਰਾਂ ਨਿਮਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।
ਮੁੱਕ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।
ਸਾਉਣ ਮਹੀਨਾ ਪਿੱਪਲੀਂ ਪੀਘਾਂ ਭੁੱਲ ਗਏ ਪੂੜੇ ਖੀਰਾਂ ਨੂੰ।
ਤੀਆਂ ਤ੍ਰਿਝਣ ਗਿੱਧਾ ਭੰਗੜਾ ਰੱਖੜੀ ਬੰਨਣੀ ਵੀਰਾਂ ਨੂੰ।
ਵਿਰਸਾ ਭੁੱਲ ਕੇ ਛੋਹ ਲਈਆਂ ਨੇ
ਨਵੀਆਂ ਰੋਜ਼ ਕਹਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।
ਊੜਾ ਗਿਆ ਜੂੜਾ ਗਿਆ, ਤੂੜੀ ਗਈ ਰੂੜੀ ਗਈ।
ਚਰਖੇ ਅਤੇ ਮਧਾਣੀਆਂ ਦੀ ਸਾਂਝ ਕਿਥੇ ਗੂੜੀ ਗਈ।
ਮੱਖਣਾਂ ਦੇ ਪੇੜੇ ਅਤੇ ਲੱਸੀਆਂ ਦੇ ਛੰਨੇ,
ਕਿਥੇ ਤੁਰ ਗਈਆਂ ਚਾਟੀਆਂ ਮਧਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।
ਜਾਗੋ ਕੱਢਣੀ ਨਾਨਕੀਆਂ ਤੇ ਦਾਦਕੀਆਂ ਨੇ ਰਲ-ਮਿਲ ਕੇ।
ਸੁਹਾਗ ਘੋੜੀਆਂ ਸਿੱਠਣੀਆਂ ਤੇ ਬੋਲੀਆਂ ਪਾਉਣੀਆਂ ਮਿਲ-ਜੁਲ ਕੇ।
ਕੋਠੇ ਚੜ੍ਹ-ਚੜ੍ਹ ਵਿੰਹਦੇ ਸੀ ਲੋਕੀਂ,
ਮੇਲ ਆਉਂਦਾ ਬੰਨ੍ਹ-ਬੰਨ੍ਹ ਢਾਣੀਆਂ।
ਕਿਥੇ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।
ਮੁੱਕ ਗਈਆਂ ਸਾਂਝਾਂ ਤੇ ਮੁਹੱਬਤਾਂ ਪੁਰਾਣੀਆਂ।
———————00000———————
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ
ਧੰਨ ਸ੍ਰੀ ਗੁਰੂ ਅਰਜਨ ਦੇਵ ਜੀ
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚੋਂ।
ਐਸੀ ਨਹੀਂ ਕੋਈ ਕੁਰਬਾਨੀ ਸਾਰੀ ਦੁਨੀਆ ਵਿਚੋਂ।
ਅੰਮ੍ਰਿਤਸਰ ਦੇ ਵਿਚ ਬਣਵਾਇਆ ਸਿੱਖ ਪੰਥ ਲਈ ਮੱਕਾ।
ਦਾਤਾਂ ਦੇ ਨਾਲ ਭਰ ਜਾਏ ਝੋਲੀ ਨਿਸ਼ਚਾ ਹੋਵੇ ਪੱਕਾ।
ਕਸ਼ਟ ਨਿਵਾਰੇ ਅੰਮ੍ਰਿਤ ਬਾਣੀ ਸਾਰੀ ਦੁਨੀਆ ਵਿਚੋਂ।
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚੋਂ।
ਦੋਹਿਤਾ ਬਾਣੀ ਦਾ ਸੀ ਬੋਹਿਥਾ ਪੂਰਾ ਬਚਨ ਨਿਭਾਇਆ।
ਬਾਣੀ ਲਿਖੀ, ਇਕੱਤਰ ਕੀਤੀ, ਆਦਿ ਗ੍ਰੰਥ ਲਿਖਾਇਆ।
ਦੁਖਭੰਜਨ ਹੈ ਧੁਰ ਕੀ ਬਾਣੀ ਸਾਰੀ ਦੁਨੀਆ ਵਿਚੋਂ।
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚੋਂ।
ਵੈਰੀ ਦੁਸ਼ਮਣ ਸੱਜਣ ਕੋਈ ਵੀ ਚੱਲ ਕੇ ਦਰ ਤੇ ਆਉੰਦੇ।
‘ਆਤਮ’ ਵਰਗੇ ਪਾਪੀ ਇਥੇ ਆ ਕੇ ਭੁੱਲ ਬਖਸ਼ਾਉੰਦੇ।
ਸਤਿਗੁਰ ਵਰਗਾ ਕੋਈ ਨਹੀਂ ਦਾਨੀ ਸਾਰੀ ਦੁਨੀਆ ਵਿਚੋਂ।
ਗੁਰੂ ਅਰਜਨ ਦਾ ਕੋਈ ਨਹੀਂ ਸਾਨੀ ਸਾਰੀ ਦੁਨੀਆ ਵਿਚੋਂ।
———————00000———————